Friday, September 9, 2011

ਧੁਪ ਦੀ ਕਾਤਰ


ਧੁਪ ਦੀ ਕਾਤਰ ਜਹੀ ਸੀ
ਜੋ ਢਲੀ ਸ਼ਾਮ
ਬੱਦਲਾਂ ਤੋਂ ਬਚਦੀ
ਬਨੇਰੇ ਦੇ ਖੂੰਜੇ ਤੇ
ਆਣ ਬੈਠੀ
ਸਲ੍ਹਾਬੇ ਜਿਹੇ ਬਨੇਰੇ
ਵਿੱਚ ਜਾਨ ਪੈ ਗਈ
ਤੇ ਕਿੰਨੀ ਦੇਰ ਉਸ ਖੂੰਜੇ
ਤੇ
ਚਿੜੀਆਂ ਚਹਿਕਦੀਆਂ ਰਹੀਆਂ
ਬਨੇਰਾ ਜੋ ਪਹਿਲਾ ਉਦਾਸ ਸੀ
ਹੁਣ ਅੱਡੀਆਂ ਚੁਕ ਚੁਕ
ਉਸ ਧੁੱਪ ਦੀ ਕਾਤਰ ਨੂੰ
ਵੇਖਦਾ ਹੈ।
ਧੁੱਪ ਦੀ ਕਾਤਰ
ਮੈਂ ਮੁੱਠੀ ਵਿੱਚ ਘੁੱਟ ਲਈ
ਤੇ ਕਿੰਨੀ ਦੇਰ ਉਸ ਦਾ ਨਿੱਘ ਮਾਣਦਾ ਰਿਹਾ
ਉਸ ਦਾ ਕੋਸੇ ਕੋਸੇ ਸਾਹਾਂ ਵਿੱਚ
ਮੈਂ ਕਿੰਨੀ ਦੇਰ ਸੂਰਜ ਪਿਘਲਦਾ ਦੇਖਦਾ ਰਿਹਾ
ਸੂਰਜ ਕਿਰਨ ਕਿਰਨ ਹੋ ਕੇ
ਦੀਵਿਆਂ ਵਿੱਚ ਜਗਮਗਾਉਂਦਾ
ਤਾਰਿਆਂ ਨੂੰ ਜਗਾਉਂਦਾ
ਜੁਗਨੂੰਆਂ ਨੂੰ ਟਿਮਟਿਮਾਉਣ ਲਾਉਂਦਾ
ਮੇਰੇ ਧੁਰ ਅੰਦਰ ਪ੍ਰਵੇਸ਼ ਕਰਦਾ
ਮੇਰੇ ਹਨੇਰਿਆਂ ਨੂੰ ਚਾਨਣ ਦਾ ਜਾਗ ਲਾਉਂਦਾ।
ਮੈਂ ਧੁਪ ਦੀ ਉਸ ਕਾਤਰ ਨੂੰ
ਸੁਨਹਿਰੀ ਫਰੇਮ ਵਿੱਚ ਸਜਾ ਕੇ
ਆਪਣੇ ਕਮਰੇ ਦੀ ਕੰਧ ਉਪਰ ਲਾ ਦਿੰਦਾ ਹਾਂ
ਸਾਰਾ ਕਮਰਾ ਨਿੱਘੇ ਚਾਨਣ ਨਾਲ ਭਰ ਜਾਂਦਾ ਹੈ।

No comments:

Post a Comment