Friday, October 7, 2011

ਮੇਰੇ ਉਦਾਸ ਦਿਨਾਂ ਦੀ ਕਵਿਤਾ

ਕਿੱਥੇ ਹੈ ਮੇਰੇ ਉਦਾਸ ਦਿਨਾਂ ਦੀ ਕਵਿਤਾ
ਜੋ ਮਲਕੜੇ ਜਿਹੇ ਮੇਰੇ ਬੂਹੇ ਤੇ ਆਣ ਬਹਿੰਦੀ
ਤੇ ਮੇਰਾ ਸੱਭ ਕੁਝ
ਨਿੱਕ ਸੁੱਕ ਸਾਂਭ ਲੈਂਦੀ
ਮੇਰੇ ਕਮਰੇ ਵਿਚ ਮੇਰਾ ਖਿਲਰਿਆ ਵਜੂਦ
ਪੋਟਾ ਪੋਟਾ ਖਿੰਡੇ ਸੁਪਨੇ
ਕਿਸੇ ਕੋਨੇ ਵਿੱਚ ਰੁਸ ਕੇ ਬੈਠੀਆਂ ਸਧਰਾਂ
ਕਪੜੇ
ਕਿਤਾਬਾਂ
ਕਾਗਜ਼
ਕਲਮਾਂ
ਤੇ ਤਾਰਾਂ ਵਿੱਚ ਉਲਝਿਆ ਮੈ
ਉਹ ਹੌਲੀ ਹੌਲੀ ਸੱਭ ਨੂੰ ਸੁਲਝਾਉਂਦੀ
ਸਾਰਾ ਸਾਮਾਨ ਥਾਉਂ ਥਾਂਈ ਟਿਕਾਉਂਦੀ
ਰੁਸੀਆਂ ਸੱਧਰਾਂ ਨੂੰ ਕੰਨੋਂ ਫੜ ਉਠਾਉਂਦੀ
ਹੰਝੂ ਪੂੰਝਦੀ
ਗਲ ਨਾਲ ਲਾਉਂਦੀ
ਮੇਰਾ ਵਜੂਦ
ਖਿੰਡਿਆ ਪੁੰਡਿਆਂ ਇਕੱਠਾ ਕਰਦੀ
ਮੇਰੇ ਕੰਨ ਵਿੱਚ ਫੂਕ ਮਾਰਦੀ
ਤੇ ਆਖਦੀ,
ਹਾਰ ਗਇਉਂ?
ਉਹ ਮੇਰੇ ਲਈ ਕਿੰਨਾ ਕੁਝ ਕਰਦੀ
ਮੈਨੂੰ ਪਿਆਰ ਨਾਲ ਕਲਾਵੇ ਵਿੱਚ ਘੁੱਟਦੀ
ਵਿਦਾ ਲੈਂਦੀ
ਫਿਰ ਮਿਲਣ ਦੇ ਵਾਅਦੇ ਨਾਲ।
ਮੈਂ ਵੀ ਉਸ ਨੂੰ ਅਗਲੀ ਵਾਰ।
ਇਹ ਹਰ ਵਾਰ ਹੁੰਦਾ
ਵਾਰ ਵਾਰ ਹੁੰਦਾ
ਉਹ ਆਉਂਦੀ
ਤੇ ਉਸ ਦੇ ਆਉਣ ਦੀ ਤਰੀਕ
ਮੇਰੇ ਕਮਰੇ ਦੀਆਂ ਕੰਧਾਂ ਉਪਰ ਉਕਰੀ ਰਹਿੰਦੀ।
ਕਿਥੇ ਹੈ ਮੇਰੇ ਉਦਾਸ ਦਿਨਾਂ ਦੀ ਕਵਿਤਾ
ਉਹ ਕਿਉਂ ਨਹੀਂ ਆਈ?
ਉਸ ਨੇ ਆਉਣਾ ਸੀ
ਉਹ ਆਇਆ ਕਰਦੀ ਸੀ
ਮੈਨੂੰ ਇਕੱਠਾ ਕਰਨ ਲਈ
ਮੈਂ  ਕਿੰਨੀ ਦੇਰ ਤੋਂ ਖਿੰਡਿਆ ਪਿਆ ਹਾਂ
ਆਪਣੇ ਕਮਰੇ ਵਿੱਚ
ਆਪਣੇ ਰਾਹਾਂ ਵਿੱਚ
ਕੰਡਿਆਂ ਨਾਲ ਉਲਝਿਆ
ਤਾਰਾ ਵਿੱਚ ਬੇਵਜੂਦ ਹੋਇਆ
ਮੈਂ ਆਪਣੇ ਉਦਾਸ ਦਿਨਾਂ ਦੀ ਕਵਿਤਾ
ਨੂੰ ਉਡੀਕ ਰਿਹਾ ਹਾਂ
ਉਹ ਕਿਉਂ ਨਹੀਂ ਆਈ
ਸ਼ਾਇਦ ਮੈਂ ਹੀ ਨਿਰਮੋਹਾ ਹੋ ਗਿਆ ਹਾਂ।


No comments:

Post a Comment