ਏਸ ਪਾਰ .. ਓਸ ਪਾਰ
ਗੁਰਦੀਪ ਸਿੰਘ ਭਮਰਾ
ਮੈਂ ਖੜਾ ਸਾਂ ਏਸ ਪਾਰ
ਤੂੰ ਖੜੀ ਸੈਂ ਓਸ ਪਾਰ
ਏਸ ਪਾਰ ਓਸ ਪਾਰ
ਇਕ ਦਰਿਆ ਸੀ ਸਮੇਂ ਦਾ ਆਰ ਪਾਰ
ਏਸ ਪਾਰ ਓਸ ਪਾਰ
ਏਸ ਦਰਿਆ ਵਿੱਚ ਨਾ ਲਾਈਆਂ ਤਾਰੀਆਂ
ਨਾ ਬਣਾਏ ਪੁਲ ਨਾ ਪਾਈਆਂ ਬੇੜੀਆਂ
ਹਸਰਤਾਂ, ਰੀਝਾਂ ਦੀਆਂ ਜੋ ਕਿਸ਼ਤੀਆਂ
ਕਾਗਜ਼ੀ ਮੈਂ ਤਾਰੀਆਂ ਤੇਰੇ ਲਈ
ਤੂੰ ਵੀ ਤਾਂ ਜੁਗਨੂੰ ਬਣਾ ਕੇ ਭੇਜੀਆਂ
ਹਨੇਰੀਆਂ ਰਾਤਾਂ ‘ਚ ਲੱਭਣ ਵਾਸਤੇ
ਰੰਗ ਕੇ ਰੀਝਾਂ ਦੀਆਂ ਜੋ ਤਿਤਲੀਆਂ
ਸੁਪਨਿਆਂ ਦੇ ਵਰਕਿਆਂ ਵਿੱਚ ਸਾਂਭ ਕੇ
ਨਜ਼ਰ ਦੇ ਦਿਸਹਦਿਆਂ ਚੋਂ ਲਭੱਦਾ
ਨਕਸ਼ ਤੇਰੇ ਮੈਂ ਹਵਾ ਚੋਂ ਢੂੰਡਦਾ
ਯਾਦ ਦੇ ਪੰਨੇ ਰਿਹਾ ਸਾਂ ਪਲਟਦਾ
ਮੈਂ ਖੜਾ ਸਾਂ ਏਸ ਪਾਰ
ਤੂੰ ਖੜੀ ਸੈਂ ਓਸ ਪਾਰ
ਤੇ ਸਮੇਂ ਦਾ ਇੱਕ ਦਰਿਆ
ਵਗ ਰਿਹਾ ਸੀ ਆਰ ਪਾਰ
ਏਸ ਪਾਰ ਓਸ ਪਾਰ।
No comments:
Post a Comment