Monday, February 20, 2012

ਸਮੁੰਦਰ ਬੋਲਦਾ ਹੈ

ਇਕ ਸਮੁੰਦਰ
ਤੇਰੇ ਅੰਦਰ ਬੋਲਦਾ ਹੈ
ਸ਼ਾਂਤ ਹੈ
ਪਰ ਖੌਲਦਾ ਹੈ।
ਇਕ ਸਮੁੰਦਰ ਬੋਲਦਾ ਹੈ।
ਸਾਂਭ ਕੇ ਮੁੱਦਤ ਤੋਂ ਰਖਿਆ
ਤੇਰੇ ਅੰਦਰ ਡੋਲਦਾ ਹੈ
ਇਕ ਸਮੁੰਦਰ ਬੋਲਦਾ ਹੈ
ਤੋੜ ਕੇ ਸਾਰੇ ਕਿਨਾਰੇ
ਜਦ ਨਦੀ ਵਿੱਚ ਵਹਿਣ ਲਗਦਾ
ਇਕ ਸਮੁੰਦਰ ਰੌਲਾ ਪਾ ਕੇ
ਜਦ ਕਦੇ ਕੁਝ ਕਹਿਣ ਲਗਦਾ
ਚੁੱਪ ਕਰਕੇ ਬੈਠ ਜਾਵਣ
ਦਾ ਸੁਣਾਇਆ ਹੁਕਮ ਜਦ ਵੀ
ਇਕ ਸਮੁੰਦਰ
ਤੇਰੇ ਅੰਦਰ
ਘੁਟਣ ਬਣ ਕੇ ਸਹਿਣ ਲਗਦਾ
ਬਹੁਤ ਬੇਚੈਨੀ
ਚ ਭਾਂਵੇ
ਉਪਰੋਂ ਖਾਮੋਸ਼ ਲਗਦਾ
ਇਕ ਸਮੁੰਦਰ
ਤੇਰੇ ਅੰਦਰ
ਫੈਲ ਜਾਣਾ ਲੋਚਦਾ ਹੈ
ਸੋਚਦਾ ਹੈ ਉਹ ਸਮੁੰਦਰ
ਪੰਛੀਆਂ ਦੇ ਵਾਂਗ ਉਡਣਾ
ਕਿਲ੍ਹਕਣਾ ਕਿਲਕਾਰੀਆਂ ਵਿੱਚ
ਮਟਕਣਾ ਫੁਲਕਾਰੀਆਂ ਵਿੱਚ
ਪਰ ਫੈਲਾ ਕੇ
ਉੱਡਣ ਲਈ ਪਰ ਤੋਲਦਾ ਹੈ
ਇਕ ਸਮੁੰਦਰ ਬੋਲਦਾ ਹੈ
ਇਹ ਸਮੁੰਦਰ
ਬਣ ਕੇ ਬੱਦਲ
ਅੰਬਰਾਂ ਨੂੰ ਛੋਹਣਾ ਚਾਹੇ
ਤਪਦਿਆਂ ਮਾਰੂਥਲਾਂ ਨੂੰ
ਗਲ ਲਗਾ ਕੇ
ਮਿਲਣਾ ਚਾਹੇ
ਇਕ ਸਮੁੰਦਰ
ਵਰ੍ਹਣਾ ਚਾਹੇ
ਇਕ ਸਮੁੰਦਰ
ਝਰਨਿਆਂ ਵਿੱਚ
ਨਾਲਿਆ ਵਿੱਚ
ਦਰਿਆਵਾਂ ਵਿੱਚ
ਭਰ ਕੇ ਵਗਣਾ ਲੋਚਦਾ ਹੈ
ਪਿਆਸ ਦੇ ਮਾਰੂਥਲਾਂ ਦੇ
ਸੁਪਨਿਆਂ ਵਿੱਚ
ਆਉਣਾ ਚਾਹਵੇ
ਗੂੰਜਦੇ ਬੋਲਾਂ ਦੇ ਪੰਛੀ
ਦੀ ਤਿਹਾਈ ਤੇਹ ਤੀਕਰ
ਉਤਰਨਾ ਚਾਹੇ
ਸਮੁੰਦਰ ਬੋਲਦਾ ਹੈ।
ਤੇਰੇ ਅੰਦਰ
ਇਕ ਸਮੁੰਦਰ ਖੋਲਦਾ ਹੈ
ਬਣ ਸਕੇ ਬੱਦਲ
ਤਾਂ ਇਹ ਪਰ ਤੋਲਦਾ ਹੈ
ਖੋਲਦਾ ਹੈ ਇਕ ਸਮੁੰਦਰ ਬੋਲਦਾ ਹੈ।
ਕੀਲ ਕੇ ਰਖਿਆ ਹੈ ਇਸ ਨੂੰ
ਤੂੰ ਹਮੇਸ਼ਾ
ਮਨ ਦੇ ਕੁੱਜੇ ਵਿੱਚ ਇਸ ਨੂੰ ਬੰਦ ਕਰਕੇ
ਸੁੱਟ ਦੇਹ ਭਾਂਵੇਂ ਹਨੇਰੀ ਨੁੱਕਰੇ ਤੂੰ
ਪਰ ਸਮੁੰਦਰ ਹੈ
ਸਮੁੰਦਰ ਬੋਲਦਾ ਹੈ
ਚੰਨ ਕੋਈ ਇਸ ਦੇ ਨੇੜੇ ਜਦ ਵੀ ਆਵੇ
ਉਫਨਦਾ ਹੈ ਇਹ ਸਮੁੰਦਰ
ਖੌਲਦਾ ਹੈ
ਤੋੜਨਾ ਚਾਹਵੇ ਜੰਜ਼ੀਰਾਂ ਬੇੜੀਆਂ ਜੋ
ਸਮੁੰਦਰ ਬੋਲਦਾ ਹੈ।
ਹਾਂ ਸਮੁੰਦਰ ਬੋਲਦਾ ਹੈ।
ਸਮੁੰਦਰ ਬੋਲਦਾ ਹੈ।

No comments:

Post a Comment