Monday, August 6, 2012

ਭੈਣ


ਭੈਣ

ਰੱਖੜੀ ਬੰਨ੍ਹਣ ਵੇਲੇ ਉਹ ਮੇਰੇ ਹੱਥ ਵਿੱਚ ਕੜਾ ਪਾਇਆ ਦੇਖ ਕੇ ਠਠੰਬਰ ਗਈ।
¾     ਵੀਰ ਕਹਿੰਦੇ ਨੇ ਕੜੇ ਵਾਲੇ ਹੱਥ ਵਿੱਚ ਰੱਖੜੀ ਨਹੀਂ ਬੰਨ੍ਹੀਦੀ।,
¾     ਕਿਉਂ?
ਮੈਂ ਪੁਛਿਆ।
¾     ਕਹਿੰਦੇ ਨੇ ਪਾਪ ਲਗਦਾ ਹੈ। ਕੜਾ ਤੇ ਗੁਰੂਆਂ ਦਾ ਹੈ ਨਾ?
¾     ਕੋਈ ਪਾਪ ਨਹੀਂ ਲਗਦਾ। ਤੂੰ ਰੱਖੜੀ ਬੰਨ੍ਹ ਦੇਹ।
¾     ਨਹੀਂ ਵੀਰੇ ਦੂਜੇ ਹੱਥ ਉਪਰ ਬੰਨ੍ਹੂਗੀਂ
¾     ਪਰ ਉਹ ਤਾਂ ਘੜੀ ਵਾਲਾ ਹੱਥ ਹੈ?
¾     ਫੇਰ ਆਪਾਂ ਰਹਿਣ ਦਿੰਨੇ ਹਾਂ। ਇਹ ਲੈ ਜੇਬ ਵਿੱਚ ਪਾ ਲਈਂ।
¾     ਦੇਖ ਭੈਣੇ,
ਮੇਰੀ ਕੋਈ ਭੈਣ ਨਹੀਂ।
ਇਸ ਗੁੱਟ ਉਪਰ ਕਦੇ ਕਿਸੇ ਨੇ ਰੱਖੜੀ ਨਹੀਂ ਬੰਨ੍ਹੀ।
ਹਰ ਸਾਲ ਮੈਂ ਰੱਖੜੀ ਵੇਖ ਕੇ ਤਰਸਦਾ ਹੀ ਰਿਹਾ ਹਾਂ।
¾     ਕਿਉਂ ਤੁਹਾਡੀ ਕੋਈ ਭੈਣ ਨਹੀਂ?
¾     ਨਹੀਂ।
¾     ਕੋਈ ਚਾਚੇ ਤਾਏ ਦੀ ਕੁੜੀ ਹੋਊਗੀ, ਉਹ ਵੀ ਭੈਣ ਹੀ ਹੁੰਦੀ ਹੈ?
¾     ਹੂੰ ਚਾਚੇ ਤਾਏ?
ਉਹ ਤਾਂ ਪਹਿਲਾਂ ਹੀ ਸਾਡੇ ਜਾਨ ਦੇ ਦੁਸ਼ਮਣ ਬਣੇ ਹੋਏ ਹਨ।
ਉਹਨਾਂ ਨੂੰ ਸਾਡਾ ਜੀਣਾ ਕਿਵੇਂ ਰਾਸ ਆ ਸਕਦਾ ਸੀ।
ਨਾਲੇ ਉਹ ਖਾਂਦੇ ਪੀਂਦੇ ਘਰਾਂ ਵਿੱਚ ਪਲੀਆਂ
ਉਹ ਸੋਚਦੀਆਂ ਹੋਣੀਆਂ ਕਿ ਇਸ ਨੰਗ ਤੋਂ ਕੀ ਮਿਲ ਜਾਊ।
¾     ਅੱਛਾ, ਫੇਰ ਤਾਂ ਬਹੁਤ ਮਾੜੀ ਗੱਲ ਹੈ।
ਪਰ ਮਾਸੀ ਦੀ ਕੁੜੀ ਤਾਂ ਹੋਣੀ ਹੈ ਕੋਈ।
¾     ਨਹੀਂ ਮੇਰੀ ਮੰਮੀ ਇੱਕਲੀ ਭੈਣ ਸੀ।
ਉਹ ਵੀ ਖਬਰੇ ਪਤਾ ਨਹੀਂ ਕਿਵੇ ਬਚ ਗਈ।
¾     ਕਿਉ?
¾     ਕੁੜੀਆਂ ਰੱਖਦੇ ਨਹੀਂ ਸਾਡੇ ਘਰਾਂ ਵਿੱਚ।
ਜੰਮਣੋਂ ਪਹਿਲਾਂ ਹੀ ਮਾਰ ਦਿੰਦੇ ਹਨ।
¾     ਤਾਂ ਹੀ, ਫਿਰ ਭੈਣ ਕਿਥੋਂ ਹੋਣੀ ਸੀ।
¾     ਫੇਰ ਮੈਂ ਨਹੀਂ ਬੰਨ੍ਹਣੀ ਰੱਖੜੀ। ਖੋਰੇ ਤੁਸੀਂ ਕਦੋਂ ਮਾਰ ਦਿਓ ਮੈਨੂੰ ਵੀ।
ਆਪਣੀਆਂ ਪਹਿਲਾਂ ਧੀਆਂ ਭੈਣਾਂ ਨੂੰ ਤਾਂ ਬਚਾ ਨਹੀਂ ਸਕੇ।
¾     ਨਹੀਂ, ਤੂੰ ਰੱਖੜੀ ਬੰਨ੍ਹ। ਭੈਣ ਬਣੀ ਹੈਂ ਨਾ, ਘਬਰਾ ਨਾ, ਤੇਰੀ ਰਖਿਆ ਅਸੀਂ ਕਰਾਂਗੇ।
¾     ਨਹੀਂ ਵੀਰ, ਇਹ ਰੱਖੜੀ  ਰਖਿਆ ਵਾਲੀ ਰੱਖੜੀ ਨਹੀਂ। ਰੱਖਿਆ ਅਸੀਂ ਆਪੇ ਕਰ ਲਵਾਂਗੀਆਂ।
¾     ਫੇਰ?
¾     ਇਹ ਤਾਂ ਭੈਣ – ਭਰਾ ਦੇ ਪਿਆਰ ਵਾਲੀ ਰੱਖੜੀ ਹੈ।
¾     ਅੱਛਾ।
¾     ਹਾਂ
ਇਹ ਯਾਦ ਕਰਾਉਣ ਵਾਲੀ ਕਿ ਜਦੋਂ ਵੀ ਕੋਈ ਹੱਥ ਕਿਸੇ ਕੁੜੀ ਉਪਰ ਉੱਠੇ ਤਾਂ ਤੁਹਾਨੂੰ ਯਾਦ ਆ ਜਾਵੇ ਕਿ ਤੁਹਾਡੀ ਵੀ ਪਿਛੇ ਇਕ ਭੈਣ ਹੈ।
¾     ਨਾਲੇ ਤੁਸੀਂ ਸਾਡੀ ਰੱਖਿਆ ਕੀ ਕਰਨੀ ਹੈ, ਆਪਣੀ ਰੱਖਿਆ ਵਾਸਤੇ ਤੁਸੀਂ ਕੜਾ ਪਇਆ ਹੋਇਆ ਹੈ।
¾     ਕੜੇ ਦੀ ਕੋਈ ਗੱਲ ਨਹੀਂ?
ਤੂੰ ਰੱਖੜੀ ਬੰਨ੍ਹ। ਕੜਾ ਆਪਾਂ ਪਾਸੇ ਰੱਖ ਦਿੰਦੇ ਹਾਂ।
ਇਨਸਾਨੀਅਤ ਦੇ ਪਿਆਰ ਵਿੱਚ ਇਸ ਨੂੰ ਰੋੜਾ ਨਹੀਂ ਬਣਨ ਦੇਣਾ।
¾     ਕਿਉਂ?
¾     ਮਸਾਂ ਤਾਂ ਮੈਨੂੰ ਭੈਣ ਮਿਲੀ ਹੈ।
ਦਸਾਂ ਮਿੰਟਾਂ ਬਾਦ ਮੇਰਾ ਕੜਾ ਮੇਰੀ ਜੇਬ ਵਿੱਚ ਸੀ ਤੇ ਰੱਖੜੀ ਮੇਰੇ ਗੁੱਟ ਉਪਰ।

No comments:

Post a Comment