Tuesday, May 8, 2012

ਜੁੱਤੀ


ਤੂੰ ਮੈਨੂੰ ਕੀ ਸਮਝਿਆ?
ਗਾਂ
ਮੱਝ
ਢੋਰ
ਡੰਗਰ
ਜਿਸ ਦਾ ਰੱਸਾ
ਕਦੇ ਬਾਪ ਨੇ ਫੜਿਆ
ਕੇ ਭਰਾ ਨੇ
ਕਦੇ ਪਤੀ ਨੇ ਤੇ ਕਦੇ ਪੁਤਰ ਨੇ
ਰਸਾ ਹਮੇਸ਼ਾ ਮੇਰੇ ਗਲ ਵਿੱਚ ਰਿਹਾ
ਹੱਥ ਬਦਲੇ
ਪੈਰ ਬਦਲੇ
ਪਰ ਨਾ ਮੈਂ ਬਦਲੀ
ਨਾ ਮੇਰੀ ਜੂਨ
ਬਾਪ ਨੇ ਰੱਸਾ
ਕਦੇ ਆਪ ਫੜਿਆ
ਕਦੇ ਪਤੀ ਹੱਥ ਫੜਾ ਦਿੱਤਾ
ਧੁਰ ਦੇ ਸੰਜੋਗ ਆਖ ਕੇ
ਜਾਂ ਆਪਣੀ ਸੇਵਾ ਵਿੱਚ ਜੁਟੀ
ਮੁਫ਼ਤ ਦੀ ਦਾਸੀ
ਜਾਂ ਪੈਰ ਦੀ ਜੁੱਤੀ
ਜਿਸ ਨੂੰ ਜਦ ਤੱਕ ਚਾਹਿਆ
ਹੰਢਾਇਆ
ਪੈਰ ਦੀ ਸ਼ੋਭਾ ਬਣਾਈ
ਸਰਕਾਰੇ ਦਰਬਾਰੇ ਪਹਿਨੀ
ਹੰਢਾਈ
ਠਿੱਬੀ ਕੀਤੀ
ਛਿੱਤਰ ਵਾਂਗ
ਉਦੋਂ ਤੱਕ ਵਰਤੀ
ਜਦੋਂ ਤੱਕ
ਇਸ ਦੇ ਬਖੀਏ ਨਾ ਉਧੜ ਗਏ
ਫੇਰ ਸੁੱਟ ਦਿਤੀ
ਜਾਂ ਗੱਡੇ ਪਿਛੇ ਲਮਕਾ ਕੇ
ਨਜ਼ਰ ਵੱਟੂ ਬਣਾ ਲਿਆ
ਤੇ ਫੇਰ ਆਪਣੇ ਪੈਰਾਂ ਲਈ
ਨਵੀਂ ਜੁੱਤੀ ਖਰੀਦਣ ਤੁਰ ਪਿਆ।
ਰਾਹ ਤੇਰਾ ਵੀ ਸੀ
ਰਾਹ ਮੇਰਾ ਵੀ ਸੀ
ਤੁਰੇ ਤਾਂ ਇਕੱਠੇ ਸਾਂ
ਪਰ ਮੁੜਦੇ ਵੇਲੇ
ਤੇਰਾ ਰਾਹ ਹੋਰ ਸੀ
ਮੇਰਾ ਰਾਹ ਹੋਰ
ਤੈਨੂੰ ਤਾਂ ਸਰਦਾਰੀਆਂ ਮਿਲੀਆਂ
ਜੱਦ ਪੁਸ਼ਤ ਮਾਲਕੀਆਂ ਮਿਲੀਆਂ
ਪਰ ਮੇਰੇ ਹਿੱਸੇ
.........
ਹੱਥਾਂ ਦੇ ਅੱਟਣਾ ਤੇ
ਪੈਰਾਂ ਦੀਆਂ ਬਿਆਈਆਂ ਤੋਂ ਬਿਨਾਂ
ਮੇਰੀ ਕਿਸਮਤ ਵਿੱਚ ਕੁਝ ਵੀ ਨਹੀਂ ਸੀ।
ਮਰਨ ਵੇਲੇ ਵੀ ਮੇਰੀ ਮਾਂਗ ਵਿੱਚ
ਉਸੇ ਦੇ ਨਾਂ ਦਾ ਸੰਧੂਰ ਪਾਇਆ ਗਿਆ
ਜਿਸ ਨੇ ਕਦੇ ਮੈਨੂੰ
ਪੈਰ ਦੀ ਜੁੱਤੀ ਤੋਂ ਵੱਧ ਨਾ ਸਮਝਿਆ।

No comments:

Post a Comment