Thursday, February 10, 2011

ਈਮਾਨਦਾਰ ਲੱਕੜਹਾਰਾ

ਈਮਾਨਦਾਰ ਲੱਕੜਹਾਰਾ

ਗੁਰਦੀਪ ਸਿੰਘ ਭਮਰਾ

ਉਹ ਤਾਂ ਨਿਰਾ ਪੁਰਾ ਲੱਕੜਹਾਰਾ ਸੀ
ਈਮਾਨਦਾਰ ਲਕੱੜਹਾਰਾ
ਜਿਸ ਨੇ ਆਪਣੇ  ਮੋਢੇ ‘ਤੇ
ਸਦਾ ਲੋਹੇ ਦੀ ਕੁਹਾੜੀ ਰੱਖੀ
ਨਾ ਸੋਨੇ ਦੀ
ਨਾ ਚਾਂਦੀ ਦੀ
ਬੱਸ ਲੋਹੇ ਦੀ ਕੁਹਾੜੀ
ਜਦੋਂ ਗਵਾਚੀ
ਲੋਹੇ ਦੀ ਕੁਹਾੜੀ
ਜਦੋਂ ਲੱਭੀ
ਤਾਂ ਲੋਹੇ ਦੀ ਕੁਹਾੜੀ
ਜਿਸਦਾ ਦਸਤਾ
ਉਸ ਨੇ ਆਪ ਘੜਿਆ ਸੀ
ਜਿਸ ਦਸਤੇ ਨੂੰ ਘੜਦਿਆਂ
ਪਏ ਹੱਥਾਂ ਦੇ ਅੱਟਣਾ ਨੇ
ਅੰਤ ਤੱਕ ਉਸ ਦਾ ਸਾਥ ਦਿੱਤਾ
ਉਹ ਤਾਂ ਨਿਰਾ ਪੁਰਾ ਲੱਕੜਹਾਰਾ ਸੀ।
ਉਸ ਦੀ ਕੁਹਾੜੀ  ਨੇ ਰੁੱਖ ਕੱਟੇ
ਰੁੱਖ ਲੱਕੜ ਬਣੇ
ਲੱਕੜ ਤੋਂ ਚੁਗਾਠਾਂ ਬਣੀਆਂ
ਲੱਕੜ ਤੋਂ ਦਰਵਾਜ਼ੇ ਬਣੇ
ਜਿਹਨਾਂ ਘਰਾਂ ਦੇ ਭੇਦ ਸਾਂਭੇ।
ਪਰਦੇ ਕੱਜੇ।
ਇਜ਼ਤਾਂ ਬਚਾਈਆਂ
ਇੱਜ਼ਤਾਂ ਬਣਾਈਆਂ।
ਲੱਕੜ ਤੋਂ
ਮੇਜ਼ ਬਣੇ,
ਕੁਰਸੀਆਂ ਤੇ ਸੋਫ਼ੇ ਬਣੇ
ਜਿਹਨਾਂ ਉੱਪਰ ਮਜਲਸਾਂ ਸਜੀਆਂ
ਮਜਲਸਾਂ ਨੇ ਕਈ ਫੈਸਲੇ ਕੀਤੇ
ਫੈਸਲੇ ਜਿਹਨਾਂ ਨੇ ਉਸ ਦੀ ਹੀ
ਜੀਵਨ ਰੋਂਅ ਬਦਲ ਦਿੱਤੀ
ਪਰ ਉਹ ਜੀਵਿਆ
ਤਾਂ ਲੱਕੜਹਾਰਾ ਸੀ
ਉਹ ਮਰਿਆ
ਤਾਂ ਲੱਕੜਹਾਰਾ ਸੀ।
ਈਮਾਨਦਾਰ ਲੱਕੜਹਾਰਾ।

No comments:

Post a Comment