ਕ੍ਰਿਪਾ ਦਾ ਕਾਰੋਬਾਰ
ਅੱਜ ਕੱਲ੍ਹ
ਕ੍ਰਿਪਾ ਦਾ ਕਾਰੋਬਾਰ ਇਕ ਵਿਸ਼ੇਸ਼ ਚਰਚਾ ਦਾ ਕੇਂਦਰ ਬਣਿਆ ਹੋਇਆ ਹੈ। ਲੋਕ ਇਸ ਚੋਂ ਮਜ਼ਾ ਵੀ ਲੈ ਰਹੇ
ਹਨ ਤੇ ਲਾਭ ਵੀ ਤੇ ਕੁਝ ਲੋਕ ਇਸ ਵੱਧਦੇ ਹੋਏ ਰੁਝਾਨ ਤੋਂ ਦੁਖੀ ਹਨ। ਪਰ ਇਸ ਵਿੱਚ ਉਹਨਾਂ ਦਾ ਕੋਈ
ਕਸੂਰ ਨਹੀਂ। ਸਾਡੀ ਮਾਨਸਿਕਤਾ ਹੀ ਇਸ ਤਰ੍ਹਾਂ ਦੀ ਹੈ ਕਿ ਅਸੀਂ ਅਜਿਹੇ ਕਾਰੋਬਾਰੀ ਲੋਕਾਂ ਲਈ ਇਕ
ਜ਼ਰਖੇਜ਼ ਜ਼ਮੀਨ ਤਿਆਰ ਕਰੀ ਬੈਠੇ ਹਾਂ। ਜਿਹੜਾ ਚਾਹੇ ਆਵੇ ਤੇ ਆਪਣਾ ਕ੍ਰਿਪਾ ਦਾ ਕਾਰੋਬਾਰ ਚਲਾਵੇ।
ਲੋਕਾਂ ਦਾ ਕੀ ਹੈ ਜਾਂ ਇਉਂ ਕਹਿ ਲਵੋ ਕਿ ਲੋਕਾਈ ਦਾ ਕੀ ਹੈ। ਉਹ ਏਨੇ ਅੰਧ ਵਿਸ਼ਵਾਸੀ ਹਨ ਕਿ ਉਹ
ਨਹੀਂ ਜਾਣਦੇ ਕਿ ਇਹ ਸਭ ਕੁਝ ਕਿਉਂ ਤੇ ਕਿਵੇਂ ਚਲ ਰਿਹਾ ਹੈ। ਤੁਹਾਨੂੰ ਸ਼ੁੱਧ ਪਾਣੀ ਦਾ ਗੁਣ ਦੱਸਣਾ ਵਾਲਾ ਕੋਈ ਨਹੀਂ
ਮਿਲੇਗਾ ਉਸ ਦਾ ਕੀ ਮਹੱਤਵ ਹੈ ਕੋਈ ਨਹੀਂ ਜਾਣਦਾ ਤੇ ਨਾ ਕੋਈ ਇਸ ਬਾਰੇ ਜਾਣਨ ਦੀ ਕੋਸ਼ਿਸ਼ ਕਰਦਾ ਹੈ
ਪਰ ‘ਜਲ’ ਦੀ ਕਰਾਮਾਤਾਂ ਦਾ ਬਿਆਨ ਕਰਨ ਵਾਲੇ ਲੱਖਾਂ ਲੋਕ ਮਿਲ ਜਾਣਗੇ ਤੇ ਉਹ ਵੀ ਏਨੀ ਦ੍ਰਿੜਤਾ
ਨਾਲ ਕਿ ਤੁਸੀਂ ਭੁੱਲ ਜਾਵੋਗੇ ਕਿ ਤੁਸੀਂ ਤਾਂ ਸ਼ੁੱਧ ਪਾਣੀ ਦੀ ਗੱਲ ਕਰਨ ਲਈ ਆਏ ਸੀ।
ਖੈਰ ਕ੍ਰਿਪਾ ਦਾ
ਕਾਰੋਬਾਰ ਕੀ ਹੈ? ਇਸ ਦਾ
ਹੀਜ ਪਿਆਜ ਕੀ ਹੈ ਤੇ ਇਸ ਦੀਆਂ ਜੜ੍ਹਾਂ ਤੱਕ ਫੋਲਾ ਫਾਲੀ ਕਰਕੇ ਇਸ ਦਾ ਕਾਰਨ ਲੱਭਣ ਦੀ ਕੋਸ਼ਿਸ਼
ਚੋਂ ਹੱਥਲਾ ਲੇਖ ਆਪਣੀ ਹੋਂਦ ਵਿੱਚ ਆਇਆ ਹੈ। ਮੈਂ ਬਹੁਤ ਵਾਰੀ ਦੇਖਿਆ ਹੈ ਕਿ ਹਰ ਅੰਧ ਵਿਸ਼ਵਾਸ ਦੇਖਣ
ਨੂੰ ਬਹੁਤ ਪੁਖ਼ਤਾ ਲਗਦਾ ਹੈ ਪਰ ਇਹ ਬਹੁਤ ਕਮਜ਼ੋਰ ਪੈਰਾਂ ਉਪਰ ਖੜਾ ਹੁੰਦਾ ਹੈ। ਮੇਰੇ ਪਾਠਕ
ਜਾਣਦੇ ਹੋਣਗੇ ਕਿ ਇਥੇ ਅਸੀਂ ਹਰ ਵਿਸ਼ੇ ਨੂੰ ਬਹੁਤ ਗਹਿਣ ਤੇ ਗੰਭੀਰ ਸੋਚ ਵਿਚਾਰ ਤੋਂ ਬਾਅਦ ਉਸ
ਪ੍ਰਤੀ ਹਾਂ-ਪੱਖੀ ਜਾਂ ਨਾਂਹ ਪੱਖੀ ਵਤੀਰਾ ਅਪਣਾਉਂਦੇ ਹਾਂ। ਹਰ ਗੱਲ ਨੂੰ ਬਿਨਾਂ ਸੋਚੇ ਸਮਝੇ ਰੱਦ
ਨਹੀਂ ਕਰਦੇ। ਉਸ ਦਾ ਹਰ ਪੱਖ ਤੇ ਹਰ ਪਹਿਲੂ ਵਿਚਾਰਿਆ ਜਾਂਦਾ ਹੈ।
ਇਕ ਬੱਚਾ ਜਦੋਂ ਆਪਣੇ
ਕਦਮ ਪੁਟਦਾ ਹੈ ਤਾਂ ਉਹ ਡਿੱਗ ਪੈਂਦਾ ਹੈ। ਕਿਸੇ ਵੀ ਚੀਜ਼ ਵਿੱਚ ਅੜ ਕੇ ਉਹ ਡਿੱਗ ਪੈਂਦਾ ਹੈ।
ਡਿਗਿਦਆਂ ਹੀ ਰੋਣ ਲੱਗ ਪੈਂਦਾ ਹੈ। ਰੋਜ਼ਾ ਸੁਣ ਕੇ ਮਾਂ ਭੱਜੀ ਭੱਜੀ ਆਉਂਦੀ ਹੈ। ਬੱਚੇ ਨੂੰ ਚੁਪ
ਕਰਾਉਣ ਲਈ ਉਹ ਉਸ ਮੇਜ਼ ਕੋਲ ਜਾਂ ਕੁਰਸੀ ਕੋਲ ਜਾਂ ਕਿਸੇ ਵੀ ਉਸ ਵਸਤੂ ਕੋਲ, ਜਿਸ ਨਾਲ ਅੜ ਕੇ ਬੱਚਾ ਡਿਗਿਆ ਹੁੰਦਾ
ਹੈ, ਲੈ ਜਾਂਦੀ ਹੈ ਤੇ ਹੱਥ ਨਾਲ ਉਸ ਵਸਤੂ ਨੂੰ ਆਪਣੇ ਵੱਲੋਂ ਮਾਰ ਕੇ
ਬੱਚੇ ਨੂੰ ਦੱਸਦੀ ਹੈ, ਬ ਇਸ
ਨੇ ਮਾਰਿਆ ਹੈ ਨਾ ਤੈਨੂੰ , ਲੈ ਹੈਂ ਮੈਂ ਇਸ ਨੂੰ ਮਾਰ ਦਿੱਤਾ ਹੈ।
ਮਾਂ ਬੱਚੇ ਨੂੰ
ਸਮਝਾਉਂਦੀ ਹੈ ਕਿ ਤੂੰ ਰੋ ਨਾ ਮੈਂ ਇਸ ਮੇਜ਼ ਤੋਂ ਬਦਲਾ ਲੈ ਲਿਆ ਹੈ। ਇਸ ਨੇ ਤੈਨੂੰ ਮਾਰਿਆ ਹੈ ਸੋ ਅਸਾਂ ਇਸ ਨੂੰ ਮਾਰਿਆ ਹੈ।
ਤੂੰ ਚੁੱਪ ਕਰ ਜਾ ਹਿਸਾਬ ਬਰਾਬਰ ਹੋ ਗਿਆ ਹੈ।
ਜਿਹੜੀ ਗੱਲ ਬੱਚੇ
ਨੂੰ ਸਮਝ ਪੈਂਦੀ ਹੈ ਉਹ ਹੈ ਕਿ ਉਸ ਦਾ ਕੋਈ ਕਸੂਰ ਨਹੀਂ ਸੀ। ਉਹ ਤਾਂ ਠੀਕ ਜਾ ਰਿਹਾ ਸੀ ਪਰ ਮੇਜ਼
ਨੇ ਰਸਤੇ ਵਿੱਚ ਆ ਕੇ ਰੁਕਾਵਟ ਪਾ ਦਿੱਤੀ ਜਿਸ ਨਾਲ ਉਹ ਡਿੱਗ ਪਿਆ ਹੈ। ਸਾਰਾ ਕਸੂਰ ਮੇਜ਼ ਦਾ ਹੈ।
ਬੱਚੇ ਦੇ ਮਨ ਵਿੱਚ ਚੁਗਿਰਦੇ ਬਾਰੇ ਇਕ ਵਿਰੋਧ ਘਰ ਕਰ ਜਾਂਦਾ ਹੈ ਉਹ ਸਮਝਦਾ ਹੈ ਕਿ ਚੁਗਿਰਦਾ ਉਸ
ਦਾ ਦੁਸ਼ਮਣ ਹੈ। ਇਹ ਉਸ ਦਾ ਮਿੱਤਰ ਨਹੀਂ ਹੈ।
ਇਕ ਹੋਰ ਗੱਲ ਇਸ
ਚੋਂ ਪੈਦਾ ਹੁੰਦੀ ਹੈ, ਉਹ
ਇਹ ਕਿ ਆਪਣੀ ਗ਼ਲਤੀ ਦਾ ਕਸੂਰ ਉਸ ਥਾਂ ਤੇ ਨਾ ਲੱਭੋ ਸਗੋਂ ਕਿਸੇ ਹੋਰ ਥਾਂ ਤੋਂ ਲੱਭਣ ਦੀ ਕੋਸ਼ਿਸ਼
ਕਰੋ। ਸਹੀ ਤਰੀਕਾ ਤਾਂ ਸੀ ਬੱਚੇ ਨੂੰ ਇਹ ਸਮਝਾਇਆ ਜਾਂਦਾ ਹੈ ਕਿ ਉਹ ਮੇਜ਼ ਨਾਲ ਅੜ ਕੇ ਡਿਗਿਆ ਹੈ,
ਉਸ ਨੂੰ ਆਪਣਾ ਰਸਤਾ ਬਦਲ ਲੈਣਾ ਚਾਹੀਦਾ ਸੀ। ਬੱਚੇ ਦੀ ਉਂਗਲ ਫੜ ਕੇ ਜੇ ਉਸ ਨੂੰ
ਮੇਜ਼ ਦੇ ਚਾਰੇ ਪਾਸੇ ਘੁੰਮਾ ਦਿਤਾ ਜਾਂਦਾ ਤਾਂ ਉਸ ਨੂੰ ਸਮਝ ਆ ਜਾਣੀ ਸੀ ਕਿ ਵਾਤਾਵਰਨ ਨਾਲ ਕਿਵੇਂ
ਨਜਿੱਠਿਆ ਜਾਂਦਾ ਹੈ। ਬੱਚੇ ਨੂੰ ਦੱਸਿਆ ਜਾਣਾ ਚਾਹੀਦਾ ਸੀ ਕਿ ਉਹ ਅਗਲੀ ਵਾਰੀ ਧਿਆਨ ਨਾਲ ਤੁਰੇ
ਤੇ ਰਸਤੇ ਵਿੱਚ ਆਉਣ ਵਾਲੀ ਹਰ ਚੀਜ਼ ਦਾ ਧਿਆਨ ਰੱਖੇ।
ਅਜਿਹਾ ਲਾਲਨ ਪਾਲਨ
ਕਈ ਸਾਲਾਂ ਤੋਂ ਹੋ ਰਿਹਾ ਹੈ ਤੇ ਬੱਚੇ ਇਹੋ ਸਮਝਦੇ ਆ ਰਹੇ ਹਨ ਕਿ ਉਹ ਬੇਕਸੂਰ ਹਨ। ਕਿਸੇ ਵੀ ਗ਼ਲਤ
ਕੰਮ ਵਿੱਚ ਉਹਨਾਂ ਦੀ ਕੋਈ ਗ਼ਲਤੀ ਨਹੀਂ। ਕਸੂਰ ਕਿਸੇ ਹੋਰ ਦਾ ਹੈ। ਸਾਡਾ ਸਾਰਾ ਧਰਮ ਸ਼ਾਸਤਰ ਸਾਨੂੰ
ਗ਼ੁਲਾਮਾਂ ਵਾਗੂ ਜੀਣ ਦੀ ਸਿਖਿਆ ਦਿੰਦਾ ਹੈ। ਕਿਸੇ ਅਣ ਦਿੱਸੇ ਅਣ ਡਿੱਠੇ ਰੱਬ ਦੀ ਗ਼ੁਲਾਮੀ ਕਰਨ ਦਾ
ਸਬਕ ਪੜ੍ਹਾਉਂਦਾ ਹੈ। ਅਸੀਂ ਕੁਝ ਨਹੀਂ ਕਰਦੇ ਸਾਰਾ ਕੁਝ ਉਹ ਕਰਦਾ ਹੈ। ਗਲਤ ਠੀਕ ਇਸ ਦਾ ਫੈਸਲਾ
ਵੀ ਸਾਡਾ ਨਹੀਂ ਬਲਕਿ ਉਸ ਦਾ ਹੈ। ਉਹ ਕਰਨਾ ਕਰਾਵਨ ਵਾਲਾ ਹੈ ਤੇ ਅਸੀਂ ਹਮੇਸ਼ਾ ਬੇਕਸੂਰ ਰਹਿੰਦੇ
ਹਾਂ। ਫੈਸਲਾ ਲੈਣ ਦਾ ਸਾਨੂੰ ਕੋਈ ਹੱਕ ਨਹੀਂ ਤੇ ਇਹ ਹੱਕ ਉਸੇ ਦਾ ਹੈ। ਤੇ ਇਸ ਨੂੰ ਸਹੀ ਮੰਨ ਕੇ
ਅਸੀਂ ਆਪਣਾ ਸਾਰਾ ਜੀਵਨ ਗੁਜ਼ਾਰ ਦਿੰਦੇ ਹਾਂ।
ਇਹ ਤਰ੍ਹਾਂ ਇਹ
ਸਾਡੀ ਆਦਤ ਹੀ ਨਹੀਂ ਸਗੋਂ ਸੋਚ ਦਾ ਇਕ ਹਿੱਸਾ ਬਣ ਗਈ ਹੈ ਕਿ ਅਸੀਂ ਆਪਣੇ ਨਾਲ ਵਾਪਰਨ ਵਾਲੀ ਚੰਗੀ
ਮਾੜੀ ਘਟਨਾ ਦਾ ਕਾਰਨ ਉਸ ਥਾਂ ਤੇ ਨਹੀਂ ਲਭਦੇ ਸਗੋਂ ਕਿਸੇ ਹੋਰ ਥਾਂ ਤੇ ਲੱਭਦੇ ਹਾਂ। ਜਿਵੇਂ
ਕਿਸੇ ਦੀ ਸੂਈ ਘਰ ਵਿੱਚ ਗਵਾਚੀ ਹੋਵੇ ਤੇ ਉਹ ਉਸ ਨੂੰ ਬਾਹਰ ਲੱਭ ਰਿਹਾ ਹੋਵੇ। ਇਹ ਬੜੀ ਅਜੀਬ
ਮਨੋਦਸ਼ਾ ਹੈ ਸਾਡੇ ਸਮਾਜ ਦੀ। ਇਸ ਨੂੰ ਚਹੁੰ ਪਾਸਿਆਂ ਤੋਂ ਪਰਵਾਨਗੀ ਮਿਲੀ ਹੋਈ ਹੈ। ਨਾ ਸਿਰਫ਼
ਸਾਡੇ ਦੇਸ਼ ਵਿੱਚ ਸਗੋਂ ਵਿਦੇਸ਼ਾਂ ਵਿੱਚ ਵੀ ਇਹੋ ਕੁਝ ਚਲ ਰਿਹਾ ਹੈ।
ਸਾਨੂੰ ਹਰ ਉਹ
ਆਦਮੀ ਚੰਗਾ ਲਗਦਾ ਹੈ ਜੋ ਸਾਨੂੰ ਸਾਡੀ ਗਲਤੀ ਦਾ ਅਹਿਸਾਸ ਨਾ ਕਰਾਵੇ ਤੇ ਸਾਨੂੰ ਸਾਡੀ ਗਲਤੀ ਤੋਂ
ਮੁਕਤੀ ਦੇ ਦੇਵੇ। ਵੈਸੇ ਇਹ ਵੀ ਇਕ ਸੱਚ ਹੈ ਕਿ ਹਰ ਆਦਮੀ ਇਹ ਭਲੀ ਭਾਂਤ ਜਾਣਦਾ ਹੁੰਦਾ ਹੈ ਕਿ ਉਹ
ਜੋ ਕਰ ਰਿਹਾ ਹੈ ਗਲਤ ਹੈ ਤੇ ਇਸ ਦਾ ਫਲ ਚੰਗਾ ਨਹੀਂ ਹੋਵੇਗਾ। ਪਰ ਉਸ ਵੇਲੇ ਉਹ ਇਸ ਨੂੰ ਦੇਖ ਕੇ
ਵੀ ਅਣਡਿਠ ਕਰ ਦਿੰਦਾ ਹੈ। ਪਰ ਫਿਰ ਉਹ ਉਸ ਗਲਤੀ ਦੀ ਜ਼ਿੰਮੇਵਾਰੀ ਤੋਂ ਵੀ ਬਚਣਾ ਚਾਹੁੰਦਾ ਹੈ ਇਸ
ਲਈ ਉਹ ਆਪਣੇ ਬਚਾਅ ਦੇ ਤਰੀਕੇ ਲੱਭਦਾ ਹੈ।
ਵਿਗਿਆਨਕ ਤੌਰ ਇਹ
ਮਨੁੱਖ ਦੇ ਮਨ ਦਾ ਸੁਭਾਅ ਹੈ ਕਿ ਉਹ ਜਦੋਂ ਵੀ ਕੋਈ ਗਲਤੀ ਕਰ ਬੈਠਦਾ ਹੈ ਤਾਂ ਉਸ ਦਾ ਮਨ ਅੰਦਰ ਹੀ
ਅੰਦਰ ਦੋਸ਼ ਮੁਕਤ ਹੋਣ ਲਈ ਤਰੀਕੇ ਬਹਾਨੇ ਸੋਚਣੇ ਸ਼ੁਰੂ ਕਰ ਦਿੰਦਾ ਹੈ। ਇਸ ਨੂੰ defence mechanism ਆਖਦੇ ਹਨ। ਇਹ ਸੁਭਾਵਕ ਹੈ। ਪਰ ਇਹ ਸਹੀ ਨਹੀਂ
ਹੈ। ਇਹ ਸਾਡੇ ਵਤੀਰੇ ਦਾ ਨਾਂਹ-ਪੱਖੀ ਗੁਣ ਹੈ। ਅੱਜੋਕੇ ਯੁੱਗ ਵਿੱਚ ਜਦੋਂ ਪੇਸ਼ਾਵਰ ਤਕਨੀਕ ਵਿਕਸਤ
ਹੋ ਰਹੀ ਹੈ ਤਾਂ ਇਸ ਨੂੰ ਮੂਲੋਂ ਹੀ ਸਵੀਕਾਰਿਆ ਨਹੀਂ ਜਾਂਦਾ। ਜਦੋਂ ਪੇਸ਼ਾਵਰ ਤੌਰ ਤੇ ਹਰ ਕੰਮ ਦੀ
ਇਕ ਜ਼ਿੰਮੇਵਾਰੀ ਨਿਸ਼ਚਤ ਕੀਤੀ ਜਾਂਦੀ ਹੈ ਤੇ ਹਰ ਘਟਨਾ ਹਰ ਕ੍ਰਮ ਵਿੱਚ ਵਾਪਰਨ ਵਾਲੇ ਹਰ ਵਰਤਾਰੇ
ਲਈ ਕੋਈ ਨਾ ਕੋਈ ਵਿਅਕਤੀ ਜ਼ਿੰਮੇਵਾਰ ਮੰਨਿਆ ਜਾਂਦਾ ਹੈ ਤਾਂ ਕਿਸੇ ਹਾਦਸੇ ਦੀ ਸੂਰਤ ਵਿੱਚ ਉਸ ਦਾ
ਕਾਰਨ ਲੱਭਣਾ ਪੈਂਦਾ ਹੈ ਤਾਂ ਕਿ ਆਉਣ ਵਾਲੇ ਸਮੇਂ ਵਿੱਚ ਉਸ ਘਟਨਾ ਨੂੰ ਵਾਪਰਨ ਤੋਂ ਰੋਕਿਆ ਜਾ
ਸਕੇ। ਜ਼ਿੰਮੇਵਾਰੀ ਦਾ ਅਹਿਸਾਸ ਹੋਣਾ ਤੇ ਉਸ ਨੂੰ ਸਹੀ ਤਰੀਕੇ ਨਾਲ ਨਿਭਾਉਣਾ ਤੇ ਉਸ ਪ੍ਰਤੀ
ਕੋਤਾਹੀ ਨਾ ਕਰਨਾ ਅੱਜ ਦੇ ਯੁਗ ਵਿੱਚ ਤਕਨੀਕ ਦੀ ਸੱਭ ਤੋਂ ਪਹਿਲੀ ਮੰਗ ਹੈ। ਅਸੀਂ ਕਿਸੇ ਵੀ
ਹਾਦਸੇ ਦੀ ਸੂਰਤ ਵਿੱਚ ਉਸ ਦਾ ਦੋਸ਼ ਕਿਸੇ ‘ਦੈਵੀ’ ਸ਼ਕਤੀ ਉਪਰ ਨਹੀਂ ਪਾ ਸਕਦੇ।
ਅੱਜ ਤਕਨੀਕ ਦਾ
ਯੁੱਗ ਹੈ। ਇਹ ਤਕਨੀਕ ਉਸ ਤੰਤਰ ਨੂੰ ਸੰਚਾਲਿਤ ਕਰਦੀ ਹੈ ਜਿਹੜਾ ਲੱਖਾਂ ਲੋਕਾਂ ਦੀ ਜ਼ਿੰਦਗੀ ਨਾਲ
ਜੁੜਿਆ ਹੁੰਦਾ ਹੈ। ਛੋਟੀ ਜਿਹੀ ਅਣਗਹਿਲੀ ਕਿਸੇ ਵੱਡੀ ਦੁਰਘਟਨਾ ਨੂੰ ਸੱਦਾ ਦਿੰਦੀ ਪ੍ਰਤੀਤ ਹੁੰਦੀ ਹੈ। ਇਸ ਲਈ ਸਭ ਤੋਂ ਪਹਿਲਾਂ ਇਹ ਸਮਝਣਾ
ਬਹੁਤ ਜ਼ਰੂਰੀ ਹੈ ਕਿ ਅਸੀਂ ਹਰ ਘਟਨਾ ਦਾ ਕਾਰਨ ਸਮਝਣ ਦੀ ਕੋਸ਼ਿਸ਼ ਕਰੀਏ ਤੇ ਉਸ ਨੂੰ ਉਸੇ ਥਾਂ ਤੇ
ਲੱਭੀਏ ਜਿਥੇ ਉਹ ਮੋਜੂਦ ਹੋਵੇ। ਬਹੁਤ ਈਮਾਨਦਾਰੀ ਨਾਲ ਉਸ ਬਾਰੇ ਆਪਣੀ ਜਾਂ ਕਿਸੇ ਦੂਜੇ ਦੀ
ਜ਼ਿੰਮੇਵਾਰੀ ਆਇਦ ਕਰੀਏ। ਗਲਤੀ ਹੋਣ ਦੀ ਸੂਰਤ ਵਿੱਚ ਉਸ ਬਾਰੇ ਕਿਸੇ ਦੈਵੀ ਸ਼ਕਤੀ ਦੀ ਪ੍ਰੇਰਨਾ ਜਾਂ
ਉਸ ਦਾ ਉਪਾਅ ਨਾ ਕਰੀਏ ਸਗੋਂ ਉਸ ਬਾਰੇ ਸੁਚੇਤ ਤੌਰ ਤੇ ਆਪਣੀ ਗਲਤੀ ਮੰਨੀਏ ਤੇ ਫਿਰ ਉਸ ਨੂੰ ਮੁੜ
ਵਾਪਰਨ ਤੋਂ ਰੋਕੀਏ।
ਜਿਹੜਾ ਵੀ ਵਿਅਕਤੀ
ਜਾਂ ਬਾਬਾ ਸਾਨੂੰ ਸਾਡੇ ਦੋਸ਼ ਤੋਂ ਮੁਕਤੀ ਦੇ ਕੇ ਸਾਡੀ ਗ਼ਲਤੀ ਦਾ ਦੋਸ ਕਿਸੇ ਹੋਰ ਕਾਰਨ ਉਪਰ
ਰੱਖਦਾ ਹੈ ਉਹ ਸਾਨੂੰ ਚੰਗਾ ਲਗਦਾ ਹੈ। ਸਾਨੂੰ ਉਸ ਦੀ ਭਾਲ ਰਹਿੰਦੀ ਹੈ ਤੇ ਸਾਨੂੰ ਉਸ ਵਲੋਂ ਦੱਸੇ
ਗਏ ਸਾਰੇ ਉਪਾਅ ਬੜੇ ਕਾਰਗਰ ਲੱਗਦੇ ਹਨ। ਫਿਰ ਚਾਹੇ ਉਹ ਨਿਰਮਲ ਬਾਬਾ ਹੋਵੇ, ਸਾਂਈ ਬਾਬਾ ਹੋਵੇ,
ਬਾਪੂ ਆਸਾ ਰਾਮ ਹੋਵੇ, ਕਿਸੇ ਗੁਰਦੁਆਰੇ ਦਾ ਭਾਈ ਹੋਵੇ, ਸੰਤ ਹੋਵੇ, ਕਿਸੇ ਡੇਰੇ ਦਾ ਬਾਬਾ ਹੋਵੇ,
ਕੋਈ ਕਥਾ ਵਾਚਕ ਹੋਵੇ, ਕੋਈ ਵੀ ਹੋਵੇ, ਪਰ ਜੇ ਉਹ ਗੱਲਾਂ ਵਿੱਚ ਸਾਨੂੰ ਤਸੱਲੀ ਦੇ ਸਕਦਾ ਹੋਵੇ
ਤਾਂ ਅਸੀਂ ਉਸੇ ਦੇ ਪੈਰੋਕਾਰ ਬਣ ਜਾਂਦੇ ਹਾਂ ਤੇ ਮਾਇਆ ਦੀ ਫਿਰ ਕੋਈ ਗੱਲ ਨਹੀਂ ਜਿੰਨੀ ਚਾਹੋ ਢੇਰ
ਲਾ ਦਿੰਦੇ ਹਾਂ।
ਪਾਠ ਕਰਵਾ ਲਓ,
ਹਵਨ ਕਰਵਾ ਲਵੋ, ਧਾਗਾ ਪਾ ਲਵੋ, ਸੁੱਖਣਾ ਸੁਖ ਦਿਓ, ਗੋਲਕ ਵਿੱਚ ਪੈਸੇ ਪਾ ਦਿਓ, ਦਾਨ ਕਰ ਦਿਓ,
ਪ੍ਰਸ਼ਾਦ ਚੜ੍ਹਾ ਦਿਓ, ਸੱਭ ਠੀਕ ਹੈ ਤੇ ਸਭ ਠੀਕ ਵੀ ਹੋ ਜਾਂਦਾ ਹੈ। ਗ਼ਲਤੀ ਜਿਵੇਂ ਜਿਵੇਂ ਦੂਰ ਹੁੰਦੀ
ਜਾਂਦੀ ਹੈ ਜਾਂ ਜਿਵੇਂ ਜਿਵੇਂ ਅਸੀਂ ਉਸ ਗਲਤੀ ਤੋਂ ਦੂਰ ਹੋ ਜਾਂਦੇ ਹਾਂ ਉਸ ਨੂੰ ਭੁੱਲਣ ਲਗਦੇ
ਹਾਂ ਤੇ ਅਸੀਂ ਸਮਝਦੇ ਹਾਂ ਕਿ ਕ੍ਰਿਪਾ ਆਉਣੀ ਸ਼ੁਰੂ ਹੋ ਗਈ ਹੈ। ਵੈਸੇ ਵੀ ਵਿਗਿਆਨ ਦਾ ਇਕ ਨਿਯਮ
ਹੈ ਜਿਸ ਅਨੁਸਾਰ ਜੇ ਕੋਈ ਪੁੱਤਰ ਦੀ ਦਾਤ ਲੈਣ ਜਾਵੇ ਤੇ ਅਜਿਹੇ 10 ਕੇਸਾਂ ਵਿੱਚ ਪੰਜ ਜਾਂ ਚਾਰ
ਮਾਂਵਾਂ ਨੂੰ ਪੁੱਤਰ ਹੀ ਜੰਮਦੇ ਹਨ। ਜਿਹਨਾਂ ਦੇ ਪੁੱਤਰ ਜੰਮ ਪਏ ਉਹ ਬਾਬੇ ਦੇ ਸ਼ਰਧਾਲੂ ਪੱਕੇ ਤੇ
ਬਾਕੀ ਵੀ ਇਸ ਦਾ ਦੋਸ਼ ਬਾਬੇ ਦੇ ਤੰਤਰ ਮੰਤਰ ਦੀ
ਬਜਾਏ ਕਿਸੇ ਹੋਰ ਦੈਵੀ ਸ਼ਕਤੀ ਦੇ ਪ੍ਰਕੋਪ ਨੂੰ ਮੰਨ ਲੈਂਦੇ ਹਨ ਤੇ ਕ੍ਰਿਪਾ ਦਾ ਕਾਰੋਬਾਰ ਚਲ
ਨਿਕਲਦਾ ਹੈ।
ਇਕ ਹੋਰ ਥਾਂ
ਮੈਨੂੰ ਇਕ ਦੁਕਾਨਦਾਰ ਮੁੰਡੇ ਨੂੰ ਕਹਿਣਾ ਪਿਆ ਜਦੋਂ ਉਹ ਕੜਾ ਵੇਚਣ ਲਈ ਇਹ ਕਹਿ ਰਿਹਾ ਸੀ ਕਿ ਕੜਾ
ਪਾ ਲਵੋ ਤੇ ਡਰ ਨਹੀਂ ਲਗਦਾ, ਮੈਂ ਉਸ ਨੂੰ ਕਿਹਾ ਕਿ ਪੁੱਤਰ ਕੀ ਤੁੰ ਜਾਣਦਾ ਹੈਂ ਕਿ ਡਰ ਕਿਉਂ
ਲਗਦਾ ਹੈ? ਉਸ ਕੋਲ ਇਸ ਦਾ ਕੋਈ ਜਵਾਬ ਨਹੀਂ ਸੀ। ਇਹ ਸਾਰੇ ਮਾਨਸਕ ਪਹਿਲੂ ਹਨ ਤੇ ਮਨੋ ਵਿਗਿਆਨ ਦੀ
ਜੱਦ ਵਿੱਚ ਆਉਂਦੇ ਹਨ। ਮਨੋ ਵਿਗਿਆਨੀ ਜਾਣਦੇ ਹਨ ਕਿ ਡਰ ਤੋਂ ਛੁਟਕਾਰਾ ਕਿਵੇਂ ਪਾਇਆ ਜਾ ਸਕਦਾ
ਹੈ। ਸੁਪਨੇ ਕਿਉਂ ਆਉਂਦੇ ਹਨ ਤੇ ਉਹਨਾਂ ਨੂੰ ਕਿਵੇਂ ਸਮਝਿਆ ਜਾ ਸਕਦਾ ਹੈ, ਇਸ ਬਾਰੇ ਮਨੋ ਵਿਗਿਆਨ
ਦੀ ਇਕ ਵੱਖਰੀ ਤੇ ਪੂਰੀ ਸ਼ਾਖਾ ਹੈ।
ਜੇ ਮੈਨੂੰ ਕੋਈ
ਪੁੱਛੇ ਤਾਂ ਮੈਂ ਬਾ-ਦਲੀਲ ਉਸ ਨੂੰ ਗੁਰੂ ਨਾਨਕ ਦੇਵ ਜੀ ਦੀ ਵਿਚਾਰਧਾਰਾ ਦਾ ਹਵਾਲਾ ਦੇ ਸਕਦਾ ਹਾਂ
ਜਿਸ ਵਿੱਚ ਵਿਗਿਆਨ ਦੇ cause and effect ਦੇ ਵਰਤਾਰੇ ਦਾ ਉਲੇਖ ਕੀਤਾ
ਗਿਆ ਹੈ। ਗੁਰਬਾਣੀ ਵਿੱਚ ਇਸ ਨੂੰ ਹੋਣੀ ਕਿਹਾ ਗਿਆ ਹੈ। ਹੋਣੀ ਤੋਂ ਭਾਵ ਉਹ ਵਰਤਾਰਾ ਜੋ ਕਿਸੇ
ਕਾਰਨ ਤੋਂ ਵਾਪਰਦਾ ਹੈ, ਜਿਸ ਦਾ ਕੋਈ ਨਾ ਕੋਈ ਕਾਰਨ ਹੁੰਦਾ ਹੈ। ਜੇਹਾ ਬੀਜੇ ਤੇਹਾ ਵੱਢਣਾ ਦਾ
ਸਿਧਾਂਤ ਪ੍ਰਮੁੱਖ ਹੈ ਤੇ ਇਸ ਹੋਣੀ ਤੋਂ ਬਚ ਸਕਣਾ ਨਾਮੁਮਕਿਨ ਹੈ। ਅਗਰ ਇਸੇ ਸਮਝ ਨੂੰ ਅਸੀਂ ਆਪਣੀ
ਸੋਚ ਦਾ ਅਧਾਰ ਬਣਾਈਏ ਤਾਂ ਸਮਝ ਪੈਂਦੀ ਹੈ ਕਿ ਆਪਣੀ ਹੋਣੀ ਹਰ ਮਨੁੱਖ ਆਪ ਘੜਦਾ ਹੈ। ਉਹ ਇਸ ਦਾ
ਮਾਲਕ ਹੈ, ਇਸ ਦਾ ਕਾਰਨ ਵੀ ਉਸ ਨੇ ਆਪ ਹੀ ਰਖਿਆ ਹੁੰਦਾ ਹੈ ਕਿਤੇ ਨਾ ਕਿਤੇ। ਗੁਰਬਾਣੀ ਉਸ ਨੂੰ
ਸਮਝਣ ਦਾ ਆਦੇਸ਼ ਦਿੰਦੀ ਹੈ ਪਰ ਨਾਲ ਹੀ ਇਸ ਗੱਲ ਦੀ ਸਲਾਹ ਵੀ ਦਿੰਦੀ ਹੈ ਕਿ ਕੁਝ ਵੀ ਕਰਨ ਤੋਂ
ਪਹਿਲਾਂ ਉਸ ਦੇ ਸਿੱਟੇ ਨੂੰ ਸਮਝ ਲੈਣਾ ਜ਼ਰੂਰੀ ਹੈ। ਜੇ ਤੁਸੀਂ ਉਸ ਦੇ ਸਿੱਟੇ ਨੂੰ ਭੁਗਤਣ ਲਈ ਤਿਆਰ
ਹੋ ਤਾਂ ਠੀਕ ਨਹੀਂ ਤਾਂ ਆਪਣੀ ਕਾਰਜ ਸ਼ੈਲੀ ਨੂੰ ਬਦਲੋ ਤੇ ਇਸ ਨੂੰ ਕੁਦਰਤ ਦੀ ਨਿਯਮਾਂ ਅਨੁਸਾਰ
ਢਾਲਣ ਦੀ ਕੋਸ਼ਿਸ਼ ਕਰੋ। ਇਸ ਵਿੱਚ ਹੀ ਸਰਬਤ ਦਾ ਭਲਾ ਹੈ। ਜੇ ਇਸ ਵਰਤਾਰੇ ਦੀ ਸਮਝ ਆ ਜਾਵੇ ਤਾਂ
ਕਿਸੇ ਵੀ ਹੋਰ ਉਪਾਅ, ਕ੍ਰਿਪਾ ਦੀ ਲੋੜ ਨਹੀਂ ਹੈ।
ਸੋ ਜਾਣਕਾਰੀ ਦੇ
ਯੁਗ ਵਿੱਚ ਜਾਣਕਾਰੀ ਤੋਂ ਹੀ ਕੰਮ ਲੈਣਾ ਚਾਹੀਦਾ ਹੈ ਤੇ ਇਸ ਨੂੰ ਆਪਣੇ ਗਿਆਨ ਦਾ ਅਧਾਰ ਬਣਾ ਕੇ ਆਪਣੀ
ਜ਼ਿੰਦਗੀ ਨੂੰ ਉਸਾਰੂ ਤਰੀਕੇ ਨਾਲ ਵਿਉਂਤਬੱਧ ਕਰਨ ਵਿੱਚ ਲਾਉਣਾ ਚਾਹੀਦਾ ਹੈ। ਜੇ ਤੁਸੀਂ ਚੰਗੀ
ਸੁਚਾਰੂ ਤੇ ਸਾਰਥਕ ਜੀਵਨ ਜਾਚ ਨੂੰ ਅਪਣਾਉਂਦੇ ਹੋ ਤਾਂ ਤੁਹਾਡੇ ਉਪਰ ਜ਼ਿੰਦਗੀ ਦੀ ਕ੍ਰਿਪਾ ਸਦਾ
ਬਣੀ ਰਹੇਗੀ। ਕਿਉਂ ਕਿ ਸੁਚਾਰੂ ਰੂਪ ਵਿੱਚ ਤੁਸੀਂ ਆਪਣੇ ਹਰ ਕਾਰਜ ਪ੍ਰਤੀ ਜਾਗਰੂਕ ਹੋਵੋਗੇ ਤੇ ਉਸ
ਨੂੰ ਸਹੀ ਤਰੀਕੇ ਨਾਲ ਨਿਭਾਉਗੇ। ਅਜਿਹਾ ਕਰਦੇ ਵੇਲੇ ਤੁਸੀਂ ਲਾਜ਼ਮੀ ਸਹੀ ਤਰ੍ਹਾਂ ਦੇ ਸਾਥੀ
ਚੁਣੋਗੇ ਜਿਸ ਨਾਲ ਤੁਸੀਂ ਆਪ ਤੇ ਤੁਹਾਡੇ ਸਾਥੀ ਆਪਣੇ ਜਾਇਜ਼ ਮਕਸਦ ਦੀ ਪ੍ਰਾਪਤੀ ਕਰ ਸਕਣ। ਸੁਚਾਰੂ
ਜ਼ਿੰਦਗੀ ਦਾ ਫਲ ਬਹੁਤ ਭਰਪੂਰ ਹੋਵੇਗਾ, ਤੇ ਉਸ ਦੀ ਕ੍ਰਿਪਾ ਤੁਹਾਨੂੰ ਖੁਸ਼ਹਾਲ ਬਣਾਵੇਗੀ। ਮੈਂ
ਆਪਣੇ ਮਕਸਦ ਵਿੱਚ ਕਿੰਨਾ ਕਾਮਯਾਬ ਹਾਂ ਇਸ ਵਾਸਤੇ ਮੈਂ ਕੁਝ ਲੋਕ ਸਿਆਣਪਾਂ ਦਾ ਹਵਾਲਾ ਦੇਣਾ
ਚਾਹਾਂਗਾ-
1. ਉੱਦਮ ਅੱਗੇ ਲੱਛਮੀ ਪੱਖੇ ਅੱਗੇ ਪੌਣ
2. ਜਾਗਦਿਆਂ ਦੀਆਂ ਕੱਟੀਆਂ ਸੁੱਤਿਆਂ ਦੇ ਕੱਟੇ
3. ਆਪੇ ਫਾਥੜੀਏ ਤੈਨੂੰ ਕੌਣ ਛਡਾਵੇ
4. ਜੇਹਾ ਬੀਜੇ ਤੇਹਾ ਖਾਏ।
5. ਜਿੱਥੇ ਚਾਹ ਉੱਥੇ ਰਾਹ
No comments:
Post a Comment