Saturday, January 5, 2013

ਉਹ


ਉਹ


ਕਿਤੇ ਨਹੀਂ ਸੀ ਉਹ
ਜਿਸ ਦਾ ਰੌਲਾ ਆਮ ਪੈਂਦਾ ਹੈ
ਜਿਸ ਨੂੰ ਸਰਬ ਵਿਆਪੀ ਕਿਹਾ ਜਾਂਦਾ ਹਾਂ
ਜਾਣੀਜਾਣ
ਕਰਮ ਦਾ ਕਰਤਾ
ਮਹਾਂ ਪੁਰਸ਼
ਜੀਣ ਮਰਨ ਤੋਂ ਰਹਿਤ
ਆਜ਼ਾਦ
ਅਜਿਹੇ ਕਿਸੇ ਵਿਅਕਤੀ ਨੂੰ ਮੈਂ ਨਹੀਂ ਜਾਣਦਾ
ਕਿਤੇ ਨਹੀਂ ਸੀ ਉਹ
ਸਿਵਾਏ ਧਰਮ ਗ੍ਰੰਥਾਂ ਵਿੱਚ
ਜਿਸ ਦਾ ਜ਼ਿਕਰ ਨਾਲ
ਓਤਪੋਤ ਸਨ
ਗਾਥਾਵਾਂ
ਕਹਾਣੀਆਂ
ਬਾਣੀਆਂ
ਬਾਬਾਣੀਆਂ
ਸਾਖੀਆਂ
ਜਿਹਨਾਂ ਵਿੱਚ
ਅਸੀਂ ਉਸ ਨੂੰ ਬੋਲਦਾ ਤੱਕਿਆ
ਦੇਖਦਾ ਸੁਣਿਆ
ਪਰ ਧਰਮ ਗ੍ਰੰਥਾਂ ਤੋਂ ਬਾਹਰ
ਉਹ ਕਿਤੇ ਨਹੀਂ ਸੀ।
ਉਹ ਕਿਤੇ ਨਹੀਂ ਸੀ
ਨਾ ਅਸਮਾਨ ਵਿੱਚ
ਨਾ ਧਰਤੀ ਤੇ
ਨਾ ਪਤਾਲ ਵਿੱਚ
ਨਾ ਕਿਸੇ ਯੁਗ ਵਿੱਚ
ਨਾ ਕਿਸੇ ਕਾਲ ਵਿੱਚ
ਅਸੀਂ ਸਾਰੇ ਉਸ ਵਾਸਤੇ ਲੜਦੇ ਰਹੇ
ਉਲਝਦੇ ਰਹੇ
ਖੁਲਝਦੇ ਰਹੇ
ਇਕ ਦੂਜੇ ਦਾ ਸਿਰ ਪਾੜਦੇ ਰਹੇ
ਜਿੱਤਦੇ ਰਹੇ
ਹਾਰਦੇ ਰਹੇ
ਆਪੋ ਵਿਚਲੀ ਸਮਝ ਗਵਾ ਕੇ
ਅਸੀਂ ਉਸ ਨੂੰ ਸਮਝਦੇ ਰਹੇ
ਜੋ ਕਿਤੇ  ਨਹੀਂ ਸੀ।
ਕਿਤੇ ਨਹੀਂ ਸੀ
ਜਿਸ ਦੇ ਲਈ ਅਸੀਂ ਪਾਠ ਕਰਦੇ
ਨਾਮ ਜਪਦੇ
ਇਮਾਰਤਾਂ ਉਸਾਰਦੇ
ਰਾਤਾਂ ਜਾਗਦੇ
ਸੜਕਾਂ ਰੋਕਦੇ
ਸੰਘ ਪਾੜ ਪਾੜ ਕੇ
ਸੁਣਾਉਣ ਦੀ ਕੋਸ਼ਿਸ਼ ਕਰਦੇ
ਉਸ ਨੂੰ
ਜੋ ਕਿਤੇ ਨਹੀਂ ਸੀ
ਆਪੋ ਆਪਣੀ ਮਿਹਨਤ ਦੀ ਕਮਾਈ
ਹਰਾਮ ਦੀ ਕਮਾਈ ਵਿੱਚ ਰਲਾ ਕੇ
ਬੁਰਜੀਆਂ ਤੇ ਸੋਨਾ ਚੜ੍ਹਾਉਂਦੇ
ਇੱਕ ਦੂਜੇ ਦੀ ਸੰਘੀ ਨੱਪਦੇ
ਕਬਜ਼ੇ ਕਰਦੇ
ਇਕ ਦੂਜੇ ਨੂੰ ਲਿਤਾੜਦੇ
ਵੰਗਾਰਦੇ
ਪਛਾੜਦੇ
ਆਪੇ ਆਪ ਨੂੰ ਉਸ ਦਾ ਸਾਬਤ ਕਰਨ ਲਈ
ਯਤਨ ਸ਼ੀਲ ਹੁੰਦੇ
ਜੋ ਕਿਤੇ ਨਹੀਂ ਸੀ।
...........
...........
ਪਰ ਜੋ ਸੀ
ਉਹ ਧਰਮ ਗ੍ਰੰਥਾਂ ਵਿੱਚ ਦਰਜ ਨਹੀਂ ਸੀ
ਸਮਾਂ ਅਨੰਤ ਸੀ
ਕਿਸੇ ਤਰ੍ਹਾਂ ਦੀਆਂ ਗ਼ਿਣਤੀਆਂ ਤੋਂ ਬਾਹਰ
ਕਾਇਨਾਤ ਵਿੱਚ ਬ੍ਰਹਮੰਡ ਸੀ
ਬ੍ਰਹਮੰਡ ਵਿੱਚ ਸੂਰਜ ਸਨ
ਤਾਰੇ ਸਨ
ਗਤੀ ਸੀ
ਰਫਤਾਰ ਸੀ
ਦਿਸ਼ਾ ਸੀ
ਚਾਲ ਵਿੱਚ ਸੰਗੀਤ ਸੀ
ਨੇਮ ਸੀ
ਨੇਮਾਂ ਵਿੱਚ ਨਿਯਮ ਸਨ
ਨਿਯਮਾਂ ਵਿੱਚ ਨੇਮ ਸੀ
ਕਿਤੇ ਕੋਈ ਉਲਝਣ ਨਹੀਂ ਸੀ
ਸੱਭ ਕੁਝ ਆਪਣੇ ਆਪ ਸੀ
ਇਕ ਦੂਜੇ ਨਾਲ ਜੁੜਿਆ
ਵਿਗਸਦਾ
ਤੇ ਵਿਕਸਤ ਹੁੰਦਾ
ਬਦਲਦਾ
ਆਪਣੇ ਨੇਮ ਨਾਲ
ਇਕ ਹੋਣੀ
ਦੂਜੀ ਹੋਣੀ ਨਾਲ ਰਲਦੀ
ਗਿਆਨ ਸੀ
ਇਸ ਦਾ ਵਿਗਿਆਨ ਸੀ
ਸੋਚ ਦਾ
ਸੂਝ ਦਾ
ਪਰ ਇਹ ਸੱਭ ਉਹ ਨਹੀਂ ਸੀ
ਜਿਸ ਦਾ ਰੌਲਾ ਅਸੀਂ ਸੁਣਦੇ ਸਾਂ
ਉਹ ਤਾਂ ਕਿਤੇ ਨਹੀਂ ਸੀ।
ਜੋ ਸੀ
ਉਹ,.....ਬੱਸ ,.......ਉਹ ਨਹੀਂ ਸੀ।

No comments:

Post a Comment