Tuesday, September 11, 2012

ਗੁਰਬਾਣੀ ਤੇ ਪੰਜਾਬੀ


ਗੁਰਬਾਣੀ ਤੇ ਪੰਜਾਬੀ

ਸਿਰਫ ਇਸ ਗੱਲ ਨੂੰ ਛੱਡ ਕੇ, ਕਿ ਇਸ ਦੀ ਲਿੱਪੀ ਗੁਰਮੁਖੀ ਹੈ, ਗੁਰਬਾਣੀ ਦੀ ਭਾਸ਼ਾ ਪੰਜਾਬੀ ਨਹੀਂ ਹੈ। ਗੁਰੂ ਨਾਨਕ ਦੇਵ ਜੀ ਨੇ ਇਸ ਨੂੰ ਪੰਜਾਬੀ ਵਿੱਚ ਨਹੀਂ ਲਿਖਿਆ ਤੇ ਨਾ ਹੀ ਗੁਰੂ ਨਾਨਕ ਦੇਵ ਜੀ ਨੇ ਜ਼ਾਹਰਾ ਤੌਰ ਤੇ ਇਸ ਨੂੰ ਲਿਖਣ ਲਈ ਪੰਜਾਬੀ ਬੋਲੀ ਦੀ ਵਰਤੋਂ ਕੀਤੀ ਹੈ।

ਉਹਨਾਂ ਉਸ ਸਮੇਂ ਦਾ ਭਗਤੀ ਸਾਹਿਤ ਦੀ ਪ੍ਰਚਲਤ ਧਾਰਾ ਦੀ ਸਰਬ ਪ੍ਰਵਾਨਤ ਭਾਸ਼ਾ ਜਿਸ ਨੂੰ ਸਾਧ ਭਾਖਾ ਵੀ ਕਿਹਾ ਜਾਂਦਾ ਹੈ, ਦੀ ਵਰਤੋਂ ਹੀ ਕੀਤੀ। ਇਹੀ ਕਾਰਨ ਹੈ ਕਿ ਸਾਨੂੰ ਗੁਰਬਾਣੀ ਦਾ ਪਾਠ ਕਰਦਿਆਂ ਗੁਰੂ ਨਾਨਕ ਦੇਵ ਜੀ ਤੇ ਬਾਕੀ ਪੰਜ ਗੁਰੂ ਸਾਹਿਬਾਨ ਦੀ ਬਾਣੀ ਤੇ ਭਗਤਾਂ ਦੀ ਬਾਣੀ ਜਿਹਨਾਂ ਵਿੱਚ ਭਗਤ ਕਬੀਰ, ਭਗਤ ਨਾਮਦੇਵ, ਭਗਤ ਧੰਨਾ, ਭਗਤ ਰਵਿਦਾਸ, ਭਗਤ ਸਧਨਾ ਆਦਿ ਨਾਲੋਂ ਕਿਵੇਂ ਵੀ ਵੱਖ ਨਹੀਂ ਜਾਪਦੀ। ਇਹ ਨਾ ਹੀ ਮੁਹਾਵਰੇ ਵੱਲੋਂ ਤੇ ਨਾ ਭਾਸ਼ਾ ਵੱਲੋਂ ਓਪਰੀ ਜਾਪਦੀ ਹੈ ਸਗੋਂ ਇਸ ਤਰਹਾਂ ਜਾਪਦਾ ਹੈ ਕਿ ਜਿਵੇਂ ਸਾਰੀ ਗੁਰਬਾਣੀ ਇਕ ਸਾਂਝੇ ਧਾਗੇ ਵਿੱਚ ਪਰੋਏ ਹੋਏ ਮੋਤੀਆਂ ਦੀ ਮਾਲਾ ਹੋਵੇ।

ਜੇ ਕਰ ਇਸ ਨੂੰ ਪੰਜਾਬੀ ਦਾ ਨਾਂ ਦਿਤਾ ਜਾਵੇ, ਜਿਵੇਂ ਅੱਜ ਕਲ੍ਹ ਕੁਝ ਸੱਜਣ ਇਸ ਨੂੰ ਪੰਜਾਬੀ ਬੋਲੀ ਤੇ ਪੰਜਾਬ ਦੇ ਸੰਧਰਭ ਵਿੱਚ ਹੀ ਦੇਖਦੇ ਹਨ, ਤਾਂ ਫਿਰ ਇਹ ਕਹਿਣਾ ਪਵੇਗਾ ਕਿ ਇਹ ਭਾਸ਼ਾ ਬਨਾਰਸ, ਦਿੱਲੀ, ਰਾਜਸਥਾਨ, ਮਹਾਂਰਾਸ਼ਟਰ, ਬੰਗਾਲ ਤੇ ਹੋਰ ਕਈ ਪ੍ਰਾਂਤਾ ਵਿੱਚ ਬੋਲੀ ਜਾਂਦੀ ਹੋਵੇਗੀ। ਪਰ ਅਜਿਹੀ ਕੋਈ ਗੱਲ ਨਹੀਂ ਸੀ।

ਭਗਤ ਕਬੀਰ, ਭਗਤ ਭੀਖਣ ਤੇ ਭਗਤ ਰਵਿਦਾਸ ਦਾ ਸਬੰਧ ਯੂ. ਪੀ. ਦੇ ਬਨਾਰਸ ਨਾਲ ਹੈ, ਨਾਮਦੇਵ ਦਾ ਮਹਾਂਰਾਸ਼ਟਰਾ ਨਾਲ, ਭਗਤ ਸੈਣ ਦਾ ਕਰਨਾਟਕ ਨਾਲ, ਭਗਤ ਧੰਨਾ ਦਾ ਰਾਜਸਥਾਨ ਨਾਲ ਤੇ ਇਸੇ ਤਰ੍ਹਾਂ ਇਹਨਾਂ ਸਾਰੇ ਭਗਤਾਂ ਦਾ ਸਬੰਧ ਉਸ ਭਗਤੀ ਲਹਿਰ ਨਾਲ ਸੀ ਜੋ ਉਸ ਸਮੇਂ ਪੂਰੇ ਭਾਰਤ ਵਿੱਚ ਫੈਲੀ ਹੋਈ ਸੀ। ਵੱਖ ਵੱਖ ਥਾਂਵਾਂ ਨਾਲ ਸਬੰਧ ਰੱਖਦੇ ਹੋਏ ਵੀ ਇਹਨਾਂ ਸੱਭ ਦਾ ਅਕੀਦਾ ਤੇ ਵਿਸ਼ਵਾਸ ਤਕਰੀਬਨ ਇਕੋ ਜਿਹਾ ਸੀ ਜੋ ਗੁਰੂ ਨਾਨਕ ਦੀ ਵਿਚਾਰ ਧਾਰਾ ਨਾਲ ਮੇਲ ਖਾਂਦਾ ਸੀ।

ਵੱਖ ਵੱਖ ਇਲਾਕਿਆਂ ਤੋਂ ਹੋਣ ਦੇ ਬਾਵਜੂਦ ਇਹਨਾਂ ਸਾਰੇ ਭਗਤਾਂ ਨੇ ਜਿਸ ਭਾਸ਼ਾ ਵਿੱਚ ਆਪਣੀ ਗੱਲ ਆਖੀ ਉਹ ਭੂਗੋਲਿਕ ਭਾਸ਼ਾਈ ਖੇਤਰਾਂ ਦੀਆਂ ਹੱਦਾਂ ਟੱਪ ਕੇ ਸਾਰਿਆਂ ਨੂੰ ਸਮਝ ਆ ਸਕਣ ਵਾਲੀ ਆਮ ਭਾਸ਼ਾ ਬਣੀ। ਉਸ ਨੂੰ ਹਰ ਥਾਂ ਸਮਝਿਆ ਗਿਆ, ਮਾਣਿਆ ਗਿਆ। ਉਹ ਸਭ ਥਾਂਵਾਂ ਉਪਰ ਪ੍ਰਚਲਤ ਹੋਈ। ਇਹ ਭਾਸ਼ਾ ਹੀ ਸੀ ਜਿਸ ਨੇ ਭਗਤੀ ਲਹਿਹਰ ਦੀ ਭਾਵਨਾ ਏਨੀ ਵੱਡੀ ਪੱਧਰ ਤੇ ਅਰਥ ਸੰਚਾਰ ਕੀਤਾ।

ਬਹੁਤ ਸਾਰੇ ਸੰਕਲਪ ਜਿਹਨਾਂ ਨੂੰ ਗੁਰੂ ਸਾਹਿਬਾਨ ਨਾਲ ਜੋੜ ਕੇ ਦੇਖਿਆ ਜਾਂਦਾ ਹੈ ਗੁਰੂ ਸਾਹਿਬਾਨ ਤੋਂ ਬਹੁਤ ਪਹਿਲਾਂ ਭਗਤੀ ਲਹਿਰ ਦਾ ਹਿੱਸਾ ਬਣ ਚੁਕੇ ਸਨ। ਗੁਰਮੁਖ ਤੇ ਗੁਰਮਤ, ਇਹ ਦੋ ਸ਼ਬਦ ਭਗਤ ਬਾਣੀ ਵਿੱਚ ਭਗਤ ਕਬੀਰ ਦੀ ਸ਼ਬਦਾਵਲੀ ਦਾ ਹਿੱਸਾ ਬਣ ਚੁਕੇ ਸਨ। ਬਾਵਨ ਅੱਖਰੀ ਭਗਤ ਕਬੀਰ ਜੀ ਵਿੱਚ ਸਾਰੇ ਵਰਣਾ ਦੇ ਨਾਂ ਉਹੀ ਹਨ ਜੋ ਅਸੀਂ ਪੰਜਾਬੀ ਵਿੱਚ ਬੋਲਦੇ ਹਾਂ ਜਿਵੇ ਕਕਾ, ਖਖਾ, ਗਗਾ, ਚਚਾ, ਛਛਾ ਆਦਿ, ਇਸ ਤੋਂ ਭਾਵ ਹੈ ਕਿ ਇਹ ਅਖਰ ਗੁਰੂ ਸਾਹਿਬਾਨ ਤੋਂ ਤਕਰੀਬਨ 300 ਸਾਲ ਪਹਿਲਾਂ ਹੀ ਹੋਂਦ ਵਿੱਚ ਤੇ ਵਰਤੋਂ ਵਿੱਚ ਆਉਂਦੇ ਸਨ।

ਗੁਰੂ ਨਾਨਕ ਸਾਹਿਬ ਖੁਦ ਵੀ ਕਿਸੇ ਖਾਸ ਭਾਸ਼ਾ ਨੂੰ ਪ੍ਰਣਾਏ ਹੋਏ ਨਹੀਂ ਸਨ। ਉਹਨਾਂ ਨੇ ਜਿਸ ਵੀ ਖੇਤਰ ਦਾ ਦੌਰਾ ਕੀਤਾ ਉਸੇ ਦੀ ਭਾਸ਼ਾ ਵਿੱਚ ਬਾਣੀ ਉਚਾਰੀ ਤੇ ਆਪਣੀ ਗੱਲ ਸਮਝਾਈ। ਭਾਸ਼ਾ ਕਦੇ ਵੀ ਉਹਨਾਂ ਦੇ ਵਿਚਾਰਾਂ ਲਈ ਰੋੜਾ ਨਹੀਂ ਬਣੀ। ਉਹ ਓਨੀ ਹੀ ਸਹਿਜ ਨਾਲ ਸੰਸਕ੍ਰਿਤ ਸ਼ਬਦਾਵਲੀ ਦੀ ਵਰਤੋਂ ਕਰਦੇ ਜਿੰਨੀ ਸਹਜ ਨਾਲ ਉਹ ਪ੍ਰਚਲਤ ਸ਼ਬਦਾਵਲੀ ਨੂੰ ਚੁਣਦੇ ਹਨ। ਉਹਨਾਂ ਦੇ ਕੁਝ ਸ਼ਬਦ ਫਾਰਸੀ ਭਾਸ਼ਾ ਵਿੱਚ ਵੀ।

ਦੱਖਣੀ ਓਅੰਕਾਰ ਦੀ ਰਚਨਾ ਉਹਨਾਂ ਨਰਮਦਾ ਨਦੀ ਦੇ ਮੱਧ ਵਿੱਚ ਸਥਿਤ ਇਕ ਟਾਪੂ ਉਪਰ ਬਣੇ ਬਣੇ ਓਅੰਕਾਰ ਦੇ ਨਾਂ ਨਾਲ ਬਣੇ ਪ੍ਰਸਿਧ ਹਿੰਦੂ ਮੰਦਰ ਵਿਖੇ ਕੀਤੀ। ਉਹਨਾਂ ਦਾ ਮੁੱਖ ਮੰਤਵ ਆਪਣੀ ਗੱਲ ਸਮਝਾਉਣਾ ਸੀ। ਉਹਨਾਂ ਦਾ ਸੁਨੇਹਾ ਕਿਸੇ ਵੀ ਭਾਸ਼ਾ ਦਾ ਮੁਥਾਜ ਨਹੀਂ ਸੀ। ਇਹ ਉਨਾਂ ਦੀ ਸ਼ਖਸੀਅਤ ਦਾ ਵਿਲੱਖਣ ਗੁਣ ਸੀ ਕਿ ਉਹ ਜਿਸ ਵੀ ਥਾਂ ਗਏ ਉਸੇ ਵਰਗੇ ਹੋ ਗਏ। ਗੁਰੂ ਨਾਨਕ ਦੇਵ ਜੀ ਤੇ ਬਾਕੀ ਸਿਖ ਗੁਰੂ ਸਾਹਿਬਾਨ ਕਦੇ ਵੀ ਭਾਸ਼ਾ ਬੇ ਇੰਨੇ ਤੁਅਸਬੀ ਨਹੀਂ ਸਨ ਜਿੰਨਾ ਅੱਜ ਕਲ੍ਹ ਲੋਕ ਉਹਨਾਂ ਨੂੰ ਲੈ ਕੇ ਆਪਣਾ ਭਾਸ਼ਾ ਪ੍ਰੇਮ ਦਿਖਾ ਰਹੇ ਹਨ।

ਕੁਝ ਹਿੰਦੂ ਵਿਦਵਾਨ ਗੁਰੂ ਨਾਨਕ ਦੇਵ ਜੀ ਨੂੰ ਹਿੰਦੂ ਵੇਦਾਂ- ਵੇਦਾਂਤ, ਉਪਨਿਸ਼ਦ ਤੇ ਹੋਰ ਸ਼ਾਸ਼ਤਰਾਂ ਦੇ ਗਿਆਨ ਦੇ ਸੰਧਰਭ ਵਿੱਚ ਦੇਖਣ ਦੀ ਕੋਸ਼ਿਸ਼ ਕਰਦੇ ਹਨ ਤੇ ਉਹਨਾਂ ਦੀ ਇਸ ਗੱਲ ਤੋਂ ਆਲੋਚਨਾ ਕਰਦੇ ਹਨ ਕਿ ਗੁਰੂ ਨਾਨਕ ਦੇਵ ਜੀ ਨੂੰ ਹਿੰਦੂ ਮੱਤ ਦੇ ਸਿਧਾਂਤਾਂ ਦੀ ਜਾਣਕਾਰੀ ਨਹੀਂ ਸੀ। ਪਰ ਇਥੇ ਇਹ ਗੱਲ ਜ਼ਿਕਰਯੋਗ ਹੈ ਕਿ ਗੁਰੂ ਨਾਨਕ ਦੇਵ ਜੀ ਨੇ ਕਦੇ ਵੀ ਹਿੰਦੂ ਸ਼ਾਸ਼ਤਰ ਆਦਿ ਨੂੰ ਆਪਣੇ ਸੁਨੇਹਾ ਦਾ ਆਧਾਰ ਨਹੀਂ ਬਣਾਇਆ।

ਇਸ ਦਾ ਵੱਡਾ ਕਾਰਨ ਉਸ ਸਮੇਂ ਦੀ ਮੰਗ ਸੀ ਜਦੋਂ ਇਹ ਸਾਰੇ ਸ਼ਾਸ਼ਤਰ ਤੇ ਉਪਨਿਸ਼ਦ ਆਦਿ ਆਪਣਾ ਮਹੱਤਵ ਗਵਾ ਬੈਠੇ ਸਨ ਤੇ ਇਹਨਾਂ ਦੀ ਆਮ ਜ਼ਿੰਦਗੀ ਵਿੱਚ ਕੋਈ ਜ਼ਰੂਰਤ ਨਹੀਂ ਸੀ ਰਹਿ ਗਈ। ਹਿੰਦੂ ਧਰਮ ਦੀ ਅਧੋਗਤੀ ਤੋਂ ਬਾਦ ਬੋਧ ਧਰਮ ਦਾ ਵਿਕਾਸ ਹੋ ਚੁਕਾ ਸੀ ਤੇ ਉਸ ਦੇ ਨਿਘਾਰ ਤੋਂ ਬਾਅਦ ਦੀ ਹਾਲਤ ਕੋਈ ਬਹੁਤੀ ਆਸ਼ਾਜਨਕ ਨਹੀਂ ਸੀ। ਮੁਸਲਿਮ ਹਮਲਾਵਰਾਂ ਦੇ ਨਾਲ ਹੀ ਰਾਜਨੀਤਕ ਉਥਲ ਪੁਥਲ ਦੀ ਅਵਸਥਾ ਬਣੀ ਹੋਈ ਸੀ ਜਿਸ ਦਾ ਸਿੱਟਾ ਸਮੁੱਚੇ ਭਾਰਤ ਵਿੱਚ ਸਮਾਜਕ, ਰਾਜਨੀਤਕ, ਆਰਥਕ ਤੇ ਅਧਿਆਤਮਕ ਅਧੋਗਤੀ ਦੇ ਰੂਪ ਵਿੱਚ ਨਜ਼ਰ ਆ ਰਿਹਾ ਸੀ।

ਗੁਰੂ ਸਾਹਿਬਾਨ ਨੇ ਜਿਥੇ ਵੀ ਹਿੰਦੂ ਜਾਂ ਮੁਸਲਿਮ ਸੰਕਲਪਾਂ ਦੀ ਵਰਤੋਂ ਕੀਤੀ ਇਹ ਸਿਰਫ ਕਵਿਤਾ ਦੇ ਮੈਟਾਫਰ ਵੱਜੋਂ ਹੀ ਕੀਤੀ ਹਿੰਦੂ ਮੱਤ ਨਾਲ ਜੁੜੇ ਲੋਕਾਂ ਨੂੰ ਆਪਣੀ ਗੱਲ ਸਮਝਾਉਣ ਲਈ ਉਹਨਾਂ ਨੁੰ ਸਮਝ ਆ ਸਕਣ ਵਾਲੇ ਮੁਹਾਵਰੇ ਦੀ ਇਕ ਵਿਸ਼ੇਸ਼ ਬਿੰਬਾਵਲੀ ਦੇ ਰੂਪ ਵਿਚ ਵਰਤੋਂ ਕੀਤੀ ਜਦੋਂ ਕਿ ਮੁਸਲਿਮ ਖੇਤਰਾਂ ਵਿੱਚ ਉਹਨਾਂ ਆਪਣਾ ਸੁਨੇਹਾ ਮੁਸਲਿਮ ਸ਼ਬਦਾਵਲੀ ਰਾਹੀਂ ਦਿੱਤਾ।

ਸੰਚਾਰ ਪ੍ਰਣਾਲੀ ਵਿੱਚ ਇਸ ਤਰਹਾਂ ਦੀ ਵਿਵਸਥਾ ਦੀ ਅਕਸਰ ਲੋੜ ਪੈਂਦੀ ਹੈ ਤੇ ਗੁਰੂ ਸਾਹਿਬਾਨ ਨੇ ਬਹੁਤ ਹੀ ਕੁਸ਼ਲਤਾ ਨਾਲ ਇਸ ਦੀ ਵਰਤੋਂ ਕੀਤੀ। ਅਜਿਹਾ ਸੱਭ ਕੁਝ ਭਗਤ ਬਾਣੀ ਵਿੱਚ ਵੀ ਦੇਖਣ ਵਿੱਚ ਮਿਲਦਾ ਹੈਦ। ਕਬੀਰ ਬਾਣੀ ਵਿੱਚ ਇਸ ਤਰ੍ਹਾਂ ਦੀਆਂ ਅਨੇਕਾਂ ਉਦਾਰਹਨਾਂ ਦੇਖੀਆਂ ਜਾ ਸਕਦੀਆਂ। ਇਹ ਸੱਭ ਕੁਝ ਤਦੇ ਹੀ ਹੋ ਸਕਿਆ ਕਿਉਂ ਕਿ ਗੁਰੂ ਸਾਹਿਬਾਨ ਨੇ ਆਪਣੇ ਆਪ ਨੂੰ ਕਿਸੇ ਵਰਗ ਵਿਸ਼ੇਸ਼, ਖੇਤਰ ਵਿਸ਼ੇਸ਼ ਜਾਂ ਭਾਸ਼ਾ ਵਿਸ਼ੇਸ਼ ਨਾਲ ਜੋੜ ਕੇ ਨਹੀਂ ਦੇਖਿਆ।

No comments:

Post a Comment