Tuesday, September 13, 2011

ਮੇਰਾ ਵਾਅਦਾ

ਮੇਰਾ ਵਾਅਦਾ

ਮੇਰਾ ਵਾਅਦਾ ਨਹੀਂ
ਕਿ ਮੈਂ ਫਿਰ ਆਵਾਂਗਾ
ਮੇਰਾ ਵਾਅਦਾ ਨਹੀਂ
ਕਿ ਮੈਂ ਫਿਰ ਮਿਲਾਂਗਾ
ਤੈਨੂੰ
ਸਾਬਤ ਸਬੂਤਾ
ਸਾਲਮ ਕਿਸੇ ਮੋੜ ਤੇ
ਭਰਵੇਂ ਹੁਸਨ ਨਾਲ
ਤੇ ਤੱਕਾਂਗਾ ਤੈਨੂੰ
ਇਕ ਵਾਰ
ਤੇ ਹੋ ਜਾਂਵਾਂਗਾ ਨਿਛਾਵਰ
ਤੇਰੇ ਕਦਮਾਂ ਵਿੱਚ
ਤੇ ਜਾਂ
ਤੇਰਾ ਹੱਥ ਫੜ ਕੇ
ਕਸਮ ਦੇਵਾਂਗਾ
ਤੇ ਸਹੁੰ ਖਾਵਾਂਗਾ
ਤੋੜ ਨਿਭਾਉਣ ਦੀ।
ਮੇਰਾ ਆਉਣਾ,
ਮੁਮਕਿਨ ਹੈ ਮੇਰੇ ਹੱਥਾਂ ਵਿੱਚ ਨਾ ਹੋਵੇ
ਕੁਦਰਤ ਦਾ ਕੀ ਭਰੋਸਾ ਹੈ
ਤਾਰਿਆਂ ਦੀ ਮਿੱਟੀ ਹਾਂ ਮੈਂ
ਕਿਸ ਹਾਲ ਵਿੱਚ ਹੋਵਾਂ
ਸ਼ਾਇਦ ਮੈਨੂੰ ਵੀ ਪਤਾ ਨਾ ਹੋਵੇ
ਇਸ ਲਈ ਮੇਰਾ ਵਾਅਦਾ ਨਹੀ
ਪਰ ਇਸ ਦਾ ਮਤਲਬ ਇਹ ਨਾ ਲਵੀਂ
ਕਿ ਮੈਂ ਪੂਰੇ ਦਾ ਪੂਰਾ
ਮਨਫੀ ਜਾਵਾਂਗਾ
ਮੈਂ ਸ਼ਬਦਾਂ ਵਿੱਚ
ਹਰਫਾਂ ਵਿੱਚ
ਕੰਧਾਂ ਵਿੱਚ
ਮਹਿਲਾਂ ਦੀਆਂ ਪੌੜੀਆਂ ਵਿੱਚ
ਦਰਵਾਜ਼ਿਆਂ ਵਿੱਚ
ਦਰਾਂ ਵਿੱਚ
ਦਲਾਨਾਂ ਵਿੱਚ
ਸਬਾਤਾਂ ਵਿੱਚ
ਪੁਸਤਕਾਲਿਆਂ ਵਿੱਚ
ਹਰ ਥਾਂ ਆਪਣੇ ਲਈ ਆਲੇ ਬਣਾ ਲਏ ਹਨ
ਤੇ ਉਹਨਾਂ ਵਿੱਚ ਧਰ ਦਿਤੇ ਹਨ
ਕਿਤੇ ਜੁਗਨੂੰ
ਕਿਤੇ ਦੀਵੇ
ਕਿਤੇ ਮਸ਼ਾਲਾਂ
ਸਦਾ ਬਲਦੀਆਂ
ਤਾਂ ਕਿ ਹਨੇਰਾ ਨਾ ਹੋਵੇ
ਤੇਰਾ ਰਸਤਾ
ਨਾ ਤੈਨੂੰ ਕਦੇ ਪਵੇ ਲੋੜ ਮੇਰੀ
ਨਾ ਰਹੇ ਥੋੜ੍ਹ ਮੇਰੀ
ਮੇਰਾ ਵਾਅਦਾ ਨਹੀਂ ਕਿ
ਤੇਰੇ ਮੂੰਹੋਂ ਨਿਕਲਣ ਵਾਲੀ
ਇਨਕਲਾਬ ਜ਼ਿੰਦਾਬਾਦ ਦੀ ਆਵਾਜ਼
ਓਨੀ ਹੀ ਬੁਲੰਦ ਹੋਵੇਗੀ
ਪਰ ਮੇਰਾ ਵਾਅਦਾ ਹੈ
ਕਿ ਇਹ ਜਦੋਂ ਨਿਕਲੇਗੀ
ਤੇਰੇ ਅੰਦਰੋਂ ਨਿਕਲੇਗੀ
ਤੇਰੀ ਹਰ ਆਵਾਜ਼ ਦਾ ਅਸਰ ਹੋਵੇਗਾ
ਇਤਿਹਾਸ ਤਾਂ ਦੇਖਦਾ ਹੀ ਰਹੇਗਾ
ਤੂੰ ਦੇਖੀਂ ਇਸ ਨੂੰ ਕੀ ਕਹਿਣਾ ਹੈ।

No comments:

Post a Comment