Tuesday, May 29, 2012

ਪੰਜਾਬੀ ਬੋਲੀ



ਇਸ ਗੀਤ ਦੀ ਆਪਣੀ ਕਹਾਣੀ ਹੈ। ਮੈਂ ਸੁਪਨਾ ਵੇਖ ਰਿਹਾ ਸੀ। ਸੁਪਨੇ ਵਿੱਚ ਮੁੰਡੇ ਕੁੜੀਆਂ ਵਿਆਹ ਦੇ ਮਾਹੌਲ ਵਿੱਚ ਪਰਵਾਰ ਗਿੱਧਾ ਪਾ ਰਹੇ ਸਨ। ਕਿਸੇ ਨੇ ਮੈਨੂੰ ਕਿਹਾ ਕਿ ਹੁਣ ਮੈਂ ਬੋਲੀ ਪਾਵਾਂ। ਅਚਾਨਕ ਮੇਰੇ ਮੂੰਹੋਂ ਨਿਕਲਦਾ ਮੈਂ ਸੁਣਿਆ.  ਬੋਲੀ ਮੈਂ ਨਹੀਂ ਪਾਉਣੀ ਬੋਲੀ ਪਾਊਗੀ ਪੰਜਾਬੀ ਬੋਲੀ । ਇਹ ਸਤਰ ਦਿਲ ਨੂੰ ਛੂਹ ਗਈ। ਮੇਰੀ ਜਾਗ ਖੁਲ੍ਹ ਗਈ। ਉਸ ਤੋਂ ਬਾਦ ਕਈ ਦਿਨ ਇਹ ਸਤਰ ਮੇਰਾ ਪਿਛਾ ਕਰਦੀ ਰਹੀ। ਅੱਜ ਇਸ ਨੇ ਇੱਕ ਗੀਤ ਦੇ ਤੌਰ ਤੇ ਜਨਮ ਲੈ ਲਿਆ ਹੈ ਸੋ ਇਹ ਹਾਜ਼ਰ ਹੈ।

ਬੋਲੀ ਮੈਂ ਨਹੀਂ ਪਾਉਣੀ ਬੋਲੀ ਪਾਊਗੀ ਪੰਜਾਬੀ ਬੋਲੀ
ਨੱਚੂਗੀ ਤੇ ਟੱਪੂਗੀ ਤੇ ਗਾਊਗੀ ਪੰਜਾਬੀ ਬੋਲੀ।

ਗਿੱਧਿਆਂ ਦੀ ਰਾਣੀ ਇਹ ਭੰਗੜੇ ਦੀ ਲਾਟਕੀਨ
ਨੱਚੂਗੀ ਜੇ ਆਪ ਤਾਂ ਨਚਾਊਗੀ ਪੰਜਾਬੀ ਬੋਲੀ
ਰੋਊਗੀ ਰੁਵਾਉਗੀ ਤੇ ਅਥਰੂ ਵਗਾਉਗੀ ਇਹ
ਦੁਖ ਵਿੱਚ ਸਾਥ ਇਹ ਨਿਭਾਊਗੀ ਪੰਜਾਬੀ ਬੋਲੀ
ਮਾਵਾਂ ਦੀਆਂ ਲੋਰੀਆਂ ਬੁਝਾਰਤਾਂ ਕਹਾਣੀਆਂ ਵਿੱਚ
ਦੂਰ ਦੂਰ ਤੱਕ ਚੇਤੇ ਆਊਗੀ ਪੰਜਾਬੀ ਬੋਲੀ।

ਕਣਕਾਂ ਦੇ ਸਿਟਿਆਂ ਮੱਕੀ ਦੀਆਂ ਛੱਲੀਆਂ ਵਿੱਚ
ਖੇਤਾਂ ਵਿੱਚ ਚਰਾਂਦਾਂ ਵਿੱਚ ਜਾਊਗੀ ਪੰਜਾਬੀ ਬੋਲੀ
ਨਹਿਰ ਵਿੱਚ ਖਾਲ ਵਿੱਚ ਨਹਿਰ ਦੀ ਝਰਾਲ ਵਿੱਚ
ਮੱਛੀਆਂ ਦੇ ਵਾਂਗ ਤਾਰੀ ਲਾਉਗੀ ਪੰਜਾਬੀ ਬੋਲੀ
ਵੰਝਲੀ ਦੀ ਤਾਨ ਬਣ ਜਾਨ ਪਾ ਸਾਰੰਗੀ ਵਿੱਚ
ਬੀਨ ਅੱਗੇ ਨਾਗ ਵਲ ਖਾਊਗੀ ਪੰਜਾਬੀ ਬੋਲੀ

ਨਾਨਕ ਦੀ ਬਾਣੀ ਤੇ ਫਰੀਦ ਦੇ ਸਲੋਕਾਂ ਵਿੱਚ
ਬੈਠ ਹਰਿਮੰਦਰ ‘ਚ ਗਾਊਗੀ ਪੰਜਾਬੀ ਬੋਲੀ
ਸ਼ਹਿਦ ਨਾਲੋਂ ਮਿੱਠੇ ਸਾਡੇ ਗੁੜ ਦੀ ਮਿਠਾਸ ਲੈ ਕੇ
ਦੂਰ ਦੂਰ ਤੱਕ ਜਦੋਂ ਜਾਊਗੀ ਪੰਜਾਬੀ ਬੋਲੀ
ਢੋਲੀਆਂ ਦਾ ਢੋਲ ਜਦੋਂ ਵੱਜਿਆ ਪੰਜਾਬੀ ਵਿੱਚ
ਗੋਰਿਆਂ ਨੂੰ ਫੇਰ ਇਹ ਨਚਾਊਗੀ ਪੰਜਾਬੀ ਬੋਲੀ

ਬੋਲਨੀ ਪੰਜਾਬੀ ਭੁੱਲ ਜਾਇਓ ਨਾ ਪੰਜਾਬੀ ਵੀਰੋ
ਦੇਸ ਪ੍ਰਦੇਸ ਬੋਲੀ ਜਾਊਗੀ ਪੰਜਾਬੀ ਬੋਲੀ
ਬੋਲੀ ਮੈਂ ਨਹੀਂ ਪਾਉਣੀ ਬੋਲੀ ਪਾਊਗੀ ਪੰਜਾਬੀ ਬੋਲੀ

No comments:

Post a Comment