ਗੁਰਬਾਣੀ ਦਾ ਸੱਚ
ਗੁਰਬਾਣੀ ਵਿੱਚ ਸਚ ਸ਼ਬਦ ਦੀ
ਬੜੀ ਮਹੱਤਤਾ ਹੈ।
ਸਚੁ ਕੀ ਬਾਣੀ ਨਾਨਕੁ ਆਖਹਿ
ਸਚੁ ਸੁਣਾਇਸੀ ਸਚੁ ਕੀ ਬੇਲਾ॥
ਸਚੁ ਸਭਨਾ ਹੋਇ ਦਾਰੂ, ਸਾਚ ਵਖਰੁ ਆਦਿ ਸ਼ਬਦਾਂ ਵਿੱਚ ਸਚ ਸ਼ਬਦ
ਇਕ ਅਜਿਹੀ ਗੁੰਝਲ ਵਾਂਗ ਹੈ ਜਿਸ ਦਾ ਖੋਲ੍ਹਿਆ ਜਾਣਾ ਬਹੁਤ
ਜ਼ਰੂਰੀ ਹੈ। ਇਸੇ ਤੋਂ ਹੀ ਸਤਿਨਾਮ ਦਾ ਆਰੰਭ ਹੁੰਦਾ ਹੈ। ਅਸਲ ਵਿੱਚ ਇਹ ਸੱਭ ਕੁਝ ਕੰਪਿਉਟਰ ਪ੍ਰਣਾਲੀ ਵਿੱਚ
ਪ੍ਰੋਗਰਾਮਿੰਗ ਵਰਗਾ ਹੈ। ਜਿਵੇਂ ਅਸੀਂ ਕਿਸੇ ਪ੍ਰੋਗਰਾਮ ਦੀ ਪ੍ਰੋਗਰਾਮਿੰਗ ਲਿਖਦੇ ਹਾਂ ਤੇ ਫਿਰ
ਉਸ ਦਾ ਇਕ ਆਈਕਨ ਬਣਾ ਦਿੰਦੇ ਹਾਂ ਤੇ ਉਸ ਦਾ ਨਾਮਕਰਨ ਕਰ ਦਿੰਦੇ ਹਾਂ ਜਿਵੇਂ ‘ਵਿੰਡੋ ਐਕਸ ਪੀ’,
ਅਸਲ ਵਿੱਚ ਇਹ ਉਸ ਪ੍ਰੋਗਰਾਮਿੰਗ ਦਾ ਨਾਂ ਹੈ ਜੋ ਇਕ ਖਾਸ ਤਰ੍ਹਾਂ ਦਾ ਕੰਮ ਕਰਦਾ ਹੈ। ਹਰ ਵਾਰ ਵਿੰਡੋ
ਐਕਸ ਪੀ ਬੋਲਨ ਨਾਲ ਸੁਣਨ ਵਾਲਾ ਸਮਝ ਜਾਂਦਾ ਹੈ ਕਿ ਇਥੇ ਇਕ ਖਾਸ ਵਿਧੀ ਦੀ ਗੱਲ ਹੋ ਰਹੀ ਹੈ। ਸੋ ਨਾਮ
ਸ਼ਬਦ ਦਾ ਭਾਵ ਵੀ ਉਸ ਵਰਤਾਰੇ ਤੋਂ ਹੈ ਜੋ ਸੱਚ ਨਾਲ ਜੁੜਿਆ ਹੋਇਆ ਹੈ। ਨਾਮ ਅਸਲ ਵਿੱਚ ਇਕ
ਨਾਂਵ ਦੀ ਤਰ੍ਹਾਂ ਹੈ ਜੋ ਵਿਆਕਰਣਕ ਨਾਂਵ ਨਾਂਗ ਹੀ ਕਿਸੇ ਖਾਸ ਵਿਧੀ ਜਾਂ ਵਰਤਾਰੇ ਨੂੰ ਦਿਤੀ ਗਈ
ਹੈ। ਜਿਵੇਂ ਸੁਦਾਗਰ ਸਿੰਘ ਦਾ ਨਾਂ ਲੈਂਦਿਆਂ ਹੀ ਸੁਦਾਗਰ ਸਿੰਘ ਵਿਅਕਤੀ ਦੀ ਤਸਵੀਰ ਉਭਰ ਆਉਂਦੀ
ਹੈ, ਠੀਕ ਉਸੇ ਤਰਹਾਂ ਨਾਮ ਦੀ ਵਿਸ਼ੇਸ਼ਤਾ ਹੈ। ਨਾਮ ਤੋਂ ਭਾਵ ਹੈ ਸੱਚ ਦਾ ਵਰਤਾਰਾ, ਉਹ ਸੱਚ ਜੋ ਹਰ ਤਰ੍ਹਾਂ
ਨਾਲ ਸੱਚ, ਭਾਵ ਆਬਜੈਕਿਟਵ ਯਥਾਰਥ ਨਾਲ ਜੁੜਿਆ ਹੋਇਆ ਹੈ। ਫਿਲਾਸਫੀ ਦੇ ਪੱਧਰ ਤੇ ਵੀ ਸੱਚ ਦਾ
ਸਬੰਧ ਯਥਾਰਥ ਨਾਲ ਹੀ ਜੋੜ ਕੇ ਸਮਝਿਆ ਜਾਂਦਾ ਹੈ।
ਗੁਰਬਾਣੀ ਵਿੱਚ ਸਚ ਸ਼ਬਦ ਦੇ
ਸੰਕਲਪ ਦੇ ਸਪਸ਼ਟ ਹੁੰਦਿਆਂ ਹੀ ਸਾਰੀ ਗੁਰਬਾਣੀ ਦੀ ਸਮਝ ਆ ਜਾਂਦੀ ਹੈ। ਇਹੋ ਉਹ ਟਰਮ ਹੈ ਜੋ ਸੱਭ
ਤੋਂ ਵੱਧ ਭੁਚਲਾਉਣ ਵਾਲੀ ਤੇ ਭੁਲੇਖੇ ਪਾਉਣ ਵਾਲੀ ਹੈ। ਸਚ ਨੂੰ ਨਿਰੰਕਾਰ ਨਾਲ ਜੋੜ ਕੇ ਦੇਖਿਆ
ਜਾਂਦਾ ਹੈ ਤੇ ਨਿਰੰਕਾਰ ਨੂੰ ਆਮ ਤੌਰ ਤੇ ਇਕ ਅਜਿਹੇ ਵਿਅਕਤੀ ਦੇ ਰੂਪ ਵਿੱਚ ਦਰਸਾਇਆ ਜਾਂਦਾ ਹੈ
ਜੋ ਆਪਣੇ ਸਵੈ ਗੁਣਾਂ ਕਰਕੇ ਸਰਬ ਸ਼ਕਤੀ ਮਾਨ, ਸਰਬ ਕਲਾ ਸਮਰੱਥ, ਜਾਣਨ ਹਾਰ ਤੇ
ਸਾਰੀ ਕੁਦਰਤ ਦਾ ਸੰਚਾਲਕ ਸਮਝਿਆ ਕਰਕੇ ਦੇਖਿਆ ਜਾਂਦਾ ਹੈ। ਉਸ ਦੇ ਰਹਿਣ ਵਾਲੀ ਥਾਂ ਨੂੰ ਗੁਰਬਾਣੀ
ਵਿੱਚ ਸਚਖੰਡ ਕਿਹਾ ਜਾਂਦਾ ਹੈ ਤੇ ਉਸ ਦਾ ਨਾਮ ਜਪਣ ਤੇ ਸਿਰਮਨ ਕਰਨ ਨੂੰ ਹੀ ਭਗਤੀ ਤੇ ਸਦਾਚਾਰ
ਵਜੋਂ ਪਰਵਾਨ ਕੀਤਾ ਜਾਂਦਾ ਹੈ।
ਨਿਰੰਕਾਰ ਦਾ ਸੰਕਲਪ ਜੇ ਮੂਲ
ਮੰਤਰ ਦੇ ਅਧਾਰ ਤੇ ਖੋਲ੍ਹਣਾ ਚਾਹੀਏ ਤਾਂ ਇਹ ਕੁਝ ਇਸ ਪ੍ਰਕਾਰ ਹੋਵੇਗਾ; ਇਕ ਉਅੰਕਾਰ ਦਾ ਭਾਵ ਹੈ
ਇੱਕ, ਆਕਾਰ ਰਹਿਤ (ਪੁਰਖ) ਜਿਸ ਦਾ ਨਾਮ ਹੀ ਸੱਚ ਹੈ, ਜੋ ਸੱਭ ਦਾ ਕਰਤਾ ਹੈ ਤੇ ਪੁਰਖ ਹੈ, ਜਿਸ ਦੀ ਹੋਂਦ ਕਾਲ ਰਹਿਤ
ਹੈ, ਜੋ ਜੂਨੀ ਰਹਿਤ ਹੈ, ਡਰ ਮੁਕਤ ਹੈ,
ਜਿਸ ਦਾ ਕਿਸੇ ਨਾਲ ਕੋਈ ਵੈਰ ਨਹੀਂ ਤੇ ਜੋ ਆਪਣੇ ਖੁਦ ਦੇ ਕਾਰਨ ਹੀ ਸਥਾਪਤ ਹੈ
ਤੇ ਜਿਸ ਦੀ ਪ੍ਰਾਪਤੀ ਗੁਰੂ ਦੀ ਕ੍ਰਿਪਾ ਨਾਲ ਹੋ ਸਕਦੀ ਹੈ।
ਕਾਲ ਸ਼ਬਦ ਦੀ ਵਿਆਖਿਆ ਆਮ ਤੋਰ
ਤੇ ਮੌਤ ਦੇ ਤੌਰ ਤੇ ਕੀਤੀ ਜਾਂਦੀ ਹੈ ਪਰ ਜੇ ਕਾਲ ਨੂੰ ਸਮਾਂ ਮੰਨ ਲਿਆ ਜਾਵੇ ਤਾਂ ਵੀ ਇਸ ਦੀ
ਵਿਆਖਿਆ ਉਪਰ ਬਹੁਤਾ ਫ਼ਰਕ ਨਹੀਂ ਪੈਂਦਾ। ਕਾਲ ਦਾ ਭਾਵ ਸਮਾਂ ਹੈ ਤੇ ਇਹ ਸਮਾਂ ਸਿਰਫ਼ ਧਰਤੀ ਉਪਰ
ਧਰਤੀ ਦੀ ਗਤੀ ਦੇ ਸਬੰਧ ਵਿੱਚ ਹੀ ਦੇਖਿਆ ਜਾਂਦਾ ਹੈ ਪਰ ਜਦੋਂ ਅਸੀਂ ਧਰਤੀ, ਧਰਤੀ ਦੇ ਸੂਰਜ ਮੰਡਲ, ਤੋਂ ਬਾਹਰ ਹੋ ਜਾਈਏ ਤਾਂ ਸਮੇਂ ਦਾ ਸੰਕਲਪ ਵੀ ਸਮਾਪਤ ਹੋ ਜਾਂਦਾ ਹੈ। ਸਮਾਂ ਤਾਂ ਧਰਤੀ
ਦੀ ਗਤੀ ਨਾਲ ਮਿਣਿਆ ਜਾਂਦਾ ਹੈ। ਸੂਰਜ ਮੰਡਲ ਜਾਂ ਅਕਾਸ਼ ਗੰਗਾ ਜਾਂ ਤਾਰਿਆਂ ਦੇ ਮੰਡਲਾਂ ਵਿੱਚ ਜਾ
ਕੇ ਵੀ ਸਮੇਂ ਦੀ ਕੋਈ ਹੋਂਦ ਨਹੀਂ ਰਹਿੰਦੀ। ਤਾਂ ਜਿਸ ਸ਼ਕਤੀ ਦੀ ਗੁਰਬਾਣੀ ਵਿਚ ਪ੍ਰਧਾਨਤਾ ਹੈ ਉਹ
ਅਕਾਲ ਹੈ ਭਾਵ ਕਾਲ ਦੇ ਪ੍ਰਭਾਵ ਤੋਂ ਮੁਕਤ ਹੈ।
ਗੁਰਮੱਤ ਨੂੰ ਲੋਕਾਂ ਤੱਕ
ਪੁਚਾਉਣ ਲਈ ਗੁਰਬਾਣੀ ਦਾ ਜਾਮਾ ਪੁਆਇਆ ਗਿਆ ਤੇ ਇਸ ਦੀ ਰਚਨਾ ਕਵਿਤਾ ਦੇ ਉਚਤਮ ਸਿਧਾਂਤਾਂ ਅਨੁਸਾਰ
ਕੀਤੀ ਗਈ। ਇਹ ਰਵਾਇਤ ਗੁਰੂ ਨਾਨਕ ਦੇਵ ਜੀ ਤੋਂ ਢੇਰ ਚਿਰ ਪਹਿਲਾਂ ਪ੍ਰਚਲਤ ਸੀ। ਭਗਤ ਬਾਣੀ ਜੋ
ਗੁਰੂ ਸਾਹਿਬ ਦੇ ਕਾਲ ਤੋਂ ਪਹਿਲਾਂ ਰਚੀ ਗਈ ਸੀ ਕਵਿਤਾ ਦੇ ਰੂਪ ਵਿੱਚ ਹੀ ਗੁਰੂ ਨਾਨਕ ਦੇਵ ਜੀ
ਤੱਕ ਪੁੱਜੀ ਤੇ ਉਹਨਾਂ ਨੇ ਇਸ ਦੀ ਸਾਰਥਕਤਾ ਨੂੰ ਸਮਝਦਿਆਂ ਹੋਇਆਂ ਇਸੇ ਦੇ ਹੀ ਰੂਪ ਨੂੰ ਆਪਣੇ
ਵਿਚਾਰਾਂ ਦੇ ਪ੍ਰਗਟਾਉਣ ਲਈ ਅਪਣਾਉਣ ਦਾ ਫੈਸਲਾ ਕੀਤਾ। ਭਗਤ ਕਬੀਰ ਜੀ, ਜਿਹਨਾਂ
ਦੀ ਬਾਣੀ ਦਾ ਗੁਰਬਾਣੀ ਉਪਰ ਚੋਖਾ ਪ੍ਰਭਾਵ ਦੇਖਣ ਨੂੰ ਮਿਲਦਾ ਹੈ, ਨੇ
ਕਵਿਤਾ ਦੇ ਰੂਪ ਵਿਚ ਹੀ ਆਪਣੀ ਬਾਣਿ ਦੀ ਰਚਨਾ ਕੀਤੀ। ਲੈਅ ਵਾਸਤੇ ਉਹਨਾਂ ਆਪਣੇ ਜੀਵਨ ਵਿੱਚ ਖੱਡੀ
ਦੀ ਲਗਾਤਾਰ ਚਲਦੀ ਅਵਾਜ਼ ਨੂੰ ਅਦਾਰ ਬਣਾਇਆ। ਬਹੁਤੀ ਕਵਿਤਾ ਉਹਨਾਂ ਆਪਣੇ ਕਸਬ ਕਪੜਾ ਬੁਣਦਿਆਂ ਹੀ
ਰਚੀ।
ਕਵਿਤਾ ਜਦੋਂ ਵੀ ਰਚੀ ਜਾਂਦੀ
ਹੈ ਨਿਰੀ ਤੁਕ ਬੰਦੀ ਨਹੀਂ ਹੁੰਦੀ ਸਗੋਂ ਇਸ ਦਾ ਆਪਣਾ ਇਕ ਆਰਕੀਟੈਕਚਰ ਹੁੰਦਾ ਹੈ, ਇਕ ਬਿੰਬ ਵਿਧਾਨ ਹੁੰਦਾ ਹੈ, ਜਿਸ ਦੀ ਵਰਤੋਂ ਨਾਲ ਮੁਸ਼ਕਲ ਤੋਂ ਮੁਸ਼ਕਲ ਗੱਲ ਵੀ ਸਪਸ਼ਟ ਤੌਰ ਤੇ ਕਹੀ ਜਾ ਸਕਦੀ ਹੈ।
ਅਜਿਹੀਆਂ ਬਾਰੀਕੀਆਂ ਤੇ ਕੋਮਲ ਪ੍ਰਗਟਾਵੇ ਤੇ ਬਿੰਬਾਂ ਤੇ ਅਲੰਕਾਰਾਂ ਦੀ ਅਤਿਅੰਤ ਢੁਕਵੀ ਵਰਤੋਂ
ਗੁਰਬਾਣੀ ਵਿੱਚ ਅਨੇਕਾਂ ਥਾਵਾਂ ਉਪਰ ਦੇਖਣ ਨੂੰ ਮਿਲਦੀ ਹੈ। ਸ਼ਬਦ ਸੱਚ ਨੂੰ ਵੀ ਅਜਿਹੇ ਅਲੰਕਾਰਾਂ
ਵਿੱਚ ਲਪੇਟ ਕੇ ਪੇਸ਼ ਕੀਤਾ ਗਿਆ ਹੈ।
ਸਚ ਦਾ ਭਾਵ ਅੰਗਰੇਜ਼ੀ ਦੇ
ਟਰੁਥ ਵਾਲਾ ਹੀ ਹੈ ਪਰ ਇਸ ਦਾ ਇੱਕ ਭਾਵ ਇਹ ਵੀ ਹੈ ਕਿ ਜੋ ਨਾ ਬਦਲਣ ਵਾਲਾ, ਹਰ ਥਾਂ ਸਹੀ ਸਾਬਤ ਹੋਣ ਵਾਲਾ ਇਕ
ਅਜਿਹਾ ਵਰਤਾਰਾ ਜਿਸ ਨੂੰ ਕਿਸੇ ਵੀ ਥਾਂ, ਕਿਸੇ ਵੀ ਪੱਧਰ ਤੇ ਜੇ ਪਰਖਿਆ
ਜਾਵੇ ਤਾਂ ਉਸ ਦਾ ਨਤੀਜਾ ਇੱਕੋ ਜਿਹਾ ਹੀ ਸਾਬਤ ਹੋਵੇਗਾ।
1. ਸਚੁ ਅਜਿਹਾ ਜੋ ਹਰ ਥਾਂ ਇਕੋ ਜਿਹਾ ਸਥਾਪਤ ਹੋਵੇ।
2. ਸੱਚ ਦਾ ਯੂਨੀਵਰਸਲ ਹੋਣਾ ਜ਼ਰੂਰੀ ਹੈ।
3. ਸਚ ਜੋ ਕਦੇ ਨਾਲ ਬਦਲੇ, ਕਿਸੇ ਕਾਲ ਵਿੱਚ ਨਾ ਕਿਸੇ ਧਰਾਤਲ
ਵਿੱਚ
ਜੇ ਉਪਰੋਕਤ ਸਾਰੀਆਂ ਗਲਾਂ ਦਾ
ਧਿਆਨ ਰੱਖ ਕੇ ਸੱਚ ਲੱਭਣ ਦੀ ਕੋਸ਼ਿਸ਼ ਕੀਤੀ ਜਾਵੇ, ਭਾਵ ਜੇ ਸਚ ਦਾ ਮੁਹਾਵਰਾ ਅਜੋਕੇ ਯੁਗ ਵਿੱਚ ਸਪਸ਼ਟ ਕੀਤਾ ਜਾਵੇ
ਤਾਂ ਸਾਨੂੰ ਵਿਗਿਆਨ ਦੀ ਮਦਦ ਲੈਣੀ ਪਵੇਗੀ। ਜਦੋਂ ਵਿਗਿਆਨ ਨਹੀਂ ਸੀ ਉਦੋਂ ਇਹ ਮਦਦ ਦਰਸ਼ਨ ਭਾਵ
ਫਲਸਫੇ ਤੋਂ ਲਈ ਜਾਂਦੀ ਸੀ। ਸੱਚ ਦੀ ਪ੍ਰੀਭਾਸ਼ਾ ਲੱਭਣ ਲਈ ਦਾਰਸ਼ਨਿਕਾਂ ਕੋਲ ਪਹੁੰਚ ਕੀਤੀ ਜਾਂਦੀ
ਸੀ। ਪਰ ਅਜ ਸਾਡੇ ਕੋਲ ਭੋਤਿਕ, ਰਸਇਣਕ, ਜੀਵ
ਤੇ ਪੁਲਾੜੀ ਭੋਤਿਕੀ ਨਾਲ ਜੁੜੇ ਗਿਆਨ ਵਿਗਿਆਨ ਦੀ ਟੇਕ ਮੋਜੂਦ ਹੈ। ਕਿਉਂ ਕਿ ਸੱਚ ਇਕ ਅਜਿਹੀ
ਗੁਰਬਾਣੀ ਦੇ ਆਰਕੀਟੈਕਚਰ ਵਿੱਚ ਇਕ ਅਜਿਹੀ ਇਕਾਈ ਹੈ ਜਿਸ ਨੂੰ ਪ੍ਰੀਭਾਸ਼ਤ ਕਰਨ ਨਾਲ ਬਾਕੀ ਦੇ
ਸਾਰੇ ਆਰਕੀਟੈਕਚਰ ਉਪਰ ਕੋਈ ਫ਼ਰਕ ਨਹੀਂ ਪੈਂਦਾ।
ਦਾਰਸ਼ਨਿਕਾਂ ਵੱਲੋ ਸੱਚ ਨੂੰ
ਯਥਾਰਥ ਨਾਲ ਜੋੜ ਕੇ ਦੇਖਿਆ ਜਾਂਦਾ ਹੈ। ਜੋ ਅਸਲ ਨਾਲ ਜੁੜਿਆ ਹੋਇਆ ਹੈ। ਪਰ ਇਥੇ ਅਸਾਂ ਸੱਚ ਦੀ
ਪ੍ਰੀਭਾਸ਼ਾ ਤਿਕੋਣੇ ਰੂਪ ਵਿੱਚ ਲਈ ਹੈ। ਪਹਿਲਾ ਜੋ ਹਰ ਇੱਕੋ ਜਿਹਾ ਸਥਾਪਤ ਹੋਵੇ। ਦੂਸਰਾ ਇਹ
ਯੂਨੀਵਰਸਲ ਹੋਵੇ, ਭਾਵ ਪੁਲਾੜ, ਬ੍ਰਹਿਮੰਡ ਦੇ ਕਿਸੇ ਕੋਨੇ ਚਲੇ ਜਾਓ ਇਹ ਸਹੀ
ਹੋਵੇ, ਤੀਸਰਾ ਇਹ ਤਬਦੀਲ ਹੋਣ ਯੋਗ ਨਾ ਹੋਵੇ। ਜੋ ਬਦਲ ਗਿਆ, ਸਮੇਂ ਦੇ ਅਧੀਨ, ਕਾਲ
ਦੇ ਅਧੀਨ ਉਹ ਸੱਚ ਨਹੀਂ ਹੈ।
ਇਸ ਪ੍ਰੀਕ੍ਰਿਆ ਦਾ ਇੱਕ
ਪਹਿਲੂ ਹੋਰ ਵੀ ਹੈ। ਇਸ ਪ੍ਰੀਭਾਸ਼ਾ ਨਾਲ ਸਚ ਦੀ ਸਥਾਪਤੀ ਲਈ ਸਾਨੂੰ ਆਪਣੇ ਗਿਆਨ ਦੀ ਵਰਤੋ ਕਰਨੀ
ਪਵੇਗੀ। ਜਿੰਨੀ ਸਾਡੀ ਸਮਝ ਹੈ ਓਨੀ ਹੀ ਡੂੰਘੀ ਇਸ ਦੀ ਵਿਆਖਿਆ ਕੀਤੀ ਜਾ ਸਕਦੀ ਹੈ। ਹਰ ਸਮੇਂ ਦੇ
ਗਿਆਨ ਨਾਲ ਇਸ ਦਾ ਆਧਾਰ ਬਦਲਦਾ ਜਾਵੇਗਾ। 16ਵੀ ਸਦੀ ਵਿਚ ਇਸ ਦੀ ਵਿਆਖਿਆ ਆਪਣੇ ਤਰੀਕੇ ਨਾਲ ਹੋਈ
ਪਰ ਅੱਜ ਜਦੋਂ ਮਨੁੱਖ ਦਾ ਗਿਆਨ ਵਿਗਿਆਨ ਨਾਲ ਜੁੜ ਗਿਆ ਹੈ ਤਾਂ ਕੋਈ ਕਾਰਨ ਨਹੀਂ ਕਿ ਅਸੀਂ ਇਸ
ਨੂੰ ਸਥਾਪਤ ਕਰਨ ਲਈ ਮੋਜੂਦਾ ਗਿਆਨ ਦੀ ਵਰਤੋਨ ਨਾ ਕਰੀਏ।
ਇਸ ਤਿਕੋਣੀ ਪ੍ਰੀਭਾਸ਼ਾ ਨੂੰ
ਲੈ ਕੇ ਜੇ ਸਾਰੀ ਦੁਨੀਆ ਵਿੱਚ ਭ੍ਰਮਣ ਕੀਤਾ ਜਾਵੇ ਤਾਂ ਕੋਈ ਸੱਚ ਬੜਾ ਅਰਥਹੀਣ ਜਾਪੇਗਾ। ਇਸ ਤੋਂ
ਅੱਗੇ ਜੇ ਜੇ ਧਰਤੀ ਦੀ ਟੇਕ ਛੱਡ ਕੇ ਸੌਰ ਮੰਡਲ ਵਿੱਚ ਪਹੁੰਚ ਜਾਈਏ ਤਾਂ ਕਿਹੜੀ ਅਜਿਹੀ ਵਸਤੂ ਹੈ
ਜੋ ਸਚ ਦੀ ਪ੍ਰੀਭਾਸ਼ਾ ਉਪਰ ਪੂਰੀ ਤਰ੍ਹਾਂ ਖਰੀ ਉਤਰਦੀ ਹੈ। ਨਾ ਗ੍ਰਹਿ ਨਾ ਤਾਰੇ, ਨਾ ਸੂਰਜ ਨਾ ਚੰਦ, ਸੂਰਜ ਮੰਡਲ ਤੋਂ ਅੱਗੇ ਅਸੀਂ ਪੁਲਾੜ ਵਿੱਚ ਅਕਾਸ਼ ਗੰਗਾ ਵਿੱਚ ਪਹੁੰਚ ਜਾਂਦੇ ਹਾਂ। ਹੁਣ
ਤੱਕ ਅਸੀਂ ਤੇ ਸਾਡੀ ਧਰਤੀ ਇਸ ਦਾ ਹਿੱਸਾ ਰਹੇ ਹਾਂ। ਅਕਾਸ਼ ਗੰਗਾ ਸੱਚ ਹੈ, ਸਥਾਪਤ ਕੀਤਾ ਜਾ ਚੁਕਿਆ ਹੈ ਤੇ ਸਮੇਂ ਦੇ ਪ੍ਰਬੰਧਣ ਤੋਂ ਵੀ ਰਹਿਤ ਹੈ। ਯੂਨਿਵਰਸਲ ਵੀ
ਹੈ। ਪਰ ਅਕਾਸ਼ ਗੰਗਾ ਦਾ ਸੱਚ ਵੀ ਗੁਰਬਾਣੀ ਦਾ ਸੱਚ ਨਹੀਨ ਹੋ ਸਕਦਾ। ਅਕਾਸ਼ ਗੰਗਾ ਇਕ ਨਹੀਂ ਹੈ,
ਇਸ ਵਰਗੀਆਂ ਹੋਰ ਬਹੁਤ ਸਾਰੀਆਂ ਗਲੈਕਸੀਆਂ ਪੁਲਾੜ ਵਿੱਚ ਮੋਜੂਦ ਹਨ।
ਵਿਸ਼ਾਲ ਬ੍ਰਹਿਮੰਡ ਵਿੱਚ ਊਰਜਾ
ਦਾ ਇੱਕ ਵਿਸਾਲ ਪੁੰਜ ਹੈ ਤੇ ਸਾਡੀ ਧਰਤੀ ਤੇ ਸਾਡੀ ਗਲੈਕਸੀ ਇਸੇ ਪੁੰਜ ਦਾ ਇੱਕ ਹਿੱਸਾ ਹਨ। ਇਹ
ਐਨਰਜੀ ਵੀ ਬਦਲਦੀ ਰਹਿੰਦੀ ਹੈ। ਕਿਉਂ ਕਿ ਇਸ ਅੰਦਰ ਵੀ ਕਈ ਤਰ੍ਹਾਂ ਦੇ ਘਟਨ ਵਿਘਟਨ ਵਾਪਰਦੇ
ਰਹਿੰਦੇ ਹਨ। ਜਿਸ ਰਫਤਾਰ ਨਾਲ ਇਹ ਪੁਲਾੜ ਵਿੱਚ ਫੈਲ ਰਹੀ ਹੈ ਇਕ ਦਿਨ ਇਹ ਵੀ ਬਹੁਤ ਕਮਜ਼ੋਰ ਹੋ ਜਾਵੇਗੀ।
ਇਹ ਸਾਡਾ ਕੁਝ ਬਹੁਤ ਤੇਜ਼ ਰਫਤਾਰ ਨਾਲ ਗਤੀਮਾਨ ਹੈ। ਉਹ ਕਿਹੜੀ ਵਿਵਸਥਾ ਹੈ ਜੋ ਇਸ ਸੱਭ ਨੂੰ
ਗਤੀਮਾਨ ਰੱਖ ਰਹੀ ਹੈ। ਵਿਗਿਆਨ ਦੱਸਦਾ ਹੈ ਕਿ ਸਾਰੀ ਐਨਰਜੀ ਸਾਰਾ ਪੁਲਾੜ ਇਕ ਨਿਯਮ-ਬੱਧਤਾ ਦੇ
ਅੰਦਰ ਕ੍ਰਿਆਸ਼ੀਲ ਹਨ। ਇਹ ਨਿਯਮ ਜੋ ਭੋਤਿਕ ਵਿਗਿਆਨ, ਰਸਾਇਣ ਵਿਗਿਆਨ ਤੇ ਪੁਲਾੜ ਵਿਗਿਆਨ ਦੀ ਜ਼ੱਦ ਵਿੱਚ ਹਨ। ਬਹੁਤ
ਹੱਦ ਤੱਕ ਸਮਝੇ ਜਾ ਸਕਦੇ, ਸਮਝਾਏ ਜਾ ਸਕਦੇ ਹਨ। ਪਰ ਜਿਸ ਪੱਧਰ ਉਪਰ ਇਹ
ਕ੍ਰਿਆਸ਼ੀਲ ਹਨ ਉਹ ਮਨੁੱਖ ਦੇ ਕਾਬੂ ਤੋਂ ਪਰੇ ਹਨ। ਹਾਲੇ ਤੱਕ ਇਹੋ ਨਿਯਮ, ਇਹੋ ਨੇਮ ਹੀ ਹਨ ਜੋ ਸੱਚ ਦੀ ਉਕਤ ਪ੍ਰੀਭਾਸ਼ਾ ਉਪਰ ਖਰੇ ਉਤਰਦੇ ਹਨ। ਇਹ ਖੁਦ ਰਾਹੀ ਹੀ
ਸਥਾਪਤ ਹੋਏ ਹਨ ਤੇ ਕਿਸੇ ਵੀ ਤਰ੍ਹਾਂ ਦਾ ਘਟਨ ਤੇ ਵਿਘਟਨ ਇਹਨਾਂ ਦੇ ਅੰਦਰਲੇ ਵਿਧੀਵਤ ਨਿਯਮਾਂ
ਅਨੁਸਾਰ ਹੀ ਹੁੰਦਾ ਹੈ। ਇਹ ਸੱਭ ਕੁਝ ਕੁਦਰਤੀ ਹੈ ਤੇ ਇਸ ਕੁਦਰਤ ਦਾ ਪਸਾਰਾ ਭੌਤਿਕ ਦੁਨੀਆਂ ਦੇ
ਇੱਕ ਨਿੱਕੇ ਜ਼ਰੇ ਤੋਂ ਲੈ ਕੇ ਪੂਰੇ ਬ੍ਰਹਮੰਡ ਵਿੱਚ ਵਿਆਪਕ ਕੁਦਰਤ ਦੇ ਵਿਸ਼ਾਲ ਪਸਾਰੇ ਤੱਕ ਮਿਲਦਾ
ਜੁਲਦਾ ਹੈ। ਉਹੋ ਹੀ ਨਿਯਮ ਇੱਕ ਨਿੱਕੇ ਐਟਮ ਵਿੱਚ ਕੰਮ ਕਰਦੇ ਹਨ ਤੇ ੳਹੋ ਨਿਯਮ ਹੀ ਵਿਰਾਟ ਰੂਪ
ਵਿੱਚ ਸਕ੍ਰਿਅ ਹਨ।
ਗੁਰਬਾਣੀ ਦਾ ਸੱਚ ਇਸ ਵਿਗਿਆਨ
ਦੇ ਸੱਚ ਨਾਲ ਸਹੀ ਬੈਠਦਾ ਹੈ। ਇੱਕ ਹੈ ਦੋ ਨਹੀਂ ਹੈ। ਕੁਦਰਤ ਦਾ ਜਿੱਡਾ ਆਕਾਰ ਨਜ਼ਰ ਆਉਂਦਾ ਹੈ ਉਹ
ਇੱਕ ਹੈ ਤੇ ਇਸ ਦਾ ਅਕਾਰ ਗਤੀ ਵਿੱਚ ਹੋਣ ਕਰਕੇ ਉਅੰ ਭਾਵ ਗੋਲਾਈ ਵਿੱਚ ਹੋ ਸਕਦਾ ਹੈ।
ਅਧਿਆਤਮਕ ਸੱਚ, ਜਿਸ ਦੀ ਗਲ ਬਾਰ ਬਾਰ ਧਰਮ ਸ਼ਾਸ਼ਤਰ ਦੇ
ਗ੍ਰੰਥਾਂ ਵਿੱਚ ਕੀਤੀ ਜਾਂਦੀ ਹੈ, ਅਧਿਆਤਮ ਦਿਖਾਈ ਦਿੰਦੀ ਕਿਸੇ ਵੀ
ਵਸਤੂ, ਵਰਤਾਰੇ ਦੇ ਪਿਛੇ ਕਿਸੇ ਵੱਖਰੀ ਸਪਿਰਟ ਅਥਵਾ ਆਤਮਾ ਜਾਂ ਤਾਕਤ
ਦਾ ਅਨੁਭਵ ਹੁੰਦਾ ਹੈ ਤਾਂ ਅਜਿਹੇ ਸੰਕਲਪ ਨੂੰ ਅਧਿਆਤਮਕ ਕਿਹਾ ਜਾਂਦਾ ਹੈ। ਬਿਜਲੀ ਦੇ ਲਿਸਕਣ,
ਦਰਿਆ ਦੇ ਹੜ੍ਹ ਆਉਣ ਨੂੰ ਸਾਧਾਰਨ ਤੇ ਸਤਹੀ ਤੌਰ ਤੇ ਨਾ ਲੈ ਕੇ ਸਗੋਂ ਉਸ
ਵਰਤਾਰੇ ਦੇ ਪਿਛੇ ਕਿਸੇ ਆਤਮਾ ਦੀ ਹੋਂਦ ਨੂੰ ਅਨੁਭਵ ਕਰਨਾ ਅਧਿਆਤਮਕ ਹੈ। ਬਹੁਤੀ ਵਾਰੀ ਮਨੁੱਖ
ਸਾਹਮਣੇ ਵਰਤ ਰਹੇ ਵਰਤਾਰੇ ਤੋਂ ਅੱਗੇ ਵੱਧ ਕੇ ਉਸ ਦੇ ਪਿੱਛੇ ਲੁਕੇ ਭੇਤ, ਰਹੱਸ ਨੂੰ ਜਾਣਨਾ ਚਾਹੁੰਦਾ ਹੈ।
ਮੁਢਲੀ ਅਵਸਥਾ ਵਿੱਚ ਪਦਾਰਥਕ
ਤੌਰ ਤੇ ਵਾਪਰਨ ਵਾਲੀਆਂ ਸਾਰੀਆਂ ਘਟਨਾਵਾਂ ਨੂੰ ਉਸੇ ਪੱਧਰ ਤੇ ਲਿਆ ਜਾਂਦਾ ਸੀ ਜਿਸ ਪਧਰ ਉਪਰ ਉਹ ਅਨੁਭਵ ਦੀ ਪਕੜ
ਵਿੱਚ ਆਉਂਦੀਆਂ ਸਨ। ਫਿਰ ਉਹਨਾਂ ਕੁਦਰਤੀ ਵਰਤਾਰਿਆਂ ਨੂੰ ਸਮਝਾਉਣ ਲਈ ਪਰਸੋਨੀਫਾਈ ਕੀਤਾ ਗਿਆ।
ਉਹਨਾਂ ਦਾ ਤਸਵੁੱਰ ਇਕ ਦੇਵਤਾ, ਜਾਂ ਦੇਵੀ ਨਾਲ ਕੀਤਾ ਗਿਆ ਤੇ ਫਿਰ ਉਸ
ਨੂੰ ਕੁਦਰਤੀ ਵਰਤਾਰਿਆਂ ਦੀ ਤਾਕਤ ਅਨੁਸਾਰ ਇਕ ਕ੍ਰਮ ਤਿਆਰ ਕੀਤਾ ਗਿਆ। ਬਿਜਲੀ ਲਿਸ਼ਕਣ ਤੋਂ ਵਧੇਰੇ
ਤਾਕਤਵਰ ਬੱਦਲ ਹਨ। ਬੱਦਲਾਂ ਤੋਂ ਵਧੇਰੇ ਤਾਕਤਵਰ ਹਵਾ ਹੈ, ਹਵਾ ਤੋਂ
ਵਧੇਰੇ ਤਾਕਤਵਰ ਕੌਣ ਹੈ, ਇਸ ਤਰ੍ਹਾਂ ਹੌਲੀ ਹੌਲੀ ਸੋਝੀ ਮੁਤਾਬਕ ਗੱਲ
ਸੂਰਜ ਉਪਰ ਆਣ ਟਿਕੀ ਹੋਵੇਗੀ। ਸੂਰਜ ਨੂੰ ਸਰਵੁਚ ਦੇਵਤਾ ਮੰਨੇ ਜਾਣ ਦਾ ਇਤਿਹਾਸਕ ਦਸਤਾਵੇਜ਼ੀ ਸਬੂਤ
ਮਿਲਦਾ ਹੈ। ਸੂਰਜ ਨੂੰ ਗ੍ਰਹਿਣ ਵਿੱਚ ਸੂਰਜ ਤੋਂ ਵੀ ਕਿਸੇ ਵੱਡੀ ਤਾਕਤ ਦੀ ਲੋੜ ਮਹਿਸੂਸ ਕੀਤੀ ਗਈ
ਹੋਵੇਗੀ। ਇਹਨਾਂ ਵਰਤਾਰਿਆਂ ਨੂੰ ਦੇਵਿਤਆਂ ਦਾ ਨਾਂ ਦੇ ਕੇ ਇਹਨਾਂ ਦੇਵੀ ਦੇਵਤਿਆਂ ਨੂੰ ਖੁਸ਼ ਕਰਨ
ਦਾ ਤਰੀਕਾ ਸੋਚਿਆ ਗਿਆ ਹੋਵੇਗਾ। ਬਲੀ ਦੇਣ ਦੀ ਕ੍ਰਿਆ ਅਸਲ ਵਿੱਚ ਕਬਾਇਲੀ ਖੇਤਰਾਂ ਵਿੱਚ ਕਬੀਲੇ
ਦੇ ਮੁੱਖੀ ਨੂੰ ਉਸ ਦਾ ਬਣਦਾ ਹਿੱਸਾ ਦੇਣ ਬਰਾਬਰ ਹੀ ਹੈ।
ਤੋੜੇ ਗਏ ਫ਼ਲ, ਮਾਰੇ ਗਏ ਪਸ਼ੂ, ਕੱਟੀ ਗਈ ਫ਼ਸਲ ਆਦਿ ਵਿੱਚ ਕਬੀਲੇ ਦੇ ਮੁੱਕੀ ਦਾ ਹਿੱਸਾ ਰੱਖਦੇ ਜਾਣ ਦਾ ਰਿਵਾਜ਼ ਬਲੀ
ਦੇਣ ਦੀ ਪ੍ਰੀਕ੍ਰਿਆ ਤੋਂ ਤੋਂ ਢੇਰ ਚਿਰ ਪਹਿਲਾਂ ਸ਼ੁਰੂ ਹੋਇਆ ਹੋਵੇਗਾ। ਸਮਾਜਕ ਤੌਰ ਤੇ ਕਬੀਲੇ ਦੀ
ਹੋਂਦ ਮਨੁੱਖ ਦੀ ਬਹੁਤ ਮੁੱਢਲੀ ਸੋਝੀ ਦੇ ਰੂਪ ਵਿੱਚ ਮਿਲਦੀ ਹੈ। ਇਕੱਠੇ ਰਹਿਣ ਦੀ ਲੋੜ ਮਨੁੱਖ ਦੀ
ਪਹਿਲੀ ਲੋੜ ਰਹੀ ਹੈ। ਪਰਵਾਰ ਦੀ ਇਕਾਈ ਦਾ ਰੂਪ ਉਸ ਦੀ ਜਨਣ ਸ਼ਕਤੀ ਚੋਂ ਪੈਦਾ ਹੋਇਆ ਹੈ। ਇਸ ਲਈ
ਪਰਵਾਰ ਨੂੰ ਪਾਲਣ ਦੀ ਜ਼ਿੰਮੇਵਾਰ ਵੀ ਉਸ ਉਪਰ ਕਦੇ ਆਈ ਹੋਵੇਗੀ।
ਕੁਦਰਤੀ ਵਰਤਾਰਿਆਂ ਨੂੰ
ਸਮਝਦਿਆਂ ਤੇ ਸਮਝਾਉਦਿਆਂ ਮਨੁਖ ਨੇ ਆਤਮਾ ਦੀ ਲੋੜ ਮਹਿਸੁਸ ਕੀਤੀ ਹੋਵੇਗੀ। ਇਕ ਅਧਿਐਨ ਤੋਂ ਪਤਾ ਲਗਦਾ
ਹੈ ਕਿ ਅਧਿਆਤਮਕਤਾ ਦਾ ਇਹ ਚਲਨ ਭਾਸ਼ਾ ਦੇ ਵਿਕਸਤ ਹੋਣ ਤੋਂ ਬਾਅਦ ਹੀ ਹੋਇਆ ਜਾਪਦਾ ਹੈ। ਇਸ ਵਿੱਚ
ਮੌਤ ਬਾਰੇ ਚੇਤਨਾ ਵੀ ਜੁੜੀ ਹੋਈ ਹੈ। ਮੌਤ ਤੋਂ ਬਾਅਦ ਕੀ ਵਾਪਰਦਾ ਹੇ, ਇਸ
ਦਾ ਰੁਜਾਣ ਪੁਰਾਤਨ ਮਨੁੱਖ ਦੀਆਂ ਦੁਆਰਾ ਬਣਾਈਆਂ ਤਸਵੀਰਾਂ ਆਦਿ ਚੋਂ ਝਲਕਦਾ ਹੈ। 300,000 ਸਾਲ ਪਹਿਲਾਂ ਦਾ ਮਨੁੱਖ ਆਪਣੇ ਮਿਰਤਕ ਸਾਥੀਆਂ ਨੂੰ ਧਰਤੀ ਵਿੱਚ ਦਫਨ ਕਰਿਆ ਕਰਦਾ
ਸੀ। ਭਾਵੇ ਇਹ ਸੋਝੀ ਵੀ ਕੁਦਰਤੀ ਹੀ ਹੈ ਤੇ ਬਹੁਤ ਸਾਰੇ ਜਾਨਵਰ ਚੀਜ਼ਾਂ ਨੂੰ ਆਪਣੇ ਆਂਡਿਆਂ ਆਦਿ
ਨੂੰ ਮਿੱਟੀ ਹੇਠ ਦਬਾ ਕੇ ਰੱਖਦੇ ਦੇਖੇ ਜਾਂਦੇ ਹਨ। ਸੰਭਵ ਹੈ ਕਿ ਇਹ ਪਰਵਿਰਤੀ ਵੀ ਉਸੇ ਤਰਹਾਂ
ਕੁਦਰਤੀ ਤੋਰ ਤੇ ਵਿਕਸਤ ਹੋਈ।
ਮੌਤ ਨਾਲ ਰਹੱਸ ਜੋੜਦਿਆਂ
ਮਨੁੱਖ ਨੇ ਕੁਝ ਅਜਿਹਾ ਵੀ ਜਾਣਿਆ ਜੋ ਬਾਅਦ ਵਿੱਚ ਉਸਦੇ ਚੇਤਨ ਗਿਆਨ ਦਾ ਅੰਗ ਬਣਿਆ ਤੇ ਉਹ ਸੀ, ਆਪਣੇ ਸਾਥੀਆਂ ਤੋਂ ਮੌਤ ਦੇ ਨੇੜੇ
ਪਹੁੰਚ ਕੇ ਹੋਏ ਅਨੁਭਵ ਬਾਰੇ ਜਾਣਕਾਰੀ, ਜਿਸ ਨਾਲ ਉਸ ਦੀ ਮੋਤ ਤੋਂ
ਬਾਅਦ ਦੇ ਜੀਵਨ ਬਾਰੇ ਕੁਝ ਨਵੇਂ ਅਨੁਭਵ ਉਸ ਦੀ ਜਾਣਕਾਰੀ ਦਾ ਹਿੱਸਾ ਬਣੇ। ਪਰ ਇਹ ਸੱਭ ਕੁ ਭਾਸ਼ਾ
ਦੇ ਵਿਕਸਤ ਹੋਣ ਤੋਂ ਬਾਅਦ ਹੀ ਵਾਪਰਿਆ। ਤਕਰੀਬਨ 20000 ਸਾਲ ਪਹਿਲਾਂ ਦੇ ਮਨੁੱਖ ਦਏ ਬਣਾਏ
ਚਿਤਰਾਂ ਤੋਂ ਦਾਹ ਸੰਸਕਾਰ ਦੀ ਜਾਣਕਾਰੀ ਮਿਲਦੀ ਹੈ। ਮਰਨ ਵਾਲੇ ਨਾਲ ਉਸ ਦੀਆਂ ਪਿਆਰੀਆਂ ਚੀਜ਼ਾਂ,
ਬਰਤਨ ਆਦਿ ਦਾ ਦਫ਼ਨ ਕੀਤੇ ਜਾਣਾ ਮੌਤ ਨਾਲ ਕਿਸੇ ਅਜਿਹੇ ਅਨੁਭਵ ਨੂੰ ਜੋੜੇ ਜਾਣ
ਦਾ ਸੰਕੇਤ ਹੈ ਜਿਸ ਦਾ ਉਸ ਨੂੰ ਸਿੱਧਾ ਅਨੁਭਵ ਨਹੀਂ ਸੀ।
ਹੌਲੀ ਹੋਲੀ ਇਹ ਰਹੱਸ, ਆਤਮਕ ਤੇ ਫਿਰ ਅਧਿਆਤਮਕ ਅਨੁਭਵ ਦਾ
ਸਿੱਟਾ ਬਣੇ। ਹਰ ਵਰਤਾਰੇ ਪਿਛੇ ਕਿਸੇ ਅਧਿਆਤਮਕ ਪਹਿਲੂ ਦਾ ਉਲੇਖ ਆਮ ਗੱਲ ਹੋ ਗਏ। ਇਹੋ ਸਮਾਂ ਸੀ
ਜਦੋਂ ਇਸ ਰਹੱਸ ਦੇ ਵਰਤਾਰੇ ਨੂੰ ਸਾਹਮਣੇ ਵਾਪਰਦੇ ਵਰਤਾਰੇ ਵਿੱਚ ਗੁੰਨ੍ਹ ਕੇ ਪੇਸ਼ ਕੀਤਾ ਗਿਆ।ਅੱਜ
ਵੀ ਵਿਗਿਆਨ ਦੀ ਵੀ ਤਕਰੀਬਨ ਅਜਿਹੀ ਹੀ ਸਥਿਤੀ ਹੈ। ਹਰ ਵਰਤਾਰੇ ਪਿਛੇ ਕਿਸੇ ਐਨਰਜੀ ਦੀ ਮੋਜੂਦਗੀ
ਤੋਂ ਵਿਗਿਆਨੀ ਵੀ ਇਨਕਾਰ ਨਹੀਂ ਕਰਦੇ, ਪਰ ਉਹ ਇਸ ਨੂੰ ਕਿਸੇ ਰਹੱਸ ਦਾ
ਨਾਂ ਨਹੀਂ ਦਿੰਦੇ। ਐਨਰਜੀ / ਊਰਜਾ ਦੇਖੀ ਜਾ ਸਕਦੀ ਹੈ, ਮਸ਼ੀਨਾਂ ਨਾਲ
ਪਕੜੀ ਜਾ ਸਕਦੀ ਹੈ ਤੇ ਮਿਣੀ ਜਾ ਸਕਦੀ ਹੈ। ਇਹ ਊਰਜਾ ਜੋ ਖ਼ਤਮ ਕੀਤੀ ਜਾ ਸਕਦੀ ਹੈ, ਨਾ ਪੈਦਾ ਕੀਤੀ ਜਾ ਸਕਦੀ ਹੈ। ਪਰ ਇਸ ਨਾਲ ਸਾਰਾ ਬ੍ਰਹਮੰਡ ਗਤੀ ਵਿੱਚ ਹੈ।
ਫਿਰ ਗੁਰਬਾਣੀ ਦੇ ਸੱਚ ਨੂੰ
ਸਮਝਣ ਲਈ ਕੀ ਐਨਰਜੀ ਨੂੰ ਨਿਰੰਕਾਰ ਕਹਿਣਾ ਚਾਹੀਦਾ ਹੈ? ਜਾਂ ਨਿਰੰਕਾਰ ਇਸ ਤੋਂ ਵੀ ਅੱਗੇ ਕੋਈ ਵੱਖਰੀ ਹਸਤੀ ਹੈ?
ਇਹ ਸੋਚਣ ਤੇ ਮੰਨਣ ਦੀ ਗੱਲ ਹੈ। ਐਨਰਜੀ ਤਬਦੀਲ ਹੋਣ ਸਕਣ ਵਾਲੀ ਹੈ ਇਹ ਪੂਰਨ
ਸੱਚ ਨਹੀਂ ਹੋ ਸਕਦੀ। ਇਸ ਦਾ ਰੂਪ ਬਦਲਿਆ ਜਾ ਸਕਦਾ ਹੇ। ਸਮੇਂ ਨਾਲ ਇਹ ਰੂਪ ਬਦਲ ਲੈਂਦੀ ਹੈ ਰੂਪ
ਬਦਲਣ ਨਾਲ ਇਸ ਦੇ ਗੁਣਾਂ ਉਪਰ ਵੀ ਅਸਰ ਹੁੰਦਾ ਹੈ।
ਫਿਰ ਸੱਚ ਕਿੱਥੇ ਹੈ? ਸੱਚ ਬਾਰੇ ਸਾਡੇ ਮਾਪਦੰਡ ਸਪਸ਼ਟ ਹਨ।
ਐਨਰਜੀ ਰੂਪ ਬਦਲਦੀ ਹੈ ਪਰ ਅਜਿਹਾ ਉਹ ਵੀ ਕਿਸੇ ਨਾ ਕਿਸੇ ਨਿਯਮ ਅਧੀਨ ਹੀ ਕਰਦੀ ਹੈ। ਨਿਯਮ ਜੋ
ਭੌਤਿਕੀ ਦੇ ਹਨ, ਜੋ ਰਸਾਇਣ ਵਿਗਿਆਨ ਦੇ ਹਨ, ਉਹੋ
ਹੀ ਹਰ ਥਾਂ ਉਪਰ ਲਾਗੂ ਹੁੰਦੇ ਹਨ। ਇਹਨ ਨਿਯਮ ਤਬਦੀਲ ਨਹੀਂ ਹੁੰਦੇ। ਜੇ ਕੁਦਰਤ ਦੇ ਸਾਰੇ
ਵਰਤਾਰਿਆਂ ਨੂੰ ਇਕ ਇਕ ਕਰਕੇ ਘੋਖੀਏ ਤਾਂ ਪਤਾ ਲੱਗਦਾ ਹੈ ਕਿ ਸਾਰੀ ਕੁਦਰਤ ਇੱਕ ਛੋਟੇ ਕਿਣਕੇ ਤੋਂ
ਲੈ ਕੇ ਵਿਸ਼ਾਲ ਬ੍ਰਹਮੰਡ ਤੱਕ ਇਹਨਾਂ ਨਿਯਮਾਂ ਦੇ ਅਧੀਨ ਹੀ ਚੱਲਦੀ ਹੈ। ਇਸ ਨੇ ਆਪਣੇ ਆਪ ਨੂੰ
ਚੇਤਨ ਤੋਰ ਤੇ ਜਾਂ ਅਚੇਤ ਹੀ ਨਿਯਮਾਂ ਵਿੱਚ ਬੰਨ੍ਹ ਰਖਿਆ ਹੈ। ਇਸ ਵਿੱਚ ਸੱਚ ਤੋਂ ਵੱਡਾ ਨਿਯਮ
ਮੋਟੇ ਤੌਰ ਤੇ ‘ਹੋਣੀ’ ਦਾ ਨਿਯਮ ਹੈ। ਜੋ ਹੋ ਰਿਹਾ ਹੈ ਜੋ ਵਰਤ ਰਿਹਾ ਹੈ ਇਸ ਦੇ ਪਿਛੇ ਕੋਈ ਕਾਰਨ ਬਣਿਆ ਹੈ।
ਕਾਰਨ ਤੋਂ ਹੀ ਸਿੱਟਾ ਨਿਕਲਦਾ ਹੈ।
ਕੁਦਰਤ ਦੀ ਇਹ ਨੇਮ ਬੱਧਤਾ
ਹੈਰਾਨ ਕਰ ਦੇਣ ਵਾਲੀ ਹੈ। ਇਹ ਨੇਮ ਬੱਧਤਾ ਕਣ ਕਣ ਵਿਚ ਹੈ, ਵਿਸਾਲ ਬ੍ਰਹਮੰਡ ਵਿੱਚ ਹੈ। ਇਸ ਨੂੰ ਹੁਕਮ ਕਹਿ ਲਿਆ ਜਾਵੇ
ਤਾਂ ਵੀ ਕੋਈ ਅਨੋਖੀ ਗੱਲ ਨਹੀਂ ਹੋਵੇਗੀ। ਇਸ ਨੇਮ ਬੱਧਤਾ ਨੂੰ ਮਹਿਸੂਸ ਕੀਤਾ ਜਾ ਸਕਦਾ ਹੈ,
ਸਮਝਿਆ ਜਾ ਸਕਦਾ ਹੈ। ਕਿਵੇਂ ਧਰਤੀ, ਅਕਾਸ, ਪੌਣ, ਪਾਣੀ, ਸੂਰਜ, ਬ੍ਰਹਮੰਡ ਸੱਭ ਕੁਝ ਇਕ ਨੇਮ ਵਿਚ ਵਿਚਰ ਰਿਹਾ ਹੈ। ਇਹ ਨੇਮ ਕਿਵੇਂ ਹੋਂਦ ਵਿੱਚ ਆਏ ਇਸ
ਬਾਰੇ ਕੁਝ ਨਹੀਂ ਕਿਹਾ ਜਾ ਸਕਦਾ। ਪਰ ਇਹ ਸਾਰਾ ਵਰਤਾਰਾ ਵਰਤ ਰਿਹਾ ਹੈ। ਮਨੁੱਖ ਦੇ ਕੰਟਰੋਲ ਤੋਂ
ਬਾਹਰ ਹੈ ਤੇ ਅਸੀਂ ਆਪਣੀ ਸੂਝ ਨਾਲ ਸਿਰਫ਼ ਸਮਝ ਸਕਦੇ ਹਾਂ ਪਰ ਇਸ ਦਾ ਸੰਚਾਲਨ ਨਹੀਂ ਕਰ ਸਕਦੇ। ਇਸ ਨੂੰ ਬਦਲਿਆ ਨਹੀਂ ਜਾ ਸਕਦਾ। ਜਿਵੇਂ ਜਿਵੇਂ ਵਿਗਿਆਨ
ਆਪਣੇ ਵਸੀਲੇ ਵਧਾਉਂਦਾ ਜਾਵੇਗਾ, ਉਹ ਕੁਰਦਤ ਨੁੰ ਹੋਰ ਸਮਝਣ ਦਾ ਯਤਨ
ਕਰੇਗਾ।
ਕੁਦਰਤ ਦੇ ਇਹਨਾਂ ਨਿਯਮਾਂ
ਵਿੱਚ ਪਰਾ-ਕੁਦਰਤੀ ਕੁਝ ਵੀ ਨਹੀਂ ਹੈ। ਸਾਰਾ ਅਧਿਆਤਮਵਾਦ ਤੇ ਅਧਿਆਤਮਕ ਅਨੁਭਵ ਸਬਜੈਕਿਟਵ, ਭਾਵ ਖਿਆਲੀ ਹਨ ਤੇ ਮਨੁੱਖ ਦੀ ਸੋਚ ਤੋਂ
ਪਰੇ ਉਹਨਾਂ ਦੀ ਕੋਈ ਹੋਂਦ ਨਹੀਂ ਰਹਿੰਦੀ। (ਮੰਨ ਲਓ ਜੇ ਸੰਸਾਰ ਵਿੱਚ ਮਨੁੱਖ ਨਾ ਰਹੇ ਤਾਂ
ਪ੍ਰਮਾਤਾਮਾ ਬਾਰੇ ਜਿਹੜਾ ਗਿਆਨ ਅੱਜ ਅਧਿਆਤਮਵਾਦ ਦੇ ਨਾਂ ਤੇ ਪ੍ਰਚਲਤ ਹੈ, ਜੀਂਦਾ ਰਹੇਗਾ, ਜਾਂ ਉਸ ਦਾ ਕੋਈ ਪ੍ਰਭਾਵ ਧਰਤੀ ਜਾਂ ਕੁਦਰਤ
ਉਪਰ ਹੋਵੇਗਾ? ਜਵਾਬ ਨਹੀਂ ਵਿੱਚ ਹੋਵੇਗਾ।) ਪਰ ਜਿਹੜੇ ਕੁਦਰਤ ਦੇ ਨਿਯਮ
ਲੱਭੇ ਜਾ ਰਹੇ ਹਨ, ਤੇ ਸਥਾਪਤ
ਕੀਤੇ ਜਾ ਰਹੇ ਹਨ ਉਹ ਕੁਦਰਤ ਵਿੱਚ ਸਦਾ ਕੰਮ ਕਰਦੇ ਰਹਿਣਗੇ। ਅੱਜ ਵੀ ਕਲ੍ਹ ਵੀ, ਤੇ ਆਉਣ ਵਾਲੇ ਹਰ ਸਮੇਂ ਵਿੱਚ ਤੇ ਹਰ ਕਾਲ ਵਿੱਚ, ਜੇ ਇਸ
ਦੁਨੀਆ ਦਾ ਵਿਨਾਸ ਹੋਵੇਗਾ ਤਾਂ ਵੀ ਇਹਨਾਂ ਨਿਯਮਾਂ ਦੇ ਅਧਾਰ ਉਪਰ ਤੇ ਜੇ ਕਦੇ ਮੁੜ ਵਿਕਾਸ
ਹੋਵੇਗਾ ਤਾਂ ਵੀ ਇਹਨਾਂ ਨਿਯਮਾਂ ਦੇ ਅਧਾਰ ਉਪਰ ਵੀ ਅਜਿਹਾ ਹੋਵੇਗਾ।
ਕੁਦਰਤ ਦੇ ਇਹਨਾਂ ਨਿਯਮਾਂ
ਬਾਰੇ ਅਨੁਭਵ ਕਰ ਲੈਣਾ ਤੇ ਇਹਨਾਂ ਦੀ ਸਰਵੁਚਤਾ ਪਰਵਾਨ ਕਰ ਲੈਣਾ ਭਾਣਾ ਮੰਨਣਾ ਹੈ। ਕੁਦਰਤ ਦੇ
ਇਹਨਾਂ ਨਿਯਮਾਂ ਦੀ ਵਿਸਾਲਤਾ ਬੜੀ ਹੈਰਾਨ ਕਰ ਦੇਣ ਵਾਲੀ ਹੈ। ਤੱਥ ਸਮਝ ਆ ਜਾਣ ਤਾਂ ਇਸ ਅੱਗੇ ਸਿਰ
ਝੁਕਾਉਣ ਤੋਂ ਬਿਨਾਂ ਹੋਰ ਕੋਈ ਚਾਰਾ ਨਹੀਂ। ਧਰਤੀ ਦੀ ਸੂਰਜ ਦੁਆਲੇ 67000 ਮੀਲ ਪ੍ਰਤੀ ਘੰਟਾ, ਸੋਰ ਮੰਡਲ ਦੀ ਗਤੀ ਅਕਾਸ਼ ਗੰਗਾ ਵਿੱਚ
250 ਕਿਲੋਮੀਟਰ ਪ੍ਰਤੀ ਸਕਿੰਟ ਭਾਵ 15000 ਕਿਲੋਮੀਟਰ ਪ੍ਰਤੀ ਮਿੰਟ, 900000
ਕਿਲੋਮੀਟਰ ਪ੍ਰਤੀ ਘੰਟਾ, ਤੇ ਅਕਾਸ਼ ਗੰਗਾ ਬ੍ਰਹਮੰਡ ਵਿੱਚ 300
ਕਿਲੋਮੀਟਰ ਪ੍ਰਤੀ ਸਕਿੰਟ = 18000 ਕਿਲੋਮਿਟਰ ਪ੍ਰਤੀ ਮਿੰਟ = 1080000 ਕਿਲੋਮੀਟਰ ਪ੍ਰਤੀ ਘੰਟਾ।
ਇਸ ਰਫਤਾਰ ਉਪਰ ਸਾਰਾ ਕੁਝ ਵਾਪਰ ਰਿਹਾ ਹੈ। ਕੋਹ ਕਰੋੜੀ ਚਲਤ ਨਾ ਅੰਤ, ਵਾਲੀ
ਗੱਲ ਹੈ। ਹਰ ਰੋਜ਼ ਕੋਹ ਕਰੋੜੀ ਚਲਦੀ ਹੈ ਇਹ ਧਰਤੀ, ਇਨੀੰ ਤੇਜ਼ ਰਫਤਾਰ
ਨਾਲ ਫਿਰ ਵੀ ਬ੍ਰਹਮੰਡ ਵਿੱਚ ਸਹੀ ਸਲਾਮਤ ਹੈ ਸੱਭ ਕੁਝ। ਇਸ ਨੂੰ ਦੇਖ ਕੇ ਸਿਵਾਏ ਵਾਹਿਗੁਰੂ,
ਭਾਵ, ਹੇ ਗੁਰੂ ਤੂੰ ਵਾਹਿ ਹੈ, ਤੇ ਵਾਹਿ ਹੈ ਤੇਰਾ ਪ੍ਰਬੰਧ, ਹੋਰ ਕੁਝ ਵੀ ਨਹੀਂ ਕਿਹਾ ਜਾ
ਸਕਦਾ।
ਜੇ ਕੁਦਰਤ ਦੀ ਅਸੀਮ ਸ਼ਕਤੀ ਦਾ
ਆਭਾਸ ਹੋ ਜਾਵੇ, ਉਸ ਦੇ ਗੁਣਾਂ ਤੋਂ ਅਸੀਂ ਜਾਣੂ ਹੋ ਜਾਈਏ ਤਾਂ ਸੱਭ ਤੋਂ ਪਹਿਲੀ ਗੱਲ ਹੈ ਉਸ ਨੂੰ ਮੰਨ
ਲੈਣਾ, ਜੇ ਮੰਨ ਲੈਂਦਾ ਹੈ ਉਸ ਦੀ ਗਤਿ ਕਹੀ ਨਹੀਂ ਜਾ ਸਕਦੀ। ਜੋ ਮੰਨ
ਲੈਂਦਾ ਹੈ ਉਸ ਲੋਈ ਹਦਾਇਤ ਹੈ ਕਿ ਉਹ ਆਪਣੇ ਜੀਵਨ ਨੂੰ ਕੁਦਰਤੀ ਨਿਯਮਾਂ ਵਿੱਚ ਢਾਲੇ ਤੇ ਕੁਝ ਵੀ
ਅਜਿਹਾ ਨਾ ਕਰੇ ਜਿਸ ਨਾਲ ਕੁਦਰਤ ਦਾ ਇਹ ਢਾਂਚਾ ਜੋ ਆਪਣੇ ਨਿਯਮਾਂ ਉਪਰ ਟਿਕਿਆ ਹੋਇਆ ਹੈ,
ਬਿਖਰ ਜਾਵੇ। ਕਿਉਂ ਕਿ ਇਸ ਦੇ ਵਿਨਾਸ ਦੇ ਨਿਯਮ ਵੀ ਬਿਲਕੁਲ ਨੇੜੇ ਤੇੜੇ ਹੀ ਪਏ
ਹਨ। ਕੁਦਰਤ ਵਾਸਤੇ ਗੁਰਬਾਣੀ ਦਾ ਸੱਚ ਹੈ- ਬਲਿਹਾਰੀ ਕੁਦਰਤਿ ਵਸਿਆ। ਤੇਰਾ ਅੰਤ ਨਾ ਜਾਈ ਲਖਿਆ।
ਗੁਰਬਾਣੀ ਦਾ ਸਚ ਇੱਕ ਸੁਚਜੀ
ਜੀਵਨ ਜਾਚ ਹੈ, ਗੁਰਬਾਣੀ ਇਸ ਨੂੰ ਸਚੁ ਆਚਾਰੁ ਆਖਦੀ ਹੈ। ਇਹ ਸਚਾ ਅਚਾਰ ਤੱਦ ਹੀ ਸਮਭਵ ਹੈ ਜਦੋਂ ਮਨੁੱਖ
ਕੁਦਰਤ ਦੇ ਨਿਯਮਾਂ /ਹੁਕਮ ਦੀ ਸਰਵੁਚਤਾ ਮੰਨ ਲਵੇ, ਇਹਨਾਂ ਅਨੁਸਾਰ
ਜੀਣਾ ਸਿਖ ਲਵੇ ਤੇ ਇਹਨਾਂ ਨਾਲ ਕਿਸੇ ਵੀ ਤਰ੍ਹਾਂ ਦੀ ਛੇੜ ਛਾੜ ਨਾ ਕਰੇ। ਕੁਦਰਤ ਦੇ ਨਿਯਮਾਂ ਨੂੰ
ਬਦਲਣ ਦੀ ਕੋਸ਼ਿਸ਼ ਦਾ ਭਾਵ ਹੈ ਵਿਨਾਸ਼ ਜਿਸ ਦਾ ਕਾਰਨ ਮਨੁੱਖ ਆਪ ਬਣਦਾ ਹੈ। ਕਿਸੇ ਦੂਸਰੇ ਵਾਸਤੇ ਦਾ
ਬੁਰਾ ਚਿਤਵਣਾ, ਬੁਰਾ ਕਰਨਾ ਆਪਣੇ ਮਨ ਵਿੱਚ ਬੁਰਿਆਈ ਲਿਆਉਣਾ ਕੁਦਰਤ ਦੇ
ਨੇਮ ਦੀ ਉਲੰਘਣਾ ਕਰਨਾ ਹੈ। ਜੋ ਹੈ ਜਿਵੇਂ ਵਾਪਰ ਰਿਹਾ ਹੈ ਉਸ ਵਿੱਚ ਸਰਬਤ ਦਾ ਭਲਾ ਸਮਝਣਾ ਤੇ ਉਸ
ਨੂੰ ਨਿਰੰਕਾਰ ਦਾ ਭਾਣਾ ਮੰਨਣਾ ਹੀ ਗੁਰਮਤ ਹੈ। ਇਹੋ ਉਸ ਦੀ ਰਜਾ ਵਿੱਚ ਰਹਿਣਾ ਹੈ।
ਜੰਮਣਾ ਤੇ ਮਰਨਾ ਵੀ ਉਸ ਦੀ
ਰਜ਼ਾ ਵਿੱਚ ਹੈ, ਉਸ ਦੇ ਨਿਯਮਾਂ ਵਿੱਚ ਹੈ ਇਸ ਲਈ ਸੁਖ ਦੁਖ ਦੋਨੋ ਬਰਾਬਰ ਸਮਝਣੇ ਤੇ ਕੁਦਰਤ ਦੀ ਰਜ਼ਾ
ਅਨਸਾਰ ਜੀਵਣ ਪੰਧ ਸਿਰਜਣਾ ਹੀ ‘ਹੁਕਮਿ ਰਜਾਈ ਚਲਣਾ,
ਹੈ। ਗੰਧਲਾਪਨ ਹਰ ਤਰ੍ਹਾਂ ਦਾ ਮਾੜਾ ਹੈ, ਚਾਹੇ
ਵਿਚਾਰਾਂ ਦਾ, ਚਾਹੇ ਜੀਵਨ ਦਾ ਚਾਹੇ ਵਾਤਾਵਰਨ ਦਾ ਤੇ ਇਸ ਸੁਪਰੀਮ ਸ਼ਕਤੀ
ਜਿਸ ਦਾ ਆਭਾਸ ਮਾਤਰ ਉਸ ਦੇ ਨੇਮ ਤੋਂ ਹੋ ਜਾਂਦਾ ਹੈ, ਜਿਸ ਨੇ ਆਪਣੇ ਆਪ
ਨੂੰ ਕੁਦਰਤ ਇਸ ਪਾਸਾਰ ਵਿੱਚ ਸਥਾਪਤ ਕੀਤਾ ਹੋਇਆ ਹੈ ਜੋ ਸੂਖਮ ਤੋਂ ਸੂਖਮ ਤੇ ਸਥੂਲ ਵਿਚ ਦਿਖਾਈ
ਦਿੰਦੀ ਹੈ, ਉਸ ਅਨੁਸਾਰ ਆਪਣੀ ਜ਼ਿੰਦਗੀ ਜਿਉਣੀ ਚਾਹੀਦੀ ਹੈ।
ਪਵਣੁ ਗੁਰੂ ਪਾਣੀ ਪਿਤਾ ਮਾਤਾ
ਧਰਤੁ ਮਹਤੁ।
ਦਿਵਸੁ ਰਾਤ ਦੋਇ ਦਾਈ ਦਇਆ
ਖੇਲੈ ਸਗਲ ਜਗਤੁ।
ਚੰਗਿਆਈਆਂ ਬੁਰਿਆਈਆਂ ਵਾਚੈ
ਧਰਮ ਹਦੂਰਿ
ਕਰਮੀ ਆਪੋ ਆਪਣੀ ਕੇ ਨੈੜੇ ਕੇ
ਦੂਰਿ
ਜਿਨੀ ਨਾਮ ਧਿਆਇਆ ਗਏ ਮਸਕਤਿ
ਘਾਲਿ
ਨਾਨਕੁ ਤੇ ਮੁਖ ਉਜਲੇ ਕੇਤੀ
ਛੁਟੀ ਨਾਲਿ
ਉਕਤ ਸਲੋਕ ਵਿੱਚ ਗੁਰਬਾਣੀ ਦਾ
ਸਚੁ ਸਪਸ਼ਟ ਹੈ, ਇਸ ਵਿੱਚ ਕੋਈ ਅਧਿਆਤਮਵਾਦ ਨਹੀਂ ਹੈ, ਨਾਮ ਧਿਆਉਣ ਦਾ ਭਾਵ
ਨਾਮ ਚੇਤੇ ਕਰਨਾ ਹੈ, ਯਾਦ ਰੱਖਣਾ ਹੈ ਤੇ ਨਾਮ ਤੋਂ ਬਾਵ ਹੈ ਕੁਦਰਤ ਦੇ
ਨੇਮਾਂ ਦੀ ਸਮਝ, ਉਸ ਦੀ ਨਿਯਮ-ਬੱਧਤਾ ਦੀ ਪ੍ਰਧਾਨਤਾ। ਉਹੀ ਮੁਖ ਉਜਲੇ
ਭਾਵ ਉਹਨਾਂ ਮਨੁੱਖਾਂ ਦੇ ਵਿਚਾਰਾਂ ਵਿੱਚ ਸੱਚ ਦੀ ਚਮਕ ਜਿਹਨਾਂ ਆਪਣੀ ਜ਼ਿੰਦਗੀ ਕੁਦਰਤ ਦੇ ਨੇਮ
ਅਨੁਸਾਰ ਬਤੀਤ ਕੀਤੀ ਤੇ ਕੁਦਰਤ ਦੀ ਨਿਯਮਬੱਧਤਾ ਨੂੰ ਮੰਨਿਆ। ਪਵਣ ਗੁਰੂ ਹੈ ਕਿਉਂ ਕਿ ਇਹ ਜ਼ਿੰਦਗੀ
ਦੀ ਅਸਲ ਡੋਰ ਇਸ ਦੇ ਹੱਥ ਹੀ ਰਹਿੰਦੀ ਹੈ। ਹਵਾ ਬਿਨਾਂ ਜੀਵਨ ਸੰਭਵ ਨਹੀਂ। ਪਾਣੀ ਪਿਤਾ ਹੈ,
ਕਿਉ ਕਿ ਪਹਿਲੈ ਪਾਣੀ ਜਿਓ ਹੈ ਜਿਤੁ ਹਰਿਆ ਸਭ ਕੋਇ। ਪਾਣੀ ਵਿੱਚ ਹੀ ਜਿਵਨ ਦਾ
ਵਿਕਾਸ ਹੋਇਆ, ਇਸ ਲਈ ਪਾਣੀ ਨੂੰ ਬਾਪ ਦਾ ਦਰਜਾ ਦਿਤਾ ਗਿਆ ਹੈ। ਧਰਤੀ
ਮਾਂ ਹੈ ਚੂੰਕਿ ਜੀਵਨ ਧਰਤੀ ਦੀ ਗੋਦ ਵਿੱਚਵ ਵਾਪਰਦਾ ਹੈ। ਕਰਮੀ ਆਪੋ ਆਪਣੀ, ਹੋਣੀ ਦੇ ਉਸ ਨਿਯਮ ਦੀ ਪ੍ਰਧਾਨਤਾ ਸਮਝ ਲੈਣਾ ਹੈ, ਜਿਸ
ਅਨੁਸਾਰ ਇਕ ਕਰਮ ਦੂਜੇ ਦਾ ਕਾਰਨ ਬਣਦਾ ਹੈ ਇਹੋ ਹੋਣੀ ਜੋ ਪੰਜਾਬੀ ਦਾ ਇਕ ਛੋਟਾ ਜਿਹਾ ਸ਼ਬਦ ਹੈ ਤੇ
ਜਿਸ ਵਾਸਤੇ ਅੰਗਰੇਜ਼ੀ ਵਿੱਚ ਕਾਰਨ ਤੇ ਸਿੱਟੇ (CAUSE AND EFFECT) ਦਾ ਨਾਂ ਦਿਤਾ ਗਿਆ ਹੈ। ਇਸੇ ਨੂੰ ਕੁਦਰਤ ਦੀ ਸੰਪੂਰਨ ਨਿਆਂ ਪ੍ਰਣਾਲੀ ਦਾ ਨਾਂ ਦਿਤਾ
ਗਿਆ ਹੈ। ਧਰਮ ਹੀ ਨਿਆਂ ਪ੍ਰਣਾਲੀ ਹੈ ਜੋ ਕੁਦਰਤ ਨੇ ਆਪਣੇ ਨਿਯਮਾਂ ਵਿਚ ਸਥਾਪਤ ਕੀਤੀ ਹੋਈ ਹੈ।
ਹਰ ਕ੍ਰਿਆ ਦੀ ਪ੍ਰਤੀ ਕ੍ਰਿਆ ਜਿਸ ਬਾਰੇ ਨਿਊਟਨ ਨੇ ਨਿਯਮ ਸਪਸ਼ਟ ਕਰਦੇ ਹਨ, ਹੀ ਅਸਲ ਨਿਆਂ ਪ੍ਰਣਾਲੀ ਹੈ। ਇਹੋ ਧਰਮ ਹੈ ਜੋ ਹਰ ਥਾਂ ਵਾਪਰਦਾ ਹੈ। ਜੋ ਕਰੋਗੇ ਸੋ
ਭਰੋਗੇ ਅਨੁਸਾਰ ਸਥਾਪਤ ਹੈ। ਇਸ ਤੋਂ ਬਾਹਰ ਕੁਝ ਵੀ ਨਹੀਂ। ਕਰਮੀ ਆਪੋ ਆਪਣੀ ਹੈ। ਆਪੋ ਆਪਣੇ ਕਰਮ
ਹਨ ਤੇ ਇਹੋ ਕਰਮ ਹੀ ਤੁਹਾਡੇ ਫਲ ਦੇ ਲਖਾਇਕ ਹਨ। ਕੋਈ ਵਿਧੀ ਗੁਰਬਾਣੀ ਅਨੁਸਾਰ ਅਜਿਹੀ ਨਹੀਂ ਹੈ
ਜੋ ਕਿਸੇ ਨੂੰ ਵੀ ਉਸ ਦੇ ਕਰਮ ਦੇ ਫ਼ਲ ਤੋਂ ਉਸ ਨੂੰ ਬਚਾ ਸਕੇ।
ਗੁਰਬਾਣੀ ਵਿੱਚ ਗੁਰੂ
ਸਾਹਿਬਾਨ ਨੇ ਦਰਸ਼ਨ – ਫਿਲਾਸਫੀ ਦੇ ਤਰਕ ਨਾਲ ਇਹ ਸੱਚ ਸਥਾਪਤ ਕੀਤਾ ਹੈ। ਅੱਜ ਦਾ ਵਿਗਿਆਨੀ ਇਸ ਨੂੰ ਆਪਣੇ
ਯੰਤਰਾਂ ਨਾਲ ਸਾਬਤ ਕਰ ਰਿਹਾ ਹੈ। ਸੱਚ ਉਹੀ ਹੈ ਜਿਸ ਦੀ ਸੋਝੀ ਮਨੁੱਖ ਨੂੰ ਬਤੌਰ ਮਨੁੱਖ ਸਮਝ
ਵਿੱਚ ਆਉਣੀ ਸ਼ੁਰੂ ਹੋਈ। ਇਸੇ ਸੋਝੀ ਦਾ ਪੜਾਅਵਾਰ ਵਿਕਾਸ ਹੋਇਆ ਹੈ ਤੇ ਅੱਜ ਇਸ ਸਥਿਤੀ ਵਿੱਚ ਹੈ
ਕਿ ਉਹ ਆਪਣੇ ਆਸ ਪਾਸ ਹੋਣ ਵਾਲੀਆਂ ਸਾਰੀਆਂ ਘਟਨਾਵਾਂ ਦਾ
ਸਿਲਸਿਲੇਵਾਰ ਸਹੀ ਢੰਗ ਨਾਲ ਮੁਲਾਂਕਣ ਕਰ ਸਕਦਾ ਹੈ ਤੇ ਉਹਨਾਂ ਦੀ ਵਿਆਖਿਆ ਕਰ ਸਕਿਆ ਹੈ। ਇਹੋ
ਗੁਰਬਾਣੀ ਦਾ ਸੱਚ ਹੈ ਜੋ ਮਨੁੱਖ ਨੂੰ ਹਰ ਹੀਲੇ ਹਰ ਕਦਮ ਹਰ ਥਾਂ ਸਾਬਤ ਕਦਮੀ ਰਹਿਣ ਦਾ ਤੇ ਸੁਚੇਤ
ਰੂਪ ਵਿੱਚ ਕ੍ਰਿਆਸ਼ੀਲ ਰਹਿਣ ਦਾ ਆਦੇਸ਼ ਦਿੰਦਾ ਹੈ।
ਜਦੋਂ ਵਿਗਿਆਨ ਇਸ ਤੋਂ ਅਗਲੇ
ਪੜਾਂਵਾਂ ਤੇ ਜਾਏਗਾ ਤੇ ਕੁਦਰਤ ਦੀ ਨੇਮ ਬੱਧਤਾ ਨੂੰ ਹੋਰ ਵਧੇਰੇ ਗਹਿਰਾਈ ਨਾਲ ਅਨੁਭਵ ਕਰੇਗਾ
ਤਾਂ ਵੀ ਗੁਰਬਾਣੀ ਦਾ ਸੱਚ ਇਹੋ ਹੀ ਰਹੇਗਾ। ਸੱਚ ਜੋ ਜੀਵਨ ਦਾ ਆਧਾਰ ਹੈ ਤੇ ਸੱਚ ਜੋ ਕਦੇ ਵੀ
ਬਦਲਦਾ ਨਹੀਂ।
ਸਹੀ ਲਿਖਿਆ ! ਸਚ ਸੁਣਾਇਸੀ ਸਚ ਕੀ ਬੇਲਾ
ReplyDeleteਮੈਨੂੰ ਤਾਂ ਲੱਗਦਾ ਹੈ ਕਿ ਅਧਿਆਤਮਵਾਦ ਵਿਚ ਹਰ ਵਿਅਕਤੀ ਆਪੋ-ਆਪਣਾ ਸੱਚ ਹੁੰਦਾ ਹੈ ਤੇ ਇਹ ਵੀ ਸਹੀ ਹੈ ਕਿ ਅਸੀਂ ਆਪਣੇ ਮੇਚੇ ਦੇ ਸੱਚ ਨੂੰ ਹੀ 'ਓੜਕ ਸੱਚ' ਬਣਾ ਹਾਂ। ਬਾਕੀ ਦੀ ਗੱਲ ਦਾਨਿਸ਼ਵਰ ਨਿਤਾਰਨ।
ReplyDeleteproper time chakeya hoyea ji tusin..
ReplyDelete