Wednesday, January 9, 2013

ਅਸੀਂ ਦੰਭੀ ਹਾਂ

ਅਸੀਂ ਦੰਭੀ ਹਾਂ
ਅਸੀਂ ਦੰਭੀ ਹਾਂ
ਦੰਭ ਕਰਦੇ ਹਾਂ
ਆਪਣੇ ਹੁਕਮਰਾਨ ਹੋਣ ਦਾ
ਆਪਣੇ ਸਿਦਕਾਵਾਨ ਹੋਣ ਦਾ
ਆਪਣੇ ਮਿਹਰਬਾਨ ਹੋਣ ਦਾ
ਆਪਣੇ ਸ਼ਰਧਾਵਾਨ ਹੋਣ ਦਾ
ਪਾਖੰਡੀ ਹਾਂ
ਤੇ ਹਰ ਕੰਮ ਵਿੱਚ ਪਾਖੰਡ ਕਰਦੇ ਹਾਂ
ਕੰਮ ਚਾਹੇ ਜਨਮ ਦਾ ਹੋਵੇ
ਜਾਂ ਮਰਨ ਦਾ
ਵਿਆਹ ਦਾ ਹੋਵੇ
ਜਾਂ ਤਲਾਕ ਦਾ
ਸਜ਼ਾ ਦੇਣ ਦਾ ਹੋਵੇ
ਜਾਂ ਹੁਕਮ ਸੁਣਾਉਣ ਦਾ
ਹਰ ਕਾਰਜ ਵਿੱਚ
ਸਾਨੂੰ ਦੰਭ ਰਚਾਉਣਾ ਚੰਗਾ ਲਗਦਾ ਹੈ।
ਹਰ ਕੰਮ ਦਾ ਡਰੈਸ ਕੋਡ ਹੈ
ਸਲੀਕਾ ਹੈ
ਤਰੀਕਾ ਹੈ
ਉਠਣ ਦਾ
ਬੈਠਣ ਦਾ
ਨਾਪਣ ਦਾ
ਜੋਖਣ ਦਾ
ਭਾਸ਼ਾ ਦਾ
ਸ਼ਬਦਾਂ ਦਾ
ਸ਼ਬਦਾਂ ਦੇ ਅਰਥਾਂ ਦਾ
ਤੇ ਬਹੁਤੀ ਵਾਰੀ ਅਸੀਂ ਮੂਲ ਮੁੱਦੇ ਤੋਂ ਹਟ ਕੇ
ਦੰਭ ਵਿੱਚ ਹੀ ਧਸਣ ਲਗਦੇ ਹਾਂ।
ਸਜ਼ਾਵਾਂ ਤੋਂ ਪਹਿਲਾਂ
ਅਸੀਂ ਸਭਾ ਸਜਾਉਂਦੇ ਹਾਂ
ਕੁਰਸੀਆਂ ਦੇ ਡਾਹੇ ਜਾਣ ਦੀ ਉਡੀਕ ਕਰਦੇ ਹਾਂ
ਮੇਜ਼ ਲਈ ਮੇਜ਼ਪੋਸ਼ ਦੀ ਮੰਗ ਕਰਦੇ ਹਾਂ
ਮੇਜ਼ਪੋਸ਼ ਉਪਰ ਕਿੰਨਾ ਕੁਝ ਹੋਰ ਮੰਗਦੇ ਹਾਂ
ਕਾਗਜ਼
ਕਲਮ
ਦਵਾਤ
ਮਿਸਲ
ਤੇ ਕਨੂੰਨ ਦੀ ਕਿਤਾਬ ਵੀ
ਹਾਕਮ ਦੇ ਸਾਹਵੇਂ ਧਰਦੇ ਹਾਂ ਤੇ
ਹਾਕਮ ਨੂੰ ਉਸ ਦੇ ਹਾਕਮ ਹੋਣ ਦਾ ਅਹਿਸਾਸ ਕਰਾਉਂਦੇ ਹਾਂ
ਧੋਣਾਂ ਨੀਵੀਆਂ ਕਰਕੇ
ਉਸ ਤੋਂ ਆਗਿਆ ਮੰਗਦੇ ਹਾਂ
ਕਿ ਮਿਸਲ ਦਾ ਧਾਗਾ ਖੋਲ੍ਹ ਕੇ
ਕਾਗਜ਼ਾਂ ਦਾ ਕ੍ਰਮ ਬਦਲੀਏ
ਸੱਚ ਨੂੰ ਪਰਖਣ ਲਈ
ਤੋਲਣ ਲਈ
ਗਵਾਹਾਂ ਨੂੰ ਕਟਿਹਰੇ ਵਿੱਚ
ਇਕ ਇਕ ਕਰਕੇ ਬੁਲਾਉਂਦੇ ਹਾਂ
ਜਿਰਹ ਕਰਦੇ ਹਾਂ
ਤੇ ਜੇ ਕਰ ਮਨ ਨਾ ਹੋਵੇ
ਤਾਂ ਉਸ ਨੂੰ ਅਗਲੇ ਦਿਨ ਲਈ ਮੁਲਤਵੀ ਕਰਦੇ ਹਾਂ।
ਜਾਂ ਉਸ ਤੋਂ ਅਗਲੇ ਦਿਨ ਦੀ ਤਾਰੀਕ ਦਿੰਦੇ ਹਾਂ
ਆਪਣੇ ਰੁਝੇ ਹੋਣ ਦਾ ਦੰਭ ਕਰਦੇ ਹਾਂ
ਸ਼ਾਇਦ ਕਿਸੇ ਫੈਸਲੇ ਤੇ ਪਹੁੰਚਣ ਤੋਂ ਡਰਦੇ ਹਾਂ
ਬੰਦਿਆਂ ਨੂੰ ਬਿਰਖਾਂ ਵਿੱਚ ਬਦਲਦੇ ਹਾਂ
ਬਿਰਖਾਂ ਨੂੰ ਨਿਰਖਾਂ ਵਿੱਚ
ਤੇ ਇਸ ਗੋਰਖ ਧੰਦੇ ਵਿੱਚ
ਬਿਰਖ ਦੇ ਬੁੱਢੇ ਹੋਣ ਤੱਕ ਦੀ ਉਡੀਕ ਵਿੱਚ
ਇਕ ਇਕ ਕਰਕੇ
ਕਈ ਸਾਲ
ਜ਼ਾਇਆ ਕਰਦੇ ਹਾਂ
ਪਤਾ ਨਹੀਂ ਕਿਉਂ
ਅਸੀਂ ਨਿਆਂ ਦੇਣ ਤੋਂ ਡਰਦੇ ਹਾਂ
ਸਜ਼ਾ ਨੂੰ ਲਮਕਾਉਂਦੇ ਹਾਂ
ਦੋਸ਼ੀ ਨੂੰ ਬਚਾਉਂਦੇ ਹਾਂ
ਤੇ ਉਸ ਨੂੰ
ਨਿਰਦੋਸ਼ ਸਾਬਤ ਕਰਨ ਦੀ
ਕੋਸ਼ਿਸ਼ ਕਰਦੇ ਹਾਂ
ਕਾਗਜ਼ਾਂ ਦੀ ਮਿਸਲ ਮੇਜ਼ ਉਪਰ ਪਲਦੀ ਹੈ
ਘਰ ਵਿੱਚ ਬੱਚੇ
ਨਿਤ ਨਵੀਆਂ ਫਰਮਾਇਸ਼ਾਂ ਕਰਦੇ ਹਨ
ਤੇ ਅਸੀਂ ਇਕ ਤੋਂ ਬਾਦ ਦੂਜੇ
ਸਾਇਲ ਦੀ ਉਡੀਕ ਕਰਦੇ ਹਾਂ
ਅਸੀਂ ਪਾਖੰਡ ਕਰਦੇ ਹਾਂ
ਕਿੰਨਾ ਕੁ ਵਕਤ ਲਗਦਾ ਹੈ
ਦੋਸ਼ ਜਾਣਨ ਨੂੰ
ਤੇ ਦੋਸ਼ੀ ਨੂੰ ਦੋਸ਼ੀ ਆਖਣ ਵਿੱਚ ਕਿੰਨਾ ਕੁ ਜੋਰ ਲਗਦਾ ਹੈ
ਸਜ਼ਾ ਤਾਂ ਦੋ ਹਰਫੀ ਹੁੰਦੀ ਹੈ
ਇਸ ਨੂੰ ਲਿਖਣ ਵਿੱਚ ਕਿੰਨੀ ਕੁ ਦੇਰ ਲਗਦੀ ਹੈ
ਪਰ ਅਸੀਂ ਇਸ ਨੂੰ ਲਿਖੇ ਜਾਣ ਦਾ ਵੀ
ਪਾਖੰਡ ਰਚਦੇ ਹਾਂ
ਮਾਣਯੋਗ ਅਦਾਲਤਾਂ ਵਿੱਚ
ਮਾਣਯੋਗ ਜੱਜਾਂ ਦੀ ਹਾਜ਼ਰੀ ਵਿੱਚ
ਝੂਠ ਸੱਚ ਵਿੱਚ ਬਦਲਦਾ ਹੈ
ਤੇ ਸੱਚ ਝੂਠ ਵਿੱਚ
ਇਸ ਨੂੰ ਜਾਣਨ ਲਈ
ਕਿੰਨੀ ਕੁ ਦੇਰ ਲਗਦੀ ਹੈ
ਪਰ ਅਸੀਂ ਸੱਭ ਕੁਝ ਜਾਣਦੇ ਹੋਏ ਵੀ
ਅਣਜਾਣ ਬਣਦੇ ਹਾਂ
ਤੇ ਕਾਨੂੰਨ ਨੂੰ ਅੰਨ੍ਹੇ ਹੋਣ ਦਾ ਹਵਾਲਾ ਦੇ ਕੇ
ਸੰਘਣੇ ਬਿਰਛ ਦੀ ਛਾਂ ਮਾਣਦੇ ਹਾਂ
ਇਸ ਤਰ੍ਹਾਂ ਘੰਟਿਆਂ ਦੀ ਗੱਲ
ਸਾਲਾਂ ਤੇ ਦਹਾਕਿਆਂ ਉਪਰ ਪਾ ਦਿੰਦੇ ਹਾਂ
ਤੇ ਉਲਝਾ ਦਿੰਦੇ ਹਾਂ
ਸੱਚ ਤੇ ਝੂਠ ਨੂੰ
ਕਾਨੂੰਨੀ ਪੇਸ਼ ਕਦਮੀਆਂ ਵਿੱਚ
ਉਦੋਂ
ਅਸਲ ਵਿੱਚ ਅਸੀਂ
ਆਪਣੇ ਨਿਆਂ ਪਸੰਦ ਹੋਣ ਦਾ
ਦੰਭ ਕਰਦੇ ਹਾਂ।
ਪਰ ਮੁਜਰਮ ਕੋਈ ਦੰਭ ਨਹੀਂ ਕਰਦਾ
ਨਾ ਉਹ ਕਰਤਾ ਧਿਆਉਂਦਾ ਹੈ
ਨਾ ਉਹ ਕੁਰਸੀਆਂ ਡਾਹੁੰਦਾ ਹੈ
ਨਾ ਉਹ ਮੇਜ਼ ਦੇ ਵਿਛਣ ਦੀ ਉਡੀਕ ਕਰਦਾ ਹੈ
ਨਾ ਉਹ ਪੈਨ ਵਿੱਚ ਸਿਆਹੀ ਭਰਦਾ ਹੈ
ਤੇ ਕਾਗਜ਼ ਉਪਰ ਖੂਬਸੂਰਤ ਲਫਜ਼ਾਂ ਦੀ
ਤਾਮੀਰ ਕਰਦਾ ਹੈ
ਬੱਸ ਉਹੋ ਕਰਦਾ ਹੈ
ਜੋ ਉਸ ਦੇ ਮਨ ਵਿਚ ਆਉਂਦਾ ਹੈ
ਉਹ ਕਤਲ ਕਰਦਾ ਹੈ
ਉਹ ਰੇਪ ਕਰਦਾ ਹੈ
ਇਸ ਵਾਸਤੇ ਉਹ ਪਰਵਾਹ ਨਹੀਂ ਕਰਦਾ
ਨਾ ਕਪੜਿਆਂ ਦੀ
ਨਾ ਦਰਦ ਦੀ
ਨਾ ਅਵਾਜ਼ਾਂ ਦੀ
ਉਹ ਕੁਝ ਨਹੀਂ ਸੁਣਦਾ
ਉਹ ਬੱਸ ਉਹੋ ਕਰਦਾ ਹੈ
ਜੋ ਉਹ ਚਾਹੁੰਦਾ ਹੈ
ਉਹ ਦੰਭ ਨਹੀਂ ਕਰਦਾ
ਉਹ ਪਾਖੰਡ ਨਹੀਂ ਕਰਦਾ
ਉਹ ਦੰਭੀ ਨਹੀਂ
ਪਾਖੰਡੀ ਵੀ ਨਹੀਂ
ਕਿਸੇ ਦਾ ਵੀ ਮੁਜਰਮ ਹੋ ਸਕਦਾ ਹੈ
ਪਰ ਉਹ ਆਪਣਾ ਨਹੀਂ।
ਕਿਹਾ ਤਾਂ ਮੈਨੂੰ ਵੀ ਗਿਆ ਹੈ
ਮੈਂ ਮਾਣਯੋਗ ਅਦਾਲਤ
ਦਾ ਸਨਮਾਨ ਕਰਾਂ
ਤੇ ਇਸ ਵਾਸਤੇ ਚੁੱਪ ਰਹਾਂ
ਕੁਝ ਨਾ ਕਹਾਂ
ਬੱਸ ਦੇਖਦਾ ਰਹਾਂ
ਸੁਣਦਾ ਰਹਾਂ
ਪਰ ਕੀ ਕਰਾਂ ਮੈਂ
ਮੈਂ ਦੰਭੀ ਨਹੀਂ
ਪਾਖੰਡੀ ਨਹੀਂ
ਕਰਮ ਕਾਂਡ ਵਿੱਚ ਵਿਸ਼ਵਾਸ ਨਹੀਂ ਮੇਰਾ
ਮੈਂ ਆਪਣੇ ਆਪ ਦਾ ਮੁਜਰਮ ਨਹੀਂ ਹੋ ਸਕਦਾ।

1 comment: