Thursday, March 8, 2012

ਭਾਈ ਲਾਲੋ



ਸੰਝ ਪਈ ਭਾਈ ਲਾਲੋ ਦੇ ਵਿਹੜੇ
ਭਾਈ ਲਾਲੋ, ਸੰਦ ਸਾਂਭੇ
ਕੰਮ ਤੋਂ ਕੁਝ ਹੋ ਕੇ ਲਾਂਭੇ
ਸੱਥੀ ਕਿਤੇ, ਕਿਤੇ ਤੇਸਾ
ਕਿਤੇ ਆਰੀ,
ਸਾਣ ਕਿਧਰੇ
ਤੇ ਹਥੌੜਾ
ਸ਼ੁਕਰ ਉਸ ਮਾਲਕ ਦਾ ਕਰਦਾ
ਜੋ ਹੱਥਾਂ ਵਿੱਚ ਕਿਰਤ ਭਰਦਾ
ਤੇ ਕਿਰਤ ਉਸ ਦੀ
ਘਾਲੁ ਦਿਨ ਦੀ ਥਾਇ ਪਾਵੇ
ਭਾਈ ਲਾਲੋ
ਕਦੇ ਡੁੱਬਦਾ ਸੂਰਜ ਦੇਖੇ
ਲੱਕ ਤੇ ਹੱਥ ਧਰ ਕੇ
ਕਦੇ ਗਾਵੇਂ
ਨੀਝ ਲਾ ਕੇ ਵੇਖੇ
ਦਰ ਤੇ ਦਰਵਾਜ਼ਾ
ਬੜੀ ਹੀ ਦੇਰ ਉਹ
ਘਰਾਂ- ਵਾੜਿਆਂ ਨੂੰ ਪਰਤਦੇ
ਗਾਂਵਾਂ ਬਲਦਾਂ ਦੇ ਗਲਾਂ ਦੇ ਸੰਗਲ
ਡਾਹ ਤੇ ਟੱਲੀਆਂ
ਤੇ ਭਾਈ ਲਾਲੋ ਟੱਲੀਆਂ ਦੀ ਲੈਅ
ਵਿੱਚ ਸਿਰ ਹਿਲਾਵੇ
ਭਾਈ ਲਾਲੋ ਗਾਵੇ
ਸੰਗਲ ਬੂਹੇ ਦਾ ਖੜਕੇ
ਲਾਲੋ ਸਿਰ ਹਿਲਾਵੇ
ਭਲੇ ਪੁਰਖ ਘਰ ਹੀ ਹੋ ਨਾ
ਸੁਣ ਕੇ ਆਵਾਜ਼ ਆਪਣੇ ਨਾਂ ਦੀ
ਭਾਈ ਲਾਲੋ ਮੁੜ ਕੇ ਪਰਤੇ
ਆਪਣੇ ਸਾਹਵੇਂ
ਖੜੋਤੇ ਪੈਰਾਂ ਨੂੰ ਤੱਕੇ
ਪੈੜਾਂ ਨੂੰ ਤੱਕੇ
ਮੋਢੇ ਟੰਗੀ ਲੋਈ ਨੂੰ ਤੱਕੇ
ਨੂਰੋ ਨੂਰ ਚਿਹਰੇ ਨੂੰ ਤੱਕੇ
ਦੋਹੀਂ ਹੱਥ ਜੋੜ ਕੇ
ਹੁਕਮ ਦੀ ਉਡੀਕ ਵਿੱਚ
ਖੜਾ ਆਖੇ
ਜੀ ਮਹਾਰਾਜ, ਲਾਲੋ ਘਰੇ ਹੀ ਹੋਸੀ
ਗੁਰੂ ਨਾਨਕ ਰਬਾਬ ਭਾਈ ਲਾਲੋ ਨੂੰ ਦੇਂਦਾ
ਕਿੱਲੀ ਟੁੱਟ ਗਈ ਹੈ
ਰਬਾਬ ਦੀ, ਬੋਲੇ ਨਾ
ਹੁਣ, ਲਾਲੋ ਇਹ ਤੇਰੇ ਜੋਗੀ
ਤੇਰੇ ਹਥਾਂ ਦੀ ਛੋਹ ਨੂੰ ਤਰਸਦੀ
ਲਾਲੋ ਰਬਾਬ ਫੜਦਾ
ਰਬਾਬ ਨੂੰ ਨੀਝ ਲਾ ਕੇ ਦੇਖਦਾ
ਇਸ ਦੇ ਸਾਜਨ ਹਾਰੇ ਨੂੰ ਪ੍ਰਨਾਮ ਕਰਦਾ
ਰਬਾਬ ਦੀ ਕਿੱਲੀ ਮਰਦਾਨੇ ਦੇ ਹੱਥ,
ਲਾਲੋ ਨੇ ਫੜੀ ਕਿੱਲੀ ਤੇ ਰਬਾਬ
ਤੁਸੀਂ ਸਜੋ, ਮਹਾਰਾਜ
ਹੁਣੇ ਘੜ ਦਿਆਂ ਕਿੱਲੀ ਨਵੀਂ
ਲਾਲੋ ਦੇ ਹੱਥਾਂ ਚ’ ਟਾਹਲੀ ਦੀ ਲੱਕੜ
ਖੁਦ-ਬਖੁਦ ਕਿੱਲੀ ਬਣ ਜਾਂਦੀ
ਹੂ ਬਹੂ, ਰਬਾਬ ਦੇ ਨਾਪ ਦੀ
ਰਬਾਬ ਦੇ ਨਾਲ ਦੀ
ਮਰਦਾਨਾ ਤਾਰ ਕਸਦਾ
ਤਾਰ ਛੇੜ ਦਾ
ਰਬਾਬ ਦੀ ਸੁਰ ਨਾਲ
ਲਾਲੋ ਦੀ ਰੂਹ ਇਕ ਸੁਰ ਹੁੰਦੀ।
ਰਬਾਬ ਗਾਵੇ ਤੇ ਛੇੜੇ ਰੂਹ ਦੀਆਂ ਤਰਬਾਂ
ਮਰਦਾਨੇ ਨੂੰ ਆਖੇ
ਸੁਰ ਨਾਲ ਸੁਰ ਮਿਲਾਵੇ
ਤੇ ਗਾਵੇ ਕੁਝ ਵੀ
ਰੱਬੀ ਬੋਲ ਸੁਣਾਵੇ
ਮਰਦਾਨਾ ਗੁਰੂ ਨਾਨਕ ਦੇ ਮੂੰਹ ਵੱਲ ਤੱਕੇ
ਗੁਰੂ ਨਾਨਕ ਪਿਆ ਮੁਸਕ੍ਰਾਵੇ
ਲਾਲੋ ਤੋਂ ਭਾਈ ਲਾਲੋ ਬਣਿਆ
ਗੁਰੂ ਨਾਨਕ ਦੀ ਧੁਰੋਂ ਇਲਾਹੀ ਬਾਣੀ
ਏਦਾਂ ਬੋਲੀ-
ਜੈਸੀ ਮੈ ਆਵਹਿ ਖਸਮੁ ਕੀ ਬਾਣੀ
ਤੈਸੜਾ ਕਰੀਂ ਗਿਆਨ ਵੇ ਲਾਲੋ
ਪਾਪ ਕੀ ਜੰਞ ਲੈ ਕਾਬਲਹੁ ਧਾਇਆ
ਜੋਰੀ ਮੰਗਹਿ ਦਾਨ ਵੇ ਲਾਲੋ।
ਲਾਲੋ ਰਸ ਗੜੂੰਦ ਹੋ ਗਿਆ
ਅਨਹਦ ਰਸ ਵਿੱਚ ਜਾਵੇ।

No comments:

Post a Comment