Monday, September 26, 2011

ਸ਼ਹੀਦ ਭਗਤ ਸਿੰਘ ਬਾਰੇ













ਗੁਰਦੀਪ ਸਿੰਘ

ਮਿਤਰੋ, ਸ਼ਹੀਦ ਭਗਤ ਸਿੰਘ ਕੀ ਸੀ? ਉਹ ਕੌਣ ਸੀ? ਹਨੇਰੀ ਵਾਂਗ ਉਹ ਸਮੇਂ ਦੇ ਭਾਰਤ ਦੇ ਰਾਜਨੀਤਕ ਅਸਮਾਨ ਵਿੱਚ ਚਮਕਿਆ ਤੇ ਇਕ ਤੇਜ਼ ਰੋਸ਼ਨੀ ਵਾਂਗ ਉਹ ਅਲੋਪ ਹੋ ਗਿਆ। ਅਜਿਹੇ ਵਿਅਕਤੀਆਂ ਬਾਰੇ ਲੋਕ ਆਮ ਤੌਰ ਤੇ ਉਤਸੁਕਤਾ ਵਸ਼ ਅੰਦਾਜੇ ਲਾਉਂਦੇ ਰਹਿੰਦੇ ਹਨ। ਸੋ ਭਗਤ ਸਿੰਘ ਨਾਲ ਵੀ ਹੋਇਆ। ਉਸ ਬਾਰੇ ਬਹੁਤ ਸਾਰੀਆਂ ਕਿਆਸਅਰਾਈਆਂ ਲਾਈਆਂ ਜਾਂਦੀਆਂ ਹਨ।  ਭਗਤ ਸਿੰਘ ਦੇ ਬਾਕੀ ਪਰਵਾਰ ਵਾਲੇ ਜਨ-ਸੰਘ ਨਾਲ ਸਬੰਧ ਰਖਦੇ ਸਨ ਸੋ ਕਿਸੇ ਨੇ ਸ਼ਹੀਦ ਭਗਤ ਸਿੰਘ ਬਾਰੇ ਜਾਣਨ ਦੀ ਕੋਸ਼ਿਸ਼ ਨਹੀਂ ਕੀਤੀ। 1963 ਤੱਕ ਉਸ ਦੀ ਸਮਾਧੀ ਇਕ ਛੋਟੇ ਜਿਹੇ ਚੋਂਕੇ ਨੁਮਾ ਚਬੂਤਰੇ ਤੋਂ ਵੱਧ ਨਹੀਂ ਸੀ। ਮੈਨੂੰ ਖੁਦ ਇਹ ਸੱਭ ਕੁਝ ਦੇਖਣ ਦਾ ਮੌਕਾ ਮਿਲਿਆ। ਕਿਸੇ ਖੱਬੀ ਧਿਰ ਨੇ ਸ਼ਹੀਦ ਭਗਤ ਸਿੰਘ ਉਪਰ ਕੋਈ ਬਹੁਤਾ ਕੰਮ ਨਹੀਂ ਸੀ ਕੀਤਾ। 'ਮੈਂ ਨਾਸਤਕ ਕਿਉਂ ਹਾਂ' ਇਸ ਦਾ ਅੰਗਰੇਜ਼ੀ ਰੂਪ ਹੀ ਸੁਣਨ ਵਿੱਚ ਮਿਲਦਾ ਸੀ। ਇਸ ਦਾ ਹਵਾਲਾ ਕਿਤੇ ਕਿਤੇ ਮਿਲਦਾ ਹੈ। ਸੋ ਕਈ ਦਹਾਕੇ ਸ਼ਹੀਦ ਭਗਤ ਸਿੰਘ ਬਾਰੇ ਬਹੁਤਾ ਕੁਝ ਨਾ ਲਿਖਿਆ ਗਿਆ ਤੇ ਨਾ ਪੜ੍ਹਿਆ ਗਿਆ। ਉਸ ਦੀ ਇਕੋ ਇੱਕ ਤਸਵੀਰ ਜੋ ਹੈਟ ਨਾਲ ਮਿਲਦੀ ਹੈ ਉਹ ਦੀਵਾਲੀ ਦੇ ਮੌਕੇ ਬਾਜ਼ਾਰ ਵਿੱਚ ਵਿਕਦੀ ਰਹੀ। ਅਕਾਲੀਆਂ ਨੇ ਸ਼ਹੀਦਾਂ ਦਾ ਨਾਂ ਵਰਤਣ ਲਈ ਉਹਨਾਂ ਦੇ ਸਿਰਾਂ ਉਪਰ ਪੱਗਾਂ ਬੰਨਾ ਦਿਤੀਆਂ। ਫਿਰ ਦੋ ਭਗਤ ਸਿੰਘ ਹੋ ਗਏ, ਇਕ ਪੱਗ ਵਾਲਾ ਤੇ ਇਕ ਹੈਟ ਵਾਲਾ। ਜਿਸ ਮਕਾਨ ਦੀਆਂ ਪੌੜੀਆਂ ਚੋਂ ਉਤਰ ਕੇ ਸ਼ਹੀਦ ਭਗਤ ਸਿੰਘ ਨੇ ਨਾਈ ਦੀ ਦੁਕਾਨ ਦਾ ਰਾਹ ਲਿਆ ਉਹ ਹਾਲੇ ਵੀ ਫਿਰੋਜ਼ਪੁਰ ਸ਼ਹਿਰ ਵਿੱਚ ਮੋਜੂਦ ਹੈ। ਸਿਆਸਤ ਵਿੱਚ ਸ਼ਹੀਦ ਭਗਤ ਸਿੰਘ ਸਿੱਖ ਸੀ ਜਾਂ ਮੋਨਾ ਇਸ ਬਾਰੇ ਅਕਸਰ ਬਹਿਸ ਛਿੜਦੀ ਰਹੀ। ਖੱਬੀ ਧਿਰ ਕੌਲ ਅੰਤਰ ਰਾਸ਼ਟਰੀ ਮੁੱਦੇ ਸਨ, ਉਹਨਾਂ ਨੇ ਵੱਡੇ ਚਿੰਤਕਾਂ ਉਪਰ ਕੰਮ ਕੀਤਾ ਕਿਸੇ ਨੇ ਵੀ ਸ਼ਹੀਦ ਭਗਤ ਸਿੰਘ ਦੀ ਸਾਰ ਨਹੀਂ ਲਈ। ਸ਼ਹੀਦ ਭਗਤ ਸਿੰਘ ਬਾਰੇ ਜਾਗਰੂਕਤਾ ਪੈਦਾ ਕਰਨ ਵਿੱਚ ਤਰਕਸ਼ੀਲ ਸੁਸਾਇਟੀਆਂ ਦਾ ਬਹੁਤ ਵੱਡਾ ਯੋਗਦਾਨ ਹੈ। ਜੁਝਾਰੂ ਸਾਹਿਤ ਵਿੱਚ, ਕਵੀਆਂ ਨੇ ਸ਼ਹੀਦ ਭਗਤ ਸਿੰਘ ਨੂੰ ਇਕ ਬਿੰਬ ਬਣਾ ਕੇ ਵਰਤਿਆ। ਉਸ ਦੀ ਸ਼ਹੀਦੀ ਦੀ ਵਰਤੋਂ ਲੋਕਾਂ ਵਿੱਚ ਸਹੀਦੀ ਦੇ ਸੰਕਲਪ ਨੂੰ ਉਸਾਰਨ ਲਈ ਵਰਤਿਆ ਗਿਆ। ਪਰ ਇਹ ਸਿਰਫ਼ ਉਸੇ ਤਰ੍ਹਾਂ ਸੀ ਜਿਵੇਂ ਖੱਬੀ ਧਿਰ ਵਾਲੇ ਗੁਰੂ ਨਾਨਕ ਤੇ ਗੁਰੂ ਗੋਬਿੰਦ ਸਿੰਘ ਜੀ ਦੇ ਹਵਾਲੇ ਦਿੰਦੇ ਹਨ। 

ਤਰਕਸ਼ੀਲ ਸੁਸਾਇਟੀਆਂ ਨੇ ਨਾ ਸਿਰਫ ਅਬਰਾਹਮ ਕਾਵੂਰ ਦੀ ਕਿਤਾਬ ਦਾ ਅਨਵਾਦ ਕਰ ਕੇ ਪਾਠਕਾਂ ਦੇ ਹੱਥਾਂ ਵਿੱਚ ਦਿਤੀ ਸਗੋਂ ਸ਼ਹੀਦ ਭਗਤ ਸਿੰਘ ਦੀ ਮੈ ਨਾਸਤਕ ਕਿਉਂ ਹਾਂ ਦਾ ਵੀ ਪੰਜਾਬੀ ਅਨੁਵਾਦ ਕਰਕੇ ਲੋਕਾਂ ਵਿੱਚ ਵੰਡਿਆ। ਪਿਛਲੇ ਦਸ ਕੁ ਸਾਲਾਂ ਵਿੱਚ ਸ਼ਹੀਦ ਭਗਤ ਸਿੰਘ ਇਕ ਵਾਰ ਫੇਰ ਲੋਕ ਨਾਇਕ ਵੱਜੋ ਉਭਰਿਆ ਵੀ ਤੇ ਉਭਾਰਿਆ ਵੀ ਗਿਆ। ਇਸ ਦੇ ਦੋ ਕਾਰਨ ਹੋ ਸਕਦੇ ਹਨ, ਪਹਿਲਾ ਉਸ ਦੀਆਂ ਲਿਖਤਾਂ ਫਰੋਲਦਿਆਂ ਉਸ ਦੀ ਵਿਦਵਤਾ, ਉਸ ਦੀ ਚੇਤੰਨਤਾ ਤੇ ਵਿਚਾਰਾਂ ਦੀ ਪਰਪੱਕਤਾ ਨੂੰ ਪੰਜਾਬ ਦੀ ਹੀ ਨਹੀਂ ਸਗੌਂ ਭਾਰਤ ਦੇ ਬੁੱਧੀ ਜੀਵੀਆਂ ਝੰਜੋੜਿਆਂ, ਉਸ ਦੇ ਤਰਕ ਨੂੰ ਤਰਕਸ਼ੀਲ ਸੁਸਾਇਟੀਆਂ ਨੇ ਇਕ ਮਾਡਲ ਵੱਜੋਂ ਵਰਤਿਆ। ਇਸ ਨਾਲ ਤਿੰਨ ਭਗਤ ਸਿੰਘ ਸਥਾਪਤ ਹੋ ਗਏ। ਇਕ ਹੈਟ ਵਾਲਾ, ਜਿਸ ਨੂੰ ਆਰੀਆ ਸਮਾਜੀ ਆਪਣੀਆਂ ਕਿਤਾਬਾਂ ਵਿੱਚ ਛਾਪਦੇ ਹਨ, ਦੂਜਾ ਪੱਗ ਵਾਲਾ ਜੋ ਆਮ ਕਰਕੇ ਪੰਜਾਬੀ ਚੇਤਨਾ ਦਾ ਨਾਇਕ ਹੈ ਤੇ ਤੀਜਾ ਤਰਕਸ਼ੀਲ ਭਗਤ ਸਿੰਘ ਜੋ ਪੂਰੀ ਦਲੇਰੀ ਨਾਲ ਇਨਕਲਾਬ ਜ਼ਿੰਦਾਬਾਦ ਤੇ ਰੱਬ ਮੁਰਦਾਬਾਦ ਦਾ ਨਾਅਰਾ ਲਾਉਂਦਾ ਹੈ। ਇਸ ਤੋਂ ਅਗਲਾ ਮੁੱਦਾ ਬਹਿਸ ਦਾ ਹੈ ਕਿ ਕਿਸ ਦਾ ਭਗਤ ਸਿੰਘ ਜ਼ਿਆਦਾ ਵੱਡਾ ਸੀ, ਤਰਕਸੀਲ ਉਸ ਦੇ ਸਾਹਿਤ ਦਾ ਹਵਾਲਾ ਦਿੰਦੇ ਹਨ, ਉਸ ਦੇ ਵਿਚਾਰਾਂ ਦੀ ਗੱਲ ਕਰਦੇ ਹਨ। ਆਰੀਆ ਸਮਾਜੀ ਉਸ ਦੇ ਪਿਤਾ ਦੇ ਆਰੀਆ ਸਮਾਜੀ ਹੋਣ ਦਾ ਸਬੂਤ ਦਿੰਦੇ ਹਨ ਤੇ ਸਿਖ ਕਦੇ ਭਾਈ ਰਣਧੀਰ ਸਿੰਘ ਦੇ ਹਵਾਲੇ ਨਾਲ ਤੇ ਕਦੇ ਕਿਸੇ ਹੋਰ ਦਲੀਲ ਨਾਲ ਉਸ ਨੁੰ ਆਪਣਾ ਨਾਇਕ ਬਣਾਈ ਰੱਖਣਾ ਚਾਹੁੰਦੇ ਹਨ। ਫਿਕਰ ਵਾਲੀ ਗੱਲ ਹੈ ਕਿ ਤਿੰਨੋਂ ਇਕ ਦੂਜੇ ਦੇ ਭਗਤ ਸਿੰਘ ਨੂੰ ਸਵੀਕਾਰ ਨਹੀਂ ਕਰਨਾ ਚਾਹੁੰਦੇ। ਬਹਿਸਾਂ ਜੇ ਤਰਕ ਵਿਹੂਣੀਆਂ ਹੋ ਜਾਣ ਤਾਂ ਵਿਆਰਥ ਤੇ ਤਲਖ ਹੋ ਜਾਂਦੀਆਂ ਹਨ।

ਕਿਸੇ ਵਿਅਕਤੀ ਨੂੰ ਜਾਣਨ ਦੇ ਤਰੀਕੇ ਹਨ, ਇਕ ਉਸ ਨੂੰ ਮਿਲ ਕੇ ਉਸ ਬਾਰੇ ਜਾਣਕਾਰੀ ਲਈ ਜਾਵੇ, ਦੂਜਾ ਉਸ ਦੇ ਵਿਚਾਰਾਂ ਨੂੰ ਜਾਣਿਆ ਜਾਵੇ ਤੇ ਵਿਚਾਰਾਂ ਤੋਂ ਉਸ ਦੀ ਸ਼ਖਸੀਅਤ ਦਾ ਚਿਤਰਨ ਕੀਤਾ ਜਾਵੇ। ਗੁਰੂ ਸਾਹਿਬਾਨ ਦੇ ਸਬੰਧ ਵਿੱਚ ਵੀ ਅਜਿਹਾ ਹੀ ਕੀਤਾ ਜਾਂਦਾ ਹੈ। ਗੁਰੂ ਨਾਨਕ ਦੇਵ ਜੀ ਦੀ ਰਚਨਾ, ਉਹਨਾਂ ਦੀ ਬਾਣੀ ਤੋਂ ਉਹਨਾਂ ਦਾ ਜਿਹੜਾ ਚਿਤਰ ਤਿਆਰ ਕੀਤਾ ਜਾਂਦਾ ਹੈ ਉਹ ਹੋ ਸਕਦਾ ਹੈ ਉਹਨਾਂ ਬਾਰੇ ਸੁਣੀਆਂ ਗੱਲਾਂ ਨਾਲ ਮੇਲ ਨਾ ਖਾਂਦਾ ਹੋਵੇ, ਪਰ ਫਿਰ ਵੀ ਗੁਰਬਾਣੀ ਹੀ ਗੁਰੂ ਨਾਨਕ ਦੇਵ ਜੀ ਬਾਰੇ ਜਾਣਨ ਦਾ ਵੱਡਾ ਆਧਾਰ ਮੰਨਿਆ ਜਾਂਦਾ ਹੈ। ਬਾਕੀ ਗੁਰੂ ਸਾਹਿਬਾਨ ਦੇ ਸਬੰਧ ਵਿੱਚ ਵੀ ਇਹੋ ਮਾਪ ਦੰਡ ਰੱਖਿਆ ਗਿਆ ਹੈ, ਹੁਣ ਜਦੋਂ ਗੁਰੂ ਗੋਬਿੰਦ ਸਿੰਘ ਜੀ ਦੀਆਂ ਲਿਖਤਾਂ ਦੀ ਗੱਲ ਚਲੀ ਤਾਂ ਦਸਮ ਗ੍ਰੰਥ ਉਪਰ ਕਿੰਤੂ ਪਰਤੂੰ ਉੱਠੇ ਉਸ ਦਾ ਵੱਡਾ ਕਾਰਨ ਇਹ ਸੀ ਕਿ ਜਿਸ ਤਰ੍ਹਾਂ ਦੀ ਤਸਵੀਰ ਅਸੀਂ ਆਪਣੇ ਮਨ ਵਿੱਚ ਗੁਰੂ ਗੋਬਿੰਦ ਸਿੰਘ ਜੀ ਬਣਾ ਕੇ ਰੱਖੀ ਹੋਈ ਹੈ ਉਹ ਉਸ ਗ੍ਰੰਥ ਨਾਲ ਮੇਲ ਨਹੀਂ ਖਾਂਦੀ।  ਪਰ ਮੇਰਾ ਵਿਸ਼ਾ ਸਿਰਫ਼ ਸ਼ਹੀਦ ਭਗਤ ਸਿੰਘ ਤੱਕ ਹੀ ਸੀਮਤ ਹੈ। ਇਸ ਲਈ ਮੈਂ ਉਸੇ ਮਾਪ ਦੰਡ ਨਾਲ ਸ਼ਹੀਦ ਭਗਤ ਸਿੰਘ ਨੂੰ ਜਾਣਨਾ ਚਾਹਾਂਗਾ ਜਿਸ ਨਾਲ ਅਸੀਂ ਸ਼੍ਰੀ ਗੁਰੂ ਨਾਨਕ ਦੇਵ ਜੀ ਨੂੰ ਆਪਣਾ ਆਦਰਸ਼ ਨਾਇਕ ਮੰਨਦੇ ਹਾਂ। 

ਮੈਂ ਕਿਸੇ ਤਰ੍ਹਾਂ ਦੀ ਵਿਅਕਤੀ ਪੂਜਾ ਦੀ ਦਲੀਲ ਨਹੀਂ ਦਿਆਂਗਾ। ਵਿਅਕਤੀ ਪੂਜਾ ਨਾ ਗੁਰੂ ਨਾਨਕ ਦੇਵ ਜੀ ਨੇ ਉਤਸ਼ਾਹਤ ਕੀਤੀ ਤੇ ਨਾ ਸ਼ਹੀਦ ਭਗਤ ਸਿੰਘ ਨੇ, ਆਪਣੇ ਵਿਚਾਰਾਂ ਦੀ ਪੁਸ਼ਟੀ ਉਹਨਾਂ ਵਿਚਾਰਾਂ ਨੂੰ ਅਪਣਾ ਕੇ ਉਸ ਅਨੁਸਾਰ ਜੀਵਨ ਜੀ ਕੇ ਕੀਤੀ। ਸ਼ਹੀਦ ਭਗਤ ਸਿੰਘ ਇਕ ਨਿਡਰ, ਨਿਧੜਕ ਤੇ ਸਪਸ਼ਟ ਵਿਚਾਰਵਾਨ ਸਨ, ਇਹ ਉਹਨਾਂ ਆਪਣੀ ਸ਼ਹਾਦਤ ਨਾਲ ਸਾਬਤ ਕੀਤਾ। ਮੈਂ ਸ਼ਹੀਦ ਰਣਧੀਰ ਸਿੰਘ ਜੀ ਦੀਆਂ ਬਹੁਤ ਸਾਰੀਆਂ ਗੱਲਾਂ ਨੂੰ ਮਨਮਤੀਆਂ ਆਖਦਾ ਹਾਂ, ਉਹ ਕਿਸੇ ਵੀ ਤਰ੍ਹਾਂ ਉਸ ਸੰਕਲਪ ਨਾਲ ਮੇਲ ਨਹੀਂ ਖਾਂਦੇ ਜਿਸ ਦੀ ਗੁੜ੍ਹਤੀ ਗੁਰੂ ਨਾਨਕ ਦੇਵ ਜੀ ਦੇ ਵਿਚਾਰਾਂ ਤੋਂ ਮਿਲਦੀ ਹੈ।  ਭਾਈ ਰਣਧੀਰ ਸਿੰਘ ਰੂਹਾਂ, ਪ੍ਰੇਤ ਆਤਮਾਂਵਾਂ ਆਦਿ ਨੂੰ ਬਾਰੇ ਕਈ ਤਰ੍ਹਾਂ ਦੀਆਂ ਗੱਲਾਂ ਕਰਦੇ ਹਨ ਜਿਹਨਾਂ ਨੂੰ ਗੁਰਬਾਣੀ ਵੀ ਰੱਦ ਕਰਦੀ ਹੈ ਤੇ ਵਿਗਿਆਨ ਵੀ। ਸੋ ਉਸ ਦੀ ਸ਼ਹੀਦ ਭਗਤ ਸਿੰਘ ਬਾਰੇ ਟਿਪਣੀ ਵੀ ਤੱਥ ਤੇ ਤਰਕ ਅਧਾਰਤ ਨਹੀਂ ਹੈ। ਜਿਵੇਂ ਕਿ ਸ਼ਹੀਦ ਭਗਤ ਸਿੰਘ ਦੀਆਂ ਲਿਖਤਾਂ ਤੋਂ ਜ਼ਾਹਰ ਹੈ ਉਹ ਬਹੁਤ ਸਪਸ਼ਟ ਸਨ, ਤੇ ਏਨੀ ਸਪਸ਼ਟਤਾ ਮੈਨੂੰ ਲਾਲਾ ਹਰਦਿਆਲ ਦੀ ਪ੍ਰਸਿਧ ਪੁਸਤਕ ‘ਹਿੰਟਸ ਫਾਰ ਸੈਲਫ ਕਲਚਰ’ ਵਿੱਚ ਵੀ ਨਹੀਂ ਦਿਖਾਈ ਦਿਤੀ, ਰੱਬ ਬਾਰੇ ਗੱਲਾਂ ਕਰਦਿਆਂ ਉਹ ਵੀ ਇਕ ਧੁੰਦਲਕਾਰੇ ਵਿੱਚ ਗਵਾਚ ਜਾਂਦਾ ਹੈ। ਪਰ ਸ਼ਹੀਦ ਭਗਤ ਸਿੰਘ ਬਾਰੇ ਅਜਿਹੀ ਗੱਲ ਨਹੀਂ ਆਖੀ ਜਾ ਸਕਦੀ। ਇਸ ਤਰ੍ਹਾਂ ਦੀ ਸੋਚ ਬਣਾਉਣ ਤੇ ਜਿਉਣ ਲਈ ਬਹੁਤ ਗਹਿਰੀ ਸੋਚ ਤੇ ਅਧਿਅਨ ਦੀ ਲੋੜ ਪੈਂਦੀ ਹੈ ਤੇ ਜਦੋਂ ਇਹ ਹਾਸਲ ਹੋ ਜਾਂਦੀ ਹੈ ਤਾਂ ਇਸ ਦਾ ਧਾਰਨੀ ਛੇਤੀ ਕਿਸੇ ਦੇ ਪ੍ਰਭਾਵ ਥੱਲੇ ਨਹੀਂ ਆਉਂਦਾ। ਸ਼ਹੀਦ ਭਗਤ ਸਿੰਘ ਦੇ ਵਾਲ ਵੱਡੇ ਹੋ ਗਏ ਸਨ, ਇਸ ਦਾ ਇਹ ਮਤਲਬ ਨਹੀਂ ਕਿ ਉਹ ਸਿਖ ਬਣ ਗਏ ਸਨ, ਜਾਂ ਉਹਨਾਂ ਸਿਖੀ ਧਾਰਨ ਕਰ ਲਈ ਸੀ। ਜੇ ਇਹੋ ਗੱਲ ਹੈ ਤਾਂ ਮੇਰੀ ਦਲੀਲ ਹੈ ਕਿ ਹਰ ਬੱਚਾ ਜਨਮ ਤੋਂ ਮੋਨਾ / ਹਿੰਦੂ ਪੈਦਾ ਹੁੰਦਾ ਹੈ। ਉਸ ਦੇ ਸਿਰ ਉਪਰ ਵਾਲ ਨਹੀਂ ਹੁੰਦੇ। (ਅਜਿਹੇ ਬਚਿਆਂ ਦੀਆਂ ਕੁਝ ਤਸਵੀਰਾਂ ਮੈਨੂੰ ਸ਼੍ਰੀ ਦਰਬਾਰ ਸਾਹਿਬ ਦੀ ਉਪਰ ਮੰਜ਼ਲ ਦੀਆਂ ਕੰਧਾਂ ਉਪਰ ਬਣੀਆਂ ਤਸਵੀਰਾਂ ਦੇ ਕੁਝ ਹਿਸਿਆਂ ਵਿੱਚ ਦੇਖਣ ਨੂੰ ਮਿਲੀਆਂ।) ਸ਼ਹੀਦ ਭਗਤ ਸਿੰਘ ਨੇ ਆਖਰੀ ਪਲਾਂ ਤੱਕ ਉਹਨਾਂ ਵਿਚਾਰਾਂ ਦਾ ਸਾਥ ਨਹੀਂ ਛੱਡਿਆ ਜਿਹਨਾਂ ਵਾਸਤੇ ਉਹਨਾਂ ਨੇ ਆਪਣੀ ਜ਼ਿੰਦਗੀ ਜੀਵੀ। ਉਹ ਨਾਸਤਕ ਸਨ ਤੇ ਉਹਨਾਂ ਦੀ ਨਾਸਤਕਤਾ ਦਾ ਕੋਈ ਜਵਾਬ ਨਹੀਂ।

ਇਸ ਲਈ ਕਿਸੇ ਵੀ ਵਿਅਕਤੀ ਨੂੰ ਉਸ ਦੀਆਂ ਲਿਖਤਾਂ ਤੇ ਵਿਚਾਰਾਂ ਦੇ ਆਧਾਰ ਤੇ ਹੀ ਪਰਖਿਆ ਜਾਣਾ ਚਾਹੀਦਾ ਹੈ। ਜਿਸ ਭਗਤ ਸਿੰਘ ਨੂੰ ਅਸੀਂ ਆਪਣੇ ਜੀਵਨ ਦਾ ਨਾਇਕ ਮੰਨਦੇ ਹਾਂ ਉਸ ਦੇ ਸਿਰ ਤੇ ਪੱਗ ਹੋਵੇ ਜਾਂ ਹੈਟ, ਕੋਈ ਫਰਕ ਨਹੀਂ ਪੈਂਦਾ। ਇਹ ਆਪਣੇ ਵਿਚਾਰਾਂ ਦੇ ਆਸਰੇ ਸਾਰਿਆਂ ਤੋਂ ਉਚਾ ਸਿਰ ਕੱਢ ਕੇ ਖੜਾ ਵਿਖਾਈ ਦਿੰਦਾ ਹੈ। ਉਹ ਨਾਸਤਕ ਸੀ ਤੇ ਰੱਬ ਦੇ ਸੰਕਲਪ ਦਾ ਵਿਰੋਧੀ ਸੀ, ਉਹ ਸਰਮਾਇਆਦਾਰੀ ਦੇ ਗ਼ਲਬੇ ਤੋਂ ਨਿਜਾਤ ਪਾਉਣ ਵਾਸਤੇ ਹੀ ਇਨਕਲਾਬ ਜ਼ਿੰਦਾਬਾਦ ਦਾ ਨਾਅਰਾ ਲਾਉਂਦਾ ਹੈ ਤੇ ਹਰ ਤਰ੍ਹਾਂ ਦੇ ਆਰਥਕ ਸ਼ੋਸਣ ਦਾ ਵਿਰੋਧ ਕਰਦਾ ਹੈ। ਜੇ ਤੁਸੀਂ ਸੱਚ ਮੁਚ ਉਸ ਨੂੰ ਆਪਣੀ ਜ਼ਿੰਦਗੀ ਦਾ ਨਾਇਕ ਮੰਨਦੇ ਹੋ ਤਾਂ ਉਸ ਦੇ ਵਿਚਾਰਾਂ ਨੂੰ ਅਪਣਾਓ। ਉਹ ਆਖਰੀ ਵੇਲੇ ਸਿੱਖ ਸੀ ਜਾਂ ਹਿੰਦੂ ਇਸ ਬਾਰੇ ਬਹਿਸ ਫਜ਼ੂਲ ਹੈ। ਇਸ ਨਾਲ ਉਸ ਨੂੰ ਕੋਈ ਫਰਕ ਨਹੀਂ ਪੈਂਦਾ। ਮੈਂ ਉਸ ਦੀ ਮੋਜੂਦਾ ਸਮਾਧ ਉਪਰ ਮਿੱਟੀ ਦੇ ਘੋੜੇ ਚੜ੍ਹਾਏ ਜਾਂਦੇ ਦੇਖਿਆ ਹੈ। ( ਪੰਜਾਬ ਦੇ ਕੁਝ ਹਿਸਿਆਂ ਵਿੱਚ ਇਹ ਵਿਸ਼ਵਾਸ ਹੈ ਕਿ ਸ਼ਹੀਦਾਂ ਨੂੰ ਘੋੜੇ ਚੜ੍ਹਾਉਣ ਨਾਲ ਮੰਨਤਾਂ ਪੂਰੀਆਂ ਹੋ ਜਾਂਦੀਆਂ ਹਨ। ਉਸ ਦੇ ਸਮਾਧ ਉਪਰ ਮੈਂ ਦਾਨ ਪਾਤਰ ਰਖਿਆ ਵੀ ਦੇਖਿਆ ਹੈ ਤੇ ਇਕ ਬੋਰਡ ਵੀ ਜਿਸ ਉਪਰ ਲਿਖਿਆ ਹੈ ਕਿ ‘ਕ੍ਰਿਪਾ ਕਰਕੇ ਜੁਤੀਆਂ ਬਾਹਰ ਉਤਾਰ ਕੇ ਅੰਦਰ ਦਾਖਲ ਹੋਵੋ’, ਮੈਨੂੰ ਇਹਨਾਂ ਤਿੰਨਾਂ ਗੱਲਾਂ ਉਪਰ ਇਤਰਾਜ਼ ਦੀ। ਮੈਂ ਉਹ ਘੋੜੇ ਚੁਕ ਕੇ ਬਾਹਰ ਸੁੱਟ ਦਿਤੇ। ਦਾਨ ਪਾਤਰ ਰੱਖਣ ਵਾਲੀ ਸੰਸਥਾ ਨੂੰ ਇਕ ਲਿਖਤੀ ਪਤਰ ਭੇਜਿਆ ਤੇ ਉਸ ਬੋਰਡ ਦੇ ਨੇੜੇ ਖੜੇ ਹੋ ਕੇ ਉਥੇ ਆਉਣ ਵਾਲੇ ਲੋਕਾਂ ਨੂੰ ਸ਼ਹੀਦ ਭਗਤ ਸਿੰਘ ਦੇ ਇਨਕਲਾਬੀ ਵਿਚਾਰਾਂ ਬਾਰੇ ਦੱਸਿਆ। ਕਾਸ਼ ਉੱਥੇ ‘ਮੈਂ ਨਾਸਤਕ ਕਿਉਂ ਹਾਂ’ ਦਾ ਪੈਂਫਲਟ ਮੋਜੂਦ ਹੁੰਦਾ।  

No comments:

Post a Comment