Thursday, February 16, 2012

ਕੁਦਰਤ ਖੇਡ

ਕੁਦਰਤ ਖੇਡ ਬਣਾਈ ਆਪੇ
ਖੇਡੇ ਆਪਣੇ ਰੰਗਾਂ ਅੰਦਰ
ਆਪਣੀ ਮਸਤੀ
ਆਪਣੀ ਹਸਤੀ
ਕੁਦਰਤ ਖੇਡੇ
ਪਲ ਪਲ ਛਿਣ ਛਿਣ
ਕੋਹਾਂ ਚੱਲੇ ਆਪਣੀ ਚਾਲੇ
ਧੁਰੋਂ ਨਿਰੰਤਰ ਚਾਲ
ਕਦੇ ਮਿਟਾਵੇ
ਕਦੇ ਬਣਾਵੇ
ਕਦੇ ਸਜਾਵੇ
ਗੁਣ-ਔਗੁਣ ਨਾ ਇਸਦਾ ਕੋਈ
ਹਸਤੀ, ਬਸਤੀ ਮਸਤੀ ਇਸਦੀ
ਸ਼ਬਦਾਂ ਦੇ ਹੱਥ ਨਾ ਆਵੇ
ਝਾਲ ਏਸ ਦੀ ਅਕਲ ਨਾ ਝੱਲੇ
ਜਦ ਵੀ ਤੱਕਾਂ ਏਸ ਦੇ ਵੱਲੇ
ਵਾਹ ਵਾਹ ਇਸ ਦੀ ਬੱਲੇ ਬੱਲੇ
ਮੈਂ ਇਸ ਦੇ ਵਿੱਚ
ਇਹ ਮੇਰੇ ਵਿੱਚ
ਮੈਂ ਵੀ ਤਾਂ ਇਸਦਾ ਇਕ ਹਿੱਸਾ
ਮੇਰੀ ਹਸਤੀ ਆਪ ਬਣਾਵੇ
ਕਦੇ ਮਿਟਾਵੇ
ਕਦੇ ਸਜਾਵੇ
ਕਿੰਨੀ ਵਾਰੀ
ਸਮਝ ਮੇਰੀ ਵਿੱਚ ਕੁਝ ਨਾ ਆਵੇ
ਮਸਤੀ ਇਸ ਦੀ
ਮਸਤ ਬਣਾਵੇ
ਮੈਨੂੰ
ਇਸ ਦੇ ਕਦਮਾਂ ਦੇ ਨਾਲ ਕਦਮ ਮਿਲਾਵਾਂ
ਤਾਲ ਨਾਲ ਮੈਂ ਤਾਲ ਰਲਾਵਾਂ
ਸੁਰ ਨਾਲ ਸੁਰ ਇਕਸੁਰ ਹੋ ਜਾਵਾਂ
ਜੋ ਚਾਹਵਾਂ ਸੋ ਪਾਵਾਂ।

No comments:

Post a Comment