1ਤਾਰਿਆਂ ਨੂੰ ਵੀ ਕਵਿਤਾਵਾਂ ਸੁਝਦੀਆਂ ਹਨ
ਉਹ ਵੀ ਬਾਤਾਂ ਪਾਉਂਦੇ ਹਨ
ਉਹ ਵੀ ਚਾਹੁੰਦੇ ਹਨ ਕਿ ਕੋਈ ਉਹਨਾਂ ਦੀਆਂ ਗੱਲਾਂ ਸੁਣੇ
ਉਹ ਵੀ ਸਾਡੇ ਨਾਲ ਗੱਲ ਕਰਨਾ ਚਾਹੁੰਦੇ ਹਨ
ਉਹ ਵੀ ਹੁੰਗਾਰਾ ਭਰਨਾ ਚਾਹੁੰਦੇ ਹਨਉਹ ਵੀ ਬੇਤਾਬ ਹਨ ਸਾਨੂੰ ਮਿਲਣ ਲਈ
ਤੁਹ ਵੀ ਰੋਜ਼ ਸਾਨੂੰ ਮਿਲਣ ਲਈ ਅੰਬਰ ਉਪਰ
ਘੰਟਿਆ ਬੱਧੀ ਸਾਨੂੰ ਦੇਖਣਾ ਚਾਹੁੰਦੇ ਹਨ।
ਸਿਰਫ ਅਸੀ ਹੀ ਉਹਨਾਂ ਨੂੰ ਮਿਲਣ ਨਹੀਂ ਜਾਂਦੇ।
ਸੂਰਜ ਚੜ੍ਹਨ ਤੋਂ ਪਹਿਲਾ ਵਿਚਾਰੇ ਚੁੱਪ ਚੱਪ ਚਲੇ ਜਾਂਦੇ ਹਨ।2ਕਹਿਣਾ ਤਾਂ ਚਾਹੁੰਦਾ ਸੀ
ਕਿ ਕਲ੍ਹ ਤੂੰ ਫਿਰ ਆਵੀਂ
ਪਰ
ਪਤਾ ਨਹੀਂ ਕਿਉਂ
ਉਸ ਨੇ
ਜਾਣ ਵੇਲੇ ਇਹ ਕਿਹਾ -
ਮੈਂ ਫਿਰ ਆਵਾਗਾ
ਸ਼ਾਇਦ ਉਸ ਦੇ ਮੂੰਹੋਂ ਨਿਕਲ ਗਿਆ ਹੋਵੇ।
ਸੂਰਜ ਸੀ ਨਾ ਉਹ।3
ਉਹਨਾਂ ਨੂੰ ਦੇਖ ਕੇ ਮੈਂ ਬਹੁਤ ਰੋਇਆ
ਮੈਂ ਚਾਹਿਆ ਕਿ
ਕਾਸ਼ ਮੇਰੇ ਪੈਰ ਸਾਬਤ ਰਹਿੰਦੇ
ਇਹਨਾਂ ਉਪਰ ਛਾਲੇ ਨਾ ਪੈਂਦੇ
ਮੈਂ ਦੋ ਕਦਮ ਹੋਰ ਪੁੱਟ ਲੈਂਦਾ
ਛਾਂ ਤਾਂ ਨੇੜੇ ਹੀ ਸੀ
ਪਰ ਉਹਨਾਂ ਵੀ ਆਖਰ ਆਖ ਹੀ ਦਿਤਾ
ਹਰ ਪੈਰ ਤੇ ਸਾਥ ਦਿਤਾ ਹੈ ਨਾ
ਅੱਗੇ ਹੀ ਦਿਆਂਗੇ
ਘਬਰਾਈਂ ਨਾ
ਅਸੀਂ ਤੇਰੇ ਨਾਲ ਹਾਂ।4
ਹੱਥਾਂ ਦੀਆਂ ਲਕੀਰਾਂ ਵੇਖ ਕੇ
ਮੈਂ ਆਖਦਾ
ਪਤਾ ਨਹੀਂ ਕਿਹੋ ਜਿਹੀ
ਤਕਦੀਰ ਲਿਖਵਾ ਕੇ ਆਇਆ ਹਾਂ
ਲਕੀਰਾਂ ਨੇ ਕਿਹਾ
ਐਵੇਂ ਸੋਚਿਆ ਨਾ ਕਰ
ਤਕਦੀਰ ਵਿੱਚ ਕੀ ਰੱਖਿਆ
ਤੇ ਨਾ ਲਕੀਰਾਂ ਵਿੱਚ
ਮੁਰਦਿਆਂ ਦੇ ਹੱਥਾਂ ਵਿੱਚ ਵੀ
ਲੰਮੀ ਉਮਰ ਦੀ ਲਕੀਰ ਹੁੰਦੀ ਹੈ
ਤਕਦੀਰ ਦੀ ਲਕੀਰ ਲੱਭਦੇ ਹੋ
ਲਕੀਰ ਦੀ ਕੋਈ ਤਕਦੀਰ ਨਹੀਂ ਹੁੰਦੀ।5
ਮੱਥਾ ਟੇਕਦਿਆਂ ਮੈਂ ਬਹੁਤ ਰੋਇਆ
ਮੇਰੇ ਸਿਰ ਨੇ ਕਿਹਾ
ਰੋਂਦਾ ਕਿਉਂ ਹੈਂ
ਤੂੰ ਮੇਰੀ ਕਦ ਸੁਣੀ ਹੈ
ਇਸ ਨਾਲੋਂ ਚੰਗਾ ਸੀ
ਲਾਹ ਕੇ ਦੇ ਜਾਂਦਾ
ਮੈਨੂੰ ਕੋਈ ਗਿਲਾ ਨਹੀਂ ਸੀ ਹੋਣਾ।6
ਰੁਮਾਲਾਂ ਵਿੱਚ ਲਪੇਟੀ
ਉਹ ਕਦੇ ਨਾ ਬੋਲੀ
ਨਾ ਮੈਂ ਕਦੇ ਸੁਣਿਆ ਉਸ ਨੂੰ
ਜਦੋਂ ਉਹ ਬੋਲਣ ਲੱਗਦੀ
ਮੈਂ ਉਸ ਨੂੰ ਰੁਮਾਲ ਨਾਲ ਢੱਕ ਦਿੰਦਾ
ਕਿਉਂ ਕਿ ਉਹ ਢੱਕੀ ਹੋਈ
ਖ਼ੂਬਸੂਰਤ ਰੁਮਾਲਾਂ ਵਿੱਚ
ਜ਼ਿਆਦਾ ਖ਼ੂਬਸੂਰਤ ਲੱਗਦੀ ਸੀ।7
ਆਪਣੇ ਆਪ ਨੂੰ ਮੈਂ ਕਦੇ ਨਾ ਸੁਣਿਆ
ਏਨੀ ਵਿਹਲ ਨਹੀਂ ਸੀ
ਆਪਣੇ ਆਪ ਕੋਲੋਂ ਮੈਨੂੰ
ਮੁਸ਼ਕ ਆਉਂਦੀ ਸੀ
ਮੈਂ ਜਦ ਬੈਠਿਆ
ਅਗਰਬੱਤੀ ਦੇ ਸੰਘਣੇ ਧੂੰਏ ਵਿੱਚ
ਆਪਣੇ ਸਾਹਾਂ ਨੂੰ ਗਵਾਚਦੇ ਤੱਕਿਆ
ਧੂੰਏ ਚੋਂ ਮੈਨੂੰ ਬਹੁਤ ਕੁਝ ਲੱਭਿਆ
ਸਿਰਫ਼ ਆਪ ਆਪ ਵਾਸਤੇ ਮੇਰੇ ਕੋਲ
ਸਮਾਂ ਨਹੀਂ ਸੀ।8
ਪੰਜ ਸਿਰਾਂ ਵਿੱਚ ਮੈਂ ਸ਼ਾਮਲ ਨਹੀਂ ਸਾਂ
ਗੁਰੁ ਨੇ ਸਿਰ ਮੰਗਿਆ ਸੀ
ਮੈਂ ਤੇ ਆਪਣਾ ਸਿਰ ਘਰ ਹੀ ਛੱਡ ਗਿਆ ਸਾਂ
ਦਿੰਦਾ ਵੀ ਤੇ ਕੀ
ਤਲਵਾਰ ਸੀਸ ਮੰਗਦੀ ਸੀ
ਧੜ ਨਹੀਂ।9
ਪਾਣੀ ਨਦੀ ਦਾ
ਕਿਨਾਰੇ ਤੋਂ ਦੂਰ ਵਹਿੰਦਾ ਹੈ
ਰੇਤ ਨਦੀ ਨੂੰ ਦੂਰੋਂ ਵੇਖਦੀ ਹੈ
ਖੁਸ਼ਕ
ਪਿਆਸੀ
ਖਾਮੋਸ਼
ਹਵਾ ਆਵੇਗੀ ਸ਼ਾਇਦ
ਹਵਾ ਨਹੀਂ ਆਵੇਗੀ
ਸ਼ਾਇਦ
ਪਿਆਸ ਤੇ ਰੇਤ ਦੀ ਦੋਸਤੀ
ਹੋਰ ਗਹਿਰੀ ਹੋ ਗਈ ਹੈ।
Saturday, August 18, 2012
ਨੌਂ ਕਵਿਤਾਵਾਂ
Subscribe to:
Post Comments (Atom)
No comments:
Post a Comment