Tuesday, December 24, 2013

ਸ਼ਬਦ ਗੁਰੂ

ਸ਼ਬਦ ਗੁਰੂ ਨਹੀਂ ਹੁੰਦਾ 
ਗੁਰੂ ਤਾਂ ਉਹ ਵਿਚਾਰ ਹੁੰਦਾ ਹੈ 
ਜੋ ਸ਼ਬਦਾਂ ਦੇ ਕੰਧਾੜੇ ਚੜ੍ਹ ਕੇ
ਸਾਡੇ ਮਨ ਵਿੱਚ
ਸਮਾਉਣ ਲਈ ਤਿਆਰ ਰਹਿੰਦਾ ਹੈ 
ਵਿਚਾਰ ਹੀ ਜ਼ਿੰਦਗੀ ਬਦਲਦੇ ਹਨ 
ਜਦੋਂ ਉਹ ਅਮਲ ਦਾ ਰੂਪ ਲੈਂਦੇ ਹਨ 
ਸ਼ਬਦਾਂ ਦਾ ਕੀ ਹੈ
ਇਹ ਤਾਂ ਅੱਖਰਾਂ ਦਾ ਜੋੜ ਹਨ 
ਅੱਖਰ ਜੋ ਭਾਸ਼ਾ ਤੋਂ ਆਉਂਦੇ ਹਨ 
ਤੇ ਭਾਸ਼ਾ ਬਦਲਣ ਨਾਲ 
ਅੱਖਰਾਂ ਦੀ ਪਛਾਣ ਵੀ ਬਦਲ ਜਾਂਦੀ ਹੈ 
ਓਪਰੇ ਅੱਖਰ 
ਓਪਰੀ ਭਾਸ਼ਾ 
ਓਪਰੇ ਸ਼ਬਦ 
ਫਿਰ ਸ਼ਬਦ ਗੁਰੂ ਕਿਵੇਂ ਹੋਇਆ? 
ਗੁਰੂ ਤਾਂ ਉਹ ਵਿਚਾਰ ਹੁੰਦਾ ਹੈ 
ਜੋ ਸਦਾ ਸਥਿਰ ਰਹਿਣ ਦੀ ਜਾਚ ਦਸਦਾ ਹੈ 
ਵਿਚਾਰ ਭਰੋਸਾ ਜਗਾਉਂਦਾ ਹੈ
ਵਿਚਾਰ ਹੀ ਵਿਸ਼ਵਾਸ ਦੀ ਨੀਂਹ ਬੰਨ੍ਹਦਾ ਹੈ 
ਵਿਚਾਰ ਹੀ ਸੋਚ ਦਾ ਧੁਰਾ ਬਣਦਾ ਹੈ
ਵਿਚਾਰ ਹੀ ਸੀ
ਜਿਸ ਨੇ ਨਾਨਕ ਨੂੰ ਗੁਰੂ ਬਣਾ ਦਿਤਾ 
ਵਿਚਾਰ ਹੀ ਸੀ
ਜਿਸ ਨੂੰ ਤੱਤੀ ਤਵੀ ਦੀ ਰੇਤ ਦਾ ਵੀ ਸੇਕ ਵੀ 
ਮਾਰ ਨਾ ਸਕਿਆ 
ਵਿਚਾਰ ਹੀ 
ਜਿਸ ਲਈ ਸੀਸ ਕੁਰਬਾਨ ਹੋ ਗਏ 
ਵਿਚਾਰ ਹੀ
ਜਿਸ ਨੇ ਅਨੰਦਪੁਰ ਦਾ ਕਿਲ੍ਹਾ ਉਸਾਰ ਦਿਤਾ 
ਵਿਚਾਰ ਹੀ ਜਿਸ ਨਾਲ
ਕੱਚੀ ਗੜ੍ਹੀ ਵੀ ਪੱਕੇ ਕਿਲੇ ਵਿੱਚ ਬਦਲ ਗਈ 
ਵਿਚਾਰ ਹੀ ਸੀ ਜਿਸ ਨੇ
ਨਿੱਕੀਆਂ ਜਿੰਦਾਂ ਨੂੰ 
ਵੱਡੇ ਸਾਕੇ ਦੇ ਸ਼ਹੀਦ ਬਣਾ ਦਿਤਾ 
ਵਿਚਾਰ ਹੀ 
ਜਿਸ ਨੇ ਮਾਧੋ ਦਾਸ ਤੋਂ
ਬੰਦਾ ਬਹਾਦਰ ਬਣਾ ਦਿਤਾ 
ਤੇ 
ਵਿਚਾਰ ਹੀ ਤਾਂ ਸੀ 
ਜਿਸ ਨੇ ਸਰਹੰਦ ਦੀਆਂ ਇੱਟਾਂ ਨੂੰ 
ਆਪੋ ਵਿੱਚ ਖੜਕਣ ਲਾ ਦਿਤਾ 
ਵਿਚਾਰ ਹੀ ਵਿਸ਼ਵਾਸ ਸੀ 
ਵਿਚਾਰ ਹੀ ਤਾਂ ਸੀ 
ਜਿਸ ਨੇ 
ਘੋੜਿਆਂ ਦੀਆਂ ਕਾਠੀਆਂ ਨੂੰ ਘਰ ਬਣਾ ਦਿਤਾ। 
ਸ਼ਬਦ ਸਿਰਫ ਵਿਚਾਰ ਨੂੰ ਪੇਸ਼ ਕਰਦੇ ਹਨ 
ਜਾਣਨ ਲਈ 
ਸਮਝਣ ਲਈ 
ਤੇ 
ਸੋਚਣ ਲਈ
ਤੁਹਾਡੇ ਤੇ ਮੇਰੇ ਵਿਚ ਅੰਤਰ ਹੈ
ਤੁਸੀਂ ਸ਼ਬਦਾਂ ਦੀ ਮਾਲਾ ਜਪਦੇ ਹੋ 
ਮੈਂ ਵਿਚਾਰਾਂ ਨੂੰ ਆਪਣੇ ਅੰਦਰ ਸਮੇਟਦਾ ਹਾਂ
ਆਪਣੀ ਸੋਚ ਦਾ ਹਿੱਸਾ ਬਣਾਉਂਦਾ ਹਾਂ
ਵਿਚਾਰ ਸਮਰਥ ਹਨ 
ਵਿਚਾਰ ਅਗਵਾਈ ਦਿੰਦੇ ਹਨ 
ਮੈਂ ਵਿਚਾਰਾਂ ਨਾਲ ਜੁੜਦਾ ਹਾਂ

ਗੁਰੂ ਦੇ ਵਿਚਾਰਾਂ ਨਾਲ


No comments:

Post a Comment