Friday, September 9, 2011

ਅਰਦਾਸ ਤੇ ਹਊਆ


ਅਰਦਾਸ ਤੇ ਹਊਆ

ਗੁਰਦੀਪ ਸਿੰਘ ਭਮਰਾ

ਮੋ: 9878961218
ਅਰਦਾਸ ਵਿੱਚ ਕਿੰਨੀ ਤਾਕਤ ਹੈ ਇਸ ਗੱਲ ਦਾ ਅੰਦਾਜ਼ਾ ਇਸ ਗੱਲ ਤੋਂ ਲੱਗ ਜਾਂਦਾ ਹੈ ਕਿ ਇਹ ਮਨੋਵਿਗਿਆਨਕ ਤੋਰ ਤੇ ਮਾਨਸਕ ਸ਼ਕਤੀਆਂ ਦਾ ਸੰਚਾਰ ਕਰਦੀ ਹੈ ਤੇ ਆਤਮ ਬਲ ਦੁਗਣਾ ਚੋਗੁਣਾ ਕਰ ਦਿੰਦੀ ਹੈ। ਇਸ ਵਿੱਚ ਕੋਈ ਗੈਬੀ ਜਾਂ ਪਰਾ ਕੁਦਰਤੀ ਤਾਕਤ ਨਹੀਂ। ਨਾ ਹੀ ਇਹ ਚਮਤਕਾਰ ਹੈ, ਜੇ ਹੈ ਤਾਂ ਇਹ ਚਮਤਕਾਰ ਮਨੋ-ਬਲ ਦਾ ਹੈ, ਜੋ ਮਨੋਵਗਿਆਨੀਆਂ ਨੇ ਮਾਨਸਕ ਤੌਰ ਤੇ ਘਟਣ ਵਾਲੇ ਵਰਤਾਰਿਆਂ ਬਾਰੇ ਲਿਖਿਆ ਹੈ।
ਇਹ ਘਟਨਾ ਮੇਰੇ ਤਰਕਸ਼ੀਲ ਦੋਸਤਾਂ ਨਾਲ ਇਕ ਛੋਟੀ ਜਿਹੀ ਬਹਿਸ ਤੋਂ ਬਾਅਦ ਸਾਹਮਣੇ ਆਈ। ਇਕ ਬੱਚੇ ਨੂੰ ਸਾਡੇ ਮਾਨਸਕ ਰੋਗਾਂ ਦੇ ਇਕ ਕੈਂਪ ਵਿੱਚ ਲਿਆਂਦਾ ਗਿਆ। ਸ਼ਿਕਾਇਤ ਇਹ ਸੀ ਕਿ ਇਸ ਨੂੰ ਡਰ ਲਗਦਾ ਹੈ। ਡਰ ਕਿਸ ਤੋਂ ਲਗਦਾ ਹੈ ? ਸਾਡੇ ਪੁੱਛਣ ਤੇ ਉਸ ਨੇ ਜਵਾਬ ਦਿਤਾ- ਹਊਏ ਤੋਂ, ਇਹ ਹਊਆ ਕੌਣ ਸੀ? ਬੱਚੇ ਦੇ ਗਲ ਵਿੱਚ ਇਕ ਤਵੀਤ ਲਾਕਟ ਦੀ ਸ਼ਕਲ ਦਾ ਬਣਾ ਕੇ ਪਾਇਆ ਹੋਇਆ ਸੀ। ਸਾਡੇ ਇਕ ਤਰਕਸ਼ੀਲ ਸਾਥੀ ਨੇ ਪੁਛਿਆ ਕਿ ਇਹ ਤਵੀਤ ਕਿਸ ਗਲ ਦਾ ਹੈ? ਬੱਚੇ ਦੇ ਪਤਾ ਦਾ ਜਵਾਬ ਸੀ ਜੀ ਇਹ ਡਰਦਾ ਸੀ ਸੋ, ਇਹ ਕੁਟੀਆ ਵਾਲੇ ਸੰਤਾਂ ਤੋਂ ਕਰਾ ਲਿਆਂਦਾ ਸੀ।
ਤੁਹਾਨੂੰ ਪਤਾ ਇਹ ਤਾਵੀਜ਼ ਆਦਿ ਨਹੀਂ ਪਾਉਣੇ ਚਾਹੀਦੇ ਤੇ ਨਾ ਹੀ ਵਹਿਮ ਭਰਮ ਕਰਨੇ ਚਾਹੀਦੇ ਹਨ। ਸਾਡੇ ਇਕ ਸਾਥੀ ਨੂੰ ਥੋਹੜੀ ਜ਼ਿਆਦਾ ਕਾਹਲੀ ਸੀ, ਸੋ ਉਸ ਨੂੰ ਪ੍ਰੇਰ ਕੇ ਉਹ ਤਾਵੀਜ਼ ਲੁਹਾ ਲਿਆ।
ਫੇਰ ਜੀ ਇਸ ਦੇ ਡਰ ਦਾ ਕੀ ਕਰੀਏ, ਇਹ ਰਾਤ ਨੂੰ ਡਾਡਾਂ ਮਾਰ ਕੇ ਉੱਠਦਾ ਹੈ? ਬੱਚੇ ਦੇ ਪਿਤਾ ਨੇ ਤੌਖਲਾ ਜਾਹਰ ਕੀਤਾ।
ਇਸ ਦਾ ਇਲਾਜ ਕਰ ਦਿਆਗੇ ਇਹ ਆਖ ਕੇ ਸਾਡੇ ਉਸ ਸਾਥੀ ਨੂੰ ਇਸ਼ਾਰਾ ਕੀਤਾ ਗਿਆ ਕਿ ਇਸ ਦਾ ਵੀ ਮਸਲਾ ਹੱਲ ਕਰੋ। ਸਾਡਾ ਉਹ ਸਾਥੀ ਹਿਪਨੋਟਿਜ਼ਮ ਵਿੱਚ ਮਾਹਰ ਸੀ। ਉਸ ਨੇ ਬੱਚੇ ਨੂੰ ਕਿਹਾ ਕਿ ਹਊਆ ਕੁਝ ਨਹੀਂ ਹੁੰਦਾ, ਇਸ ਤੋਂ ਡਰਨਾ ਨਹੀਂ ਚਾਹੀਦਾ। ਥੋਹੜਾ ਸਮਝਾਉਣ ਤੋਂ ਬਾਅਦ ਉਸ ਨੇ ਮੁੱਠੀ ਘੁਮਾ ਕੇ ਉਸ ਨੂੰ ਜੇਬ ਵਿੱਚ ਪਾ ਲਿਆ, ਕਿ ਹਊਆ ਮੁਠੀ ਵਿੱਚ ਬੰਦ ਕਰ ਕੇ ਜੇਬ੍ਹ ਵਿੱਚ ਪਾ ਲਿਆ ਹੈ ਹੁਣ ਹਊਏ ਤੋਂ ਡਰਨ ਦੀ ਕੋਈ ਲੋੜ ਨਹੀਂ।
ਇਸ ਘਟਨਾ ਤੋਂ ਬਾਅਦ ਮੈਂ ਆਪਣੇ ਸਾਥੀਆਂ ਨੂੰ ਸਵਾਲ ਕੀਤਾ, ਕਿ ਇਹ ਤਰੀਕਾ ਤਰਕਸ਼ੀਲ ਨਹੀਂ। ਤੁਸੀਂ ਇਕ ਤਾਵੀਜ਼ ਉਤਰਵਾ ਕੇ ਦੂਸਰਾ ਟੋਣਾ / ਟੋਟਕਾ ਕਰ ਦਿਤਾ। ਹੁਣ ਉਹ ਬੱਚਾ ਤੇ ਉਸ ਦਾ ਪਿਤਾ ਉਸ ਕੁਟੀਏ ਵਾਲੇ ਸਾਧ ਦੀ ਬਜਾਏ ਤੁਹਾਡੇ ਵੱਲ ਆਉਣਗੇ। ਸਾਡੀ ਇਸ ਬਹਿਸ ਚੋਂ ਇਕ ਗੱਲ ਸਾਹਮਣੇ ਆਈ ਕਿ ਤਾਵੀਜ਼ ਵੀ ਇਕ ਤਰ੍ਹਾਂ ਦਾ ਮਾਨਸਕ ਉਪਾਅ ਹੈ ਤੇ ਹਿਪਨੋਟਿਜ਼ਮ ਵਿੱਚ ਜਿਹੜੀ ਸਥਿਤੀ ਸੁਝਾਅ ਦੀ ਹੈ ਉਹੋ ਤਾਵੀਜ਼ ਜਾਂ ਟੋਟਕੇ ਦੀ ਹੈ।
ਪੁਰਾਤਨ ਸਮਿਆਂ ਤੋਂ ਲੋਕ ਸਿਆਣਪਾਂ ਤੇ ਸਿਆਣੇ ਆਖੇ ਜਾਣ ਵਾਲੇ ਲੋਕ ਇਹਨਾਂ ਮਨੋਵਿਗਿਆਨਕ ਤਕਨੀਕਾਂ ਦਾ ਸਹਾਰਾ ਲੈਂਦੇ ਸਨ। ਹਿਪਨੋਟਿਜ਼ਮ ਵਿੱਚ ਇਸ ਨੂੰ ਆਟੋ ਸੁਜੈਸ਼ਨ ਕਿਹਾ ਜਾਂਦਾ ਹੈ ਭਾਵ ਆਪਣੇ ਮਨ ਨੂੰ ਸੁਚੇਤ ਅਵਸਥਾ ਵਿੱਚ ਰੱਖ ਕੇ ਕੁਝ ਅਜਿਹੇ ਸੁਝਾਅਦੇਣਾ ਜੋ ਅਚੇਤ ਮਨ ਵਿੱਚ ਜਾ ਕੇ ਬੈਠ ਜਾਂਦੇ ਹਨ ਤੇ ਫੇਰ ਆਪਣਾ ਕਮਾਲ ਦਿਖਾਂਦੇ ਹਨ। ਮੈਂ ਅਜਿਹੇ ਸੁਝਾਵਾਂ ਦੀ ਬੱਚਿਆਂ ਵਿੱਚ ਭੁਲਣ ਦੀ ਆਦਤ ਨੂੰ ਰੋਕਣ ਤੇ ਉਹਨਾਂ ਦੀ ਸਮਝ ਸ਼ਕਤੀ ਤੇ ਯਾਦ ਸ਼ਕਤੀ ਨੂੰ ਕਾਇਮ ਰੱਖਣ ਵਿੱਚ ਅਕਸਰ ਕਰਦਾ ਹਾਂ। ਇਸੇ ਲਈ ਲੋਕ ਅਖਾਣਾਂ ਵਿੱਚ ਸਿਆਣੇ ਦਾ ਕਿਹਾ ਅਸਰ ਰਖਦਾ ਹੈ। ਇਸ ਪਿਛੇ ਕੋਈ ਗੈਬੀ ਤਾਕਤ ਨਹੀਂ ਹੁੰਦੀ ਸਗੋਂ ਮਨੋਵਿਗਿਆਨ ਕੰਮ ਕਰਦਾ ਹੈ।
ਮਨੋ-ਵਿਗਿਆਨ ਮਨ ਤੇ ਦਿਮਾਗ਼ ਦੀ ਕਾਰਜ ਪ੍ਰਣਾਲੀ ਤੇ ਕਾਰਜ ਸ਼ੈਲੀ ਨੂੰ ਸਮਝਦਾ ਹੈ ਤੇ ਮਾਨਸਕ ਵਿਕਾਰਾਂ ਨੂੰ ਦੂਰ ਕਰਨ ਲਈ ਆਟੋ ਹਿਪਨੋਟਿਜ਼ਮ ਜਾਂ ਸਵੈ ਸੁਝਾਅ ਪ੍ਰਣਾਲੀ ਦੀ ਵਰਤੋਂ ਕਰਦਾ ਹੈ। ਕਈਆਂ ਹਾਲਤਾਂ ਵਿੱਚ ਇਸ ਦੀ ਵਰਤੋਂ ਨਸ਼ਾ ਛੁਡਾਉਣ ਜਾਂ ਆਦਤ ਛੁਡਾਉਣ ਲਈ ਵੀ ਕੀਤਾ ਜਾ ਸਕਦਾ ਹੈ। ਮਾਨਸਕ ਵਿਕਾਰ ਨਾਲ ਤ੍ਰਸਤ ਵਿਅਕਤੀ ਮਾਨਸਕ ਤੌਰ ਤੇ ਬਹੁਤ ਕਮਜ਼ੋਰ ਹੋ ਜਾਂਦਾ ਹੈ ਤੇ ਉਹ ਬੜੀ ਆਸਾਨੀ ਨਾਲ ਕਿਸੇ ਸਮਝਦਾਰ ਜਾਂ ਸਿਆਣੇ ਮਨੋਵਿਗਿਆਨੀ ਦੀ ਪਕੜ ਵਿੱਚ ਆ ਜਾਂਦਾ ਹੈ। ਅਜਿਹੀਆਂ ਸਾਰੀਆਂ ਸਥਿਤੀਆਂ ਵਿੱਚ ਮਨੋਵਿਗਿਆਨੀ ਦਾ ਆਪਣਾ ਰੁਤਬਾ ਬਹੁਤ ਬੁਲੰਦ ਹੋਣਾ ਚਾਹੀਦਾ ਹੈ।  
ਅਰਦਾਸ ਇਕ ਆਟੋ ਸੁਜੈਸ਼ਨ ਵਰਗਾ ਹੀ ਅਮਲ ਦੁਹਰਾਉਂਦੀ ਹੈ। ਇਸ ਵਿੱਚ ਜੋ ਵਿਅਕਤੀ ਅਰਦਾਸ ਕਰਦਾ ਹੈ ਉਸ ਦਾ ਭਰੋਸਾ ਇਸ ਦੀ ਤਾਕਤ ਵਿੱਚ ਹੁੰਦਾ ਹੈ ਤੇ ਉਸ ਦਾ ਮਨੋਬਲ ਵੱਧ ਜਾਂਦਾ ਹੈ ਤੇ ਉਹ ਆਪਣੇ ਕਾਰਜ ਵਿੱਚ ਜੋਖਮ ਉਠਾਉਣ ਤੋਂ ਨਹੀਂ ਘਬਰਾਉਂਦਾ। ਜੋਖਮ ਦੀ ਪਰਵਾਹ ਨਾ ਕਰਕੇ ਉਸ ਦੀ ਕਾਰਜ ਕੁਸ਼ਲਤਾ ਵੱਧ ਜਾਂਦੀ ਹੈ ਤੇ ਕੁਦਰਤੀ ਤੋਰ ਤੇ ਉਸ ਦਾ ਨਤੀਜਾ ਆਮ ਨਾਲੋਂ ਵੱਧ ਚੰਗਾ ਹੁੰਦਾ ਹੈ। ਜੋਖਮ ਦੀ ਪਰਵਾਹ ਕਰਨ ਵਾਲੇ ਫੈਸਲੇ ਕਰਨ ਵਿੱਚ ਢਿੱਲ ਮੱਠ ਕਰਦੇ ਹਨ ਤੇ ਅਜਿਹੀ ਢਿੱਲ ਮੱਠ ਹੀ ਉਹਨਾਂ ਨੂੰ ਆਪਣੇ ਕਾਰਜ ਖੇਤਰ ਵਿੱਚ ਪਿਛੇ ਸੁੱਟ ਦਿੰਦੀ ਹੈ। 
ਅਰਦਾਸ ਭਾਂਵੇ ਕਿਸੇ ਪਰਾ ਕੁਦਰਤੀ ਸ਼ਕਤੀ ਨੂੰ ਸੰਬੋਧਤ ਹੁੰਦੀ ਹੈ ਫਿਰ ਵੀ ਇਸ ਦਾ ਪੂਰਾ ਵਰਤਾਰਾ ਮਨੋਵਿਗਿਆਨਕ ਹੀ ਹੁੰਦਾ ਹੈ। ਜੇ ਇਸ ਧਾਰਮਕ ਵਿਵਸਥਾ ਦਾ ਸਹਾਰਾ ਨਹੀਂ ਲੈਣਾ ਤਾਂ ਸਾਧਾਰਨ ਤੋਰ ਤੇ ਆਟੋ ਸੁਜੈਸ਼ਨ ਦੀ ਵਿਧੀ ਵੀ ਵਰਤੀ ਜਾ ਸਕਦੀ ਹੈ। ਜਾਗੋ ਮੀਟੀ ਦੀ ਅਵਸਥਾ ਵਿੱਚ ਜਦੋਂ ਤੁਸੀਂ ਸੌਣ ਦੀ ਸਥਿਤੀ ਵਿੱਚ ਹੋਵੋ ਤਾਂ ਮਲਕੜੇ ਜਹੇ ਆਪਣੇ ਸੁਚੇਤ ਮਨ ਤੋਂ ਅਚੇਤ ਮਨ ਨੂੰ ਮਨ ਭਾਉਂਦਾ ਨਿਰਦੇਸ਼ ਜਾਰੀ ਕਰ ਸਕਦੇ ਹੋ। ਇਹ ਨਿਰਦੇਸ਼ ਤੁਹਾਡੇ ਸੁਚੇਤ ਮਨ ਦਾ ਆਖਰੀ ਕਾਰਜ ਹੋਣਾ ਚਾਹੀਦਾ ਹੈ। ਤੁਸੀਂ ਦੇਖੋਗੇ ਕਿ ਤੁਹਾਡੀ ਬਿਰਤੀ ਤੇ ਇਕਾਗਰਤਾ ਵਿੱਚ ਵਾਧਾ ਹੋ ਜਾਵੇਗਾ, ਤੁਹਾਡੀ ਯਾਦ ਸ਼ਕਤੀ ਸਕ੍ਰਿਅ ਹੋ ਜਾਵੇਗੀ। ਢਹਿੰਦੀ ਕਲਾ ਦੀ ਸਥਿਤੀ, ਡਿਪਰੈਸ਼ਨ, ਨਿਰਾਸ਼ਾ, ਮਾੜੇ ਸੁਪਨੇ, ਹਕਲਾਹਟ, ਡਰ, ਬੇਕਾਬੂ ਗੁੱਸਾ, ਹੀਣ ਭਾਵਨਾ ਅਤੇ ਇਸ ਨਾਲ ਮਿਲਦੀਆਂ ਜੁਲਦੀਆਂ ਬਹੁਤ ਸਾਰੀ ਇਲਾਮਤਾਂ ਤੋਂ ਛੁਟਕਾਰਾ ਪਾਇਆ ਜਾ ਸਕਦਾ ਹੈ।
ਇਹ ਕੋਈ ਪਰਾ ਕੁਦਰਤੀ ਨਹੀਂ ਹੈ ਤੇ ਨਾਂ ਹੀ ਇਸ ਵਿੱਚ ਕੋਈ ਗੈਬੀ ਜਾਂ ਦੈਵੀ ਸ਼ਕਤੀ ਹੈ। ਸੌਖੇ ਸ਼ਬਦਾਂ ਵਿੱਚ ਸਮਝਣਾ ਹੋਵੇ ਤਾਂ ਇਹ ਮਨ ਦੇ ਕੰਪਿਊਟਰ ਨੂੰ ਜਾਰੀ ਨਿਰਦੇਸ਼ ਹਨ। ਸਾਡਾ ਮਨ ਵੀ ਇਕ ਕੰਪਿਊਟਰ ਦੀ ਤਰ੍ਹਾਂ ਚਲਦਾ ਹੈ। ਇਸ ਵਿੱਚ ਵੀ ਕੰਪਿਊਟਰ ਪ੍ਰਣਾਲੀ ਵਾਂਗ ਰੋਮ ਤੇ ਰੈਮ ਹੁੰਦੀ ਹੈ। ਇਸ ਵਿੱਚ ਮੈਮਰੀ ਦਾ ਖੇਤਰ ਹੈ ਤੇ ਨਾਲ ਹੀ ਇਸ ਵਿਚ ਪ੍ਰਾਸੈਸਿੰਗ ਦਾ ਪ੍ਰਬੰਧ ਹੈ, ਪ੍ਰਾਸੈਸਿੰਗ ਵਿੱਚ ਗਣਿਤ ਦੀਆਂ ਗਿਣਤੀਆਂ ਮਿਣਤੀਆਂ ਲਈ ਦਿਮਾਗ ਦਾ ਵੱਖਰਾ ਖੇਤਰ ਹੁੰਦਾ ਹੈ। ਦਿਮਾਗ ਦੇ ਵੱਖਰੇ ਵੱਖਰੇ ਹਿੱਸੇ ਇਕ ਦੂਜੇ ਦੇ ਤਾਲ ਮੇਲ ਨਾਲ ਕੰਮ ਕਰਦੇ ਹਨ ਪਰ ਕਾਰਜ ਸ਼ੈਲੀ ਵੱਖੋ ਵੱਖ ਦੇਖੀ ਗਈ ਹੈ। ਭਾਸ਼ਾ ਦਾ ਖੇਤਰ ਵੱਖਰਾ ਹੈ, ਆਵਾਜ਼, ਤਸਵੀਰ, ਗਤੀ ਸੱਭ ਵੱਖ ਵੱਖ ਥਾਂਵਾਂ ਤੋਂ ਕੰਟਰੋਲ ਹੁੰਦੀਆਂ ਹਨ। ਜੇ ਇਸ ਮਸ਼ੀਨ ਦੀ ਕਾਰਜ ਪ੍ਰਣਾਲੀ ਸਮਝ ਆ ਜਾਵੇ ਤਾਂ ਦਿਮਾਗ਼ ਦੀ ਕਾਰਜ ਪ੍ਰਣਾਲੀ ਨੂੰ ਸਮਝਣਾ  ਮੁਸ਼ਕਲ ਨਹੀਂ ਹੈ। ਦਿਮਾਗ਼ ਵੀ ਕੰਪਿਊਟਰ ਵਾਂਗ ਨਿਰਦੇਸ਼ਾਂ ਦੀ ਮਦਦ ਨਾਲ ਚਲਦਾ ਹੈ ਇਸ ਲਈ ਅਰਦਾਸ ਰਾਹੀ ਜਾਂ ਮਨੋਵਿਗਿਆਨੀ ਢੰਗ ਨਾਲ ਜਾਂ ਹਿਪਨੋਟਿਜ਼ਮ ਨਾਲ ਇਹ ਨਿਰਦੇਸ਼ ਪ੍ਰਣਾਲੀ ਹੀ ਠੀਕ ਕੀਤੀ ਜਾਂਦੀ ਹੈ।
ਤਰਕਸ਼ੀਲਾਂ ਨੂੰ ਹਰ ਕਾਰਜ ਦਾ ਦੋਸ਼ ਤੇ ਉਸ ਦਾ ਕਾਰਨ ਲਭਣਾ ਚਾਹੀਦਾ ਹੈ ਤੇ ਉਹਨਾਂ ਵਿਚਲਾ ਸਬੰਧ ਲੱਭ ਕੇ ਉਸ ਨੂੰ ਦੂਰ ਕਰਨਾ ਚਾਹੀਦਾ ਹੈ। ਹਰ ਸਮਸਿਆ ਨੂੰ ਹੱਲ ਕਰਨ ਦਾ ਇਹੋ ਹੀ ਇਕੋ ਇਕ ਕਾਰਗਰ ਤਰੀਕਾ ਹੈ। ਹਊਆ ਦੀ ਸਮਸਿਆ ਮਾਂਵਾਂ ਦੀ ਆਪਣੀ ਬਣਾਈ ਹੋਈ ਹੈ।
ਘਰ ਵਿੱਚ ਬੱਚਿਆਂ ਨੂੰ ਆਮ ਤੌਰ ਤੇ ਡਰ ਕੇ ਰਖਿਆ ਜਾਦਾ ਹੈ। ਕਿਤੇ ਘਰ ਵਿੱਚ ਸਿਆਣੇ ਬੰਦੇ ਦਾ ਡਰ ਦਿਤਾ ਜਾਂਦਾ ਸੀ। ਲੋਕ ਰਹਿੰਦੀ ਉਮਰ ਤਕ ਉਸ ਵਿਅਕਤੀ ਤੋਂ ਡਰਦੇ ਸਨ। ਜੇ ਸਿਆਣਾ ਨਾ ਮਿਲਿਆ ਤਾਂ ਕਿਸੇ ਭੂਤ ਦਾ ਜਾਂ ਕਿਸੇ ਛਾਇਆ ਦਾ ਜਾਂ ਕਿਸੇ ਹਊਏ ਦਾ ਡਰ ਦੇ ਦਿਤਾ ਜਾਂਦਾ ਹੈ। ਬੱਚਾ ਉਸ ਕਾਲਪਨਿਕ ਭੈਅ ਹੇਠਾਂ ਹੀ ਜਿਉਂਦਾ ਹੈ। ਮਾਂਪੇ ਇਕ ਵਾਰੀ ਤਾਂ ਸੌਖੇ ਹੋ ਜਾਂਦੇ ਹਨ ਪਰ ਬਾਅਦ ਵਿੱਚ ਅਜਿਹੇ ਬੱਚੇ ਹੀਣ ਭਾਵਨਾ, ਹਕਲਾਹਟ, ਮਾਨਸਕ ਦੋਸ਼, ਡਰ, ਅਲਪ ਸਵੈ ਵਿਸਵਾਸ ਦੇ ਸ਼ਿਕਾਰ ਹੋ ਜਾਂਦੇ ਹਨ ਤੇ ਹਰ ਵੇਲੇ ਕਿਸੇ ਨਾ ਕਿਸੇ ਦੂਜੀ ਸ਼ਕਤੀ ਦੀ ਭਾਲ ਵਿੱਚ ਰਹਿੰਦੇ ਹਨ। ਬਚਿਆਂ ਨੂੰ ਬਹਾਦਰ ਬਣਾਉਣ ਲਈ ਜ਼ਰੂਰੀ ਹੈ ਕਿ ਉਸ ਨੂੰ ਸ਼ੁਰੂ ਤੋਂ ਹੀ ਕਿਸੇ ਵੀ ਕਿਸਮ ਦਾ ਡਰ ਨਾ ਦਿਤਾ ਜਾਵੇ। ਉਸ ਨੂੰ ਭੈਅ ਹੇਠਾਂ ਜੀਣ ਲਈ ਮਜ਼ਬੂਰ ਨਾ ਕੀਤਾ ਜਾਵੇ।


No comments:

Post a Comment