ਲੋਕ ਗੀਤਾਂ ਵਿੱਚ ਕਾਵਿਕਤਾ
ਕੀ ਲੋਕ ਗੀਤ ਬਹੁਤ ਸਧਾਰਨ ਹੋਣੇ ਚਾਹੀਦੇ ਹਨ?
ਕੀ ਲੋਕ ਗੀਤ ਕਾਵਿ-ਮਈ ਹੋ ਸਕਦੇ ਹਨ?
ਕੀ ਸਾਰੇ ਲੋਕ ਗੀਤ ਹੀ ਕਾਵਿਕ ਹੁੰਦੇ ਹਨ? ਜੇ ਨਹੀਂ ਤਾਂ ਫਿਰ ਲੋਕ ਗੀਤਾਂ
ਵਿੱਚ ਕਾਵਿਕਤਾ ਕਦੋਂ ਝਲਕਾਰੇ ਮਾਰਦੀ ਹੈ? ਇਹ ਉਨ੍ਹਾਂ ਬਹੁਤ ਸਾਰੇ ਪ੍ਰਸ਼ਨਾਂ ਚੋਂ ਕੁਝ ਇੱਕ
ਪ੍ਰਸ਼ਨ ਹਨ ਜੋ ਅਕਸਰ ਹਰ ਇੱਕ ਨੂੰ ਕਿਸੇ ਨਾ ਕਿਸੇ ਤਰੀਕੇ ਨਾਲ ਝੰਜੋੜਦੇ ਰਹਿੰਦੇ ਹਨ ਖਾਸ ਕਰ
ਉਦੋਂ ਜਦੋਂ ਲੋਕ ਗੀਤਾਂ ਦੇ ਨਾਂ ਉਪਰ ਸਿੱਧੇ ਸਾਦੇ ਬੋਲ ਸੁਣਨ ਨੂੰ ਮਿਲਦੇ ਹਨ।
ਲੋਕ ਗੀਤ ਕਿੰਨੇ ਕਾਵਿਕ ਹੁੰਦੇ ਹਨ ਇਹ ਦੇਖਣ ਲਈ ਸਾਨੂੰ ਹੇਠ ਲਿਖੇ ਲੋਕ
ਗੀਤਾਂ ਨੂੰ ਸੁਣਨਾ ਚਾਹੀਦਾ ਹੈ-
ਮਿਰਕਣ ਨਾ ਜਾਈਂ ਵੇ,
ਤੇਰਾ ਘਰੇ ਬੜਾ ਰੁਜ਼ਗਾਰ।
ਰਾਤਾਂ ਕਾਲੀਆਂ ‘ਕੱਲੀ
ਨੂੰ ਡਰ ਆਵੇ
ਛੁੱਟੀ ਲੈ ਕੇ ਆ ਜਾ ਨੌਕਰਾ।
‘ਕੱਲਾ
ਨਾ ਜਾਂਵੀ ਖੇਤ ਨੂੰ
ਕਿੱਕਰ ‘ਤੇ
ਕਾਟੋ ਰਹਿੰਦੀ।
ਚਰਖਾ ਮੈਂ ਆਪਣਾ ਕੱਤਾਂ
ਤੰਦ ਤੇਰਿਆਂ ਗਮਾਂ ਦੀ ਪਾਵਾਂ।
ਪਹਿਲੇ ਦੋ ਲੋਕ ਟੱਪਿਆਂ ਵਿੱਚ ਪੰਜਾਬ ਦੀ ਕਿਰਸਾਣੀ ਦੀ ਮਜ਼ਬੂਰ ਆਰਥਕਤਾ
ਝਲਕਦੀ ਹੈ। ਜੇ ਇਨ੍ਹਾਂ ਦੋਹਾਂ ਉਪਰ ਹੀ ਲਿਖਣਾ ਹੋਵੇ ਤਾਂ ਇਹ ਆਪਣੇ ਆਪ ਵਿੱਚ ਖੋਜ ਦਾ ਵਿਸ਼ਾ ਹੈ,
ਜਦੋਂ ਕਿਸਾਨਾਂ ਦੇ ਜਵਾਨ ਪੁਤਾਂ ਨੂੰ ਆਪਣਾ ਪਰਵਾਰ ਛਡ ਕੇ ਵਿਦੇਸ਼ਾਂ ਵਿੱਚ ਰੁਜ਼ਗਾਰ ਵਾਸਤੇ ਆਪਣੇ
ਆਪ ਨੂੰ ਰੋਲਣਾ ਪਿਆ। ਮਿਰਕਣ ਤੋਂ ਭਾਵ ਅਮਰੀਕਾ ਹੈ ਤੇ ਨੌਕਰਾ ਦਾ ਭਾਵ ਨੌਕਰੀ ਕਰ ਰਹੇ ਵਿਅਕਤੀ
ਨੂੰ ਸੰਬੋਧਨ ਕੀਤਾ ਗਿਆ ਹੈ। ਕਿਸਾਨਾਂ ਨੂੰ ਨੌਕਰੀ ਲਈ ਸਿਪਾਹੀ ਵੱਜੋਂ ਭਰਤੀ ਹੋਣਾ ਪਿਆ। ਇਸੇ ਲਈ
ਮੁਟਿਆਰ ਆਪਣੇ ਮਾਹੀ ਨੂੰ ਢੋਲ ਸਿਪਾਹੀ ਆਖ ਕੇ ਬੁਲਾਉਂਦੀ ਹੈ।
ਤੀਜਾ ਟੱਪਾ ਬਹੁਤ ਹੀ ਭਾਵ ਪੂਰਨ ਹੈ। ਕਾਟੋ ਦਾ ਸੰਕਲਪ ਪਰ-ਨਾਰੀ ਵੱਜੋਂ
ਵਰਤਿਆ ਗਿਆ ਹੈ। ਕਿਸਾਨ ਦੀ ਪਤਨੀ ਨੂੰ ਹਮੇਸ਼ਾ ਡਰ ਰਿਹਾ ਹੈ ਕਿ ਕੋਈ ਹੋਰ ਔਰਤ ਕਿਤੇ ਉਸ ਦੇ
ਪਰਵਾਰ ਵਿੱਚ ਦਾਖਲ ਹੋ ਕੇ ਉਸ ਦਾ ਪਤੀ ਨਾ ਸਾਂਭ ਲਵੇ। ਇਸੇ ਲਈ ਉਹ ਉਸ ਨੂੰ ਖੇਤ ਵੱਲ ਇਕੱਲਿਆਂ
ਜਾਣ ਤੋਂ ਰੋਕਦੀ ਹੈ। ਇਸ ਪਿਛੇ ਜਿਹੜੀ ਮਾਨਸਕਤਾ ਝਲਕਦੀ ਹੈ ਉਹ ਇੱਕ ਅਣਕਿਆਸੇ ਡਰ ਨਾਲ ਭਰਪੂਰ
ਨਜ਼ਰ ਆਉਂਦੀ ਹੈ। ਚੌਥਾ ਟੱਪਾ ਬੇਹੱਦ ਕਾਵਿਕ ਹੈ
ਜਿਸ ਵਿੱਚ ਚਰਖਾ ਤੇ ਤੰਦ ਦੋਵੇਂ ਮੁਟਿਆਰ ਦੇ ਦੁਖੀ ਮਨ ਦਾ ਪ੍ਰਗਟਾਵਾ ਬਣਦੇ ਹਨ। ਚਰਖਾ ਕੱਤਣਾ ਤੇ
ਇਸ ਕ੍ਰਿਆ ਰਾਹੀਂ ਆਪਣਾ ਗਮ ਭਰੇ ਅਹਿਸਾਸ ਨੂੰ ਪ੍ਰਗਟਾਉਣਾ ਇੱਕ ਬੇਹੱਦ ਕਾਵਿਕ ਪ੍ਰਵਿਰਤੀ ਵੱਜੋਂ
ਦੇਖਿਆ ਜਾ ਸਕਦਾ ਹੈ।
ਜਦੋਂ ਸ਼ਬਦ ਸਿਰਫ ਸ਼ਬਦ ਨਾ ਰਹਿਣ ਸਗੋਂ ਕਿਸੇ ਵੱਖਰੇ ਸੰਕਲਪ ਜਾਂ ਪ੍ਰਗਟਾਵੇ
ਦੇ ਅਹਿਸਾਸ ਨਾਲ ਜੁੜ ਜਾਣ ਤਾਂ ਕਵਿਤਾ ਬਣਦੀ ਹੈ। ਇਹ ਬੜੀ ਕਾਵਿਕ ਸਥਿਤੀ ਹੁੰਦੀ ਹੈ। ਕਵਿਤਾ ਕੀ
ਹੈ? ਇਹ ਬੜੀ ਸੰਜੀਦਗੀ ਨਾਲ ਸਮਝਣ ਵਾਲਾ ਵਿਸ਼ਾ ਹੈ। ਕੀ ਸਧਾਰਨ ਵਾਕ ਵੀ ਕਵਿਤਾ ਬਣ ਜਾਂਦੇ ਹਨ?
ਕਵਿਤਾ ਸਿਰਫ ਛੰਦ ਦਾ ਨਾਂ ਨਹੀਂ ਹੈ। ਛੰਦ ਜਿਸ ਦਾ ਅਧਾਰ ਪਿੰਗਲ ਦੇ ਨਿਯਮਾਂ ਨੂੰ ਮੰਨਿਆ ਜਾਂਦਾ
ਹੈ, ਕਵਿਤਾ ਵਿੱਚ ਲੈਅ ਭਰਦਾ ਹੈ। ਇਹ ਤਾਲ ਵਾਂਗੂ ਕਵਿਤਾ ਦਾ ਸਾਥ ਦਿੰਦਾ ਹੈ। ਪਰ ਕੀ ਸਿਰਫ ਛੰਦ
ਹੀ ਕਵਿਤਾ ਹੈ? ਇਸ ਦਾ ਉੱਤਰ ਨਹੀਂ ਵਿੱਚ ਹੈ। ਛੰਦ ਵਾਕ ਦੇ ਉਚਾਰਨ ਨਾਲ ਸਬੰਧ ਰੱਖਦਾ ਹੈ ਤੇ ਇਹ
ਵਾਕ ਨੂੰ ਉਸ ਦੇ ਵਜ਼ਨ ਅਨੁਸਾਰ ਮਿਣਦਾ ਹੈ। ਪਰ ਕਵਿਤਾ ਛੰਦ ਤੋਂ ਵੀ ਵੱਖਰੀ ਹੁੰਦੀ ਹੈ।
ਸਧਾਰਨ ਵਾਕ ਕਵਿਤਾ ਭਾਵ
- ਪੰਛੀ
ਬੋਲਦੇ ਹਨ। ਪੰਛੀ ਗਾਉਂਦੇ ਹਨ। ਬੋਲਣ ਦੀ ਕ੍ਰਿਆ ਨੂੰ ਗਾਉਣ ਨਾਲ ਮਿਲਾ ਕੇ
ਦੇਖਣਾ ਕਵਿਤਾ ਹੈ।
- ਸੂਰਜ
ਚਮਕਦਾ ਹੈ। ਸੂਰਜ ਹੱਸਦਾ ਹੈ। ਸੂਰਜ ਦੇ ਚਮਕਣ
ਨੂੰ ਹੱਸਣ ਨਾਲ
ਮਿਲਾ ਕੇ ਦੇਖਣਾ ਕਵਿਤਾ ਹੈ।
- ਤਾਰੇ
ਚਮਕਦੇ ਹਨ। ਤਾਰੇ ਗੱਲਾਂ ਕਰਦੇ ਹਨ। ਚਮਕਣ ਨੂੰ ਗੱਲਾਂ ਕਰਨ ਨਾਲ ਮਿਲਾਉਣਾ ਕਵਿਤਾ
ਹੈ।
- ਹਵਾ
ਬੰਦ ਹੈ। ਹਵਾ ਖਾਮੋਸ਼ ਹੈ। ਬੰਦ
ਹਵਾ ਨੂੰ ਖਾਮੋਸ਼ੀ ਦੇ ਨਾਲ ਮਿਲਾਉਣਾ ਕਵਿਤਾ
ਹੈ।
- ਮੋਰ
ਪੈਲ ਪਾਉਂਦਾ ਹੈ। ਮੋਰ ਨਚਦਾ ਹੈ। ਮੋਰ ਦੇ ਪੈਲ ਪਾਉਣ ਦੀ
ਕ੍ਰਿਆ ਨੂੰ ਉਸ ਦਾ ਨਾਚ
ਸਮਝਣਾ ਕਵਿਤਾ ਹੈ।
ਸ਼ਬਦਾਂ ਨੂੰ ਉਨ੍ਹਾਂ ਦੇ ਰਵਾਇਤੀ ਅਰਥਾਂ ਵਿੱਚ ਨਾ ਵਰਤਣਾ ਤੇ ਉਨ੍ਹਾਂ ਨੂੰ
ਵੱਖਰੇ ਅੰਦਾਜ਼ ਵਿੱਚ ਵੱਖਰੇ ਅਰਥਾਂ ਵਿੱਚ ਇਸ ਤਰ੍ਹਾਂ ਵਰਤਣਾ ਕਿ ਉਹ ਨਾ ਸਿਰਫ ਵਧੇਰੇ ਭਾਵਪੂਰਨ
ਜਾਪਣ ਸਗੋਂ ਬਿਆਨ ਦੀ ਖੂਬਸੂਰਤੀ ਜਾਪਣ, ਹੀ ਕਵਿਤਾ ਹੈ। ਬੜੇ ਅਚੰਭੇ ਦੀ ਗੱਲ ਹੈ ਕਿ ਇਸ ਤਰ੍ਹਾਂ
ਦੀਆਂ ਅਨੇਕਾਂ ਉਦਾਰਹਨਾਂ ਸਾਨੂੰ ਪੰਜਾਬੀ ਦੇ ਲੋਕ ਗੀਤਾਂ ਵਿੱਚ ਮਿਲਦੀਆਂ ਹਨ, ਜਦੋਂ ਸਿੱਧੀ
ਪੱਧਰੀ ਜਾਪਣ ਵਾਲੀ ਗੱਲ ਆਪਣੇ ਆਪ ਵਿੱਚ ਬਹੁਤ ਭਾਵ ਪੂਰਨ ਹੋ ਜਾਂਦੀ ਹੈ। ਪੰਜਾਬੀ ਲੋਕ ਗੀਤ “ਪੱਖੀ ਘੁੰਗਰੂਆਂ ਵਾਲੀ” ਵਿੱਚ ਇੱਕ ਥਾਂ ਮੁਟਿਆਰ ਮਿਹਣੇ ਨਾਲ
ਆਖਦੀ ਹੈ-
ਸੁਖੀ ਸ਼ਹਿਰ ਦੀਆਂ ਸੱਭ ਮੁਟਿਆਰਾ
ਬਿਜਲੀ ਦੇ ਪੱਖਿਆ ਲਾਈਆਂ ਬਹਾਰਾਂ
ਝਲਣ ਪੱਖੀਆਂ ਪਿੰਡ ਦੀਆਂ ਨਾਰਾਂ
ਆਈ ਨਾ ਬਿਜਲੀ ਹਾਲੀ।
ਨੀ ਲੈ ਦੇ ਮੈਨੂੰ ਮਖਮਲ ਦੀ ....
ਇਸ ਲੋਕ ਗੀਤ ਵਿੱਚ ਪਿੰਡ ਦੀ ਮੁਟਿਆਰ ਦੀ ਡੂੰਘੀ ਵੇਦਨਾਂ ਮਿਹਣੇ ਦੇ ਰੂਪ
ਵਿੱਚ ਲੁਕੀ ਹੋਈ ਹੈ, ਜਦੋਂ ਉਹ ਪੇੰਡੂ ਜੀਵਨ ਨੂੰ ਸ਼ਹਿਰੀ ਜੀਵਨ ਨਾਲ ਮੇਲ ਕੇ ਵੇਖਦੀ ਹੈ। ਇਹ ਕਵਿਤਾ
ਹੈ ਤੇ ਇਸ ਨੂੰ ਸੁਣ ਕੇ ਮੂੰਹੋਂ ਵਾਹ ਵਾਹ ਨਿਲਦੀ ਹੈ।
ਕਵਿਤਾ ਦੀ ਉਮਰ ਲੰਮੀ ਹੁੰਦੀ ਹੈ। ਇਹ ਦੇਰ ਤੱਕ ਜੀਵਤ ਰਹਿੰਦੀ ਹੈ ਤੇ ਚਿਰ
ਤੱਕ ਸਵਾਦ ਦਿੰਦੀ ਹੈ। ਇਹੋ ਇਸ ਦੀ ਤਾਜ਼ਗੀ ਦਾ ਕਾਰਨ ਹੁੰਦਾ ਹੈ। ਇਹ ਬੇਮੁਹਾਰੀ ਹੁੰਦੀ ਹੈ, ਇਸ
ਦਾ ਪ੍ਰਗਟਾਵਾ, ਇਸ ਦੀ ਸ਼ਬਦ ਜੁੜਤ ਬੜੀ ਹੀ
ਸੁਹਜਮਈ ਹੁੰਦੀ ਹੈ। ਕਵਿਤਾ ਦਾ ਇਹ ਸਰਲ ਰੂਪ ਪਾਠਕ ਦੀ ਸਰੋਤ ਨੂੰ ਝੰਜੋੜਦਾ ਹੈ ਤੇ ਉਸ ਨੂੰ ਉਸ
ਖਿਆਲ ਵਿੱਚ ਉੜਾਣ ਭਰਦਾ ਹੈ ਤੇ ਉਸ ਨੂੰ ਸੋਚਣ ਤੇ ਮਜ਼ਬੂਰ ਕਰਦਾ ਹੈ। ਕਵੀ ਇਸ ਸਥਿਤੀ ਤੱਕ ਪਹੁੰਚਣ
ਲਈ ਕਈ ਤਰ੍ਹਾਂ ਦੇ ਬਿੰਬਾਂ, ਪ੍ਰਤੀਕਾਂ, ਅਲੰਕਾਰਾਂ ਦੀ ਵਰਤੋਂ ਕਰਦਾ ਹੈ ਜੋ ਉਸ ਦੀ ਸੋਚ ਨੂੰ
ਪ੍ਰਗਟਾਉਣ ਵਿੱਚ ਉਸ ਦੀ ਮਦਦ ਕਰਦੇ ਹਨ। ਉਹ ਕਈ ਵਾਰੀ ਇਸ ਨੂੰ ਮੁਹਾਵਰੇ ਦੇ ਰੂਪ ਵਿੱਚ ਵਰਤਦਾ ਹੈ
ਜੋ ਉਸ ਦੇ ਪ੍ਰਗਟਾਵੇ ਦੀ ਜਿੰਦ ਜਾਨ ਬਣ ਜਾਂਦੇ ਹਨ।
ਸਾਡਾ ਚਿੜੀਆਂ ਦਾ ਚੰਬਾ ਵੇ
ਬਾਬਲ ਅਸੀਂ ਉੱਡ ਵੇ ਜਾਣਾ।
ਬਾਬਲ ਅਸੀਂ ਉੱਡ ਵੇ ਜਾਣਾ।
ਮਧਾਣੀਆਂ
ਹਾਏ ਮੇਰੇ ਡਾਢਿਆ ਰੱਬਾ
ਕਿੰਨ੍ਹਾ ਜੰਮੀਆਂ ਕਿੰਨਾਂ ਨੇ ਲੈ ਜਾਣੀਆਂ।
ਹਾਏ ਮੇਰੇ ਡਾਢਿਆ ਰੱਬਾ
ਕਿੰਨ੍ਹਾ ਜੰਮੀਆਂ ਕਿੰਨਾਂ ਨੇ ਲੈ ਜਾਣੀਆਂ।
ਇੱਕ ਮੇਰੀ ਅੱਖ ਕਾਸ਼ਨੀ ਦੁਜਾ ਰਾਤ ਦੇ ਉਨੀਂਦਰੇ ਨੇ ਮਾਰਿਆ
ਸ਼ੀਸ਼ੇ ਨੂੰ ਤਰੇੜ ਪੈ ਗਈ, ਵਾਲ ਵਾਹੁੰਦੀ ਨੇ ਧਿਆਨ ਜਦੋਂ ਮਾਰਿਆ।
ਸ਼ੀਸ਼ੇ ਨੂੰ ਤਰੇੜ ਪੈ ਗਈ, ਵਾਲ ਵਾਹੁੰਦੀ ਨੇ ਧਿਆਨ ਜਦੋਂ ਮਾਰਿਆ।
ਰਾਝਾਂ ਰਾਝਾਂ ਕਰਦੀ ਨੀ ਮੈਂ ਆਪੇ ਰਾਝਾਂ ਹੋਈ।
......
......
ਇਸ ਰਵਾਇਤ ਨੂੰ ਸੂਫੀ ਸਾਹਿਤ ਨੇ ਹੋਰ ਅਮੀਰ ਤੇ ਪ੍ਰਬਲ ਬਣਾ ਦਿੱਤਾ। ਲੋਕ
ਕਾਵਿ ਦਾ ਇਹ ਅੰਗ ਗੁਰਬਾਣੀ ਵਿੱਚ ਵੀ ਦੇਖਣ ਨੂੰ ਮਿਲਦਾ ਹੈ, ਜਦੋਂ ਚਾਰ ਸ਼ਬਦਾਂ ਵਿੱਚ ਜ਼ਿੰਦਗੀ ਦਾ
ਸੱਚ ਬਿਆਨ ਕੀਤਾ ਜਾਂਦਾ ਹੈ-
ਜਰੁ ਆਈ ਜੋਬਨ ਹਾਰਿਆ।
ਹੁਕਮ ਕੀਏ ਮਨਿ ਭਾਵਦੇ ਰਾਹਿ ਭੀੜੈ ਅਗੇ ਜਾਵਣਾ।
No comments:
Post a Comment