Saturday, February 4, 2012

ਨੀਂਦ ਨਹੀਂ ਆਉਂਦੀ।


ਨੀਂਦ ਨਹੀਂ ਆਉਂਦੀ।
ਜਾਗਦੀਆਂ ਨੇ ਰਾਤਾਂ
ਅੰਬਰ ਉਤੇ ਜਾਗਣ ਤਾਰੇ
ਜਗਦੀਆਂ ਨੇ ਰੀਝਾਂ ਹਾਲੇ
ਜਾਗਦੇ ਨੈਣ ਵਿਚਾਰੇ
ਰੀਝਾਂ  ਦੀ ਪਰਚੌਣੀ ਦੇ ਲਈ
ਲੋਰੀ ਨਹੀਂ ਗਾਉਂਦੀ।
ਨੀਂਦ ਨਹੀਂ ਆਉਂਦੀ।
ਰੁਸਿਆ ਰੁਸਿਆ ਮਾਹੀ ਜਾਪੇ
ਰਹਿੰਦਾ ਪਾਸੇ ਪਾਸੇ
ਹੰਝੂਆਂ ਦੇ ਹੜ੍ਹ ਚੜ੍ਹ ਆਉਂਦੇ
ਰੁਸੇ ਰੁਸੇ ਹਾਸੇ।
ਮੈਂ ਆਪੇ ਵਿੱਚ ਕੈਦੀ ਹੋਈ
ਬਹਿ ਕੇ ਸਜ਼ਾ ਹੰਢਾਉਂਦੀ।
ਨੀਂਦ ਨਹੀਂ ਆਉਂਦੀ।
ਮੈਂ ਵੀ ਜਾਗਾਂ ਰਾਤ ਵੀ ਜਾਗੇ
ਜਾਗੇ ਅੰਬਰ ਸਾਰਾ
ਸੌਂ ਗਏ ਤਾਰੇ ਕਰਮਾਂ ਮਾਰੇ
ਕੋਈ ਕੋਈ ਅਜੇ ਵਿਚਾਰਾਂ
ਜਿਸ ਦੇ ਹਿਸੇ ਆਈ
ਮੇਰੇ ਵਾਂਗੂ ਜੂਨ ਲੰਘਾਉਣੀ।
ਨੀਂਦ ਨਹੀਂ ਆਉਂਦੀ।
ਨੀਂਦ ਨਹੀਂ ਆਉਂਦੀ।
ਜੋ ਮੈਨੂੰ ਵਰਚਾਵਣ ਆਏ
ਛੱਮ ਛਮ ਅੱਥਰੂ ਰੋ ਪਏ
ਹੁਣ ਤੀਕਰ ਸਨ ਰਹੇ ਪਰਾਏ
ਮੇਰੇ ਆਪਣੇ ਹੋ ਗਏ
ਜ਼ਖਮਾਂ ਤੇ ਪੱਛਾਂ ਦੀ ਮਲ੍ਹਮ
ਪੈ ਜਾਏ ਜੇ ਲਾਉਣੀ।
ਨੀਂਦ ਨਹੀਂ ਆਉਂਦੀ
ਨੀਂਦ ਨਹੀਂ ਆਉਂਦੀ।

No comments:

Post a Comment