ਕੁਦਰਤੀ ਭਾਸ਼ਾ
ਕੋਈ ਵੀ ਭਾਸ਼ਾ ਮਾੜੀ ਨਹੀਂ ਹੁੰਦੀ, ਜਦੋਂ ਤੱਕ ਇਸ ਦੀ ਵਰਤੋਂ ਆਪਸੀ ਸੰਚਾਰ ਤੇ ਭਾਵਨਾਵਾਂ ਦੇ ਪ੍ਰਗਟਾ ਵਾਸਤੇ ਹੁੰਦੀ ਰਹੇ। ਇਹ ਕਿਸੇ ਵੀ ਭਾਸ਼ਾ ਦਾ ਮੁੱਖ ਮਕਸਦ ਹੁੰਦਾ ਹੈ ਤੇ ਇਸੇ ਮੰਤਵ ਨੂੰ ਸਾਹਮਣੇ ਰੱਖ ਕੇ ਹੀ ਭਾਸ਼ਾ ਹੋਂਦ ਵਿੱਚ ਆਉਂਦੀ ਹੈ।
ਭਾਸ਼ਾ ਸਮਾਜਕ ਸਾਧਨ ਹੈ ਤੇ ਇਹ ਸਮਾਜਕ ਏਕਤਾ, ਭਾਈਚਾਰੇ ਦੇ ਤਾਣੇ ਬਾਣੇ ਦਾ ਹਿੱਸਾ ਬਣਦੀ। ਇਹ ਆਪਸੀ ਸਹਿਯੋਗ ਤੇ ਸਭਿਆਚਾਰਕ ਸਾਂਝੇ ਤੇ ਰਿਸ਼ਤੇ ਸਿਰਜਦੀ ਹੈ ਤੇ ਇਹਨਾਂ ਨੂੰ ਪੱਕਿਆਂ ਕਰਦੀ ਹੈ। ਇਕ ਥਾਂ ਉਪਰ ਰਹਿਣ ਵਾਲੇ ਲੋਕ ਇਸ ਨੂੰ ਸਭਿਆਚਾਰ ਤੇ ਭਾਵਨਾਵਾਂ ਦੇ ਪ੍ਰਗਟਾ ਤੇ ਅਨੁਭਵ ਦੇ ਆਦਾਨ ਪ੍ਰਦਾਨ ਵਿੱਚ ਵਰਤਦੇ ਹਨ।
ਭਾਸ਼ਾ ਕਿਸੇ ਸਥਾਨ ਦੀ ਭੂਗੋਲਿਕ ਬਣਤਰ ਨਾਲ ਜੁੜੀ ਹੁੰਦੀ ਹੈ। ਇਹ ਇਕ ਖਾਸ ਤਰ੍ਹਾਂ ਦੀ ਰਹਿਤਲ ਦਾ ਹਿੱਸਾ ਹੁੰਦੀ ਹੈ ਤੇ ਇਹੋ ਰਹਿਤਲ ਇਸ ਦਾ ਨਿਵਾਸ ਅਸਥਾਨ ਹੁੰਦਾ ਹੈ। ਇਸ ਦੇ ਸ਼ਬਦ, ਸੰਕਲਪ, ਉਚਾਰਨ ਤੇ ਅਦਾਇਗੀ ਉਸ ਥਾਂ ਦੀ ਭੂਗੋਲਿਕ ਬਣਤਰ ਨਾਲ ਜੁੜੀ ਹੁੰਦੀ ਹੈ। ਦੂਜੇ ਸ਼ਬਦਾਂ ਵਿੱਚ ਕਿਸੇ ਵੀ ਭਾਸ਼ਾ ਦੀਆਂ ਜੜ੍ਹਾਂ ਉਸ ਥਾਂ ਦੇ ਸਭਿਆਚਾਰ ਤੇ ਭੂਗੋਲਿਕ ਬਣਤਰ ਵਿੱਚ ਫੈਲੀਆਂ ਹੁੰਦੀਆਂ ਹਨ। ਇਹੋ ਗੁਣ ਇਸ ਨੂੰ ਕੁਦਰਤੀ ਭਾਸ਼ਾ ਦਾ ਦਰਜਾ ਦਿੰਦਾ ਹੈ।
ਕੁਦਰਤੀ ਭਾਸ਼ਾ ਦਾ ਪਹਿਲਾ ਗੁਣ ਹੈ ਕਿ ਇਹ ਉਸ ਖੇਤਰ ਵਿੱਚ ਮੋਜੂਦ ਹੁੰਦੀ ਹੈ ਜਿਸ ਖੇਤਰ ਦੀ ਇਕ ਭਾਸ਼ਾ ਹੁੰਦੀ ਹੈ। ਕੋਈ ਬੱਚਾ ਜਦੋਂ ਉਸ ਖੇਤਰ ਵਿੱਚ ਜਨਮ ਲੈਂਦਾ ਹੈ ਤਾਂ ਉਸ ਦੇ ਕੰਨ ਪਹਿਲੀ ਵਾਰ ਉਸ ਭਾਸ਼ਾ ਨਾਲ ਸਾਂਝ ਪਾਉਂਦੇ ਹਨ। ਆਪਣੇ ਪਹਿਲੇ ਦੋ ਸਾਲਾਂ ਵਿੱਚ ਹੀ ਬੱਚਾ ਇਸ ਭਾਸ਼ਾ ਨੂੰ ਸੁਣ ਕੇ ਗ੍ਰਹਿਣ ਕਰ ਲੈਂਦਾ ਹੈ ਤੇ ਬਿਨਾ ਕਿਸੇ ਮਦਦ ਤੋਂ ਉਹ ਇਸ ਭਾਸ਼ਾ ਵਿੱਚ ਪੂਰੀ ਮੁਹਾਰਤ ਹਾਸਲ ਕਰ ਲੈਂਦਾ ਹੈ।
ਪੁਰਾਣੇ ਸਮੇਂ ਵਿੱਚ ਇਸ ਕੁਦਰਤੀ ਭਾਸ਼ਾ ਲਈ ਮਾਂ ਬੋਲੀ ਦਾ ਸ਼ਬਦ ਵਰਤਿਆ ਜਾਂਦਾ ਸੀ ਪਰ ਇਸ ਵਾਸਤੇ ਕੁਦਰਤੀ ਭਾਸ਼ਾ ਨਾਂ ਵਧੇਰੇ ਢੁੱਕਵਾਂ ਹੈ ਕਿਉਂ ਕਿ ਉਸ ਸੂਰਤ ਵਿੱਚ ਜਦੋਂ ਬੱਚੇ ਦੀ ਮਾਂ ਬੋਲੀ ਕੋਈ ਹੋਰ ਭਾਸ਼ਾ ਹੋਵੇ ਤੇ ਬੱਚੇ ਦਾ ਝੁਕਾਅ ਕੁਦਰਤੀ ਭਾਸ਼ਾ ਵੱਲ ਹੀ ਵੱਧਦਾ ਹੈ। ਪੰਜਾਬ ਵਿੱਚ ਪੂਰਬੀ ਭਾਰਤ ਤੋਂ ਆਉਣ ਵਾਲੇ ਕਿਰਤੀ ਵਰਗ (ਪ੍ਰਵਾਸੀ ਮਜ਼ਦੂਰ) ਦੇ ਨਾਲ ਆਉਣ ਵਾਲੇ ਬੱਚਿਆਂ ਦੀ ਮਾਂ ਬੋਲੀ ਵੱਖਰੀ ਹੋਣ ਦੇ ਬਾਵਜੂਦ ਉਹ ਪੰਜਾਬੀ ਨੂੰ ਕੁਦਰਤੀ ਬੋਲੀ ਦੇ ਤੋਰ ਤੇ ਅਪਣਾ ਲੈਂਦੇ ਹਨ।
ਇਹ ਉਹਨਾਂ ਬਚਿਆਂ ਦੇ ਸਬੰਧ ਵਿੱਚ ਵਿਸ਼ੇਸ਼ ਗੱਲ ਹੈ ਜੋ ਪੰਜਾਬ ਵਿੱਚ ਜਨਮ ਲੈਂਦੇ ਹਨ। ਅਜਿਹਾ ਪੰਜਾਬ ਤੋਂ ਬਾਹਰ ਰਹਿੰਦੇ ਦੇਸ਼ਾਂ ਤੇ ਵਿਦੇਸ਼ਾਂ ਵਿਚ ਸਥਾਪਤ ਪੰਜਾਬੀ ਪਰਵਾਰਾਂ ਦੇ ਬਾਰੇ ਵੀ ਲਭਿਆ ਜਾ ਸਕਦਾ ਹੈ। ਜਿਹੜੇ ਲੋਕ ਕਨੇਡਾ, ਅਮਰੀਕਾ, ਅਸਟਰੇਲੀਆ ਵਿੱਚ ਸਥਾਪਤ ਹੋ ਚੁਕੇ ਹਨ ਉਹਨਾਂ ਦੇ ਉਥੋਂ ਦੇ ਜੰਮਪਲ ਬਚਿਆਂ ਦੀ ਭਾਸ਼ਾ ਉਹੋ ਹੀ ਹੋਵੇਗੀ ਜੋ ਉਹਨਾਂ ਦੇ ਆਲੇ ਦੁਆਲੇ ਵਿੱਚ ਬੋਲੀ ਜਾਂਦੀ ਹੈ। ਇਹ ਸੁਭਾਵਕ ਵੀ ਹੈ ਤੇ ਕੁਦਰਤੀ ਵੀ। ਉਹਨਾਂ ਨੂੰ ਪੰਜਾਬੀ ਸਿਖਾਉਣਾ ਵਧੇਰੇ ਲਾਭਕਾਰੀ ਨਹੀਂ। ਸਿਰਫ਼ ਕਨੇਡਾ ਦੇ ਬ੍ਰਿਟਿਸ਼ ਕੋਲੰਬੀਆ ਨੂੰ ਛੱਡ ਕੇ ਹੋਰ ਕਿਤੇ ਵੀ ਪੰਜਾਬੀ ਨੂੰ ਸਥਾਨਕ ਭਾਸ਼ਾ ਦਾ ਦਰਜਾ ਹਾਸਲ ਨਹੀਂ ਹੈ। ਇੰਗਲੈਂਡ ਦੇ ਕੁਝ ਹਿਸਿਆਂ ਵਿੱਚ ਪੰਜਾਬੀ ਬੋਲੀ ਜਰੂਰ ਜਾਂਦੀ ਹੈ ਪਰ ਉਥੇ ਇਹ ਬਹੁ ਗਿਣਤੀ ਦੀ ਭਾਸ਼ਾ ਵੱਜੋਂ ਜਾਣੀ ਜਾਂਦੀ ਹੈ। ਇਸੇ ਤਰ੍ਹਾਂ ਅਮਰੀਕਾ ਵਿੱਚ ਵੀ ਕੈਲੇਫੋਰਨੀਆ ਵਿਚ ਵੀ ਇਹ ਕਈ ਥਾਂਈ ਬੋਲੀ ਤੇ ਸੁਣੀ ਜਾਂਦੀ ਹੈ।
ਬੋਲੀ ਦਾ ਵੀ ਆਪਣਾ ਭੂਗੋਲਿਕ ਨਕਸ਼ਾ ਹੁੰਦਾ ਹੈ। ਜਿਹੜੀ ਪੰਜਾਬੀ ਅਮਰੀਕਾ ਤੇ ਕਨੇਡਾ ਵਿੱਚ ਬੋਲੀ ਜਾਂਦੀ ਹੈ ਉਸ ਦਾ ਵਿਆਕਰਣ ਤੇ ਸ਼ਬਦ ਸੰਰਚਨਾ ਸਾਡੀ ਪੰਜਾਬੀ ਨਾਲੋਂ ਵੱਖਰਾ ਹੁੰਦਾ ਹੈ। ਕੁਝ ਸ਼ਬਦ ਅਜਿਹੇ ਹਨ ਜੋ ਪੰਜਾਬ ਵਿੱਚ ਮਿਲਦੇ ਹੀ ਨਹੀਂ। ਉਹਨਾਂ ਵਾਸਤੇ ਉਹੋ ਸ਼ਬਦ ਵਰਤੇ ਜਾਂਦੇ ਹਨ ਜੋ ਉਸ ਭਾਸ਼ਾ ਵਿੱਚ ਬੋਲੇ ਤੇ ਸਮਝੇ ਜਾਂਦੇ ਹਨ। ਮਸਲਨ ਵੱਤਰ ਸ਼ਬਦ ਮੂਲ ਰੂਪ ਵਿੱਚ ਪੰਜਾਬੀ ਹੀ ਹੈ ਤੇ ਕਿਸੇ ਹੋਰ ਭਾਸ਼ਾ ਵਿੱਚ ਇਹ ਨਹੀਂ ਮਿਲਦਾ। ਵੱਤਰ ਪੰਜਾਬ ਦੀ ਕਿਰਸਾਣੀ ਦਾ ਸ਼ਬਦ ਹੈ।
ਅੰਗਰੇਜ਼ੀ ਦੇ ਕੁਝ ਸ਼ਬਦ ਹਨ: snow, ice, thaw, sleet, ਪੰਜਾਬੀ ਵਿੱਚ ਇਹਨਾਂ ਦੇ ਨਾਲ ਦੇ ਸ਼ਬਦ ਨਾਂ ਤਾਂ ਮਿਲਦੇ ਹਨ ਤੇ ਨਾ ਹੀ ਮਿਲ ਸਕਦੇ ਹਨ। ਸਾਡੇ ਵਾਸਤੇ ਪਹਿਲੇ ਦੋ ਸ਼ਬਦਾਂ ਲਈ ਇਕ ਹੀ ਸ਼ਬਦ ਹੈ, ਬਰਫ਼, ਜਦੋਂ ਕਿ ਉਪਰੋ ਡਿਗਣ ਵਾਲੀ ਬਰਫ ਲਈ ਸਨੋ ਦਾ ਸ਼ਬਦ ਹੈ ਤੇ ਤਾਪਮਾਨ ਦੇ ਘਟਣ ਨਾਲ ਜੰਮਣ ਵਾਲੀ ਬਰਫ ਲਈ ਸ਼ਬਦ ਆਈਸ ਹੈ। ਤੀਜੇ ਸ਼ਬਦ ਦਾ ਅਰਥ ਹੈ ਬਰਫ ਦਾ ਪੰਘਰਨਾ, ਇਹ ਸਾਡੇ ਪੰਜਾਬ ਵਿੱਚ ਹੁੰਦਾ ਹੀ ਨਹੀਂ ਸੋ ਇਸ ਸੰਕਲਪ ਵਾਸਤੇ ਸਾਡੇ ਕੋਲ ਪੰਜਾਬੀ ਦਾ ਕੋਈ ਸ਼ਬਦ ਨਹੀਂ ਹੈ। ਸਲੀਟ, ਮੀਂਹ ਤੇ ਬਰਫ਼ ਦਾ ਰਲਵਾਂ ਮਿਲਵਾਂ ਵਰਤਾਰਾ ਹੁੰਦਾ ਹੈ। ਮੀਂਹ ਪੈਂਦਾ ਹੀ ਜੰਮਦਾ ਜਾਂਦਾ ਹੈ ਤੇ ਸਾਰੀ ਧਰਤੀ ਉਪਰ ਜੰਮੇ ਪਾਣੀ ਦੀ ਇਕ ਤਹਿ ਬਣ ਜਾਂਦੀ ਹੈ। ਇਹ ਸਾਰਾ ਕੁਝ ਸਾਡੇ ਮੌਸਮ ਵਿੱਚ ਨਹੀਂ ਵਾਪਰਦਾ। ਹੁੱਸੜ ਸਾਡੇ ਮੌਸਮ ਦਾ ਹਿੱਸਾ ਹੈ ਸੋ ਇਸ ਬਾਰੇ ਦੂਜੀਆਂ ਭਾਸ਼ਾਵਾਂ ਵਿੱਚ ਸ਼ਬਦ ਮਿਲਣੇ ਮੁਸ਼ਕਲ ਹਨ। ਇਸ ਲਈ ਕੁਦਰਤੀ ਭਾਸ਼ਾ ਦੀ ਥਾਂ ਕਿਸੇ ਹੋਰ ਭਾਸ਼ਾ ਨੂੰ ਦਿੱਤੀ ਹੀ ਨਹੀਂ ਜਾ ਸਕਦੀ।
ਜਿਹੜੀ ਪੰਜਾਬੀ ਦੂਜੇ ਦੇਸ਼ਾਂ ਵਿੱਚ ਵਿਕਸਤ ਹੋ ਰਹੀ ਹੈ ਉਸ ਵਿੱਚ ਭੂਗੋਲਿਕ ਸਥਿਤੀਆਂ ਵਾਸਤੇ ਅਤੇ ਉਥੋਂ ਦੇ ਸਥਾਨਕ ਰੀਤ ਰਿਵਾਜ਼ਾਂ ਵਾਸਤੇ ਉਹਨਾਂ ਹੀ ਬੋਲੀਆਂ ਦੇ ਸ਼ਬਦਾਂ ਦੀ ਭਰਮਾਰ ਦੇਖੀ ਜਾ ਸਕਦੀ ਹੈ। ਉਹ ਉਡਾਣ ਨਹੀਂ ਬੋਲਣਗੇ, ਫਲਾਇਟ ਸ਼ਬਦ ਦੀ ਵਰਤੋਂ ਕਰਨਗੇ। ਜਹਾਜ਼ ਦਾ ਜ਼ਮੀਨ ਛੋਹਣਾ ਦੀ ਬਜਾਏ ਲੇਂਡਿੰਗ ਸ਼ਬਦ ਦੀ ਵਰਤੋਂ ਕਰਨਗੇ। ਕੰਮ ਦੇ ਫਾਲਤੂ ਘੰਟਿਆਂ ਲਈ ਓਵਰ ਟਾਈਮ ਤੇ ਕੰਮ ਵਾਸਤੇ ਜੋਬ ਜਾਂ ਜੋਬਾਂ ਸ਼ਬਦ ਦੀ ਵਰਤੌਂ ਕਰਨਗੇ। ਇਸ ਤਰ੍ਹਾਂ ਇਹ ਪੰਜਾਬੀ ਜਦੋਂ ਸਾਡੇ ਕੋਲ ਵਾਪਸ ਆਵੇਗੀ ਤਾਂ ਇਹ ਸਾਨੂੰ ਵੀ ਪੰਜਾਬੀ ਨਹੀਂ ਜਾਪੇਗੀ ਠੀਕ ਉਵੇਂ ਜਿਵੇਂ 1947 ਤੋਂ ਲਹਿੰਦੀ ਪੰਜਾਬੀ ਤੇ ਪੂਰਬੀ ਪੰਜਾਬੀ ਦੋ ਵੱਖ ਵੱਖ ਭਾਸ਼ਾਵਾਂ ਬਣ ਗਈਆਂ ਹਨ।
ਪਿਜ਼ਾ ਬੇਕ ਨਹੀਂ ਹੋਇਆ ਹਾਲੇ, ਟੈਮ ਲਗਦਾ ਹੈ। ਚੀਜ਼ ਚੰਗੀ ਤਰ੍ਹਾਂ ਨਹੀਂ ਲਗਿਆ। ਗੱਡੀ ਵਿੱਚ ਗੈਸ ਘੱਟ ਹੈ। ਇਹ ਵਾਕ ਭਾਰਤੀ ਪੰਜਾਬ ਵਿੱਚ ਹਾਲੇ ਵੀ ਓਪਰੇ ਹਨ। ਇਸੇ ਤਰ੍ਹਾਂ ਪੰਜਾਬੀ ਸਭਿਆਚਾਰ ਨਾਲ ਜੁੜੀਆਂ ਸਾਰੀਆਂ ਚੀਜ਼ਾਂ ਵਿਦੇਸ਼ੀਆਂ ਵਾਸਤੇ ਓਪਰੀਆਂ ਹਨ।
ਕੁਦਰਤੀ ਭਾਸ਼ਾ ਦਾ ਇਕ ਹੋਰ ਪਹਿਲੂ ਇਹ ਵੀ ਹੈ ਕਿ ਇਹ ਸਿਰਜਨਾਤਮਕ ਸ਼ਕਤੀਆਂ ਦੇ ਵਿਕਾਸ ਤੇ ਨਿਕਾਸ ਵਿੱਚ ਸਰਗਰਮ ਹਿੱਸਾ ਪਾਉਂਦੀ ਹੈ। ਇਹ ਮਨੁੱਖ ਦੀ ਸੋਚਣ ਦੀ ਕਲਾ ਨਾਲ ਵੀ ਗਹਿਰਾ ਸਬੰਧ ਰੱਖਦੀ ਹੈ। ਜਦੋਂ ਵੀ ਕੋਈ ਨਵਾਂ ਸੰਕਲਪ ਜਾਂ ਅਨੁਭਵ ਹੁੰਦਾ ਹੈ ਤਾਂ ਸੁਭਾਵਕ ਹੀ ਇਸ ਵਾਸਤੇ ਕਿਸੇ ਸ਼ਬਦ ਦੀ ਲੋੜ ਪੈਂਦੀ ਹੈ ਤੇ ਇਹ ਸ਼ਬਦ ਹਮੇਸ਼ਾ ਕੁਦਰਤੀ ਭਾਸ਼ਾ ਤੋਂ ਹੀ ਮਿਲਦਾ ਹੈ। ਇਸ ਵਾਸਤੇ ਇਸ ਅੱਖੋਂ ਪਰੋਖੇ ਕਰਨਾ ਕਿਸੇ ਤਰ੍ਹਾਂ ਵੀ ਵਾਜਬ ਨਹੀਂ।
ਹਰ ਭਾਸ਼ਾ ਦੀ ਆਪਣੀ ਇਕ ਨਿਵੇਕਲੀ ਖੁਸ਼ਬੋ ਹੁੰਦੀ ਹੈ, ਇਸ ਵਾਸਤੇ ਅੰਗਰੇਜ਼ੀ ਦਾ ਸ਼ਬਦ ਫਲੇਵਰ ਬਖੂਬੀ ਵਰਤਿਆ ਜਾ ਸਕਦਾ ਹੈ। ਇਸ ਮਹਿਕ ਨੂੰ ਸਿਰਫ਼ ਕੁਦਰਤੀ ਭਾਸ਼ਾ ਵਾਲੇ ਹੀ ਮਾਣ ਸਕਦੇ ਹਨ ਦੂਜਿਆਂ ਭਾਸ਼ਾਵਾਂ ਵਾਲੇ ਇਸ ਦਾ ਆਨੰਦ ਨਹੀਂ ਲੈ ਸਕਦੇ।
ਭਾਸ਼ਾ ਬਾਰੇ ਸਾਰਥਕ ਨਜ਼ਰੀਆ ਕੀ ਹੋਵੇ ਇਸ ਦੀ ਮਿਸਾਲ ਇਕ ਛੋਟੀ ਜਿਹੀ ਘਟਨਾ ਨਾਲ ਦਿਤੀ ਜਾ ਸਕਦੀ ਹੈ। ਕੁਝ ਦਿਨ ਹੋਏ ਮੈਨੂੰ ਪ੍ਰਵਾਸੀ ਮਜ਼ਦੂਰਾਂ ਦੇ ਦੋ ਬੱਚੇ ਮਿਲੇ। ਉਹਨਾਂ ਦੀ ਉਮਰ ਕੋਈ 13 ਸਾਲ ਦੀ ਹੋਵੇਗੀ। ਇਕ ਹੱਥ ਵਿੱਚ ਕੁਝ ਕਿਤਾਬਾਂ ਸਨ ਤੇ ਇਹਨਾਂ ਚੋਂ ਪੰਜਾਬੀ ਦੀ ਇਕ ਪਾਠ ਪੁਸਤਕ ਮੈਂ ਪਛਾਣ ਲਈ। ਉਹ ਸ਼ਾਇਦ ਨੋਵੀਂ ਜਮਾਤ ਦੀਆਂ ਕਿਤਾਬਾਂ ਸਨ। ਮੈਂ ਉਸ ਨੂੰ ਪੁਛਿਆ-
- ਪੜ੍ਹਤੇ ਹੋ?
- ਜੀ ਹਾਂ
- ਕੌਣ ਸੀ ਜਮਾਤ ਮੇਂ?
- ਨਵੀਂ ਮੇਂ।
- ਪੰਜਾਬੀ ਕੌਣ ਪੜ੍ਹਤਾ ਹੈ?
- ਮੈਂ?
- ਤੁਮਹੇ ਇਸੇ ਪੜ੍ਹਨੇ ਮੇ ਦਿੱਕਤ ਤੋਂ ਆਤੀ ਹੋਗੀ?
- ਨਹੀਂ?
- ਪਰ ਯੇ ਤੁਮਹਾਰੀ ਮਾਤਰ ਭਾਸ਼ਾ ਨਹੀਂ ਹੈ। ਤੁਮ ਕੌਣ ਸੀ ਜਗ੍ਹਾ ਸੇ ਹੋ?
- ਬੰਗਾਲ ਸੇ
- ਫਿਰ ਤੋਂ ਪੰਜਾਬੀ ਬਹੁਤ ਮਸ਼ਕਿਲ ਲਗਤੀ ਹੋਗੀ ਤੁਮਹੇ?
- ਨਹੀਂ ਅੰਕਲ, ਕੋਈ ਜ਼ਿਆਦਾ ਫਰਕ ਨਹੀਂ ਪੜ੍ਤਾ। ਸਭਡੀ ਭਾਸ਼ਾਏਂ ਏਕ ਜੈਸੀ ਹੀ ਹੋਤੀ ਹੈ। ਥੋੜ੍ਹੀ ਮਿਹਨਤ ਸੇ ਸੱਭ ਆਸਾਨ ਹੋ ਜਾਤਾ ਹੈ।
ਮੈਂ ਉਸ ਦੇ ਇਸ ਵਾਕ ਤੋਂ ਹੈਰਾਨ ਹੋ ਗਿਆ। ਉਹ ਮੁੰਡਾ ਜਾਂਦਾ ਹੋਇਆ ਮੈਨੂੰ ਉਹ ਗਿਆਨ ਦੇ ਗਿਆ ਸੀ ਜੋ ਕਿਸੇ ਪੁਸਤਕ ਵਿੱਚ ਨਹੀਂ ਸੀ ਲਿਖਿਆ ਹੋਇਆ।
No comments:
Post a Comment