ਹੇਕ ਗੀਤ
(Inspired by the Giving Tree, a famous English Story.)
ਗੁਰਦੀਪ ਸਿੰਘ
ਉਚੀਆਂ ਲੰਮੀਆਂ ਟਾਹਲੀਆਂ
ਉਹ ਪੱਤਾਂ ਵਾਲੀਆਂ
ਪੁਤਾਂ ਵਾਲੀਆਂ
ਖੜੀਆਂ ਵਿਹੜੇ ਵਿਚਕਾਰ
ਨਾ ਕੋਈ ਪੁੱਛਦਾ
ਨਾ ਕੋਈ ਦੱਸਦਾ
ਖੜੀਆਂ ਬਾਹਵਾਂ ਨੂੰ ਖਿਲਾਰ
ਤੈਨੂੰ ਤੱਕਦੀਆਂ
ਰਹਿ ਨਾ ਸਕਦੀਆਂ।
ਉਚੀਆਂ ਲੰਮੀਆਂ ਟਾਹਲੀਆਂ
ਤੇ ਪਾਈ ਪੀਂਘ ਜਦ
ਝੂਟੇ ਖਾਂਦੀਆਂ
ਝੂਟੇ ਦੇਂਦੀਆਂ
ਗਿਧਾ ਪਾਉਂਦੀਆਂ
ਲੋਰੀ ਗਾਉਂਦੀਆਂ
ਕਿਕਲੀ ਪਾਉਂਦੀਆਂ
ਕਦੇ ਹਸਦੀਆਂ
ਵਿਹੜੇ ਵਸਦੀਆਂ
ਛਾਂਵਾਂ ਮਾਣ ਕੇ
ਮਾਂਵਾਂ ਜਾਣ ਕੇ
ਬੁੱਲੇ ਸੌਣ ਦੇ
ਠੰਢੀ ਪੌਣ ਦੇ।
ਉਚੀਆਂ ਲੰਮੀਆਂ ਟਾਹਲੀਆਂ
ਉਹ ਪੱਤਾਂ ਵਾਲੀਆਂ
ਉਹ ਪੁੱਤਾਂ ਵਾਲੀਆਂ
ਖਿੜ ਖਿੜ ਹਸਦੀਆਂ
ਵਿਹੜੇ ਵੱਸਦੀਆਂ
ਖੇਡਾਂ ਖੇਡਦੇ ਨੂੰ
ਤੈਨੂੰ ਦੇਖ ਕੇ।
ਤੇਰੇ ਵਾਸਤੇ
ਜਿੰਦ ਕੀਤੀ ਕੁਰਬਾਨ
ਕਦੇ ਟਾਹਣੀਆਂ
ਕਦੇ ਲਕੜੀਆਂ
ਕਦੇ ਲੈਂਦੀਆਂ
ਤਨ ਲਿਆ ਚਿਰਵਾ
ਆਰੇ ਸਹਿੰਦੀਆਂ
ਕੁਝ ਨਾ ਕਹਿੰਦੀਆਂ।
ਉਚੀਆਂ ਲੰਮੀਆਂ ਟਾਹਲੀਆਂ
ਪੁੱਤਾਂ ਵਾਲੀਆਂ
ਪੱਤੇ ਝਾੜ ਕੇ
ਹੁਣ ਨਾ ਇਸ ਦੀ ਛਾਂ
ਇਹ ਕੀ ਕਰਨੀਆਂ
ਵੱਢੋ ਮੁੱਢ ਵਿਚਕਾਰ
ਇਹ ਬੇਕਾਰ
ਹੁਣ ਨਾ ਸੋਹੰਦੀਆਂ
ਇਹ ਕੋਠੀ ਵਾਸਤੇ
ਲੀਕਾਂ ਮਾਰ ਕੇ
ਨੀਹਾਂ ਵਾਸਤੇ
ਇਹਨਾਂ ਦੀ ਕੀ ਹੈ ਲੋੜ
ਵੱਢੋ ਛਾਂਗ ਕੇ।
ਉਚੀਆਂ ਲੰਮੀਆਂ ਟਾਹਲੀਆਂ
ਜੋ ਪਤਾ ਵਾਲੀਆਂ
ਉਹ ਪੁੱਤਾਂ ਵਾਸਤੇ
ਹੁਣ ਕੀਕਰ ਬੇਕਾਰ
ਕੋਈ ਸਮਝ ਨਾ
ਖੜੀ ਆਵਾਜ਼ਾ ਮਾਰ
ਮੈਨੂੰ ਚੀਰ ਕੇ
ਮੈਨੂੰ ਰੰਦ ਕੇ
ਜਾਹ ਕੇ ਖੜਾਂ ਤੇਰੇ ਦਰਬਾਰ
ਤੇਰੇ ਵਾਸਤੇ
ਤੇਰੇ ਦਰ ਬੂਹੇ ਤੇ ਦੁਆਰ
ਖੜਾਂ ਰੋਕ ਕੇ
ਹਿੱਕ ਠੋਕ ਕੇ
ਤੇਰੇ ਵਾਸਤੇ
ਕਿਤੇ ਨਾ ਦਿਸਦੀਆਂ ਟਾਹਲੀਆਂ
ਉਹ ਪੱਤਾਂ ਵਾਲੀਆਂ
ਉਹ ਪੁੱਤਾਂ ਵਾਸਤੇ
ਬਦਲਨ ਰੂਪ ਹਜ਼ਾਰ।
ਪੁੱਤਾਂ ਵਾਸਤੇ
ਧੀਆਂ ਵਾਸਤੇ।
No comments:
Post a Comment