ਤਿੰਨਾਂ ਬਾਂਦਰਾਂ ਨੂੰ ਬਿਠਾਉਣ ਤੋਂ ਪਹਿਲਾਂ ਕਿਹਾ ਗਿਆ – ਭੈੜਾ ਨਾ ਦੇਖੋ, ਭੈੜਾ ਨਾ ਸੁਣੋ, ਭੈੜਾ ਨਾ ਬੋਲੋ। ਬਾਂਦਰ ਬੜੇ ਆਗਿਆਕਾਰ, ਚੁੱਪ ਕਰਕੇ ਬਿਨਾਂ ਕਿਸੇ ਹੀਲ ਹੁਜਤ ਦੇ ਉਹ ਬੈਠ ਗਏ। ਜ਼ਮਾਨਾ ਚੰਗਾ ਸੀ।ਲੋਕ ਸਾਊ ਸਨ। ਬਾਂਦਰ ਵੀ ਸਿਆਣੇ ਸਨ। ਪਹਿਲੇ ਨੇ ਕੰਨਾਂ ਉਪਰ ਹਥ ਰੱਖ ਲਏ। ਉਹ ਕਹਿੰਦਾ ਕਿ ਮਾੜਾ ਨਾ ਸੁਣੋ। ਪਰ ਅਜਿਹਾ ਉਸ ਨੂੰ ਕਦੇ ਕਦੇ ਹੀ ਕਰਨਾ ਪੈਂਦਾ। ਲੋਕ ਵੀ ਆਮ ਤੌਰ ਤੇ ਮਾੜਾ ਨਹੀਂ ਸਨ ਬੋਲਿਆ ਕਰਦੇ। ਅਜਿਹੇ ਮੌਕੇ ਬਹੁਤ ਘਟ ਤੇ ਕਦੇ ਕਦੇ ਹੀ ਆਉਂਦੇ ਸਨ, ਜਚੋਂ ਬਾਂਦਰ ਨੂੰ ਕੰਨਾਂ ਉਪਰ ਹੱਥ ਰਖਣੇ ਪੈਂਦੇ ਹੋ।
ਦੂਸਰੇ ਬਾਂਦਰ ਨੂੰ ਕਿਹਾ ਗਿਆ ਕਿ ਤੂੰ ਭੈੜਾ ਹੁੰਦਾ ਹੋਵੇ ਦੇਖਣਾ ਨਹੀਂ। ਕੋਈ ਮਾੜਾ ਕਰੇ ਅਖਾਂ ਉਪਰ ਹੱਥ ਰਖ ਲੈਣੇ ਹਨ।। ਉਹ ਬਾਂਦਰ ਵੀ ਜਦੋਂ ਕਿਤੇ ਮਾੜਾ ਹੁੰਦਾ ਦੇਖੇ, ਅਖਾਂ ਉਪਰ ਹੱਥ ਰਖ ਲਏ। ਜਦੋਂ ਕੋਈ ਪੁਛਦਾ ਕਿ ਤੂੰ ਅਖਾਂ ਉਪਰ ਹੱਥ ਕਿਉਂ ਰੱਖੇ ਹੋਏ ਹਨ, ਤਾਂ ਉਹ ਕਹਿ ਦਿੰਦਾ, ਪਹਿਲਾ ਤੇ ਇਹ ਬਾਪੂ ਦਾ ਹੁਕਮ ਹੈ ਦੂਸਰਾ ਕਿ ਮਾੜਾ ਕਰਨ ਵਾਲੇ ਲੋਕ ਬਹੁਤ ਮਾੜਾ ਕਰਦੇ ਹਨ। ਪਰ ਜੋ ਕਰਨਗੇ ਸੋ ਭਰਨਗੇ, ਮੈਨੂੰ ਕਿਸੇ ਨਾਲ ਕੀ। ਸੋ ਉਸ ਦੀ ਇਹ ਆਦਤ ਪੱਕੀ ਹੋ ਗਈ। ਉਹ ਰੌਲਾ ਤਾਂ ਪਾਵੇ ਕਿ ਮਾੜਾ ਨਾ ਕਰੋ, ਮਾੜਾ ਨਾ ਕਰੋ, ਪਰ ਸਾਰੇ ਉਸ ਨੂੰ ਦਬਕਾ ਮਾਰ ਕੇ ਬਿਠਾ ਦੇਣ, ਸੋ ਉਹ ਬਾਂਦਰ ਵੀ ਆਪਣੇ ਸਾਥੀਆਂ ਨਾਲ ਅਖਾਂ ਉਪਰ ਹੱਥ ਰੱਖ ਕੇ ਬੈਠਾ ਰਿਹਾ ਕਰੇ।
ਤੀਸਰਾ ਬਾਂਦਰ ਦੂਜਿਆਂ ਨਾਲੋਂ ਤਕੜਾ ਸੀ।ਇਸ ਲਈ ਜਦੋਂ ਬਾਪੂ ਤਿੰਨਾਂ ਨੂੰ ਸਮਝਾ ਰਹੇ ਸਨ ਕਿ ਆਪਣੀਆਂ ਅਖਾਂ ਮੂੰਹ, ਕੰਨ ਬੰਦ ਕਰਕੇ ਬੈਠੋ ਤਾਂ ਉਹ ਕਹਿਣ ਲੱਗਾ ਕਿ ਉਹ ਆਪਣਿਆਂ ਤਿੰਨੇ ਚੀਜ਼ਾਂ ਬੰਦ ਨਹੀਂ ਕਰੇਗਾ। ਉਹ ਤਾਂ ਸਿਰਫ਼ ਆਪਣੇ ਮੂੰਹ ਉਪਰ ਹੀ ਹੱਥ ਰਖੇਗਾ। ਆਪਣੇ ਕੰਨ ਤੇ ਅਖਾਂ ਖੁਲ੍ਹੀਆਂ ਰਖੇਗਾ। ਬਾਪੂ ਨੇ ਸਮਝਾਉਣ ਦੀ ਕੋਸ਼ਿਸ਼ ਕੀਤੀ ਪਰ ਆਖਰ ਉਹ ਤਿੰਨਾਂ ਲਈ ਇਸ ਗੱਲ ਤੇ ਰਾਜ਼ੀ ਹੋ ਗਿਆ ਕਿ ਉਹ ਇਕ ਇਕ ਕਰਕੇ ਆਪਣੀਆਂ ਅੱਖਾਂ, ਕੰਨ ਤੇ ਮੂੰਹ ਤੇ ਹੱਥ ਰੱਖ ਲੈਣ ਤੇ ਲੋਕਾਂ ਨੂੰ ਇਹ ਸਬਕ ਦੇਣ ਕਿ ਬੁਰਾ ਨਾ ਦੇਖਣਾ ਚਾਹੀਦਾ ਹੈ, ਨਾ ਸੁਣਨਾ ਚਾਹੀਦਾ ਹੈ ਤੇ ਨਾ ਬੋਲਣਾ ਚਾਹੀਦਾ ਹੈ।
ਬਾਪੂ ਜੀ ਨੂੰ ਬੜੀ ਤਸਲੀ ਸੀ ਕਿ ਹੁਣ ਉਸ ਦਾ ਸੁਨੇਹਾ ਭਾਰਤ ਦੇ ਸਾਰੇ ਲੋਕ ਅਪਣਾ ਲੈਣਗੇ। ਕੁਝ ਸਾਲ ਲੋਕ ਸ਼ਰਧਾ ਨਾਲ ਸਿਰ ਝੁਕਾ ਦਿੰਦੇ। ਕੁਝ ਲੋਕ ਬਾਂਦਰਾਂ ਨੂੰ ਇਸ ਤਰ੍ਹਾਂ ਬੈਠਿਆਂ ਦੇਖ ਕੇ ਹੱਸ ਛੱਡਦੇ। ਕੁਝ ਲੋਕ ਉਹਨਾਂ ਬਾਰੇ ਆਪੋ ਵਿੱਚ ਕੋਈ ਚਰਚਾ ਛੇੜ ਲੈਂਦੇ। ਇਹ ਸਿਲਸਿਲਾ ਕੁਝ ਇਸੇ ਤਰ੍ਹਾਂ ਚਲਦਾ ਰਿਹਾ ਪਰ ਇਕ ਦਿਨ ਤਾਂ ਹੱਦ ਹੋ ਗਈ। ਕਮਰੇ ਵਿੱਚ ਸਫਾਈ ਕਰਨ ਵਾਲੀ ਦੀ ਬਾਂਹ ਉਸ ਮਹਿਕਮੇ ਨੇ ਫੜ ਲਈ। ਬਾਂਦਰਾਂ ਨੇ ਆਪਣੀਆਂ ਅੱਖਾਂ, ਆਪਣਾ ਮੂੰਹ, ਆਪਣੇ ਕੰਨ ਚੰਗੀ ਤਰ੍ਹਾਂ ਢਕ ਲਏ। ਉਹ ਜਾਣਦੇ ਸਨ ਕਿ ਹੁਣ ਜ਼ਰੂਰ ਕੁਝ ਨਾ ਕੁਝ ਮਾੜਾ ਹੋਵੇਗਾ। ਫੇਰ ਇਹ ਸਿਲਸਿਲਾ ਆਮ ਹੋ ਗਿਆ। ਬਾਂਦਰਾਂ ਨੂੰ ਵੀ ਹੌਲੀ ਹੌਲੀ ਇਹ ਸਭ ਕੁਝ ਦੇਖਣ ਦੀ ਆਦਤ ਪੈ ਗਈ।
ਉਮਰ ਨਾਲ ਬਾਂਦਰਾਂ ਨੂੰ ਸਮਝ ਆਉਣੀ ਸ਼ੁਰੂ ਹੋ ਗਈ। ਆਖਰ ਇਕ ਦਿਨ ਤੀਜ ਬਾਂਦਰ ਬੋਲਿਆ-
- ਬਈ ਮਿਤਰੋ ਹੁਣ ਆਪਾਂ ਤੋਂ ਰਹਿ ਨਹੀਂ ਹੁੰਦਾ।
- ਕਿਉਂ ਕੀ ਗੱਲ ਹੋ ਗਈ?
- ਦੇਖੋ ਬਾਪੂ ਜੀ ਨੂੰ ਗਿਆਂ ਸੱਠ ਸਾਲ ਹੋ ਗਏ ਹਨ ਤੇ ਆਪਾਂ ਉਦੋਂ ਤੋਂ ਇਥੇ ਬੈਠੇ ਹਾਂ।
- ਫੇਰ, ਬਾਪੂ ਜੀ ਇਹੋ ਕਿਹਾ ਸੀ ਕਿ ਬੈਠੇ ਰਿਹੋ।
- ਉਹ ਤਾਂ ਠੀਕ ਹੈ ਪਰ ਕਦੋਂ ਤੱਕ, ਤੁਸੀਂ ਤਾਂ ਅੱਖਾਂ ਬੰਦ ਕਰ ਲੈਂਦੇ ਹੋ, ਦੇਖਦੇ ਹੀ ਨਹੀ, ਜਾਂ ਫਿਰ ਕੰਨ ਬੰਦ ਕਰ ਲੈਂਦੇ ਹੋ, ਹਰ ਕੰਮ ਅੱਧਾ ਅੱਧਾ ਕਰਦੇ ਹੋ। ਜੋ ਦੇਖਦਾ ਹੈ ਉਹ ਦਸਦਾ ਨਹੀਂ ਤੇ ਜੋ ਦਸਦਾ ਹੈ ਉਹ ਦੇਖਦਾ ਨਹੀਂ।
- ਠੀਕ।
- ਪਰ ਆਪਾਂ ਏਦਾਂ ਨਹੀਂ ਕਰ ਸਕਦੇ। ਆਪਾਂ ਨੂੰ ਦਿਖਾਈ ਵੀ ਦਿੰਦਾ ਹੈ ਤੇ ਸੁਣਦਾ ਵੀ ਹੈ। ਕਲ੍ਹ ਹੀ ਇਕ ਕਹਿ ਰਿਹਾ ਸੀ ਕਿ ਦੇਖੋ ਬਾਪੂ ਦੇ ਬਾਂਦਰ ਬਾਂਦਰ ਹੀ ਰਹਿ ਗਏ, ਬਾਕੀ ਸਾਰੇ ਬਾਂਦਰ ਮਨੁੱਖ ਬਣ ਗਏ, ਇਹ ਬਾਂਦਰ ਦੇ ਬਾਂਦਰ ਹੀ ਰਹਿ ਗਏ।
- ਪਰ ਇਸ ਵਿੱਚ ਸਾਡਾ ਕੀ ਕਸੂਰ ਹੈ?
- ਇਹੋ ਤਾਂ ਮੈਂ ਕਹਿਣਾ ਚਾਹੁੰਦਾ ਸੀ। ਕਿ ਇਸ ਵਿੱਚ ਸਾਡਾ ਕੀ ਕਸੂਰ ਹੈ? ਨਾਲੇ ਸਾਰੇ ਕਿਹੜਾ ਬੰਦਿਆਂ ਵਾਲੇ ਕੰਮ ਕਰਦੇ ਹਨ? ਬਹੁਤੇ ਤਾਂ ਇਹ ਬਾਂਦਰਾਂ ਨਾਲੋਂ ਵੀ ਭੈੜੇ ਹਨ।
- ਫੇਰ?
- ਫੇਰ ਕੀ, ਆਪਾਂ ਚੱਲੇ, ਹੁਣ ਹੋਰ ਬਰਦਾਸ਼ਤ ਨਹੀਂ ਹੁੰਦਾ। ਨਾ ਦੇਖ ਕੇ ਤੇ ਨਾ ਸੁਣ ਕੇ।
- ਪਰ ਆਪਾਂ ਤਾਂ ਤਿੰਨ ਬਾਂਦਰ ਹਾਂ....?
- ਤੁਸੀਂ ਕਰੋ, ਆਪਣੀ ਮਰਜ਼ੀ, ਚਾਹੇ ਬੈਠੋ, ਚਾਹੇ ਉੱਠੋ, ਬਾਪੂ ਨੇ ਕਿਹਾ ਸੀ ਮਾੜਾ ਨਾ ਸੁਣੋ, ਨਾ ਦੇਖੋ, ਨਾ ਬੋਲੋ, ਪਰ ਇਹ ਤਾਂ ਨਹੀਂ ਸੀ ਕਿਹਾ ਕਿ ਮਾੜਾ ਬਰਦਾਸ਼ਤ ਵੀ ਕਰੋ। ਅੱਜ ਤੋਂ ਆਪਾਂ ਸਾਥ ਛੱਡਿਆ।
ਉਸ ਦਿਨ ਤੋਂ ਬਾਪੂ ਦਾ ਤੀਜਾ ਬਾਂਦਰ ਉਸ ਆਸ਼ਰਮ ਚੋਂ ਬਾਹਰ ਨਿਕਲ ਤੁਰਿਆ। ਹੁਣ ਉਹ ਜੋ ਦੇਖਦਾ ਸੀ, ਸੁਣਦਾ ਸੀ ਉਸ ਦੇ ਖਿਲਾਫ਼ ਆਵਾਜ਼ ਉਠਾ ਸਕਦਾ ਸੀ। ਉਹ ਬੋਲ ਸਕਦਾ ਸੀ।
ਸਰਕਾਰ ਉਸ ਤੀਜੇ ਬਾਂਦਰ ਨੂੰ ਲੱਭ ਰਹੀ ਹੈ। ਪਰ ਕਿਤੇ ਨਹੀਂ ਰਿਹਾ। ਸਰਕਾਰ ਨੂੰ ਡਰ ਹੈ ਕਿ ਜੇ ਉਹ ਕਿਸੇ ਤਰ੍ਹਾਂ ਲੋਕਾਂ ਕੋਲ ਪਹੁੰਚ ਗਿਆ ਤਾਂ ਕੀ ਹੋਵੇਗਾ। ਪਰ ਬਾਪੂ ਦਾ ਇਹ ਤੀਜਾ ਬਾਂਦਰ ਲੋਕਾਂ ਨੂੰ ਸਿਖਾ ਰਿਹਾ ਹੈ ਕਿ ਬੁਰਾ ਨਾ ਦੇਖੋ, ਨਾ ਸੁਣੋ ਤੇ ਨਾ ਬਰਦਾਸ਼ਤ ਕਰੋ, ਸਗੋਂ ਹਰ ਮਾੜੇ ਕੰਮ ਦੇ ਵਿਰੁਧ ਬੋਲੋ, ਆਪਣੀ ਆਵਾਜ਼ ਉਠਾਓ।
-
No comments:
Post a Comment