Wednesday, July 27, 2011

ਇਕ ਪੱਖ ਇਹ ਵੀ....


ਆਪਣੇ ਨਾਟਕ ਪਿਆਸਾ ਕਾਂ ਵਿਚ ਪਾਲੀ ਭੁਪਿੰਦਰ ਮੁਖ ਪਾਤਰ ਦੇ ਮੂੰਹੋਂ ਅਖਵਾਉਂਦਾ ਹੈ-
-          ਹਾਲੇ ਹਲਵਾਈਆਂ ਖੋਹਲੀ ਹੈ, ਫੇਰ ਕਸਾਈ ਖੋਹਲਣਗੇ।
ਇਹ ਵਾਰਤਾਲਾਪ ਭਾਰਤ ਵਿੱਚ ਨਿਜੀ ਯੂਨਿਵਰਸਿਟੀਆਂ ਦੇ ਚਲਨ ਦਾ ਮਜ਼ਾਕ ਉਡਾਉਂਦਾ ਹੈ ਤੇ ਪੰਜਾਬ ਦੀ ਪਲੇਠੀ ਨਿਜੀ ਯੂਨਿਵਰਸਿਟੀ ਲਵਲੀ ਪ੍ਰੋਫੈਸ਼ਨਲ ਯੂਨਿਵਸਿਟੀ ਨੂੰ ਇਸ ਲਈ ਨਿਸ਼ਾਨ ਬਣਾਉਂਦਾ ਹੈ ਕਿਉਂ ਕਿ ਇਸ ਦੇ ਮਾਲਕ ਦਾ ਸਬੰਧ ਜਲੰਧਰ ਦੇ ਸੁਪ੍ਰਸਿਧ ਮਿਠਾਈ ਵਿਕਰੇਤਾ ਲਵਲੀ ਸਵੀਟਸ ਨਾਲ ਹੈ।

ਇਸ ਡਾਇਲਾਗ ਨੂੰ ਸੁਣ ਕੇ ਸਰੋਤੇ ਤਾੜੀਆਂ ਮਾਰਦੇ ਹਨ। ਸ਼ਾਇਦ ਉਹਨਾਂ ਨੂੰ ਇਹ ਗੱਲ ਚੰਗੀ ਲੱਗਦੀ ਹੈ। ਨਾਟਕ ਪਿਆਸਾ ਕਾਂ ਭਾਰਤੀ ਸਿਖਿਆ ਪ੍ਰਣਾਲੀ ਉਪਰ ਇਕ ਤਿਖਾ ਕਟਾਖਸ ਹੋ ਨਿਬੜਦਾ ਹੈ। ਹੋ ਸਕਦਾ ਹੈ ਕਿ ਨਾਟਕਾਰ ਦਾ ਅਨੁਭਵ ਬਹੁਤ ਤੀਖਣ ਹੋਵੇ ਪਰ ਹਰ ਗੱਲ ਵਿੱਚ ਉਸ ਦਾ ਅਨੁਭਵ ਇਕ ਸਟੇਟਮੈਂਟ ਨਹੀਂ ਬਣ ਸਕਦਾ ਤੇ ਨਾ ਹੀ ਅਜਿਹਾ ਬਣਾਉਣਾ ਚਾਹੀਦਾ ਹੈ। ਆਪਣੇ ਹੱਥਲੇ ਲੇਖ ਵਿੱਚ ਮੈਂ ਕੁਝ ਤੱਥ ਸਾਹਮਣੇ ਰਖਾਂਗਾ ਤਾਂ ਜੋ ਸਾਰੀ ਗੱਲ ਨੂੰ ਕਿਸੇ ਹੋਰ ਨਜ਼ਰੀਏ ਤੋਂ ਵੀ ਪਰਖਿਆ ਜਾ ਸਕੇ।

ਪਹਿਲੀ ਗੱਲ ਕਿਸੇ ਵੀ ਵਿਅਕਤੀ ਦੇ ਨਿੱਜੀ ਕਾਰੋਬਾਰ ਜਾਂ ਉਸ ਦੀ ਵਿਅਕਤੀਗਤ ਜ਼ਿੰਦਗੀ ਉਪਰ ਉਂਗਲ ਉਠਾਉਣਾ ਹੈ। ਕੀ ਕੋਈ ਹਲਵਾਈ ਸਿਖਿਆ ਬਾਰੇ ਨਹੀਂ ਸੋਚ ਸਕਦਾ? ਕੀ ਕਿਸੇ ਤਰਖਾਣ ਜਾਂ ਲੁਹਾਰ ਨੂੰ ਵਿਦਿਆ ਬਾਰੇ ਗੱਲ ਕਰਨ ਦਾ ਕੋਈ ਹੱਕ ਨਹੀਂ? ਇਹ ਜਾਗੀਰਦਾਰੂ ਸੋਚ ਹੈ। ਜਾਗੀਰਦਾਰੀ ਸਮਾਜ ਵਿੱਚ ਅਜਿਹਾ ਹੁੰਦਾ ਆਇਆ ਹੈ ਕਿ ਰਾਜੇ ਦਾ ਪੁਤਰ ਰਾਜਾ, ਨੰਬਰਦਾਰ ਦਾ ਪੁਤਰ ਨੰਬਰਦਾਰ, ਜਾਗੀਰਦਾਰ ਦਾ ਪੁਤਰ ਜਾਗੀਰਦਾਰ (ਅੰਗਰੇਜ਼ੀ ਰਾਜ ਵਿੱਚ ਇਸ ਤਰਹਾਂ ਦੀਆਂ ਕਈ ਮਿਸਾਲਾਂ ਮਿਲ ਜਾਂਦੀਆਂ ਹਨ।)  ਹੋਇਆ ਕਰਦਾ ਸੀ। ਇਸ ਲਈ ਕਿਸੇ ਹੋਰ ਨੂੰ ਅੱਗੇ ਨਾ ਆਉਣ ਦੇਣਾ ਉਹਨਾਂ ਦਾ ਮਕਸਦ ਹੋਇਆ ਕਰਦਾ ਸੀ। ਪਰ ਲੋਕ ਤੰਤਰ ਹਰ ਇਕ ਮਨੁੱਖ ਨੂੰ ਆਪਣੀ ਸੋਚ ਬਦਲਣ ਤੇ ਆਪਣਾ ਕਾਰੋਬਾਰ ਬਦਲਣ ਦੀ ਖੁਲ੍ਹ ਦਿੰਦਾ ਹੈ। ਜੇਕਰ ਹਲਵਾਈ ਜਾਂ ਕਸਾਈ ਵਿਦਿਆ ਦੇ ਖੇਤਰ ਵਿੱਚ ਚੰਗਾ ਕੰਮ ਕਰਨ ਦੀ ਯੋਗਤਾ ਰੱਖਦਾ ਹੈ ਤਾਂ ਉਸ ਨੂੰ ਅੱਗੇ ਆਉਣ ਦੇਣਾ ਚਾਹੀਦਾ ਹੈ।

ਦੂਸਰੀ ਗੱਲ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਬਾਰੇ ਹੈ। ਇਸ ਨੂੰ ਸਥਾਪਤ ਕਰਨ ਵਾਲੇ ਅਸ਼ੋਕ ਮਿਤਲ ਇਕ ਪੜ੍ਹੇ ਲਿਖੇ ਕਾਨੂੰਨ ਦੇ ਖੇਤਰ ਵਿੱਚ ਸਨਾਤਕ ਹਨ। ਉਹਨਾਂ ਨੇ ਇਸ ਵਿਸ਼ਵ ਵਿਦਿਆਲੇ ਦਾ ਜਿਹੜਾ ਖਾਕਾ ਉਲੀਕਿਆ ਜਿਸ ਉਪਰ ਅੱਜ ਇਹ ਯੂਨੀਵਰਸਿਟੀ ਕੰਮ ਕਰ ਰਹੀ ਹੈ ਉਹ ਪੰਜਾਬ ਦੀਆਂ ਹੀ ਨਹੀਂ ਸਗੋਂ ਪੂਰੇ ਦੇਸ਼ ਦੀਆਂ ਦੂਜਿਆਂ ਯੂਨੀਵਰਸਿਟੀਆਂ ਨਾਲੋਂ ਵਖਰਾ ਹੈ। ਇਸ ਬਾਰੇ ਮੇਰਾ ਨਜ਼ਰੀਆ ਵੀ ਸ਼ਾਇਦ ਪਾਲੀ ਭੂਪਿੰਦਰ ਵਾਲਾ ਰਹਿੰਦਾ ਪਰ ਮੇਰੇ ਨਿੱਜੀ ਅਨੁਭਵ ਨੇ ਤੇ ਮੇਰੇ ਨਿਜੀ ਅਧਿਅਨ ਨੇ ਮੇਰਾ ਇਹ ਭਰਮ ਤੌੜ ਦਿਤਾ।

ਇਹ ਗੱਲ ਸਰਬ ਪ੍ਰਵਾਨਤ ਹੈ ਕਿ ਕੋਈ ਚਾਹੇ ਕਿੰਨਾ ਵੀ ਪੜ੍ਹਿਆ ਲਿਖਿਆ ਤੇ ਮਹਾਨ ਕਿਉਂ ਨਾ ਹੋਵੇ ਜੇ ਉਹ ਆਪਣੇ ਆਪ ਨੂੰ ਸਹੀ ਤਰੀਕੇ ਨਾਲ ਦੂਜਿਆਂ ਸਾਹਮਣੇ ਪੇਸ਼ ਨਹੀਂ ਕਰ ਸਕਦਾ ਉਸ ਦੀ ਸਾਰੀ ਪੜ੍ਹਾਈ ਲਿਖਾਈ ਬੇਕਾਰ ਸਾਬਤ ਹੁੰਦੀ ਹੈ। ਇਸ ਵਾਸਤੇ ਲੋੜ ਪੈਂਦੀ ਹੈ ਕੁਝ ਅਜਿਹੇ ਹੁਨਰ ਦੀ ਜਿਸ ਨਾਲ ਕਿਸੇ ਵੀ ਵਿਅਕਤੀ ਦੀ ਭਾਸ਼ਾ ਬੋਲਣ ਤੇ ਸੁਣਨ, ਪੜ੍ਹਣ ਸਮਝਣ ਤੇ ਲਿਖਣ ਦੀ ਕਲਾ ਦੀ ਲੋੜ ਪੈਂਦੀ ਹੈ। ਇਸ ਨੂੰ ਅੰਗਰੇਜ਼ੀ ਵਿੱਚ ਕਮਿਊਨੀਕੇਸ਼ਨ ਸਕਿਲ ਕਿਹਾ ਜਾਂਦਾ ਹੈ। ਦੁਨੀਆਂ ਦੇ ਵਿਕਸਤ ਦੇਸ਼ਾਂ ਵਿੱਚ ਇਸ ਉਪਰ ਪੂਰਾ ਕੰਮ ਕੀਤਾ ਜਾ ਰਿਹਾ ਹੈ। ਵੈਸੇ ਤਾਂ ਇਕ ਕਲਾ ਹਰ ਭਾਸ਼ਾ ਵਿੱਚ ਆਉਣੀ ਚਾਹੀਦੀ ਹੈ ਪਰ ਇਸ ਦਾ ਬਹੁਤਾ ਰੁਝਾਣ ਤੇ ਧਿਆਨ ਅੰਗਰੇਜ਼ੀ ਭਾਸ਼ਾ ਉਪਰ ਅਬੂਰ ਹਾਸਲ ਕਰਨ ਵੱਲ ਹੀ ਲੱਗਾ ਹੋਇਆ ਹੈ। ਦੁਨੀਆ ਦੇ ਸਾਰੇ ਸਿਖਿਆ ਸ਼ਾਸਤਰੀ ਤੇ ਕਿਤਾ ਮੁਖੀ ਸਿਖਿਆ ਨਾਲ ਜੁੜੇ ਵਿਗਿਆਨੀ ਇਸ ਨੂੰ ਇਕ ਲਾਜ਼ਮੀ ਵਿਸ਼ੇ ਵਜੋਂ ਸ਼ੁਰੂ ਕਰਨ ਦੀ ਤੇ ਇਸ ਦੀ ਬਾਕਾਇਦਾ ਪੜ੍ਹਾਈ ਕਰਨ ਉਪਰ ਜੋਰ ਦਿੰਦੇ ਆ ਰਹੇ ਹਨ। ਹੋਰ ਕਿਸੇ ਵੀ ਵਿਸ਼ਵ ਵਿਦਿਆਲੇ ਵਿੱਚ ਇਸ ਨੂੰ ਪ੍ਰਵਾਨ ਨਹੀਂ ਕੀਤਾ ਗਿਆ ਜਦੋਂ ਕਿ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਨੇ ਇਸ ਨੂੰ ਹਰ ਜਮਾਤ ਵਿੱਚ ਲਾਜ਼ਮੀ ਕੀਤਾ ਹੋਇਆ ਹੈ। ਵਿਦਿਆਰਥੀ ਚਾਹੇ ਐਮ ਬੀ ਏ ਦਾ ਹੋਵੇ, ਜਾਂ ਬੀ ਟੈਕ ਦਾ, ਬੀ ਕਾਮ ਦਾ ਹੋਵੇ ਜਾਂ ਬੀ ਏ ਦਾ, ਜਾਂ ਐਮ ਏ ਅੰਗਰੇਜ਼ੀ ਦਾ, ਹਰ ਵਿਦਿਆਰਥੀ ਨੂੰ ਇਸ ਵਿਸ਼ੇ ਵਿੱਚ ਹਰ ਸਾਲ ਬਾਕਾਇਦਾ ਪੜ੍ਹਨਾ ਪੈਂਦਾ ਹੈ ਤੇ ਇਸ ਨੂੰ ਪਾਸ ਕਰਨਾ ਪੈਂਦਾ ਹੈ। ਅਸ਼ੋਕ ਮਿਤਲ ਜੀ ਨੇ ਇਸ ਬਾਰੇ ਪੂਰੀ ਗੰਭੀਰਤਾ ਨਾਲ ਸੋਚਿਆ ਤੇ ਇਸ ਨੂੰ ਅਮਲੀ ਜਾਮਾ ਪਹਿਨਾਇਆ ਇਸ ਲਈ ਉਹ ਦਾਦ ਦੇ ਹੱਕਦਾਰ ਹਨ। ਜਦੋਂ ਕਿ ਬਾਕੀ ਯੂਨੀਵਰਸਿਟੀਆਂ ਵੀ ਤਾਂ ਮੋਜੂਦ ਹਨ ਜਿਹਨਾਂ ਵਿੱਚ ਸਾਡਾ ਬਹੁਤਾ ਬੁੱਧੀ ਜੀਵੀ ਮੱਲ ਮਾਰ ਕੇ ਬੈਠਾ ਹੈ ਉਹ ਇਸ ਬਾਰੇ ਨਾ ਤਾਂ ਸੰਜੀਦਾ ਹੈ ਨਾ ਉਸ ਨੇ ਕਦੇ ਪੂਰੀ ਜਿੰਮੇਵਾਰੀ ਤੇ ਸੰਜੀਦਗੀ ਨਾਲ ਸੋਚਣ ਦੀ ਕੋਸ਼ਿਸ਼ ਕੀਤੀ ਹੈ। ਅਸੀਂ ਉਹਨਾਂ ਨੂੰ ਮਜ਼ਾਕ ਦਾ ਪਾਤਰ ਕਿਉਂ ਨਹੀਂ ਬਣਾਉਂਦੇ, ਇਹ ਸੋਚਣ ਵਾਲੀ ਗੱਲ ਹੈ। ਜਦੋਂ ਕਿ ਵਿਦਿਆਰਥੀਆਂ ਦੀ ਭਲਾਈ ਉਦੋਂ ਹੀ ਹੁੰਦੀ ਹੈ ਜਦੋਂ ਪਾਠ ਕ੍ਰਮ ਵਿੱਚ ਹਰ ਸਾਲ ਬਣਦੀ ਤਬਦੀਲੀ ਕੀਤੀ ਜਾਵੇ ਤੇ ਉਸ ਨੂੰ ਪੁਰੀ ਤਰ੍ਹਾਂ ਸਾਰਥਕ ਤੇ ਸਹੀ ਹਾਲਤ ਵਿੱਚ ਰਖਿਆ ਜਾਵੇ। ਸੋ ਮੈਂ ਇਸ ਵਾਸਤੇ ਲਵਲੀ ਪ੍ਰੌਫੈਸ਼ਨਲ ਯੂਨੀਵਰਸਿਟੀ ਨੂੰ ਪੰਜਾਬ ਦੀ ਹੀ ਨਹੀਂ ਸਗੋਂ ਆਲੇ ਦੁਆਲੇ ਦੀ ਵਧੀਆ ਯੂਨੀਵਰਸਿਟੀ ਮੰਨਦਾ ਹਾਂ। ਇਸ ਦਾ ਸਬੰਧ ਚਾਹੇ ਕਿਸੇ ਨਾਲ ਵੀ ਹੋਵੇ, ਪਰ ਕਿਉਂ ਕਿ ਇਹ ਚੰਗਾ ਕੰਮ ਕਰ ਰਹੀ ਹੈ ਵਿਦਿਆ ਦੇ ਕਾਫ਼ਲੇ ਨੂੰ ਅੱਗੇ ਵਧਾ ਰਹੀ ਹੈ ਇਸ ਲਈ ਇਹ ਵਧਾਈ ਦੀ ਹੱਕਦਾਰ ਹੈ।

ਅੱਜ ਵਿਦਿਆ ਦੇ ਖੇਤਰ ਵਿੱਚ ਹੰਭਲਾ ਮਾਰਨ ਦੀ ਲੋੜ ਹੈ। ਰਵਾਇਤ ਨਾਲੋਂ ਹਟ ਕੇ ਕੁਝ ਨਵਾਂ ਕੀਤੇ ਜਾਣੀ ਲੋੜ ਹੈ।

No comments:

Post a Comment