Saturday, December 29, 2012

ਸਾਡੀਆਂ ਦੋਸਤ ਕੁੜੀਆਂ



ਸਾਡੀਆਂ ਦੋਸਤ ਕੁੜੀਆਂ


ਕੁੜੀਆਂ / ਔਰਤਾਂ ਸਾਡੀਆਂ ਦੋਸਤ ਹਨ ਉਹ ਕਈ ਵਾਰ ਬਹੁਤ ਸੋਹਣੇ ਲੱਗਣ ਲਈ ਸੋਹਣੇ ਕਪੜੇ ਪਾ ਕੇ ਸਜਦੀਆਂ ਹਨ ਤੇ ਤਸਵੀਰਾਂ ਖਿਚਵਾਉਂਦੀਆਂ ਹਨਉਹਨਾਂ ਦੀ ਤਾਰੀਫ ਜ਼ਰੂਰ ਕਰੋ ਪਰ ਮਾੜੀ ਨੀਅਤ ਨਾਲ ਨਹੀਂਉਹਨਾਂ ਨੂੰ ਆਪਣੀਆਂ ਮਿਤਰ ਸਮਝੋ, ਜਿਵੇਂ ਤੁਸੀਂ ਆਪਣੇ ਮਰਦ ਦੋਸਤਾਂ ਨੂੰ ਆਪਣੇ ਮਿਤਰ ਸਮਝਦੇ ਹੋ, ਜੇ ਉਹ ਸੋਹਣੇ ਕਪੜੇ ਪਾਉਂਦਾ ਹੈ, ਸਹੋਣੀ ਐਨਕ ਲਾਉਂਦਾ ਹੈ ਸੋਹਣੀ ਪੱਗ ਬੰਨ੍ਹਦਾ ਹੈ ਜਾਂ ਸੋਹਣੇ ਵਾਲ ਬਣਾਉਂਦਾ ਹੈ ਤਾਂ ਉਸਦੀ ਜਿਵੇਂ ਤੁਸੀਂ ਤਾਰੀਫ ਕਰਦੇ ਹੋ, ਦਾਦ ਦਿੰਦੇ ਹੋ ਇਸੇ ਤਰ੍ਹਾਂ ਕੁੜੀਆਂ ਨੂੰ ਵੀ ਲਾਈਕ ਕਰੋ, ਉਹਨਾਂ ਦਾ ਹੌਂਸਲਾ ਵਧਾਓ ਪਰ ਮਾੜੀ ਨੀਅਤ ਨਾਲ ਨਹੀਂ 

ਕੁਦਰਤ ਦੀਆਂ ਬਹੁਤ ਸਾਰੀਆਂ ਚੀਜ਼ਾਂ ਸੋਹਣੀਆਂ ਹਨ ਪਰ ਉਹਨਾਂ ਨੂੰ ਵਲੂੰਧਰਨ ਦੀ ਕੋਸ਼ਿਸ਼ ਨਾ ਕਰੋ, ਉਸ ਫੁਲ ਨੂੰ ਤੋੜੋ ਨਾ ਸਗੋਂ ਉਸ ਦੇ ਹੁਸਨ ਦੀ ਸੁਹਪੱਣ ਦੀ ਤਾਰੀਫ ਕਰੋ, ਦਾਦ ਦਿਓ, ਕੁੜੀ ਦੇ ਸੁਹਜ ਸਵਾਦ ਦੀ ਪ੍ਰਸ਼ੰਸਾ ਕਰੋ ਠੀਕ ਉਵੇਂ ਜਿਵੇਂ ਆਪਣੇ ਮਿਤਰ ਦੀ ਕਰਦੇ ਹੋਉਹਨਾਂ ਨਾਲ ਦਿਲ ਦੀਆਂ ਗੱਲਾਂ ਵੀ ਕਰੋਉਹਨਾਂ ਨਾਲ ਰਾਜ਼ ਵੀ ਸਾਂਝੇ ਕਰੋਸਲਾਹ ਵੀ ਲਵੋ, ਉਹਨਾਂ ਨਾਲ ਚੰਗਾ ਸਮਾਂ ਵੀ ਗੁਜ਼ਾਰੋ, ਕੋਈ ਹਰਜ ਨਹੀਂ

ਚੰਗੇ ਬਣ ਕੇ ਪੇਸ਼ ਆਉਗੇ ਤਾਂ ਪੇਸ਼ ਆਉਗੇ ਤਾਂ ਉਹ ਵੀ ਤੁਹਾਨੂੰ ਚੰਗਾ ਸਮਝਣਗੀਆਂਤੁਹਾਡੇ ਬਾਰੇ ਚੰਗੀ ਰਾਏ ਰੱਖਣਗੀਆਂਆਪਣੇ ਦਿਲ ਦੀ ਗੱਲ ਕਰਨਗੀਆਂ ਤੇ ਤੁਹਾਡੇ ਕੋਲੋਂ ਸਲਾਹ ਵੀ ਲੈਣਗੀਆਂਪਰ ਹਰ ਰਿਸ਼ਤੇ ਵਿੱਚ ਇਸ਼ਕ ਨਾ ਲੱਭੋ ਤੇ ਹਰ ਰਿਸ਼ਤੇ ਨੂੰ ਸਰੀਰਕ ਭੁੱਖ ਦੀ ਪੂਰਤੀ ਲਈ ਨਾ ਵਰਤੋਂਆਪਣੇ ਨੇੜੇ ਚੰਗੇ ਦੋਸਤ ਰੱਖਣਾ ਤੇ ਸਹੇਲੀਆਂ ਬਣਾਉਣਾ ਤੇ ਉਹਨਾਂ ਨਾਲ ਇਕ ਚੰਗੇ ਮਿਤਰ ਦੀ ਤਰ੍ਹਾਂ ਨਿਭਣਾ ਬਹੁਤ ਵਧੀਆ ਗੱਲ ਹੈਇਹ ਤੁਹਾਡੇ ਸੁਹਰਿਦ ਤੇ ਸੁਲਝੇ ਹੋਣ ਦਾ ਸਬੂਤ ਹੈਇਹ ਤੁਹਾਡੀ ਸ਼ਖਸਿਅਤ ਦਾ ਸ਼ਿਖਰ ਹੈਜਦੋਂ ਵੀ ਤੁਸੀਂ ਆਪਣੇ ਇਸ ਸਵੈ ਨੂੰ ਮਿਲੋਗੇ ਤੁਹਾਨੂੰ ਮਾਣ ਹੋਵੇਗਾਫਖਰ ਨਾਲ ਸਿਰ ਉੱਚਾ ਹੋਵੇਗਾਤੁਹਾਡਾ ਮਨੋਬਲ ਉੱਚਾ ਹੋਵੇਗਾਇਕ ਵਾਰ ਅਜਿਹਾ ਵਤੀਰਾ ਅਪਣਾ ਕੇ ਦੇਖੋ, ਕਦੇ ਘੱਟੇ ਵਿੱਚ ਨਹੀਂ ਰਹੋਗੇ

ਜਿਸ ਕੁੜੀ ਜਾਂ ਮੁੰਡੇ ਨਾਲ ਤੁਸੀਂ ਵਿਚਾਰਾਂ ਦੀ ਸਾਂਝ ਰੱਖਦੇ ਹੋਵੋ, ਜਿਸ ਨਾਲ ਤੁਹਾਡਾ ਕੋਈ ਮੱਤ ਭੇਦ ਨਾ ਹੋਵੇ, ਜੋ ਤੁਹਾਨੂੰ ਹਮੇਸ਼ਾ ਸਹੀ ਦੋਸਤ ਮੰਨੇ, ਉਸ ਦੀ ਮਰਜ਼ੀ ਨਾਲ ਜੇ ਰਿਸ਼ਤਾ ਜ਼ਿੰਦਗੀ ਭਰ ਦੇ ਸਾਥ ਤੌਰ ਨਿਭਾਉਣ ਦਾ ਸਾਂਝਾ ਫੈਸਲਾ ਹੋ ਸਕਦਾ ਹੋਵੇ ਤਾਂ ਬਿਨਾਂ ਕਿਸੇ ਦੀ ਪਰਵਾਹ ਕੀਤੇ ਸਾਹਮਣੇ ਆਓ ਤੇ ਸਮਾਜ ਨੂੰ ਸੇਧ ਦਿਖਾਓਜਾਤ ਪਾਤ ਧਰਮ ਦੀ ਪਰਵਾਹ ਨਾ ਕਰੋਇਹ ਸੱਭ ਮਨੁੱਖਾਂ ਦੀਆਂ ਬਣਾਈਆਂ ਗੱਲਾਂ ਹਨ

ਜੋ ਵੀ ਰਿਸ਼ਤਾ ਕਾਇਮ ਕਰੋ ਉਸ ਨੂੰ ਵਿਸ਼ਵਾਸ ਨਾਲ ਨਿਭਾਓ ਤੇ ਕਦੇ ਵੀ ਸ਼ੱਕ ਦੇ ਘੇਰੇ ਵਿੱਚ ਨਾ ਲਿਆਓਆਪਣੇ ਜੀਵਨ ਸਾਥੀ ਨੂੰ ਸਮਝੋ, ਉਸ ਨਾਲ ਦੋਸਤਾਂ ਵਰਗਾ ਹੀ ਸਲੂਕ ਕਰੋ, ਬਰਾਬਰੀ ਦਾ ਰਿਸ਼ਤਾ ਬਣਾਓ ਤੇ ਨਿਭਾਓ ਵਿਆਹ ਇਕ ਬਹੁਤ ਹੀ ਗੰਭੀਰ ਮਸਲਾ ਹੈ। ਇਸ ਵਿੱਚ ਬਹੁਤ ਕੁਝ ਦੇਖਣਾ ਸੋਚਣਾ ਪੈਂਦਾ ਹੈ। ਵਿਚਾਰਾਂ ਦਾ ਮੇਲ ਹੋਵੇ, ਪਿਆਰ ਨਿਭ ਸਕਦਾ ਹੋਵੇ, ਖੂਬਸੂਰਤ ਸੋਚ ਦੀ  ਮਹਿਕ ਵੀ ਆਉਂਦੀ ਹੋਵੇ। ਇਹ ਰਿਸ਼ਤਾ ਸਾਰੀ ਉਮਰ ਤਾਜ਼ਾ ਰੱਖਣਾ ਪੈਂਦਾ ਹੈ। ਬੇਮੇਲ ਰਿਸ਼ਤਿਆਂ ਵਿੱਚ ਅਜਿਹਾ ਨਹੀਂ ਹੁੰਦਾ। ਪੁਰਾਣੇ ਸਮੇਂ ਵਿੱਚ ਬੇਮੇਲ ਰਿਸ਼ਤੇ ਵੀ ਨਿਭ ਜਾਂਦੇ ਸਨ ਪਰ ਅੱਜ ਕਲ੍ਹ ਅਜਿਹਾ ਨਹੀਂ ਹੁੰਦਾ। ਨਰੜੇ ਜਾਣ ਦੀ ਬਜਾਏ ਅੱਖਾਂ ਖੋਹਲ ਕੇ ਮਨਪਸੰਦ ਸਾਥੀ ਦੀ ਚੋਣ ਕਰ ਲੈਣੀ ਚਾਹੀਦੀ ਹੈ। ਪਰ ਇਹ ਚੋਣ ਦੁਵੱਲੀ ਹੋਵੇ ਤਾਂ ਚੰਗੀ ਹੈ। ਜੇ ਤੁਸੀਂ ਆਪਣੀਆਂ ਸਹੇਲੀਆਂ ਨੂੰ ਚੰਗੀ ਨਜ਼ਰ ਨਾਲ ਦੇਖੋਗੇ ਤਾਂ ਨਿਸ਼ਚੇ ਹੀ ਉਹ ਵੀ ਤੁਹਾਡੇ ਚੋਂ ਆਪਣਾ ਸਾਥੀ ਲੱਭਣ ਦੀ ਕੋਸ਼ਿਸ਼ ਕਰਨਗੀਆਂ। ਇਸ ਵਿੱਚ ਕੀ ਮਾੜਾ ਹੈ। ਨਾ ਹੀ ਇਹ ਗੈਰ ਕੁਦਰਤੀ ਹੈ। ਪਰ ਇਸ ਸਾਰੇ ਵਰਤਾਰੇ ਵਿੱਚੋਂ ਮਾਨਵੀ ਪਖ ਮਨਫੀ ਕਰ ਦੇਣਾ ਤੇ ਕਿਸੇ ਕਿਸਮ ਦੀ ਦਰਿੰਦਗੀ ਵਾਸਤੇ ਆਪਣੇ ਹੋਸ਼ ਗਵਾ ਦੇਣਾ ਕੋਈ ਚੰਗੀ ਗੱਲ ਨਹੀਂ। ਵਿਆਹ ਵਰਗਾ ਫੈਸਲਾ ਹੋਸ਼ ਗਵਾ ਕੇ ਨਹੀਂ ਹੋਸ਼ ਹਵਾਸ਼ ਕਾਇਮ ਰੱਖ ਕੇ ਕਰਨ ਵਾਲਾ ਫੈਸਲਾ ਹੈ। 

ਕੁਦਰਤ ਨੇ ਤੁਹਾਡੇ ਅੰਦਰ ਇਹ ਸਮਝ ਦਿਤੀ ਹੈ ਜਦੋਂ ਤੁਸੀਂ ਕਿਸੇ ਨੂੰ ਆਪਣੇ ਬੱਚਿਆਂ ਦੀ ਮਾਂ ਦੇ ਤੋਰ ਤੇ ਦੇਖਣਾ ਚਾਹੁੰਦੇ ਹੋ। ਕੁੜੀ ਵੀ ਤੁਹਾਡੇ ਬੀਜ ਨੂੰ ਆਪਣੇ ਅੰਦਰ ਧਾਰਨ ਕਰਕੇ ਉਸ ਨੂੰ ਬੱਚੇ ਦੇ ਤੋਰ ਤੇ ਜਨਮ ਦੇਣਾ ਚਾਹੁੰਦੀ ਹੈ। ਅਸਲ ਵਿੱਚ ਇਹ ਫੈਸਲਾ ਕਰਦੇ ਵੇਲੇ ਉਹ ਤੁਹਾਡੇ ਉਹਨਾਂ ਗੁਣਾਂ ਤੋਂ ਪ੍ਰਭਾਵਤ ਹੁੰਦੀ ਹੈ ਜਿਹਨਾਂ ਨੂੰ ਉਹ ਆਪਣੇ ਬੱਚੇ ਵਿੱਚ ਦੇਖਣਾ ਚਾਹੁੰਦੀ ਹੈ। ਰਿਸ਼ਤੇ ਬਣਾਉਣ ਵਿੱਚ ਇਹ ਕੁਦਰਤ ਦਾ ਮਾਪਦੰਡ ਹੈ। ਕੁਦਰਤ ਇਸ ਤਰ੍ਹਾਂ ਰਿਸ਼ਤੇ ਜੋੜਦੀ ਹੈ। ਪਸ਼ੂ, ਪੰਛੀ ਸਾਰੇ ਇਸੇ ਤਰ੍ਹਾਂ ਹੀ ਇਕ ਦੂਜੇ ਦੇ ਗੁਣਾਂ ਤੋਂ ਪ੍ਰਭਾਵਤ ਹੋ ਕੇ ਉਹਨਾਂ ਨੂੰ ਆਪਣੇ ਵਾਸਤੇ ਚੁਣਦੇ ਹਨ।

ਚੂੰਕਿ ਤੁਸੀਂ ਸਭਿਅਤਾ ਦੇ ਦਾਇਰੇ ਵਿੱਚ ਆਉਂਦੇ ਹੋ ਤੇ ਸਭਿਅਤਾ ਦਾ ਅਰਥ ਸਿਰਫ ਰਹਿਣ ਸਹਿਣ ਹੀ ਨਹੀਂ ਹੁੰਦਾ ਸਗੋਂ ਆਪਣੀਆਂ ਜਾਨਵਰਈ ਪਰਵਿਰਤੀਆਂ ਉਪਰ ਕਾਬੂ ਪਾਉਣਾ ਵੀ ਹੁੰਦਾ ਹੈ। ਇਹ ਪਰਵਿਰਤੀਆਂ ਹਨ ਕਾਮ, ਕ੍ਰੋਧ, ਮੋਹ, ਲੋਭ ਤੇ ਅਹੰਕਾਰ। ਧਾਰਮਕ ਗ੍ਰੰਥਾਂ ਨੇ ਇਹਨਾਂ ਨੂੰ ਵਿਕਾਰਾਂ ਦੀ ਸ਼੍ਰੇਣੀ ਵਿੱਚ ਰਖਿਆ ਹੈ। ਜਦੋਂ ਵਿਕਾਰਾਂ ਦੀ ਗੱਲ ਕਰਦੇ ਹਾਂ ਤਾਂ ਇਹ ਸਮਝ ਲੈਣਾ ਚਾਹੀਦਾ ਹੈ  ਇਹ ਉਹ ਕੰਮ ਹਨ ਜਿਹਨਾਂ ਦੇ ਨਤੀਜੇ ਅਸਮਾਜਕ ਹੋ ਸਕਦੇ ਹਨ।

ਕਾਮ ਬਹੁਤ ਜ਼ਰੂਰੀ ਹੈ, ਸਰਿਰ ਦੇ ਹਰ ਸੈਲ ਵਿੱਚ ਇਸ ਦੀ ਲੋੜ ਪੈਂਦੀ ਹੈ। ਇਸ ਦੀ ਗੈਰ ਹਾਜ਼ਰੀ ਵਿੱਚ ਸਾਰਾ ਕੁਝ ਖੇਰੂੰ ਖੇਰੂੰ ਹੋ ਜਾਂਦਾ ਹੈ। ਕਾਮ ਸਾਡੀ ਮਾਨਸਕ ਸਹਿਤ ਲਈ ਵੀ ਜ਼ਰੁਰੀ ਹੈ। ਮਨ ਹਮੇਸ਼ਾ ਇਸ ਵਿਸ਼ੇ ਬਾਰੇ ਹੀ ਸੋਚਦਾ ਰਹਿਮਦਾ ਹੈ। ਇਸ ਦੀ ਤ੍ਰਿਪਤੀ ਸਰੀਰ ਦੀਆਂ ਦੂਜੀਆਂ ਭੁੱਖਾਂ ਦੀ ਤ੍ਰਿਪਤੀ ਵਾਂਗ ਹੀ ਜ਼ਰੂਰੀ ਹੈ। ਸੈਕਸ ਬਾਰੇ ਗੱਲ ਕਰਨ ਵਿੱਚ ਕੀ ਬੁਰਾਈ ਹੈ? ਸਮਾਜ ਵਿੱਚ ਇਸ ਨੂੰ ਕੁਝ ਇਸ ਤਰ੍ਹਾਂ ਨਿਯਮ ਬੱਧ ਕੀਤਾ ਗਿਆ ਹੈ ਕਿ ਮਨੁੱਖ ਇਸ ਦੀ ਵਰਤੋਂ ਨਰੋਏ ਸਮਾਜ ਨੂੰ  ਉਸਾਰਨ ਵਿੱਚ ਕਰਦਾ ਹੈ। ਵਿਆਹ ਤੇ ਵਿਵਾਹਿਤ ਸਬੰਧ ਇਸ ਦੀ ਪੂਰਤੀ ਦਾ ਸਾਧਨ ਪ੍ਰਵਾਨ ਕੀਤੇ ਗਏ ਹਨ। ਹਰ ਮਨੁੱਖ ਨੂੰ ਚਾਹੇ ਉਹ ਇਸਤ੍ਰੀ ਹੋਵੇ ਚਾਹੇ ਮਰਦ ਵਿਆਹ ਰਚਾਉਣ ਦੀ ਖੁਲ੍ਹ ਦਿਤੀ ਗਈ ਹੈ। ਆਪਣੇ ਇਹਨਾਂ ਸਬੰਧਾਂ ਵਿੱਚ ਰਹਿੰਦਿਆਂ ਉਹ ਜਿਵੇਂ ਚਾਹੇ ਇਸ ਦੀ ਪੂਰਤੀ ਕਰ ਸਕਦਾ ਹੈ। ਪਰ ਇਸ ਉਪਰ ਕਾਬੂ ਪਾਉਣਾ ਜ਼ਰੁਰੀ ਹੈ। ਵਿਆਹ ਦੇ ਬਾਹਰ ਇਸ ਦੀ ਮਨਾਹੀ ਕੀਤੀ ਗਈ ਹੈ। ਗੈਰ ਵਿਵਾਹਿਤ ਸਬੰਧਾਂ ਚੋਂ ਪੈਦਾ ਹੋਏ ਬੱਚਿਆਂ ਦਾ ਕੀ ਬਣੇਗਾ। ਸੋ ਸਿਆਣੀ ਗੱਲ ਹੈ ਕਿ ਦੋਸਤੀ ਚੋਂ ਸਰੀਰਕ ਸਬੰਧ ਮਨਫੀ ਰੱਖੇ ਜਾਣ। ਸਮਾਜ ਨੇ ਨਿਯਮਾਂ ਨੈ ਵੀ ਇਸੇ ਗੱਲ ਨੂੰ ਯਕੀਨੀ ਬਣਾਉਣਾ ਚਾਹਿਆ।

ਸਿਰਫ਼ ਸਰੀਰਕ ਭੁੱਖ ਬਾਰੇ ਸੋਚਣਾ ਤਾਂ ਇਸ ਤਰ੍ਹਾਂ ਹੈ ਜਿਵੇਂ ਹਾਬੜਿਆ ਹੋਇਆ ਬੰਦਾ ਰੋਟੀ ਨੂੰ ਲਾਪਰਵਾਹੀਂ ਨਾਲ ਖਾਂਦਾ ਹੈ। ਉਹ ਕਿਸੇ ਵੀ ਤਰ੍ਹਾਂ ਦੇ ਸੋਹਜ ਸਵਾਦ ਦਾ ਖਿਆਲ ਨਹੀਂ ਰੱਖਦਾ। ਇਸ ਨੂੰ ਕਾਮ ਨਹੀਂ ਕਿਹਾ ਜਾਂਦਾ, ਵਾਸ਼ਨਾ ਕਿਹਾ ਜਾਂਦਾ ਹੈ। ਵਾਸ਼ਨਾ ਦੀ ਪੂਰਤੀ ਸਿਰਫ਼ ਸਰੀਰਕ ਭੁੱਖ ਮਿਟਾਉਣ ਤੱਕ ਹੀ ਸੀਮਤ ਰਹਿੰਦੀ ਹੈ। ਬਹੁਤ ਹੀ ਥੋੜਹੇ ਸਮੇਂ ਦੇ ਅਨੰਦ ਨੂੰ ਲੰਮੀ ਉਮਰ ਤੱਕ ਨਹੀਂ ਭੋਗਿਆ ਜਾਂਦਾ। ਇਹ ਇਕ ਤੂਫਾਨ ਦੀ ਤਰ੍ਹਾਂ ਹੋ ਸਕਦਾ ਹੈ ਪਰ ਇਸ ਤੂਫਾਨ ਦੇ ਗੁਜ਼ਰ ਜਾਣ ਤੋਂ ਬਾਦ ਦੀ ਹਾਲਤ ਦਾ ਅੰਦਾਜ਼ਾ ਵੀ ਲਾ ਲੈਣਾ ਚਾਹੀਦਾ ਹੈ। ਮਨੁੱਖੀ ਮਨ ਵਿੱਚ ਇਸ ਤੋਂ ਬਾਅਦ ਉਤਪੰਨ ਹੋਣ ਵਾਲੀ ਭਾਵਨਾ ਇਹ ਗੁਨਾਹ ਦਾ ਅਹਿਸਾਸ ਵਰਗੀ ਹੁੰਦੀ ਹੈ। ਇਹ ਅਹਿਸਾਸ ਮਨੁੱਖੀ ਮਨ ਨੂੰ ਕਮਜ਼ੋਰ ਤੇ ਬੀਮਾਰ ਕਰ ਦਿੰਦਾ ਹੈ। ਕੁਝ ਪਲਾਂ ਦੇ ਸੁਖਦ ਅਨੁਭਵ ਸਾਰੀ ਉਮਰ ਲਈ ਮਾਨਸਕ ਬੀਮਾਰੀ ਦਾ ਮਰੀਜ਼ ਬਣਾ ਦਿੰਦਾ ਹੈ। ਮਨੋਬਲ ਦਾ ਪੱਧਰ ਡਿੰਗ ਪੈਂਦਾ ਹੈ। ਫੈਸਲਾ ਕਰਨ ਦੀ ਤੇ ਸੋਚ ਸਕਣ ਦੀ ਸਮਝ ਖਤਮ ਹੋ ਜਾਂਦੀ ਹੈ। ਸ਼ਾਇਦ ਇਸੇ ਲਈ ਸਿਆਣੇ ਆਖਦੇ ਹਨ ਕਿ ਵਾਸ਼ਨਾਂ ਉਪਰ ਕਾਬੂ ਰੱਖਣਾ ਚਾਹੀਦਾ ਹੈ ਤੇ ਇਸ ਦੇ ਗੁਲਾਮ ਨਹੀਂ ਹੋਣਾ ਚਾਹੀਦਾ।

ਸਮਾਜ ਇਕ ਸਿਹਤਮੰਦ ਸੰਸਥਾ ਹੈ। ਸਮਾਜ ਨੂੰ ਸਮਾਜ ਹੀ ਪੈਦਾ ਕਰਦਾ ਹੈ। ਸਮਾਜ ਮਨੁੱਖਾਂ ਦੀ ਆਪਣੀ ਬਣਾਈ ਹੋਈ ਸੰਸਥਾ ਹੁੰਦੀ ਹੈ ਜੋ ਮਨੁੱਖਾਂ ਦੇ ਰਹਿਣ ਸਹਿਣ ਲਈ ਕੁਝ ਨਿਯਮ ਬਣਾਉਂਦੀ ਹੈ, ਜਾਂ ਇਓ ਆਖ ਲਵੋ ਕਿ ਕੁਝ ਨਿਯਮਾਂ ਜਾਂ ਕੁਝ ਢੰਗਾਂ ਤਰੀਕਿਆਂ ਨੂੰ ਮਾਨਤਾ ਦਿੰਦੀ ਹੈ, ਭਾਵ ਹੈ ਪ੍ਰਵਾਨ ਕਰਦੀ ਹੈ। ਜਿਹੜੇ ਢੰਗ ਤਰੀਕੇ ਆਮ ਤੌਰ ਤੇ ਪ੍ਰਵਾਨ ਕਰ ਲਏ ਜਾਂਦੇ ਹਨ ਉਹੋ ਹੀ ਪ੍ਰਚਲਤ ਹੋ ਜਾਂਦੇ ਹਨ। ਹਰ ਸਮਾਜ ਵਿੱਚ ਪ੍ਰਚਲਤ ਨਿਯਮਾਂ ਅਨੁਸਾਰ ਹੀ ਚਲਣਾ ਪੈਂਦਾ ਹੈ। ਇਸ ਤਰ੍ਹਾਂ ਸਮਝ ਲਵੋ ਕਿ ਸਮਾਜ ਦਾ ਜ਼ਾਬਤਾ, ਅਨੁਸ਼ਾਸ਼ਨ ਸਮਾਜ ਦੇ ਅੰਦਰੋਂ ਹੀ ਪੈਦਾ ਹੁੰਦਾ ਹੈ, ਬਾਹਰੋਂ ਨਹੀਂ ਠੋਸਿਆ ਜਾਂਦਾ।

ਸਰਕਾਰ ਸਮਾਜ ਨਹੀਂ ਬਣਾਉਂਦੀ। ਸਮਾਜ ਸਰਕਾਰ ਬਣਾਉਂਦਾ ਹੈ। ਸਰਕਾਰ ਸਮਾਜ ਦੀ ਸੇਵਾ ਵਾਸਤੇ ਹੈ ਨਾ ਸਮਾਜ ਸਰਕਾਰ ਦੀ ਸੇਵਾ ਵਾਸਤੇ। ਇੱਕੀਵੀਂ ਸਦੀ ਵਿੱਚ ਤਾਕਤ ਦਾ ਵਿਕੇਂਦਰੀਕਰਨ ਹੋ ਚੁੱਕਾ ਹੈ। ਸਮਾਜ ਦੇ ਮਾਪਦੰਡ ਸਰਕਾਰਾਂ ਨਹੀਂ ਤੈਅ ਕਰਦੀਆਂ ਸਗੋਂ ਲੋਕ ਤੈਅ ਕਰਦੇ ਹਨ। ਕੀ ਠੀਕ ਕੀ ਗ਼ਲਤ ਦਾ ਨਿਰਣਾ ਵੀ ਸਮਾਜ ਦਾ ਹੀ ਹੁੰਦਾ ਹੈ। ਲੋਕ ਤੰਤਰ ਵਿੱਚ ਇਹ ਨਿਰਣਾ ਲੋਕ ਕਰਦੇ ਹਨ। ਪਰ ਜੇ ਸਰਕਾਰ ਆਪਣੇ ਆਪ ਨੂੰ ਸ਼ਾਹੀ ਜਾਂ ਰੱਬੀ ਤਾਕਤ ਸਮਝਣ ਦੇ ਭੁਲੇਖੇ ਦਾ ਸ਼ਿਕਾਰ ਹੋ ਜਾਵੇ ਤਾਂ ਲੋਕ ਉਸ ਨੂੰ ਸਿੱਧੇ ਰਾਹ ਤੇ ਲੈ ਆਉਂਦੇ ਹਨ। ਪਰ ਮੋਟੇ ਤੋਰ ਤੇ ਸਮਾਜ ਹੀ ਸਾਰੇ ਨਿਯਮ ਨਿਰਧਾਰਤ ਕਰਦਾ ਹੈ। ਜਿਸ ਵੀ ਕੰਮ ਵਿੱਚ ਇਸ ਨੂੰ ਸੌਖ ਲੱਗਣ ਲੱਗੇ ਉਸੇ ਦੇ ਪਿਛੇ ਹੋ ਜਾਂਦਾ ਹੈ ਤੇ ਉਸ ਨੂੰ ਅਪਣਾ ਲੈਂਦਾ ਹੈ।  ਇਸ ਨੂੰ ਤੁਸੀਂ ਰਿਵਾਜ਼ਾਂ ਵਿੱਚ ਸਾਕਾਰ ਦੇਖ ਸਕਦੇ ਹੋ, ਪਹਿਰਾਵੇ ਵਿੱਚ ਤੇ ਖਾਣ ਪੀਣ ਦੀਆਂ ਆਦਤਾਂ ਵਿੱਚ।

ਕਦੇ ਕਦੇ ਕੁਝ ਲੋਕ ਜੋ ਕਿਸੇ ਤਰ੍ਹਾਂ ਦੀ ਤਾਕਤ ਦੇ ਨਸ਼ੇ ਵਿੱਚ ਮਗ਼ਰੂਰ ਹੁੰਦੇ ਹਨ ਕੁਝ ਨਵੀਆਂ ਲੀਹਾਂ ਪਾਉਣ ਦੀ ਕੋਸ਼ਿਸ਼ ਕਰਦੇ ਹਨ ਪਰ ਇਹ ਬਹੁਤੀ ਦੇਰ ਤੱਕ ਨਹੀਂ ਚਲਦਾ। ਅਕਬਰ ਦੇ ਦੀਨ-ਏ-ਇਲਾਹੀ ਵਾਂਗ ਉਹਨਾਂ ਦੇ ਕਤਮ ਹੋਣ ਨਾਲ ਹੀ ਇਹ ਲੀਹਾਂ ਸਮਾਪਤ ਹੋ ਜਾਂਦੀਆਂ ਹਨ। ਇਸ ਲਈ ਸਿਆਣਪ ਇਸੇ ਵਿੱਚ ਹੈ ਕਿ ਅਜਿਹੀ ਮੂਰਖਤਾ ਨਾ ਕੀਤੀ ਜਾਵੇ। ਸਮਾਜ ਦੇ ਨਾਲ ਨਾਲ ਚਲਣ ਵਿੱਚ ਵੀ ਕੋਈ ਬੁਰਾਈ ਨਹੀਂ। ਸਿਆਣੇ ਕਹਿੰਦੇ ਹਨ ਕਿ ਖਾਈਏ ਮਨ ਭਾਉਂਦਾ ਪਰ ਪਾਈਏ ਜਗ ਭਾਉਂਦਾ। ਪਰ ਇਸ ਦਾ ਇਹ ਮਤਲਬ ਵੀ ਨਹੀਂ ਕਿ ਕੁਝ ਕੀਤਾ ਹੀ ਨਾ ਜਾਵੇ ਜੇ ਤੁਸੀਂ ਸਿਰਫ਼ ਇਕ ਕਦਮ ਸਮਾਜ ਦੇ ਅੱਗੇ ਅੱਗੇ ਚੱਲੋਗੇ ਤਾਂ ਨਿਸ਼ਚੇ ਹੀ ਉਹ ਤੁਹਾਨੂੰ ਆਪਣਾ ਨੇਤਾ ਮੰਨ ਲੈਣਗੇ ਤੇ ਤੁਹਾਡੇ ਪਿਛੇ ਪਿਛੇ ਤੁਰਨਾ ਚਾਹੁਣਗੇ। 

ਸਮਾਜ ਇਕ ਸ਼ਜਿਹੀ ਵਿਵਸਥਾ ਦੇਣਾ ਚਾਹੁੰਦਾ  ਜਾਂ ਇਓਂ ਕਹਿ ਲਵੋ ਕਿ ਸਥਾਪਤ ਕਰਨਾ ਚਾਹੁੰਦਾ ਜਿਸ ਵਿੱਚ ਰਹਿ ਕੇ ਮਨੁੱਖ ਦੀਆਂ ਸਾਰੀਆਂ ਇਛਾਵਾਂ ਦੀ ਪੂਰਤੀ ਹੋ ਸਕੇ। ਇਹ ਤੁਹਾਨੂੰ  feed-breed-heed-weed ਦੇ ਸਾਰੇ ਮੌਕੇ ਦੇਣਾ ਚਾਹੁੰਦਾ ਹੈ। ਸੋ ਕਾਮ ਵਰਗੀ ਖੂਬਸੁਰਤ ਇੱਛਾ ਦੀ ਪੂਰਤੀ ਲਈ ਵਿਆਹ / ਗ੍ਰਹਿਸਤ  ਦੀ ਵਿਵਸਥਾ ਯਕੀਨੀ ਬਣਾਉਂਦਾ ਹੈ। ਵਿਆਹ ਦੇ ਸਬੰਧ ਵਿੱਚ ਇਸ ਦੀ ਬਹੁਤ ਹੀ ਬੇਹਤਰ ਤਰੀਕੇ ਨਾਲ ਪੂਰਤੀ ਹੁੰਦੀ ਅਸੀਂ ਸਦੀਆਂ ਤੋਂ ਵੇਖਦੇ ਆ ਰਹੇ ਹਾਂ। ਸੋ ਅੱਜ ਵੀ ਲੋੜ ਹੈ ਇਸ ਨੂੰ ਪੀਢਿਆਂ ਕੀਤਾ ਜਾਵੇ। ਭਾਂਵੇਂ ਇਸ ਵਿੱਚ ਵੀ ਕਈ ਤਰ੍ਹਾਂ ਦੀਆਂ ਬੁਰਾਈਆਂ ਆ ਗਈਆਂ ਹਨ। ਜਾਤ ਪਾਤ ਹਾਣ-ਪਰਵਾਣ ਦੇ ਅਗੇ ਆ ਰਹੀਆਂ ਹਨ। ਕੁਝ ਮਾੜੀ ਤੇ ਗੰਧਲੀ ਸੋਚ ਦੇ ਲੋਕ ਇਸ ਨੂੰ ਵੀ ਖਰਾਬ ਕਰਨ ਤੇ ਤੁਲੇ ਹੋਏ ਹਨ ਪਰ ਬਾਵਜੂਦ ਇਸ ਸੱਭ ਦੇ ਵਿਆਹ ਦੇ ਸਬੰਧ ਨੂੰ ਨਕਾਰਿਆ ਨਹੀਂ ਜਾ ਸਕਦਾ। ਸਾਨੂੰ ਇਸ ਦਾ ਸਨਮਾਨ ਕਰਨਾ ਸਿਖਣਾ ਚਾਹਿਦਾ ਹੈ ਤੇ ਬੱਚਿਆਂ ਨੂੰ ਵੀ ਇਸ ਦੇ ਸਨਮਾਨ ਕਰਨ ਦੀ ਆਦਤ ਪਾਉਣੀ ਚਾਹੀਦੀ ਹੈ।

ਪਰ ਹਰ ਸਬੰਧ ਜਿਸ ਵਿੱਚ ਇਕ-ਪਾਸੜ ਜਾਂ ਦੁ-ਪਾਸੜ ਵਾਸ਼ਨਾਂ ਦੀ ਭੁੱਖ ਜਾਗੇ ਵਿਆਹ ਦੇ ਸਬੰਧ ਵਿੱਚ ਨਹੀਂ ਬਦਲੀ ਜਾ ਸਕਦੀ। ਹਰ ਕੁੜੀ ਨੂੰ ਕੋਈ ਮੁੰਡਾ ਆਪਣੀ ਵਿਆਹੁਤਾ ਨਹੀਂ ਬਣਾ ਸਕਦਾ ਤੇ ਨਾ ਹੀ ਹਰ ਮੁੰਡਾ ਕਿਸੇ ਕੁੜੀ ਦਾ ਪਤੀ ਹੋ ਸਕਦਾ ਹੈ। ਇਸ ਲਈ ਵਿਆਹ ਦੇ ਸਾਰੇ ਮਾਪ ਡੰਡ ਸਾਹਮਣੇ ਰੱਖ ਕੇ ਹਰ ਸਬੰਧ ਨੂੰ ਉਹਨਾਂ ਉਪਰ ਪਰਖਿਆ ਜਾਣਾ ਚਾਹਿਦਾ ਹੈ ਤੇ ਸਹੀ ਜੋੜ ਮਿਲਣ ਤੇ ਹੀ ਵਿਆਹ ਵਰਗਾ ਸਬੰਧ ਬਣਾਉਣਾ ਚਾਹੀਦਾ ਹੈ। ਬੇ ਮੇਲ ਰਿਸ਼ਤੇ ਸਾਰੀ ਉਮਰ ਲਈ ਸਿਰ ਦਰਦ ਬਣ ਜਾਂਦੇ ਹਨ। ਸੋ ਪ੍ਰਸ਼ਨ ਪੈਦਾ ਹੁੰਦਾ ਹੈ ਕੋਈ ਵੀ ਚਾਹ ਕੇ ਹਰ ਕੁੜੀ ਦਾ ਪਤੀ ਨਹੀਂ ਬਣ ਸਕਦਾ ਤੇ ਕਬਜ਼ਾ ਕਰਨ ਦੀ ਭਾਵਨਾ ਨਾਲ ਜੇ ਉਹ ਹਰ ਕੁੜੀ ਨੂੰ ਆਪਣੀ ਵਾਸ਼ਨਾਂ ਦਾ ਸ਼ਿਕਾਰ ਬਣਾਉਣਾ ਚਾਹੇ ਤਾਂ ਇਹ ਬਹੁਤ ਮੁਸ਼ਕਲ ਹੋ ਜਾਵੇਗਾ ਤੇ ਇਸ ਨੂੰ ਸਮਾਜ ਇਕ ਘਿਣਾਉਣਾ ਅਪਰਾਧ ਮੰਨਦਾ ਹੈ ਤੇ ਇਸ ਦੀ ਸਜ਼ਾ ਵੀ ਤਜਵੀਜ਼ ਕਰਦਾ ਹੈ।

ਸਮਾਜ ਦਾ ਹਿੱਸਾ ਬਣ ਕੇ ਰਹਿਣ ਲਈ ਬਹੁਤ ਜ਼ਰੂਰੀ ਹੈ ਕਿ ਸਮਾਜ ਦੇ ਨਿਯਮਾਂ ਦੀ ਪਾਲਨਾ ਕੀਤੀ ਜਾਵੇ। ਨਿਯਮਾਂ ਵਿੱਚ ਰਹਿ ਕੇ ਉਹਨਾਂ ਅਨੁਸਾਰ ਆਪਣੇ ਆਪ ਨੂੰ ਢਾਲਣਾ ਹੀ ਚੰਗੀ ਆਦਤ ਹੈ। ਵਿਦੇਸ਼ਾਂ ਵਿੱਚ ਅਕਸਰ ਲੋਕ ਸਮਾਜ ਵਿੱਚ ਰਹਿ ਕੇ ਸਮਾਜ ਦੇ ਨਿਯਮਾਂ ਅਨੁਸਾਰ ਜੀਣ ਵਿੱਚ ਹੀ ਆਪਣੀ ਬੇਹਤਰੀ ਸਮਝਦੇ ਹਨ। ਇਹ ਕਿਸੇ ਵੀ ਸੁਗਠਿਤ ਸਮਾਜ ਦਾ ਸੂਚਕ ਹੈ। ਅਜਿਹੇ ਸਮਾਜ ਆਪਣੇ ਨਾਗਰਿਕਾਂ ਦੀ ਭਲਾਈ ਵਾਸਤੇ ਹਮੇਸ਼ਾ ਯਤਨਸ਼ੀਲ ਰਹਿੰਦੇ ਹਨ ਤੇ ਪਰਿਵਰਤਨ ਉਹਨਾਂ ਦੀ ਬਣਤਰ ਦਾ ਹਿੱਸਾ ਹੁੰਦਾ ਹੈ। ਪਰਿਵਰਤਨ ਦੇ ਅਭਾਵ ਨਾਲ ਵੀ ਸਮਾਜ ਵਿੱਚ ਕਈ ਤਰ੍ਹਾਂ ਦੀ ਸਮਸਿਆਂਵਾਂ ਖੜੀਆਂ ਹੋ ਜਾਂਦੀਆਂ ਹਨ ਤੇ ਉਹਨਾਂ ਦਾ ਹੱਲ ਲਭਣ ਲਈ ਕਈ ਵਾਰੀ ਬਗ਼ਾਵਤਾਂ ਵੀ ਹੋ ਜਾਂਦੀਆਂ ਹਨ।

ਜਿਹੜੀ ਗੱਲ ਸਮਾਜ ਵਿੱਚ ਰਹਿ ਕੇ ਸਿਖਣੀ ਪੈਂਦੀ ਹੈ ਉਹ ਆਪਣੀਆਂ ਇਛਾਵਾਂ ਉਪਰ ਕਾਬੂ ਪਾਉਣਾ ਸਿਖਣਾ, ਇਛਾਵਾਂ ਕੋਈ ਵੀ ਹੋਣ, ਉਹਨਾਂ ਨੂੰ ਸੰਭਾਲਣਾ ਤੇ ਕਾਬੂ ਪਾਉਣਾ ਹਰ ਚੰਗੇ ਮਨੁਖ ਦਾ ਸੁਭਾਅ ਹੋਣਾ ਚਾਹੀਦਾ ਹੈ। ਸਾਰੀਆਂ ਇਛਾਵਾਂ ਦੀ ਪੂਰਤੀ ਸੰਭਵ ਨਹੀਂ ਹੁੰਦੀ। ਇਹਨਾਂ ਨੂੰ ਸਮਝਣਾ ਚਾਹੀਦਾ ਹੈ ਤੇ  ਇਹਨਾਂ ਉਪਰ ਆਪਣਾ ਸਵੈ ਕਾਬੂ ਰੱਖਣਾ ਚਾਹੀਦਾ ਹੈ। ਜੋ ਵਿਅਕਤੀ ਇਸ ਸਥਿਤੀ ਨੂੰ ਸਮਝਣ ਤੋਂ ਅਸਮਰਥ ਹੁੰਦਾ ਹੈ ਉਸ ਨੂੰ ਜੰਗਲੀ ਕਿਹਾ ਜਾਂਦਾ ਹੈ। ਉਹ ਕਿਸੇ ਵੀ ਕਿਸਮ ਦੀ ਦਰਿੰਦਗੀ ਉਪਰ ਉਤਾਰੂ ਹੋ ਸਕਦਾ ਹੈ। ਉਹ ਗੁੱਸੇ ਦਾ ਸ਼ਿਕਾਰ ਹੋ ਸਕਦਾ ਹੈ। ਉਹ ਸਮਾਜ ਵਿੱਚ ਸਮਸਿਆਵਾਂ ਖੜੀਆਂ ਕਰ ਸਕਦਾ ਹੈ। ਇਸ ਤਰ੍ਹਾਂ ਦੇ ਮਨੁੱਖ ਦੀ ਮਾਨਸਕਤਾ ਨੂੰ ਬਿਮਾਰ ਮਾਨਸਕਤਾ ਕਿਹਾ ਜਾਂਦਾ ਹੈ। ਸਾਡੇ ਆਸ ਪਾਸ ਬਹੁਤ ਸਾਰੀਆਂ ਘਟਨਾਵਾਂ ਇਸੇ ਬਿਮਾਰ ਮਾਨਸਕਤਾ ਦੇ ਕਾਰਨ ਪੈਦਾ ਹੁੰਦੀਆਂ ਹਨ। ਪੈਸੇ ਦੀ ਇਛਾ ਰੱਖਣ ਵਾਲੇ ਲੋਭੀ ਹੋ ਜਾਂਦੇ ਹਨ। ਜਦੋਂ ਉਹ ਸਮਾਜ ਦੀ ਜਾਂ ਕਿਸੇ ਸ਼ਿਸ਼ਟਾਚਾਰ ਦੀ ਪਰਵਾਹ ਨਹੀਂ ਕਰਦੇ ਤਾਂ ਉਹ ਭ੍ਰਿਸ਼ਟਾਚਾਰੀ ਹੋ ਜਾਂਦੇ ਹਨ। ਕਾਮ ਨਾਲ ਅੰਨ੍ਹਾ ਵਿਅਕਤੀ ਬਲਾਤਕਾਰੀ ਹੋ ਜਾਂਦਾ ਹੈ ਉਹ ਇਹ ਨਹੀਂ ਸਮਝਦਾ ਕਿ ਕਾਮ ਦੀ ਕੀ ਮਹੱਤਤਾ ਹੈ ਪਰ ਉਹ ਹਰ ਵੇਲੇ ਇਸ ਬਾਰੇ ਸੋਚਦਾ ਹੈ ਤੇ ਬਿਮਾਰ ਹੋ ਜਾਂਦਾ ਹੈ। ਬਲਾਤਕਾਰ ਤੇ ਵਿਭਚਾਰ ਇਸੇ ਹੀ ਮਾਨਸਕਤਾ ਦੇ ਦੋ ਪਹਿਲੂ ਹਨ।

ਦੂਜੇ ਪਾਸੇ ਹੰਕਾਰ ਵਿੱਚ ਅੰਨ੍ਹਾ ਵਿਅਕਤੀ ਤਾਨਾਸ਼ਾਹ ਬਣ ਜਾਂਦਾ ਹੈ ਤੇ ਹਰ ਕਿਸੇ ਨੂੰ ਆਪਣੇ ਅਧੀਨ ਰੱਖਣਾ ਚਾਹੁੰਦਾ ਹੈ। ਮੋਹ ਵਿੱਚ ਅੰਨ੍ਹਾ ਹੋਇਆ ਵਿਅਕਤੀ ਸਵਾਰਥੀ ਹੋ ਜਾਂਦਾ ਹੈ। ਉਸ ਨੂੰ ਆਪਣੇ ਸਵਾਰਥ ਤੋਂ ਬਿਨਾਂ ਹੋਰ ਕੁਝ ਵੀ ਨਜ਼ਰ ਨਹੀਂ ਆਉਂਦਾ। ਇਸੇ ਲਈ ਨੀਤੀ ਸ਼ਾਸ਼ਤਰ ਵਿੱਚ ਕਾਮ, ਕ੍ਰੋਧ, ਲੋਭ ਤੇ ਮੋਹ ਨੂੰ ਵਿਕਾਰੀ ਵਿਸ਼ੇ ਮੰਨਿਆ ਜਾਂਦਾ ਹੈ ਤੇ ਕਿਸੇ ਵੀ ਵਿਅਕਤੀ ਨੂੰ ਇਹਨਾਂ ਤੋਂ ਬਚਣ ਲਈ ਕਿਹਾ ਜਾਂਦਾ ਹੈ।

ਅਸਲ ਵਿੱਚ ਇਹੋ ਹੀ ਉਹ ਵਿਕਾਰ ਹਨ ਜੋ ਸਮਾਜ ਵਿੱਚ ਅਸਥਿਰਤਾ ਪੈਦਾ ਕਰਦੇ ਹਨ। ਤੁਹਾਨੂੰ ਇਸ ਤੋਂ ਬਚਣਾ ਚਾਹੀਦਾ ਹੈ। ਇਹ ਤਦ ਹੀ ਸੰਭਵ ਹੈ ਜੇ ਸਮਾਜ ਵਿੱਚ ਸਕਾਰਾਤਮਕ ਸੋਚ ਹੋਵੇਗੀ ਤੇ ਇਹ ਸੋਚ ਮਾਂ ਆਪਣੇ ਪੁਤਰ ਨੂੰ ਦੇਵੇਗੀ, ਪਿਉ ਆਪਣੀ ਧੀ ਨੂੰ ਦੇਵੇਗਾ। ਮਾਂ ਤੇ ਪਿਓ ਇਹ ਸੋਚ ਆਪਣੇ ਪੁਤਰ ਤੇ ਧੀ ਵਿੱਚ ਆਪੋ ਆਪਣਾ ਰਿਸ਼ਤਾ ਭੈਣ ਭਰਾ ਤੇ ਫਿਰ ਧੀ ਤੇ ਜਵਾਈ ਦਾ ਦੂਜੇ ਪਾਸੇ ਨੂੰਹ ਪੁਤਰ ਦੇ ਰੂਪ ਵਿੱਚ ਸਾਕਾਰ ਹੁੰਦਾ ਦੇਖਣਗੇ। ਪਤਾ ਨਹੀਂ ਕਿਉਂ ਸਾਡੇ ਸਮਾਜ ਵਿੱਚ ਉਹ ਧਿਰਾਂ ਨਿਰਬਲ ਕਿਉਂ ਜਾਪਦੀਆਂ ਹਨ ਜਿਹਨਾਂ ਦਾ ਕੰਮ ਸੀ ਕਿ ਬੱਚਿਆਂ ਅੰਦਰ ਇਹ ਸੁਹਿਰਦ ਸੋਚ ਪੈਦਾ ਕਰਨ। ਇਹ ਕੋਈ ਜ਼ਿਆਦਾ ਆਦਰਸ਼ਵਾਦੀ ਸੋਚ ਨਹੀਂ ਕਿ ਅਸੀਂ ਹਰ ਮਨੁੱਖ ਤੋਂ ਉੱਚਾ ਸੁਚਾ ਜੀਵਨ ਜੀ ਸਕਣ ਦੀ ਆਸਾ ਕਰੀਏ। ਇਹ ਤਾਂ ਸਿਰਫ ਇਕ ਬਹੁਤ ਹੀ ਛੋਟੀ ਜਿਹੀ ਗੱਲ ਹੈ, ਜਿਹੜੀ ਘੱਟੋ ਘੱਟ ਸਾਰਿਆਂ ਵਿੱਚ ਮੋਜੂਦ ਹੋਣੀ ਚਾਹੀਦੀ ਹੈ।

ਜਾਂ ਤਾਂ ਜਾਗਣਾ ਪਵੇਗਾ ਤੇ ਇਸ ਸੋਚ ਪ੍ਰਤੀ ਆਪਣਾ ਫਰਜ਼ ਪਛਾਣ ਕੇ ਇਸ ਦੀ ਪੂਰਤੀ ਲਈ ਸਰਗਰਮ ਹੋਣਾ ਪਵੇਗਾ ਨਹੀਂ ਤਾਂ ਸੰਵੇਦਨਾਹੀਣ ਹੋ ਜਾਓ ਤੇ ਦਿਲੀ ਵਿੱਚ ਵਾਪਰੀ ਹਰ ਘਟਨਾ ਨੂੰ ਵਾਪਰੀ ਜਾਣ ਦਿਓ। ਫੈਸਲਾ ਤੁਸੀਂ ਕਰਨਾ ਹੈ। ਆਖਰ ਤੁਹਾਡੀ ਬੇਟੀ, ਤੁਹਾਡੀ ਭੈਣ ਵੀ ਇਸੇ ਸਮਾਜ ਵਿੱਚ ਵਿਚਰੇਗੀ ਤੇ ਕਿਤੇ ਵੀ ਉਹ ਇਹੋ ਜਿਹੇ ਹਾਲਾਤ ਦਾ ਸ਼ਿਕਾਰ ਹੋ ਸਕਦੀ ਹੈ।

ਸਿਖਾਓ ਕਿ ਰਿਸ਼ਤੇ ਤੇ ਸਬੰਧ ਆਦਰ ਮੰਗਦੇ ਹਨ ਤੇ ਇਹਨਾਂ ਦਾ ਸਤਿਕਾਰ ਕਰਨਾ ਚਾਹੀਦਾ ਹੈ। ਕੂਕ ਕੂਕ ਕੇ ਦੱਸੋ ਕਿ ਕੁੜੀਆਂ ਤੇ ਔਰਤਾਂ ਇਸ ਦੁਨੀਆ ਦੀਆਂ ਸਭ ਤੋਂ ਖੂਬਸੂਰਤ ਰਿਸ਼ਤੇ ਬਣਾਉਂਦੀਆਂ ਹਨ ਚਾਹੇ ਉਹ ਮਾਂ ਦੇ ਰੂਪ ਵਿੱਚ ਹੋਣ ਚਾਹੇ ਭੈਣ ਦੇ ਰੂਪ ਵਿੱਚ, ਚਾਹੇ ਚੰਗੀ ਦੋਸਤ ਦੇ ਰੂਪ ਵਿੱਚ ਤੇ ਚਾਹੇ ਇਕ ਬੇਟੀ ਦੇ ਰੂਪ ਵਿੱਚ। ਉਹ ਮੋਹ ਨਾਲ ਲੱਦੀਆਂ ਖੁਸ਼ਬੂਆਂ ਹੁੰਦੀਆਂ ਹਨ ਜੋ ਦੁਨੀਆ ਨੂੰ ਨਿਰੰਤਰ ਬਦਲਦੀਆਂ ਹਨ। ਉਹਨਾਂ ਬਿਨਾਂ ਹਰ ਰਿਸ਼ਤਾ ਅਧੂਰਾ ਹੈ। ਉਹਨਾਂ ਨੂੰ ਵਲੂੰਧਰਨਾ ਨਹੀਂ ਚਾਹੀਦਾ। ਉਹ ਇਕ ਸਾਫ ਸ਼ੀਸ਼ੇ ਦੀ ਤਰ੍ਹਾਂ ਹੁੰਦੀਆਂ ਹਨ ਜਿਹਨਾਂ ਚੋਂ ਹਰ ਮਨੁੱਖ ਆਪਣਾ ਅਕਸ ਦੇਖਣਾ ਚਾਹੁੰਦਾ ਹੈ, ਚਾਹੇ ਉਹ ਬਾਪ ਦੇ ਰੂਪ ਵਿੱਚ ਹੋਵੇ, ਚਾਹੇ ਭਰਾ ਦੇ ਰੂਪ ਵਿੱਚ ਚਾਹੇ ਪੁਤਰ ਦੇ ਰੂਪ ਵਿੱਚ ਤੇ ਚਾਹੇ ਇਕ ਪਤੀ ਜਾਂ ਪ੍ਰੇਮੀ ਦੇ ਰੂਪ ਵਿੱਚ। ਇਹਨਾਂ ਸ਼ੀਸ਼ਿਆਂ ਉਪਰ ਲਿਖਿਆ ਹੈ, ਹੈਂਡਲ ਵਿੱਦ ਕੇਅਰ। ਆਓ ਰਿਸ਼ਤਿਆਂ ਵਿੱਚ ਤਾਜ਼ਗੀ ਭਰੀਏ, ਆਪੋ ਆਪਣਾ ਨਜ਼ਰੀਆ ਬਦਲੀਏ ਤੇ ਆਪਣੇ ਚੰਗੇ ਹੋਣ ਦਾ ਸਬੂਤ ਦੇਈਏ।

1 comment:

  1. ਦੋਸਤਾਂ ਦਾ ਧੰਨਵਾਦ, ਪੜ੍ਹਨ ਲਈ

    ReplyDelete