Saturday, August 18, 2012

ਧਰਮ ਦਾ ਕਾਰੋਬਾਰ


ਧਰਮ ਦਾ ਕਾਰੋਬਾਰ
ਦੁਕਾਨਾਂ ਅਤੇ ਬਾਜ਼ਾਰ
ਸ਼ੋਹਰਤ ਡਾਢੀ
ਨੀਅਤ ਮਾੜੀ
ਆਖਣ ਪੈਸੇ ਦੇ ਭਾਅ ਲੈ ਜਾਉ
ਮੁੱਲ ਵਿਕੇਂਦੀ ਜੈ ਜੈਕਾਰ
ਲਾਰਾ, ਧੋਖਾ, ਤੇ ਵਿਸ਼ਵਾਸ
ਪੱਟੀ ਅੱਖਾਂ ਦੇ ਲਈ ਖਾਸ
ਸਾਰੇ ਅੰਨ੍ਹੇ ਅਤੇ ਸੁਜਾਖੇ
ਕੱਪੜੇ ਚਿੱਟੇ ਪੀਲੇ ਲਾਖੇ
ਭਾਂਵੇਂ ਸਾਰੇ ਵੇਖੇ ਚਾਖੇ
ਵੇਖਣ ਐਨਕ ਕਾਲੀ ਲਾ ਕੇ
ਚਿਟੀ ਧੁਪ ਨੂੰ ਆਖਣ ਕਾਲੀ
ਇਹ ਜੋ ਜਨਤਾ ਭੋਲੀ ਭਾਲੀ
ਦੇ ਕੇ ਪੈਸੇ ਘਰ ਲੈ ਜਾਂਦੇ
ਸ਼ਰਧਾ, ਕ੍ਰਿਪਾ, ਪੂਜਾ, ਲਾਰੇ,
ਜਿਹੜਾ ਭਵਸਾਗਰ ਤੋਂ ਤਾਰੇ
ਅਗਲੀ ਦੁਨੀਆਂ ਦੇ ਇਹ ਪਾਂਧੀ
ਆਪਣੀ ਦੁਨੀਆ ਜਾਪੇ ਮਾਂਦੀ
ਆਉਂਦੇ ਬੰਨ੍ਹ ਕੇ ਘੱਤ ਵਹੀਰਾਂ
ਖਰੀਦਣ ਸੰਗਲ ਅਤੇ ਜੰਜ਼ੀਰਾਂ
ਆਪੇ ਗਲ ਵਿੱਚ ਖੁਸ਼ ਹੋ ਜਾਂਦੇ
ਅੰਨ੍ਹੀ ਸ਼ਰਧਾ ਦੇ ਗੁਣ ਗਾਂਦੇ
ਬੈਠੇ ਢੋਂਗੀ ਕਰਨ ਕਮਾਈ
ਦੌਲਤ ਲੁੱਟੀ ਅੰਦਰ ਪਾਈ
ਦੁਨੀਆਂ ਵਹਿਮਾਂ ਦੇ ਵਿੱਚ ਪਾ ਕੇ
ਕੁਝ ਧਮਕਾ ਕੇ ਅਤੇ ਡਰਾ ਕੇ
ਅਗੇ ਦੁਨੀਆ ਹੋਰ ਦਿਖਾ ਕੇ
ਆਪਣੇ ਰੱਬ ਨੂੰ ਸੱਚ ਬਣਾ ਕੇ
ਦੁਨੀਆਦਾਰੀ ਜਾਣ ਚਲਾਈ
ਵਿਹਲੇ ਰਹਿ ਕੇ ਕਰਨ ਕਮਾਈ
ਮੁਲਾਂ, ਪਾਂਧਾ, ਪੰਡਿਤ ਭਾਈ
ਵੇਚਣ ਰੱਬ ਦੇ ਨਾਂ ਦਾ ਸੌਦਾ
ਉੱਚੀ ਉੱਚੀ ਦੇਵਣ ਹੌਕਾ
ਏਧਰ ਸਾਡੀ ਹੱਟੀ ਭਾਈ
ਪਿਛੇ ਲੱਗੀ ਫਿਰੇ ਲੁਕਾਈ।
ਜਿਹੜਾ ਬਚਣਾ ਇਥੇ ਚਾਹਵੇ
ਉਹ ਨਾ ਓਧਰ ਕਦੇ ਵੀ ਆਵੇ
ਲੱਭੇ ਗਿਆਨ ਗਲੀ ਦਾ ਰਸਤਾ
ਸੌਖਾ ਚੁੱਕਣਾ ਉਸ ਦਾ ਬਸਤਾ
ਸਾਰੇ ਅੰਬਰ ਨੂੰ ਛੋਹ ਲੈਂਦੇ
ਜਿਹੜੇ ਰਾਹ ਗਿਆਨ ਦੇ ਪੈਂਦੇ
ਆਪਣੀ ਅਕਲ ਦਾ ਕਰੋ ਨਿਤਾਰਾ
ਤਰਕ ਤਰਕ ਦਾ ਅਮਲ ਨਿਆਰਾ
ਆਪ ਬਚੋ ਤੇ ਹੋਰ ਬਚਾਓ
ਸੱਭ ਨੂੰ ਰਾਹ ਗਿਆਨ ਦੇ ਪਾਓ।





 

No comments:

Post a Comment