ਵੱਧੀ ਅਬਾਦੀ ਸਰਾਪ ਜਾਂ ਵਰ
ਖੇਤਰ ਦੇ ਲਿਹਾਜ ਨਾਲ ਭਾਰਤ ਦਾ ਦੁਨੀਆ ਵਿੱਚ ਸੱਤਵਾਂ
ਸਥਾਨ ਹੈ ਪਰ ਅਬਾਦੀ ਦੇ ਲਿਹਾਜ ਨਾਲ ਭਾਰਤ ਦੁਨੀਆਂ ਵਿੱਚ ਦੂਜੀ ਥਾਂ ਦਾ ਦੇਸ਼ ਹੈ। ਇਸ ਖੇਤਰ ਵਿੱਚ
ਚੀਨ ਸੱਭ ਤੋਂ ਮੋਹਰੀ ਹੈ। ਪਰ ਜੇ ਕਰ ਖੇਤਰ ਦੇ ਹਿਸਾਬ ਨਾਲ ਦੇਖਣਾ ਹੋਵੇ ਤਾਂ ਅਬਾਦੀ ਦੀ ਘਣਤਾ ਪ੍ਰਤੀ
ਵਰਗ ਕਿਲੋਮੀਟਰ ਸੱਭ ਤੋਂ ਵੱਧ ਹੈ।
ਹੁਣ ਤੱਕ ਇਹੋ ਸਮਝਿਆ ਜਾਂਦਾ ਰਿਹਾ ਹੈ ਕਿ ਵੱਧ
ਅਬਾਦੀ ਇਕ ਸੰਕਟ ਹੈ। ਦੇਸ਼ ਵਿੱਚ ਹੋਣ ਵਾਲੀ ਅਨਾਜ ਦੀ ਪੈਦਾਵਾਰ ਪੂਰੀ ਨਾ ਆਉਣ ਦੀ ਸੂਰਤ ਵਿੱਚ
ਭਾਰਤ ਵਿੱਚ ਅਨਾਜ ਦਾ ਸੰਕਟ, ਦਾਣੇ ਦਾਣੇ ਵਾਸਤੇ ਲੜਾਈ ਤੇ ਖਿਚੋਤਾਣ ਤੇ ਰਾਜਨੀਤਕ ਅਸਥਿਰਤਾ ਦਾ
ਮਾਹੌਲ ਇਕ ਭਿਆਨਕ ਸੂਰਤ ਅਖਤਿਆਰ ਕਰ ਸਕਦਾ ਹੈ। ਇਸ ਲਈ ਸਰਕਾਰੀ ਤੰਤਰ ਦਾ ਸਾਰਾ ਜੋਰ ਪਰਿਵਾਰ
ਨਿਯੋਜਨ ਵਰਗੇ ਉਪਰਾਲਿਆਂ ਵਿੱਚ ਲੱਗਿਆ ਰਿਹਾ ਤੇ ਲੋਕਾਂ ਨੂੰ ਅਬਾਦੀ ਉਪਰ ਕਾਬੂ ਪਾਉਣ ਲਈ ਛੋਟੇ
ਤੇ ਸੀਮਤ ਪਰਵਾਰ ਰੱਖਣ ਦੇ ਆਦੇਸ਼ ਤੇ ਨਿਰਦੇਸ਼ ਜਾਰੀ ਕੀਤੇ ਜਾਂਦੇ ਰਹੇ।
ਭਾਰਤ ਵਿੱਚ ਗਰੀਬੀ ਨੂੰ ਇਕ ਵੱਡਾ ਸੰਕਟ ਸਮਝਿਆ
ਜਾਂਦਾ ਰਿਹਾ ਹੈ ਤੇ ਇਸ ਗਰੀਬੀ ਦੇ ਪਿਛੇ ਵੀ ਵੱਧਦੀ ਹੋਈ ਅਬਾਦੀ ਹੀ ਮੁੱਖ ਕਾਰਣ ਮੰਨਿਆ ਜਾਂਦਾ
ਰਿਹਾ ਹੈ। ਸਾਡੀਆਂ ਕਿਤਾਬਾਂ ਤੇ ਖੋਜ ਪੱਤਰਾਂ ਵਿੱਚ ਵੀ ਇਹੋ ਪੜ੍ਹਿਆ ਤੇ ਪੜ੍ਹਾਇਆ ਜਾਂਦਾ ਰਿਹਾ
ਹੈ। ਸੀਮਤ ਪਰਵਾਰ ਖੁਸ਼ਹਾਲ ਪਰਵਾਰ ਵਰਗੇ ਨਾਅਰੇ ਕੰਧਾਂ ਉਪਰ ਲਿਖ ਕੇ ਸਾਨੂੰ ਆਪਣੀ ਚਾਦਰ ਦੇਖ ਕੇ
ਪੈਰ ਪਸਾਰਣ ਲਈ ਕਿਹਾ ਜਾਂਦਾ ਰਿਹਾ ਹੈ। ਪਰ ਹਕੀਕਤ ਇਸ ਤੋਂ ਬਿਲਕੁਲ ਉਲਟ ਹੈ ਤੇ ਹੁਣ ਜਦੋਂ
ਗਲੋਬਲਾਈਜ਼ੇਸ਼ਨ ਦੇ ਅਧੀਨ ਸਮਝ ਆਈ ਹੈ ਤਾਂ ਸਾਨੂੰ ਆਪਣੀ ਵੱਧ ਰਹੀ ਅਬਾਦੀ ਸਰਾਪ ਦੀ ਬਜਾਏ ਇਕ ਵਰ
ਨਜ਼ਰ ਆਉਣੀ ਸ਼ੁਰੂ ਹੋ ਗਈ ਹੈ।
ਆਰਥਕ ਉਦਾਰੀਕਰਨ ਦੀ ਨਵੀਂ ਨੀਤੀ ਅਨੁਸਾਰ ਵਿਦੇਸ਼ੀ
ਆਰਥਕ ਤਾਕਤਾਂ ਨੂੰ ਭਾਰਤ ਇਕ ਵੱਡਾ ਬਜ਼ਾਰ ਨਜ਼ਰ ਆਉਂਦਾ ਹੈ। ਇਹ ਉਹ ਬਜ਼ਾਰ ਹੈ ਜਿਥੇ ਲਗਭਗ ਇਕ ਅਰਬ
ਲੋਕ ਇਕੋ ਵਕਤ ਖਰੀਦਾਰੀ ਕਰਦੇ ਹਨ ਤੇ ਜਿਸ ਦਾ ਵੱਡਾ ਹਿੱਸਾ ਮੱਧ ਵਰਗ ਹੈ ਜੋ ਵਿਦੇਸ਼ੀ ਵਸਤੂਆਂ ਦਾ
ਗਾਹਕ ਹੈ। ਉਹ ਹਰ ਅਰਾਮ ਵਾਲੀ ਵਸਤੂ ਖਰੀਦ ਸਕਦਾ ਹੈ। ਉਹ ਆਪੋ ਆਪਣੇ ਖੇਤਰ ਵਿੱਚ ਆਰਥਕ ਤੋਰ ਤੇ
ਸੰਪਨ ਹੈ ਤੇ ਉਹ ਉਧਾਰ ਦੀ ਜ਼ਿੰਦਗੀ ਨਹੀਂ ਜੀਂਦਾ, ਭਾਵ ਉਹ ਕੰਮ ਕਰਦਾ ਹੈ ਤੇ ਆਪਣੇ ਵਾਸਤੇ ਇਕ
ਮਹੀਨੇ ਦੀ ਤਨਖਾਹ ਦਾ ਪ੍ਰਬੰਧ ਕਰਦਾ ਹੈ ਜਿਸ ਦਾ ਵੱਡਾ ਹਿੱਸਾ ਉਹ ਆਪਣੇ ਬੱਚਤ ਖਾਤੇ ਵਿੱਚ ਜਮ੍ਹਾ
ਕਰਦਾ ਹੈ। ਇਹ ਬੱਚਤ ਉਸ ਦੀ ਆਮਦਨ ਦਾ ਲਗਭਗ 25% ਤੱਕ ਹੋ ਸਕਦੀ ਹੈ। ਇਸ ਮੱਧ ਵਰਗ ਚੋਂ ਵੱਡਾ
ਹਿੱਸਾ ਪੱਕਿਆ ਨੌਕਰੀਆਂ ਜਾਂ ਪੱਕੇ ਕਾਰੋਬਾਰਾਂ ਨਾਲ ਜੁੜਿਆ ਹੋਇਆ ਹੈ ਤੇ ਇਸ ਕੋਲ ਆਪਣੀ ਆਮਦਨ ਦੇ
ਪੱਕੇ ਵਸੀਲੇ ਹਨ। ਦੁਨੀਆ ਦੇ ਵੱਡੇ ਦੇਸ਼ਾਂ ਦੀਆਂ ਦੀਆਂ ਨਜ਼ਰਾਂ ਭਾਰਤੀ ਬਜ਼ਾਰ ਉਪਰ ਹਨ ਤੇ ਉਹ ਹਰ
ਹੀਲੇ ਵਸੀਲੇ ਇਨ੍ਹਾਂ ਨੂੰ ਆਪਣਾ ਸ਼ਿਕਾਰ ਬਣਾਉਣਾ ਚਾਹੁੰਦੇ ਹਨ।
ਇਸ ਵਾਸਤੇ ਉਹ ਦੇਸ਼ ਭਾਰਤ ਦੀ ਆਰਥਕ ਨੀਤੀ ਵਿੱਚ
ਡੂੰਘੀ ਦਿਲਚਸਪੀ ਲੈ ਰਹੇ ਹਨ। ਅੱਜ ਉਦਾਰੀਕਰਨ ਦੀ ਨੀਤੀ ਨਾਲ ਉਨ੍ਹਾਂ ਵਿਕਸਤ ਦੇਸ਼ਾਂ ਨੂੰ
ਜਿਨ੍ਹਾਂ ਕਦੇ ਭਾਰਤ ਦੀ ਵੱਧਦੀ ਜਾ ਰਹੀ ਅਬਾਦੀ ਦਾ ਮਜ਼ਾਕ ਉਡਾਇਆ ਤੇ ਭਾਰਤ ਦੀ ਅਨਪੜ੍ਹਤਾ ਤੇ
ਜਾਹਲ ਪੁਣੇ ਬਾਰੇ ਕਈ ਤਰਾਂ ਦੇ ਲੇਖ ਲਿਖੇ ਸਨ, ਭਾਰਤ ਇਕ ਵਾਰ ਫੇਰ ਸੋਨੇ ਦੀ ਚਿੜੀ ਨਜ਼ਰ ਆ ਰਿਹਾ
ਹੈ। ਇਸ ਦਾ ਇਕ ਕਾਰਨ ਤਾਂ ਹੈ ਉਪਭੋਗੀ ਵਸਤੂਆਂ ਦੀ ਖਪਤ ਹੈ, ਜਿੰਨੀ ਸਾਰੀ ਦੁਨੀਆ ਇਕ ਪਾਸੇ ਕਰਦੀ
ਹੈ ਉਸ ਦਾ ਇਕ ਵੱਡਾ ਹਿੱਸਾ ਭਾਰਤ ਵਿੱਚ ਖਪਾਇਆ ਜਾ ਸਕਦਾ ਹੈ। ਦੂਜਾ ਇਥੇ ਉਹ ਵਸਤੂਆ ਵੀ ਖਪਾਈਆ
ਜਾ ਸਕਦੀਆਂ ਹਨ ਜਿਨ੍ਹਾਂ ਦੀ ਵਿਕਸਤ ਦੇਸ਼ਾਂ ਵਿੱਚ ਮਨਾਹੀ ਹੈ, ਕਾਰਨ ਸਾਡੀ ਵੱਸੋਂ ਦੀ ਅਣਜਾਣ ਬਣੇ
ਰਹਿਣ ਦੀ ਆਦਤ ਹੈ ਤੇ ਉਹ ਬਹੁਤਾ ਕਰਕੇ ਖਪਤਕਾਰ ਕਨੂੰਨ ਬਾਰੇ ਬਹੁਤ ਜ਼ਿਆਦਾ ਜਾਣਕਾਰੀ ਨਹੀਂ
ਰੱਖਦੇ। ਓਦਾਂ ਵੀ ਭਾਰਤ ਵਿੱਚ ਖਪਤਕਾਰ ਕਨੂੰਨ ਬਹੁਤੇ ਸਖਤ ਨਹੀ ਤੇ ਇਨ੍ਹਾਂ ਵਿੱਚ ਵਧੇਰੇ ਸਜ਼ਾ ਦਾ
ਪ੍ਰਾਵਧਾਨ ਨਹੀਂ ਹੈ। ਵਿਦੇਸ਼ੀ ਫਰਮਾਂ ਉਪਰ ਵੈਸੇ ਵੀ ਇਹ ਲਾਗੂ ਨਹੀਂ ਹੁੰਦੇ ਕਿਉਂ ਕਿ ਉਹਨਾਂ ਨੂੰ
ਨਿਵੇਸ਼ ਦੇ ਨਿਯਮ ਅਧੀਨ ਉਪਰ ਕਈ ਤਰ੍ਹਾਂ ਦੀਆਂ ਛੋਟਾਂ ਮਿਲੀਆਂ ਹੁੰਦੀਆਂ ਹਨ।
ਵਿਦੇਸ਼ੀ ਕੰਪਨੀਆਂ ਨੂੰ ਭਾਰਤ ਦੇ ਉਹਨਾਂ ਖੇਤਰਾਂ
ਵਿੱਚ ਜਿਆਦਾ ਦਿਲਚਸਪੀ ਹੈ ਜਿਸ ਵਿੱਚ ਬਿਨਾਂ ਕੁਝ ਲਗਾਏ ਵੱਡੀ ਮਾਤਰਾ ਵਿੱਚ ਪੈਸਾ ਕੱਢਿਆ ਜਾ
ਸਕਦਾ ਹੈ। ਉਹ ਬੀਮਾ ਖੇਤਰ ਵਿੱਚ ਦਿਲਚਸਪੀ ਲੈ ਰਹੇ ਹਨ ਤੇ ਜੇ ਇਹ ਬੀਮਾ ਖੇਤਰ ਵਿਦੇਸ਼ੀ ਕੰਪਨੀਆਂ
ਲਈ ਖੋਲ੍ਹ ਦਿਤਾ ਜਾਂਦਾ ਹੈ ਤਾਂ ਉਹ ਇਸ ਦਾ ਸਾਰਾ ਲਾਭ ਵਿਦੇਸ਼ਾਂ ਵਿੱਚ ਢੋਅ ਸਕਦੇ ਹਨ।
ਇਸ ਤੋਂ ਵੀ ਵੱਧ ਉਹ ਕੰਪਨੀਆਂ ਜੋ ਉਧਾਰ ਦੇ ਕਰੇਡਿਟ
ਕਾਰਡ ਦਾ ਚਲਨ ਸ਼ੁਰੂ ਕਰਵਾ ਕੇ ਉਧਾਰ ਦੀ ਜ਼ਿੰਦਗੀ ਦੀ ਆਦਤ ਪਾਉਣਾ ਚਾਹੁੰਦੀਆਂ ਹਨ ਉਹ ਲੋਕਾਂ ਨੂੰ
ਆਪਣੇ ਕਬਜ਼ੇ ਵਿੱਚ ਕਰਨਾ ਚਾਹੁੰਦੀਆਂ ਤਾਂ ਜੋ ਲੋਕ ਹਰ ਮਹੀਨੇ ਆਪਣੀ ਮਿਹਨਤ ਨਾਲ ਕਮਾਈ ਹੋਈ ਰਕਮ
ਦਾ ਵੱਡਾ ਹਿੱਸਾ ਉਧਾਰ ਤੇ ਉਸ ਦਾ ਵਿਆਜ ਚੁਕਾਉਣ ਵਿੱਚ ਖਰਚ ਕਰ ਦੇਣ। ਇਸ ਤਰ੍ਹਾਂ ਵੱਧਦੀ ਹੋਈ
ਅਬਾਦੀ ਵਿੱਚ ਲੁਕੇ ਹੋਏ ਬਹੁਤ ਸਾਰੇ ਤੱਥ ਇਨ੍ਹਾਂ ਵਿਕਸਤ ਦੇਸ਼ਾਂ ਨੂੰ ਨਜ਼ਰ ਆ ਰਹੇ ਹਨ ਤੇ ਉਹ
ਸਾਡੇ ਵਿੱਚ ਦਿਲਚਸਪੀ ਲੈ ਰਹੇ ਹਨ।
ਜ਼ਿਆਦਾ ਅਬਾਦੀ ਦਾ ਮਤਲਬ ਹੈ ਵੱਧ ਕੰਮ ਕਰਨ ਵਾਲੇ
ਹੱਥ ਤੇ ਵੱਧ ਕੰਮ ਦਾ ਮਤਲਬ ਹੈ ਵੱਧ ਕਮਾਈ। ਭਾਰਤ ਵਰਗੇ ਦੇਸ਼ ਵਿੱਚ ਜਿੱਥੇ ਨਾ ਤਾਂ ਰੁਜ਼ਗਾਰ ਦੀ
ਕੋਈ ਕਮੀ ਹੈ ਤੇ ਨਾ ਰੋਜ਼ੀ ਕਮਾਉਣ ਵਾਲਿਆਂ ਦੀ। ਜੇ ਇਕ ਪਾਸੇ ਬੇਰੁਜ਼ਗਾਰੀ ਦੀ ਫੌਜ ਦਿਖਾਈ ਦਿੰਦੀ
ਹੈ ਤਾਂ ਦੂਜੇ ਪਾਸੇ ਅਜਿਹੇ ਬਹੁਤ ਸਾਰੇ ਖੇਤਰ ਹਨ ਜਿਨ੍ਹਾਂ ਵਿੱਚ ਕੰਮ ਕਰਨ ਵਾਲਿਆਂ ਦੀ ਘਾਟ ਹੈ।
ਖੇਤੀ ਬਾੜੀ ਦੇ ਖੇਤਰ ਵਿਚ ਨਵੀਆਂ ਸਨਅਤਾਂ ਤੇ ਨਵੀਂ ਤਕਨੀਕ ਨਾਲ ਕੰਮ ਕਰਨ ਵਾਲੇ ਕਾਮਿਆਂ ਦੀ
ਥੁੜ੍ਹ ਹੀ ਬਣੀ ਹੋਈ ਹੈ। ਬਹੁਤ ਸਾਰੇ ਖੇਤਰ ਅਜਿਹੇ ਹਨ ਜਿਹਨਾਂ ਦਾ ਨਵੀਨੀਕਰਨ ਕਰਨ ਵਾਸਤੇ ਸਰਮਾਏ
ਦੇ ਨਾਲ ਨਾਲ ਚੰਗੀ ਸਮਝ ਤੇ ਸੂਝ ਰੱਖਣ ਵਾਲੇ ਤਕਨੀਕ ਯੁਕਤ ਕਾਮਿਆਂ ਦੀ ਲੋੜ ਹੈ। ਮਸ਼ੀਨਾਂ ਦੀ ਆਮਦ ਨਾਲ ਸਮਸਿਆ ਕੁਝ ਹੱਦ ਤਕ ਹੱਲ ਹੋ
ਸਕਦੀ ਹੈ ਪਰ ਇਸ ਨਾਲ ਸਾਨੂੰ ਆਪਣੀ ਇਸ ਵੱਡੀ ਅਬਾਦੀ ਚੋਂ ਵੀਂ ਪੜ੍ਹੇ ਲਿਖੇ ਹੁਨਰਮੰਦ ਤੇ ਰੁਜ਼ਗਾਰ
ਉਪਰ ਲਗਾਏ ਜਾ ਸਕਣ ਵਾਲੇ ਕਾਮਿਆਂ ਦੀ ਭਾਲ ਕਰਨੀ ਪਵੇਗੀ।
ਸੂਝ ਬੂਝ ਨਾਲ ਅਬਾਦੀ ਵਰਗੇ ਸਰਾਪ ਨੂੰ ਵਰ ਤੇ
ਵਰਦਾਨ ਵਿੱਚ ਬਦਲਿਆ ਜਾ ਸਕਦਾ ਹੈ ਤੇ ਇਸ ਉਪਰ ਬਹੁਤ ਉਸਾਰੂ ਸੋਚ ਨਾਲ ਕੰਮ ਕਰਨ ਦੀ ਲੋੜ ਹੈ।
ਸਿਖਿਆ ਤੇ ਕਿਰਤ ਦੇ ਖੇਤਰਾਂ ਵਿੱਚ ਲੋੜੀਂਦੇ ਸੁਧਾਰ ਕਰਕੇ ਦੇਸ਼ ਦੀ ਕਿਸਮਤ ਨੂੰ ਬਦਲਿਆ ਜਾ ਸਕਦਾ
ਹੈ।
No comments:
Post a Comment