Wednesday, June 25, 2014

ਦੋ ਗੀਤ

ਇੱਕ



ਜਾਂਦੀ ਜਾਂਦੀ ਸ਼ਾਮ ਜਦ
ਨ੍ਹੇਰੇ ਚ ਸਮਾਉਣ ਲੱਗੀ।
ਤੇਰੀ ਯਾਦ ਆਉਣ ਲਗੀ।
ਦਿਲਾਂ ਦੀਆਂ ਬਾਰੀਆਂ ਨੂੰ
ਆ ਕੇ ਖੜਕਾਉਣ ਲੱਗੀ
ਬੰਦ ਬੂਹੇ ਖੋਲ੍ਹ ਕੇ ਹਵਾ
ਦਾ ਜਿਵੇਂ ਆਉਣ ਹੋਵੇ
ਦੀਵਿਆਂ ਦੇ ਲੋਅ ਵਾਂਗ
ਦਿਲ ਚ
ਸਮਾਉਣ ਲੱਗੀ
ਠੋਢੀ ਉਤੇ ਚੀਚੀ ਧਰ
ਮੇਰੇ ਵੱਲ ਦੇਖਦੀ ਰਹੀ
ਕਿੰਨੇ ਚਿਰ ਪਿਛੋਂ ਮੈਨੂੰ
ਇੰਜ ਸਮਝਾਉਣ ਲੱਗੀ।
ਮੋਹ ਦਿਆਂ ਪਾਣੀਆਂ ਨੂੰ
ਐਵੇਂ ਨਹੀਂ ਹਿਲਾਈਦਾ।
ਠਾਰੇ ਹੋਏ ਹੰਝੂਆਂ ਨੂੰ
ਜਾਗ ਨਹੀ ਲਗਾਈਦਾ
ਯਾਦਾਂ ਨੂੰ ਨਾ ਚੇਤਿਆ
ਦੇ ਵਿੱਚ ਕਦੇ ਆਉਣ ਦੇਈਏ
ਲੰਘੇ ਹੋਏ ਵੇਲੇ ਤੇ
ਨਹੀਂ ਐਵੇਂ ਪਛਤਾਈਦਾ।
ਯਾਦ ਦੀ ਪਟਾਰੀ ਨੂੰ ਵੀ
ਛੇੜੀਦਾ ਨਹੀਂ ਯਾਦ ਰੱਖੀ
ਗੁਜ਼ਰੇ ਜ਼ਮਾਨੇ ਨੂੰ ਵੀ
ਯਾਦ ਨਹੀਂ ਆਈਦਾ।
ਚੰਗਾ ਹੋਵੇ ਪੈਰਾਂ ਨੂੰ ਜੇ
ਬੋਚ ਬੋਚ ਧਰੀ ਜਾਈਏ
ਜਿੱਥੋਂ ਜਿੱਥੋਂ ਲੰਘੀ ਜਾਈਏ
ਰੌਲਾ ਨਹੀਂ ਪਾਈਦਾ।
ਮਿਤਰਾਂ ਦੇ ਪਿੰਡ ਵੱਲ ਝਾਤੀ ਨਹੀਂਓ ਮਾਰੀ ਜਾਂਦੀ
ਟੁੱਟੇ ਹੋਏ ਸਾਜ਼ ਨੂੰ ਵੀ ਐਵੇਂ ਹੀਂ ਵਜਾਈਦਾ
ਵੰਝਲੀ ਚ ਫੂਕ ਮਾਰ ਬੇਲਿਆਂ ਚ ਬੇਲੀਆ ਵੇ
ਲੰਘੇ ਹੋਏ ਵੇਲਿਆਂ ਦਾ ਰਾਗ ਨਹੀਂ ਸੁਣਾਈਦਾ।





ਦੋ


ਯਾਦ ਹੈ ਉਹ ਮੁਸਕਰਾਉਣਾ ਯਾਦ ਹੈ
ਯਾਦ ਹੈ ਤੇਰਾ ਬੁਲਾਉਣਾ ਯਾਦ ਹੈ
ਯਾਦ ਹੈ ਉਹ ਦਿਲ ਚ ਆਉਣਾ ਯਾਦ ਹੈ
ਯਾਦ ਹੈ ਸੁਪਨੇ ਚ ਆਉਣਾ ਯਾਦ ਹੈ
ਯਾਦ ਨੇ ਅੱਖਾਂ ਚ ਪਾ ਕੇ ਤੱਕਣਾ
ਯਾਦ ਹੈ ਅੱਖਾਂ ਦੇ ਸਾਹਵੇਂ ਰੱਖਣਾ
ਯਾਦ ਹੈ ਨਜ਼ਰਾਂ ਚ
ਘੁੱਟ ਲੈਣਾ ਤੇਰਾ
ਯਾਦ ਹੈ ਨਜ਼ਰਾਂ ਚ ਲੁੱਟ ਲੈਣਾ ਤੇਰਾ
ਯਾਦ ਹੈ ਫੁੱਲਾਂ ਚ ਤੇਰਾ ਮਹਿਕਣਾ
ਯਾਦ ਹੈ ਰੰਗਾਂ ਚ
ਤੇਰਾ ਟਹਿਕਣਾ
ਯਾਦ ਹੈ ਵੰਗਾਂ ਚ
ਤੇਰਾ ਛਣਕਣਾਂ
ਯਾਦ ਹੈ ਝਾਂਜਰ
ਚ ਤੇਰਾ ਧੜਕਣਾ
ਯਾਦ ਹੈ ਕਦਮਾਂ ਚ
ਤੇਰਾ ਮਟਕਣਾ
ਯਾਦ ਹੈ ਪੱਲੂ ਚ
ਮੇਰਾ ਅਟਕਣਾ
ਯਾਦ ਹੈ ਸੀਨੇ ਚ
ਦਿਲ ਦਾ ਧੜਕਣਾ
ਯਾਦ ਹੈ ਯਾਦਾਂ ਨੂੰ ਸੱਭ ਕੁਝ ਯਾਦ ਹੈ
ਯਾਦ ਹੈ ਉਹ ਨਿੱਕਾ ਨਿੱਕਾ ਹੱਸਣਾ
ਯਾਦ ਹੈ ਹਰ ਇਕ ਨੂੰ ਫਿੱਕਾ ਦੱਸਣਾ
ਯਾਦ ਹੈ ਪੈਰਾਂ ਨੂੰ ਛੋਹ ਲੈਣਾ ਤੇਰਾ
ਯਾਦ ਹੈ ਯਾਦਾਂ ਚ ਮੋਹ ਲੈਣਾ ਤੇਰਾ
ਯਾਦ ਹੈ ਮੋਢੇ ਤੇ ਲੱਗ ਜਾਣਾ ਤੇਰਾ
ਯਾਦ ਹੈ ਸੂਰਜ ਡੁਬੋ ਕੇ ਸ਼ਾਮ ਨੂੰ
ਯਾਦ ਹੈ ਅੰਬਰ ਚ ਤਾਰੇ ਰੱਖਣਾ
ਯਾਦ ਹੈ ਅਸਮਾਨ ਮੱਲ ਲੈਣਾ ਮੇਰਾ
ਯਾਦ ਹੈ ਅੰਬਰ ਚ ਤੇਰਾ ਖੇਡਣਾ
ਯਾਦ ਮੁੱਠੀ ਚ ਭਰ ਲੈਣਾ ਤੇਰਾ
ਯਾਦ ਹੈ ਉਹ ਤਾਰਿਆਂ ਦਾ ਝਾਕਣਾ
ਯਾਦ ਹੈ ਤੇਰੇ ਦੁਪੱਟੇ ਚੋਂ ਸਦਾ
ਯਾਦ ਹੈ ਠੰਢੀ ਹਵਾ ਦਾ ਰੁਮਕਣਾ
ਯਾਦ ਹੈ ਖਾਮੋਸ਼ ਰਹਿ ਕੇ ਬੋਲਣਾ
ਯਾਦ ਹੈ ਹਾਸੇ ਚ ਹੰਜੂ ਛਲਕਣਾ
ਯਾਦ ਹੈ ਉਹ ਰਸਤਿਆਂ ਦਾ ਫੈਸਲਾ
ਯਾਦ ਹੈ ਉਹ ਸੁਪਨਿਆਂ ਦਾ ਵਿਲਕਣਾ
ਯਾਦ ਹੈ ਮਜ਼ਬੂਰ ਹੋ ਜਾਣਾ ਤੇਰਾ
ਯਾਦ ਹੈ ਬੱਸ ਦੂਰ ਹੋ ਜਾਣਾ ਤੇਰਾ
ਯਾਦ ਹੈ ਤੇਰਾ ਉਹ ਮੈਨੂੰ ਫੈਸਲਾ
ਯਾਦ ਹੈ ਮੁੜ ਕੇ ਪਿਛੇ ਦੇਖਣਾ
ਯਾਦ ਹੈ ਨਾ ਪਰਤਣਾ ਨਾ ਸੋਚਣਾ
ਯਾਦ ਹੈ ਯਾਦਾਂ ਨੂੰ ਸਾਰਾ ਯਾਦਾ ਹੈ
ਯਾਦ ਹੈ ਇਹ ਹਾਦਸਾ ਵੀ ਯਾਦ ਹੈ
ਤੂੰ ਭੁਲਾਇਆ ਸੀ ਕਿਵੇਂ ਇਹ ਯਾਦ ਨਹੀਂ
ਮੈਂ ਕਿਵੇਂ ਇਸ ਨੂੰ ਹੰਢਾਇਆ ਯਾਦ ਹੈ
ਯਾਦ ਹੈ ਯਾਦਾਂ ਦੀਆਂ ਕੰਧਾਂ ਤੋਂ ਸੱਭ
ਮੈਂ ਕਿਵੇਂ ਇਸ ਨੂੰ ਮਿਟਾਇਆ ਯਾਦ ਹੈ।




No comments:

Post a Comment