Tuesday, February 14, 2012

ਸੰਵਾਦ


ਤੇਰਾ ਸੰਵਾਦ ਮੇਰੇ ਨਾਲ ਸੀ
ਮੇਰਾ ਤੇਰੇ ਨਾਲ
ਤੇਰੇ ਤੇ ਮੇਰੇ ਸੰਵਾਦ ਵਿੱਚ
ਨਾ ਮੈਂ ਨਹੀਂ ਸਾਂ।
ਤੂੰ ਗੜੂੰਦ ਸੈਂ
ਆਪਣੇ ਆਪ ਵਿੱਚ
ਸ਼ਾਇਦ ਮੈਨੂੰ ਲੱਭ ਰਹੀ ਸੈਂ
ਮੈਂ ਤਾਂ ਸਾਵੇਂ ਦਾ ਸਾਵਾਂ ਹੀ
ਸਮਾ ਗਿਆ ਸਾਂ
ਤੇਰੇ ਵਜੂਦ ਵਿੱਚ
ਜਿਸ ਦਾ ਕੋਈ ਵੀ ਸਿਰਾ ਬਾਹਰ ਨਹੀਂ ਸੀ
ਤੇਰੇ ਸਾਹਾਂ ਵਿੱਚ
ਤੇਰੇ ਦਿਲ ਦੀ ਧੜਕਣ ਵਿੱਚ
ਤੇਰੇ ਮਨ ਦੀਆਂ ਤਰੰਗਾਂ ਵਿੱਚ
ਤੇਰੀਆਂ ਸਾਰੀਆਂ ਖਾਹਸ਼ਾਂ ਦਾ ਨਿਚੋੜ ਸਾਂ ਮੈਂ
ਤੇ ਤੂੰ ਮੇਰੀ ਚਾਹਤ ਦਾ ਸ਼ਿਖ਼ਰ
ਪੁਲਾਂ ਤੋਂ ਪਾਰ ਹੋ ਕੇ ਵੀ ਰਸਤੇ ਨਹੀਂ ਮਿਟਦੇ
ਪਿਆਸ ਦਾ ਸਮੁੰਦਰ ਲੈ ਕੇ ਮ੍ਰਿਗ ਤ੍ਰਿਸ਼ਨਾ ਦੌੜਦੀ ਹੈ
ਤੇ ਮੈਂ ਤੇ ਤੂੰ ਰਲ ਕੇ
ਉਸ ਨੂੰ ਫੜਣ ਦੀ ਕੋਸ਼ਿਸ਼ ਕਰਦੇ ਹਾਂ
ਪਰ ਹਰ ਵਾਰ ਉਹ ਰੇਤ ਵਾਂਗ ਕਿਰ ਜਾਂਦੀ ਹੈ
ਪਲ ਪਲ ਛਿਣ ਛਿਣ ਕਰਕੇ
ਮੈਨੂੰ ਕੁਝ ਸਮਝ ਨਹੀਂ ਆਉਂਦਾ
ਤੂੰ ਉਹ ਸਾਰੀ ਤ੍ਰੇਲ ਆਪਣੇ ਪੱਲੂ ਵਿੱਚ ਬੰਨ੍ਹ ਲੈਣਾ ਲੋਚਦੀ ਹੈਂ
ਜੋ ਦੇਰ ਰਾਤ ਤੱਕ
ਅੱਥਰੂਆਂ ਵਾਂਗ ਹਵਾ ਵਿੱਚ ਕਿਰਦੀ ਰਹੀ
ਮੈਂ ਉਹਨਾਂ ਵਿੱਚ ਤੈਨੂੰ ਖੋਜਦਾ ਹਾਂ
ਤੁਪਕਾ ਤੁਪਕਾ
ਕਣ ਕਣ
ਪਰ ਤੂੰ ਮੇਰੇ ਹੱਥਾਂ ਦੇ ਸੇਕ ਨਾਲ ਹੀ ਪਿਘਲ ਜਾਂਦੀ ਹੈਂ
ਤੂੰ ਅਕਸਰ ਮੈਨੂੰ ਆਪਣੇ ਚੋਂ ਮਨਫੀ ਕਰਨ ਦੀ ਕੋਸ਼ਿਸ਼ ਕਰਦੀ ਹੈ
ਪਰ ਜਿਹੜਾ ਫਾਰਮੂਲਾ ਤੂੰ ਲਗਾਉਂਦੀ ਹੈਂ
ਜ਼ਿੰਦਗੀ ਦਾ ਸਵਾਲ ਹੱਲ ਕਰਨ ਲਈ
ਉਸ ਵਿੱਚ ਤੂੰ  ਮੇਰਾ ਹਾਸਲ ਹੁੰਦੀ ਹੈਂ
ਹਰ ਵਾਰ
ਤੇ ਮੈਂ ਰਕਮ ਦਰ ਰਕਮ ਗੁਣਾਂ ਹੁੰਦਾ ਜਾ ਰਿਹਾ ਹਾਂ।
ਤੇਰਾ ਤੇ ਮੇਰਾ ਇਹ ਸੰਵਾਦ ਜਾਰੀ ਹੈ।
ਅਨੰਤ ਤੋਂ ਅਨੰਤ ਤੱਕ।

No comments:

Post a Comment