Friday, December 17, 2010

ਗ਼ਜ਼ਲ

ਗੁਰਦੀਪ ਸਿੰਘ ਭਮਰਾ

 

ਦਹਿਸ਼ਤ ਇੰਨੀ ਹੈ ਕਿ ਪੰਛੀ ਵੀ ਹੁਣ ਸੁਣਿਆ ਗਾਉਂਦੇ ਨਹੀਂ
ਡਰਦੇ ਮਾਰੇ ਉਹ ਦੁਬਕੇ ਹਨ ਹੁਣ ਅੰਬਰ ਤੇ
' ਭਾਉਂਦੇ ਨਹੀਂ।

ਹੰਝੂ ਵੀ ਅੱਖੀਆਂ ਵਿੱਚ ਆ ਕੇ ਰੋਂਦੇ ਨੇ ਪਰ ਚੋਂਦੇ ਨਹੀਂ
ਹਉਕੇ ਤਾਂ ਉੱਠਦੇ ਨੇ ਐਪਰ ਬੁਲ੍ਹਾਂ ਕੋਲ ਖਲੋਂਦੇ ਨਹੀਂ।

ਸੁਣ ਲੈਂਦੇ ਨੇ ਸੱਭ ਦੀ ਐਪਰ ਆਪਣੇ ਦਿਲ ਦੀ ਕਹਿੰਦੇ ਨਹੀਂ
ਕੰਧਾਂ ਤੋਂ ਡਰਦੇ ਨੇ ਸਾਰੇ ਆਪਣੀ ਆਖ ਸੁਣਾਉਂਦੇ ਨਹੀਂ।

ਵੰਡ ਦਿਤਾ ਹੈ ਸੱਭ ਨੇ ਸੱਭ ਨੂੰ ਡੱਬਿਆਂ ਦੇ ਵਿੱਚ ਰੱਖਿਆ ਹੈ
ਕੈਦ ਚੋਂ ਮੁਕਤੀ ਚਾਹੁੰਦੇ ਨੇ ਪਰ ਕੈਦ ਚੋਂ ਬਾਹਰ ਆਉਂਦੇ ਨਹੀਂ।

ਹਰ ਇੱਕ ਬੰਦਾ ਗਰਜ਼ਾਂ ਖਾਤਰ ਮਿੱਟੀ ਬਹੁਤ ਉਡਾਉਂਦਾ ਹੈ
ਕੌਣ ਕਹੇ ਹੁਣ ਖੋਤੇ ਵਾਂਗੂ ਆਪਾਂ ਬੋਝਾ ਢੋਂਦੇ ਨਹੀ।

ਰੋਣਾ ਹੈ ਤਾਂ ਬਹਿ ਰੋ ਲੈ ਆਪੇ ਆਪਣੀ ਢੇਰੀ ਤੇ
ਫੇਰ ਨਾ ਆਖੀਂ ਕਬਰਾਂ ਉੱਤੇ ਲੋਕੀਂ ਏਥੇ ਰੋਂਦੇ ਨਹੀਂ।

ਦੀਪ ਜਗਾਵਣ ਦੇ ਲਈ ਇੱਥੇ ਹਰ ਇੱਕ ਬੰਦਾ ਕਾਹਲਾ ਹੈ
ਰਸਤੇ ਪੂਜਣ ਜਾਂਦੇ ਹਨ ਪਰ ਰਸਤਾ ਨੂੰ ਅਪਣਾਉਂਦੇ ਨਹੀਂ।

ਗੀਤ ਬਹਾਰਾਂ ਦੇ ਉੱਗਦੇ ਹਨ ਸਾਲਾਂ ਤੋਂ ਪਰ ਸੂਲੀ ਤੇ
ਬਾਰੀ ਵਿੱਚੋਂ ਤੱਕਦੇ ਨੇ ਸੱਭ ਐਪਰ ਬਾਹਰ ਆਉਂਦੇ ਨਹੀਂ।

 

No comments:

Post a Comment