Tuesday, September 13, 2011

ਦਿਲ


ਦਿਲ

ਇਹ ਮੇਰੀ ਗੱਲ ਨਹੀਂ ਮੰਨਦਾ
ਕਿਤੇ ਆਖੇ ਨਹੀਂ ਲਗਦਾ
ਇਹ ਹੁੰਦਾ ਜਾ ਰਿਹਾ ਮੂੰਹਜੋਰ
ਦਿਲ ਡਾਢਾ ਉਹਨੂੰ ਮਿਲ ਕੇ।
ਇਸ ਦਾ ਜੀਅ ਨਹੀਂ ਭਰਦਾ
ਕਿ ਮਿਲਕੇ ਵੀ ਰਹੇ ਕਰਦਾ
ਰਹੇ ਪਰ ਅੰਦਰੋਂ ਡਰਦਾ
ਨਾ ਬਾਹਰ ਦਾ ਨਾ ਇਹ ਘਰ ਦਾ
ਜਦੋਂ ਕੋਈ ਗੱਲ ਹੁੰਦੀ ਹੈ
ਜਾਂ ਉਸ ਦੇ ਵੱਲ ਹੁੰਦੀ ਹੈ
ਜਦੋਂ ਵੀ ਨਾਂ ਉਹਦਾ ਆਵੇ
ਇਹ ਕਾਬੂ ਵਿੱਚ ਨਹੀਂ ਰਹਿੰਦਾ
ਜਦੋਂ ਹਸੀਏ ਤਾਂ ਰੋਂਦਾ ਹੈ
ਜਦੋਂ ਰੋਈਏ ਤਾਂ ਹਸਦਾ ਹੈ
ਕਦੇ ਤੁਰਨਾ ਨਹੀਂ ਚਾਹੁੰਦਾ
ਕਦੇ ਮੂੰਹ ਜੋਰ ਨੱਸਦਾ ਹੈ
ਕਦੇ ਵੱਸਣਾ ਨਹੀਂ ਚਾਹੁੰਦਾ
ਕਦੇ ਹਸਣਾ ਨਹੀਂ ਚਾਹੁੰਦਾ
ਜੇ ਦਿਲ ਤੋਂ ਪੁਛੀਏ ਕਿਧਰੇ
ਤਾਂ ਕੁਝ ਦੱਸਣਾ ਨਹੀਂ ਚਾਹੁੰਦਾ
ਕਦੇ ਗੱਲਾਂ ਸੁਣਾਉਂਦਾ ਹੈ
ਕਦੇ ਬਾਤਾਂ ਹੀ ਪਾਉਂਦਾ ਹੈ
ਕਦੇ ਕੋਈ ਗੀਤ ਲਿਖਦਾ ਹੈ
ਕਦੇ ‘ਕੱਲਾ ਹੀ ਗਾਉਂਦਾ ਹੈ
ਕਦੇ ਕੁਰਬਾਨ ਹੋ ਜਾਂਦਾ
ਤਾਂ ਆਪਣਾ ਮੁੱਲ ਨਹੀਂ ਕਰਦਾ
ਜਦੋਂ ਇਹ ਆਪ ਨਹੀਂ ਵਿਕਦਾ
ਸਾਰੀ ਦੁਨੀਆ ਵਿਕਾਉਂਦਾ ਹੈ।
ਜੇ ਮਾਲਕ ਆਪ ਹੈ ਦਿਲ ਦਾ
ਤਾਂ ਇਹ ਦਿਲਦਾਰ ਹੋ ਜਾਂਦਾ
ਜਦੋਂ ਖੁਦਦਾਰ ਹੋ ਜਾਂਦਾ
ਤਾਂ ਇਹ ਸਰਦਾਰ ਹੋ ਜਾਂਦਾ ਹੈ।

No comments:

Post a Comment