Thursday, March 31, 2011

Mohali Turban Issue

Seriale
ਪਗੜੀ ਸੰਭਾਲ ਓ ਜੱਟਾ...

ਉਤਰੀ ਭਾਰਤ ਵਿੱਚ ਆਦਿ ਕਾਲ ਤੋਂ ਹੀ ਪੱਗ ਦਾ ਆਪਣਾ ਗੋਰਵਸ਼ਾਲੀ ਇਤਿਹਾਸ ਹੈ। ਪੱਗ, ਪਾਗ, ਪੱਗੜੀ, ਦਸਤਾਰ ਇਕ ਮਰਦਾਵੀਂ ਵੇਸ਼ ਭੂਸ਼ਾ ਦਾ ਇਕ ਅਜਿਹਾ ਹਿੱਸਾ ਰਿਹਾ ਹੈ ਜਿਸ ਨੇ ਸਿਰਫ਼ ਸਿਰ ਨੂੰ ਢੱਕਣ ਦਾ ਹੀ ਕੰਮ ਨਹੀ ਕੀਤਾ ਸਗੋਂ ਇਹ ਮਰਦਾਂ ਦੀ ਇੱਜ਼ਤ-ਆਬਰੂ ਦਾ ਪ੍ਰਤੀਕ ਵੀ ਰਹੀ ਹੈ। ਇਹ ਸਿਰਫ਼ ਸਿੱਖਾਂ ਦੀ ਤਹਿਜ਼ੀਬ ਦਾ ਹਿਸਾ ਹੀ ਨਹੀਂ ਸਗੋਂ ਮੁਸਲਮਾਨਾ, ਹਿੰਦੂਆਂ, ਰਾਜਪੂਤਾਂ ਗੱਲ ਕੀ ਪੂਰੀ ਮਰਦ ਸ਼੍ਰੇਣੀ ਤੇ ਸਮਾਜ ਦਾ ਗੌਰਵ ਰਹੀ ਹੈ। ਕੋਈ ਸਮਾਂ ਸੀ ਜਦੋਂ ਨੰਗੇ ਸਿਰ ਜਾਣਾ, ਕਿਸੇ ਵੱਡੇ ਕੋਲ ਨੰਗੇ ਸਿਰ ਬੈਠਣਾ ਤਹਿਜ਼ੀਬ ਦੇ ਵਿਰੁਧ ਸਮਝਿਆ ਜਾਂਦਾ ਸੀ। ਪਰ੍ਹੇ ਪੰਚਾਇਤ ਵਿੱਚ ਵੀ ਸਾਰੇ ਲੋਕ ਸਿਰ ਢੱਕ ਕੇ ਹੀ ਬੈਠਦੇ ਸਨ। ਧਾਰਮਿਕ ਕੰਮਾਂ ਵਿੱਚ ਸਿਰ ਢਕਣ ਦਾ ਰਿਵਾਜ਼ ਹੈ। ਮੁਸਲਮਾਨ ਵੀ ਨੰਗੇ ਸਿਰ ਨਹੀਂ ਬੈਠਦੇ। ਹਿੰਦੂਆਂ ਦੇ ਵੀ ਪਵਿਤੱਰ ਧਾਰਮਕ ਥਾਂਵਾਂ ਤੇ ਸਿਰ ਢੱਕਣ ਦਾ ਰਿਵਾਜ ਹੈ। ਸਿੱਖ ਗੁਰੂ ਸਾਹਿਬਾਨ ਨੇ ਪੱਗੜੀ ਨੂੰ ਸਿੱਖ ਅਦਬ ਤੇ ਤਹਜ਼ੀਬ ਦਾ ਹਿੱਸਾ ਬਣਾਇਆ। ਕੇਸਾਂ ਦੀ ਗ਼ਿਣਤੀ ਪੰਜ ਕਕਾਰਾਂ ਵਿੱਚ ਹੋਣ ਤੋਂ ਬਾਅਦ ਪੱਗ ਜਾਂ ਦਸਤਾਰ ਸਜਾਉਣਾ ਜ਼ਰੂਰੀ ਹੋ ਗਿਆ।



ਪੰਜਾਬੀ ਸਭਿਆਚਾਰ ਵਿੱਚ ਅਨੇਕਾ ਮੁਹਾਵਰੇ ਪੱਗ ਨਾਲ ਜੁੜੇ ਹੋਏ ਹਨ ਜੋ ਪੱਗ ਦੀ ਸਾਨ ਵਿੱਚ ਵਾਧਾ ਕਰਦੇ ਹਨ। ‘ਪੱਗ ਦਾ ਸ਼ਮਲਾ ਉੱਚਾ ਹੋਣਾ, ਪੱਗ ਦੀ ਸਾਨ ਵਧਾਉਣਾ, ਪੱਗ ਵਟਾਉਣਾ, ਪੱਗ ਦੇ ਲੜ ਬੰਨ੍ਹਣਾ, ਪੱਗ ਦੇ ਪੇਚਾਂ ਚੋਂ ਅਕਲ ਝਾਕਣਾ, ਪੱਗ ਨੂੰ ਦਾਗ਼ ਨਾ ਲਾਉਣਾ, ਪੱਗ ਦੀ ਸ਼ਾਨ ਰੱਖਣਾ, ਪੱਗ ਦੀ ਲਾਜ ਰੱਖਣਾ, ਪੱਗ ਪਰਾਏ ਹੱਥ ਦੇਣਾ, ਪੱਗ ਬਦਲਣਾ, ਪੱਗ ਦੀ ਰਾਖੀ ਕਰਨਾ, ਪੱਗ ਨਾ ਰੋਲਣਾ, ਪੱਗ ਦਾ ਢਹਿ ਜਾਣਾ, ਪੱਗ ਰੋਲ ਦੇਣਾ, ਪੱਗ ਨੂੰ ਹੱਥ ਪਾਉਣਾ, ਪੱਗ ਨੂੰ ਹੱਥ ਨਾ ਪੈਣ ਦੇਣਾ, ਪੱਗ ਨੂੰ ਦਾਗ਼ ਲਾ ਦੇਣਾ’ ਆਦਿ ਮੁਹਾਵਰੇ ਪੱਗ ਦੀ ਅਹਿਮੀਅਤ ਦਰਸਾਉਂਦੇ ਹਨ। ਹਰ ਸਿੱਖ ਪੱਗ ਨੂੰ ਸਿਰ ਉਪਰ ਸਜਾਉਣਾ ਆਪਣੀ ਸ਼ਾਨ ਸਮਝਦਾ ਹੈ। ਉਹ ਆਪਣੀ ਪੱਗ ਰਾਤ ਨੂੰ ਵੀ ਬੜੀ ਇਹਤਿਆਤ ਨਾਲ ਉਤਾਰਦਾ ਤੇ ਸੰਭਾਲਦਾ ਹੈ।



ਅੱਜ ਜਦੋਂ ਵਿਦੇਸ਼ ਯਾਤਰਾ ਦੌਰਾਨ ਕਿਸੇ ਥਾਂ ਉਪਰ ਸਾਨੂੰ ਜੇ ਪਗੜੀ ਉਤਾਰਨ ਵਾਸਤੇ ਕਿਹਾ ਜਾਂਦਾ ਹੈ, ਤਾਂ ਅਸੀਂ ਆਪਣੇ ਆਪ ਨੂੰ ਬੇਇਜ਼ਤ ਮਹਿਸੂਸ ਕਰਦੇ ਹਾਂ। ਜ਼ਰੁਰ ਕੁਝ ਅਜਿਹੀ ਘਟਨਾ ਵਾਪਰੀ ਹੋਵੇਗੀ ਜਦੋ ਕਿਸੇ ਨੇ ਪੱਗ ਦਾ ਓਹਲਾ ਕਿਸੇ ਨਾਜ਼ਾਇਜ਼ ਕੰਮ ਲਈ ਵਰਤਿਆ ਹੋਵੇਗਾ। ਇਹ ਉਸ ਵਾਸਤੇ ਸੱਭ ਤੋਂ ਮਾੜੀ ਗੱਲ ਹੋਵੇਗੀ। ਪੱਗ ਲਾਹੁਣ ਲਈ ਕਹਿਣਾ ਤੇ ਇਹ ਵੀ ਸਾਰੀ ਜਨਤਾ ਦੇ ਸਾਹਮਣੇ, ਕਿਸੇ ਵੀ ਸਿੱਖ ਲਈ ਮਰਨ ਵਾਲੀ ਗੱਲ ਹੈ। ਅਸੀਂ ਆਪੋ ਆਪਣੇ ਤਰੀਕੇ ਨਾਲ ਇਸ ਗੱਲ ਦਾ ਵਿਰੋਧ ਜਤਾ ਰਹੇ ਹਾਂ ਪਰ ਇਸ ਦੇ ਨਾਲ ਹੀ ਇਹ ਵੀ ਗੱਲ ਮੰਨਣ ਤੋਂ ਇਨਕਾਰ ਨਹੀਂ ਕਰ ਸਕਦੇ ਕਿ ਜੇ ਕੋਈ ਪੂਰੀ ਤਹਜ਼ੀਬ ਨਾਲ ਸਾਨੂੰ ਕਿਸੇ ਨਿੱਜੀ ਥਾਂ ਉਪਰ ਆਪਣੀ ਪੱਗੜੀ ਉਤਾਰਨ ਲਈ ਕਹਿੰਦਾ ਹੈ ਤਾਂ ਸਾਇਦ ਅਸੀਂ ਉਸ ਦੀ ਗੱਲ ਮੰਨ ਜਾਈਏ। ਆਖਰ ਡਾਕਟਰ ਕੋਲ ਵੀ ਤਾਂ ਅਸੀਂ ਆਪਣੀ ਪੱਗ ਉਤਾਰਨ ਲਈ ਤਿਆਰ ਹੋ ਜਾਂਦੇ ਹਾਂ। ਪਰ ਜੋ ਮੁਹਾਲੀ ਵਿੱਚ ਪਰਸੋਂ ਹੋਇਆ ਉਹ ਕਿਸੇ ਵੀ ਤਰ੍ਹਾਂ ਬਰਦਾਸ਼ਤ ਦੇ ਕਾਬਲ ਨਹੀਂ ਹੈ।



ਮੁਹਾਲੀ ਵਿਖੇ ਭਾਰਤ – ਪਾਕਿਸਤਾਨ ਵਿਚਾਲੇ ਕ੍ਰਿਕਟ ਮੈਚ ਦਾ ਸੈਮੀ ਫਾਈਨਲ ਖੇਡਿਆ ਜਾਣਾ ਸੀ। ਇਸ ਨੂੰ ਵੇਖਣ ਵਾਸਤੇ ਚੌਟੀ ਦੀਆਂ ਭਾਰਤ ਤੇ ਪਾਕਿਸਤਾਨੀ ਹਸਤੀਆਂ ਦੇ ਆਉਣ ਦੀ ਸੰਭਾਵਨਾ ਸੀ ਤੇ ਪ੍ਰਸ਼ਾਸ਼ਨ ਇਸ ਸਟੇਡੀਅਮ ਦੀ ਸੁਰਖਿਅਤਾ ਨੂੰ ਲੈ ਕੇ ਆਪਣੀ ਥਾਂ ਜੂਝ ਰਿਹਾ ਸੀ। ਅਜਿਹੇ ਮੌਕੇ ਪੰਜਾਬ ਦੇ ਫਾਰਮਾਸਿਸਟਾਂ ਨੇ ਮਿਲ ਕੇ ਇੱਕ ਵਿਰੋਧ ਪ੍ਰਦ੍ਰਸਨ ਕਰ ਕੀਤਾ। ਪੁਲੀਸ ਦਾ ਹਰਕਤ ਵਿੱਚ ਆਉਣਾ ਲਾਜ਼ਮੀ ਸੀ। ਸੋ ਉਹਨਾਂ ਮੁੰਡਿਆਂ ਦੀ ਫੜੋ ਫੜੀ ਸ਼ੁਰੂ ਕਰ ਦਿੱਤਿ। ਲਾਠੀ ਚਾਰਜ ਵੀ ਕੀਤਾ। ਦੋ ਪੁਲਿਸ ਅਫਸਰਾਂ (ਸ. ਪ੍ਰੀਤਮ ਸਿੰਘ ਐਸ ਪੀ ਡੀ (ਮੁਹਾਲੀ ) ਤੇ ਸ਼੍ਰੀ ਕਲਭੂਸ਼ਨ ਐਸ ਐਚ ਓ (ਮੁਹਾਲੀ ਫੇਜ਼ 1) ਦੇ ਹੱਥ ਇੱਕ ਸਿੱਖ ਨੌਜੁਵਾਨ ਆ ਗਿਆ। ਉਸ ਨੂੰ ਗਲੋਂ ਫੜ ਕੇ ਪਾਸੇ ਲਿਜਾਇਆ ਜਾ ਰਿਹਾ ਸੀ, ਜਿਵੇਂ ਕਿ ਵੀਡੀਓ ਵਿੱਚ ਦੇਖਿਆ ਜਾ ਸਕਦਾ ਹੈ ਉਸ ਨੇ ਪੁਲੀਸ ਦੀ ਕਿਸੇ ਵੀ ਹਰਕਤ ਦਾ ਮਾਮੂਲੀ ਵਿਰੋਧ ਵੀ ਨਹੀਂ ਕੀਤਾ। ਦੋਹਾਂ ਚੋਂ ਇੱਕ ਨੇ ਨਿਰਦੇਸ਼ ਦਿਤਾ, ‘ਇਸ ਦੀ ਪੱਗ ਲਾਹੋ’ ਤੇ ਅਗਲੇ ਹੀ ਪਲ ਐਸ ਐਚ ਓ ਨੇ ਉਹ ਘਿਣਾਉਣੀ ਹਰਕਤ ਕਰ ਦਿੱਤੀ, ਜਿਸ ਦੀ ਕਿਸੇ ਨੂੰ ਵੀ ਉਮੀਦ ਨਹੀਂ ਸੀ। ਇੱਕ ਹੀ ਝਟਕੇ ਨਾਲ ਕਲਭੂਸ਼ਨ ਨੇ ਉਸ ਨੌਜਵਾਨ ਦੀ ਪੱਗ ਨੁੰ ਪਿਛੋਂ ਫੜਿਆ ਤੇ ਲਾਹ ਦਿੱਤਾ। ਅਗਲੇ ਹੀ ਪਲ ਉਸ ਨੌਜੁਵਾਨ ਦੀ ਹਲਕੇ ਜਾਮਨੀ ਰੰਗ ਦੀ ਪੱਗ ਠਾਣੇਦਾਰ ਦੇ ਹਥ ਵਿੱਚ ਸੀ। ਦੇਖਣ ਵਾਲਿਆਂ ਨੂੰ ਵੀ ਬਹੁਤ ਅਜੀਬ ਲਗਿਆ। ਸ਼ਾਇਦ ਥਾਣਿਆਂ ਵਿੱਚ ਇਸੇ ਤਰ੍ਹਾਂ ਹੁੰਦਾ ਹੋਵੇਗਾ। ਪਰ ਸ਼ਰੇਆਮ... ਇਹ ਘਟਨਾ ਬਹੁਤ ਹੀ ਸ਼ਰਮਨਾਕ ਸੀ। ਗੱਲ ਹੌਲੀ ਹੌਲੀ ਤੂਲ ਫੜ ਗਈ। ਲੋਕ ਇਸ ਦੇ ਵਿਰੋਧ ਵਿੱਚ ਇਕੱਠੇ ਹੋਣੇ ਸ਼ੁਰੂ ਹੋ ਗਏ। ਤੇ ਵਿਚਾਰਾਂ ਦਾ ਸਿਲਸਿਲਾ ਸ਼ੁਰੂ ਹੋ ਗਿਆ। ਦੋਵੇਂ ਪੁਲੀਸ ਅਫਸਰ ਲੱਭ ਲਏ ਗਏ। ਉਹਨਾਂ ਦਾ ਟਿਕਾਣਾ, ਟੈਲੀਫੋਨ ਨੰਬਰ , ਮੋਬਾਇਲ ਨੰਬਰ ਵੀ ਤੇ ਇਸ ਤਰ੍ਹਾਂ ਫੇਸ ਬੁਕ ਉਪਰ ਵਿਰੋਧ ਸ਼ੁਰੂ ਹੋ ਗਿਆ। ਅਗਲੇ ਦਿਨ ਦੀ ਖਬਰ ਤੋਂ ਪਤਾ ਲੱਗਿਆ ਕਿ ਇਸ ਗੱਲ ਦਾ ਨੋਟਿਸ ਪੰਜਾਬ ਸਰਕਾਰ ਨੇ ਵੀ ਲੈ ਲਿਆ। ਦੋਵੇਂ ਅਫਸਰ ਮੁਅੱਤਲ ਕਰ ਦਿੱਤੇ ਗਏ ਹਨ ਤੇ ਆਖਰੀ ਖ਼ਬਰਾਂ ਤੱਕ ਇਸ ਘਟਨਾ ਦੀ ਉਚ ਪੱਧਰੀ ਜਾਂਚ ਦਾ ਹੁਕਮ ਦੇ ਦਿੱਤਾ ਹੈ।



ਪੰਜਾਬ ਸਰਕਾਰ ਵਾਸਤੇ ਇਹ ਛੋਟੀ ਘਟਨਾ ਹੋ ਸਕਦੀ ਹੈ ਪਰ ਆਮ ਲੋਕਾਂ ਵਾਸਤੇ ਇਹ ਵੱਡੇ ਪੱਧਰ ਉਪਰ ਸੰਕੇਤਕ ਘਟਨਾ ਹੈ। 1919 ਵਿੱਚ ਅੰਮ੍ਰਿਤਸਰ ਵਿੱਚ ਜਦੋਂ ਲੋਕਾਂ ਦਾ ਰੋਹ ਜਾਰੀ ਸੀ ਤਾਂ ਕਿਸੇ ਅੰਗਰੇਜ਼ ਔਰਤ ਨਾਲ ਹੋਈ ਮਾਮੂਲੀ ਬਦਸਲੂਕੀ ਦੇ ਜਵਾਬ ਵਿੱਚ ਉਸ ਤੰਗ ਗਲੀ ਚੋਂ ਲੋਕਾਂ ਨੂੰ ਰੀਂਗ ਕੇ ਲੰਘਣ ਦਾ ਹੁਕਮ ਦਿੱਤਾ ਗਿਆ ਸੀ ਜਿਸ ਦਾ ਵਿਰੋਧ ਹੋਇਆ ਤੇ ਫਿਰ 13 ਅਪ੍ਰੈਲ ਦੀ ਵਿਸਾਖੀ ਨੂੰ ਵਾਪਰਨ ਵਾਲੀ ਘਟਨਾ ਨੇ ਅੰਗਰੇਜ਼ਾਂ ਦੀ ਹੋਂਦ ਉਪਰ ਕਈ ਪ੍ਰਸ਼ਨ ਚਿੰਨ੍ਹ ਲਗਾ ਦਿੱਤੇ। ਛੋਟੀ ਜਿਹੀ ਗੱਲ ਨੇ ਵੱਡੇ ਪੱਧਰ ਉਪਰ ਚਿੰਗਾਰੀ ਦਾ ਕੰਮ ਕੀਤਾ। ਪਿਛਲੇ ਦਿਨੀ ਮਿਸਰ ਵਿੱਚ ਵਾਪਰੀਆਂ ਘਟਨਾਵਾਂ ਦਾ ਆਰੰਭ ਇੱਕ ਛੋਟੀ ਜਿਹੀ ਚਪੇੜ ਤੋਂ ਸ਼ੁਰੂ ਹੋਇਆ ਜਿਸ ਨੂੰ ਨਾ ਸਹਿੰਦਿਆਂ ਉਸ ਸਬਜੀ ਵਾਲੇ ਨੇ ਆਪਣੀ ਬੇਇਜ਼ਤੀ ਮਹਿਸੂਸ ਕੀਤੀ ਤੇ ਉਸ ਨੇ ਆਪਣੇ ਆਪ ਨੂੰ ਅੱਗ ਲਗਾ ਲਈ ਤੇ ਕਿਸੇ ਨੇ ਇਸ ਦੀ ਵੀਡੀਓ ਬਣਾਈ, ਯੂਟਿਊਬ ਉਪਰ ਉਸ ਵਿ ਡੀਓ ਨੇ ਅਜਿਹੀ ਬੇਚੈਨੀ ਫੈਲਾਈ ਕਿ ਇਸ ਨਾਲ ਪੂਰਾ ਮੱਧ ਏਸ਼ੀਆ ਜਲ ਉੱਠਿਆ। ਮਿਸਰ ਵਿੱਚ ਵਿਦਰੋਹ ਹੋਇਆ ਤੇ ਦਹਾਕਿਆਂ ਦੇ ਕਾਬਜ਼ ਤਾਨਾਸ਼ਾਹਾਂ ਨੂੰ ਦੇਸ਼ ਤੇ ਗੱਦੀਆਂ ਛੱਡਣੀਆਂ ਪਈਆਂ।



ਮੁਹਾਲੀ ਵਾਲੀ ਘਟਨਾ ਵੀ ਕਿਸੇ ਤਰ੍ਹਾਂ ਵੀ ਘੱਟ ਨਹੀਂ। ਸੋਚਣ ਵਾਲੀ ਗੱਲ ਇਹ ਹੈ ਕਿ ਅਸੀਂ ਇਸ ਸਰਕਾਰ ਨੂੰ ਹਰ ਸਾਲ ਕਈ ਤਰ੍ਹਾਂ ਦੇ ਟੈਕਸ ਦਿੰਦੇ ਹਾਂ, ਕਿਸ ਵਾਸਤੇ? ਇਹਨਾਂ ਦੀ ਪੁਲੀਸ ਤੋਂ ਆਪਣੀਆਂ ਪੱਗਾਂ ਲੁਹਾਉਣ ਵਾਸਤੇ? ਸਰਕਾਰ ਉਸ ਟੈਕਸ ਚੋਂ ਸਾਨੂੰ ਕੀ ਦਿੰਦੀ ਹੈ? ਸੜਕਾਂ ਵਾਸਤੇ ਅਸੀਂ ਰੋਡ ਟੈਕਸ ਤੇ ਟੋਲ ਟੈਕਸ ਦਿੰਦੇ ਹਾਂ। ਜਿਸ ਤੋਂ ਬਿਨਾਂ ਅਸੀਂ ਆਪਣੀ ਗੱਡੀ ਨਹੀਂ ਚਲਾ ਸਕਦੇ। ਸੰਚਾਰ ਦੇ ਸਾਰੇ ਮਾਧਿਅਮ ਅਸੀਂ ਕੀਮਤ ਦੇ ਕੇ ਖਰੀਦਦੇ ਹਾਂ, ਚਾਹੈ ਟੈਲੀਫੋਨ ਹੋਵੇ, ਤੇ ਚਾਹੇ ਟੈਲੀਵੀਯਨ, ਸਿਖਿਆ ਸਾਰੀ ਦੀ ਸਾਰੀ ਪੈਸੇ ਦੇ ਕੇ ਲੈਣੀ ਪੈਂਦੀ ਹੈ। ਸਕੂਲ ਤੋਂ ਲੈ ਕੇ ਕਾਲਜ ਤੱਕ, ਸਰਕਾਰ ਦੀ ਤਾਂ ਕੋਸ਼ਿਸ਼ ਹੈ ਕਿ ਕੋਈ ਸਿਖਿਆ ਲਵੇ ਹੀ ਨਾ, ਕਾਲਜਾਂ ਦਾ ਬੇੜਾ ਗਰਕ ਵਿੱਚ ਸਰਕਾਰੀ ਤੰਤਰ (ਯੂ ਜੀ ਸੀ) ਪੂਰੀ ਤਰ੍ਹਾਂ ਜ਼ਿੰਮੇਵਾਰ ਹੈ। ਸਿਹਤ ਸਹੂਲਤਾਂ ਵਾਸਤੇ ਸਰਕਾਰ ਨੇ ਫੀਸ ਲੈਣੀ ਸ਼ੁਰੂ ਕਰ ਦਿਤੀ ਹੈ। ਹੈਲਥ ਕਾਰੋਪਰੇਸ਼ਨ ਹੈ ਜੋ ਪੂਰਾ ਮੁੱਲ ਵਸੂਲਦੀ ਹੈ। ਦੂਜੀਆਂ ਸਾਰੀਆਂ ਸੇਵਾਵਾਂ ਅਸੀਂ ਪੈਸੇ ਨਾਲ ਖਰੀਦਦੇ ਹਾਂ। ਡਾਕ-ਤਾਰ ਦਾ ਦਫ਼ਤਰ ਬੰਦ ਵਰਗਾ ਹੈ ਉਸ ਦੀ ਥਾਂ ਕੋਰੀਅਰ ਕੰਪਨੀਆਂ ਨੇ ਲੈ ਲਈ ਹੈ। ਤੇਲ-ਪੈਟਰੋਲ ਦੇ ਉਪਰ ਕੋਈ ਰਿਆਇਤ ਨਹੀਂ। ਬੱਸਾਂ ਤੇ ਗੱਡੀਆਂ ਦੇ ਕਿਰਾਏ (ਖਰਚ+ਲਾਭ ) ਉਪਰ ਅਧਾਰਤ ਹਨ। ਬਿਜਲੀ ਦੇ ਪੈਸੇ ਜਿੰਨੇ ਸਰਕਾਰ ਖਰਚ ਕਰਦੀ ਹੈ ਅਸੀਂ ਓਨੇ ਸਮੇਤ ਉਸ ਦੇ ਘਾਟੇ ਦੇ ਪੈਸੇ ਤਾਰ ਕੇ ਮੁੱਲ ਲੈਂਦੇ ਹਾਂ। ਪਿੱਛੇ ਜਹੇ ਜਦੋਂ ਸਰਕਾਰ ਨੂੰ ਸੁਪਰੀਮ ਕੋਰਟ ਨੇ ਕਿਹਾ ਕਿ ਸੜ ਰਿਹਾ ਅਨਾਜ ਗ਼ਰੀਭਾਂ ਵਿੱਚ ਮੁਫ਼ ਵੰਡ ਦੇਣਾ ਚਾਹੀਦਾ ਹੈ ਤਾਂ ਸਾਰੇ ਖੁਰਾਕ ਮੰਤਰੀ ਤੇ ਪ੍ਰਧਾਨ ਮੰਤਰੀ ਦੋਹਾਂ ਨੇ ਕਿਹਾ ਕਿ ਉਹ ਮੁਫ਼ਤ ਕੁਝ ਵੀ ਦੇਣ ਦੇ ਖਿਲਾਫ਼ ਹਨ। ਠਾਣੇ ਵਿੱਚ ਪੁਲੀਸ ਦੇ ਕੰਮਾਂ ਦੇ ਰੇਟ ਸਰਕਾਰ ਨੇ ਨਿਸ਼ਚਿਤ ਕਰ ਦਿਤੇ ਹਨ। ਭਾਵ ਸਰਕਾਰ ਦੀਆਂ ਸਾਰੀਆਂ ਫੀਸਾਂ ਇਆਇਤੀ ਦਰਾਂ ਉਪਰ ਨਹੀਂ ਹਨ। ਜੇ ਸਾਰਾ ਕੁਝ ਮੁਲ ਮਿਲਦਾ ਹੈ ਤਾਂ ਟੈਕਸ ਕਿਸ ਲਈ। ਦੂਜੇ ਪਾਸੇ ਸਰਕਾਰ ਲਈਸੈਂਸ ਦੇ ਨਾਂ ਉਪਰ ਲੱਖਾਂ ਕਰੋੜਾਂ ਰੁਪਏ ਜਾਂ ਤਾਂ ਉਗਰਾਹ ਰਹੀ ਹੈ ਜਾਂ ਉਗਰਾਹੀ ਆਪਣੇ ਚਹੇਤਿਆਂ ਨੂੰ ਛੱਡ ਰਹੀ ਹੈ। ਘੋਟਾਲਿਆਂ ਦੀ ਸੂਚੀ ਲੰਮੀ ਹੈ ਜੇ ਇਹੋ ਹਾਲ ਹੈ ਤਾਂ ਲੋਕਾਂ ਤੋਂ ਆਮਦਨ ਟੈਕਸ ਕਿਸੇ ਲਈ? ਹੁਣ ਹਰ ਸਾਧਾਰਨ ਆਦਮੀ ਨੂੰ ਇਹ ਸੋਚਣਾ ਪਵੇਗਾ ਕਿ ਕੀ ਉਹ ਇਸ ਘਟੀਆ ਰਾਜਤੰਤਰ ਨੂੰ ਬਰਦਾਸ਼ਤ ਕਰਨ ਜਾਂ ਬਦਲ ਦੇਣ। ਇੱਕੋ ਹੀ ਹੌਕਾ ਹੈ.. ਪੱਗੜੀ ਸੰਭਾਲ ਜੱਟਾ... ਪੱਗੜੀ ਸੰਭਾਲ ਓਏ।
 

1 comment:

  1. Bada Vadhiya likeya hai ji. Indeed pagdi sambhalan dee lod hai...

    Keep Blogging and whenever u get time, visit my blogs:

    www.urgency-of-change.blogspot.com

    www.beauty-of-sadness.blogspot.com

    ReplyDelete