Monday, December 6, 2010

ਨੀ ਬੱਲੀਏ...

ਨੀ ਬੱਲੀਏ

ਨੀ ਬੱਲੀਏ
ਚੱਲ ਚੱਲੀਏ
ਇੱਥੇ ਕੱਲਿਆਂ ਜੀਣ ਨਾ ਹੋਵੇ
ਦੁਨੀਆ ਮਤਲਬ ਦੀ।

ਨੀ ਬੱਲੀਏ
ਚੱਲ ਚੱਲੀਏ
ਇੱਥੇ ਪੈਸੇ ਨਾਲ ਸਲਾਮਾਂ
ਉਵੇਂ ਪੁੱਛਦਾ ਨਹੀਂ

ਨੀ ਬੱਲੀਏ
ਚੱਲ ਚੱਲੀਏ
ਇਥੇ ਰੀਝਾਂ ਨੂੰ ਦੁਸ਼ਵਾਰੀ
ਦੁਨੀਆ ਮਤਲਬ ਦੀ।

ਨੀ ਬੱਲੀਏ
ਚੱਲ ਚੱਲੀਏ
ਇੱਥੇ ਸੁੱਕਾ ਸੌਣ ਮਹੀਨਾ
ਧਰਤੀ ਨੂੰ ਅੱਗ ਲੱਗ ਗਈ।

ਨੀ ਬੱਲੀਏ
ਚੱਲ ਚੱਲੀਏ
ਇੱਥੇ ਜੀਭਾਂ ਲੱਗੇ ਜੰਦਰੇ
ਹੱਥੀ ਹੱਥਕੜੀਆਂ।

ਨੀ ਬੱਲੀਏ
ਚੱਲ ਚੱਲੀਏ
ਇੱਕ ਦੁਨੀਆ ਨਵੀਂ ਵਸਾਈਏ
ਮੁੜਕੇ ਸੱਧਰਾਂ ਦੀ।

ਨੀ ਬੱਲੀਏ
ਚੱਲ ਚੱਲੀਏ
ਹਾਲੇ ਮਿਲਖਾਂ ਵਾਲੇ ਰਾਜੇ
ਦੁਨੀਆ ਮਤਲਬ ਦੀ।


ਹੋਣੀ

ਨਾ ਰੂਪ ਹੈ ਨਾ ਰੰਗ ਹੈ
ਨਾ ਜਾਤ ਹੈ ਨਾ ਪਾਤ ਹੈ
ਇਹ ਜੋ ਸੁਪਨਿਆਂ ਦਾ ਸ਼ਹਿਰ ਹੈ
ਕਿਉਂ ਹੱਥੋਂ ਕਿਰਦਾ ਜਾ ਰਿਹਾ
ਮੈਂ ਰੋਕਦਾ ਤੇ ਫੜ ਰਿਹਾ
ਇਹ ਫਿਰ ਵੀ ਫਿਰਦਾ ਜਾ ਰਿਹਾ
ਨਾ ਰੂਪ ਹੈ ਨਾ ਰੰਗ ਹੈ

ਇਸ ਸ਼ਹਿਰ ਦੀ ਆਬੋ ਹਵਾ
ਦੀ ਮਹਿਕ ਦਾ ਘਰ ਜਾਪਦੀ
ਹੁਣ ਰਾਸ ਕਿਉਂ ਆਉਂਦੀ ਨਹੀਂ
ਇਸ ਸ਼ਹਿਰ ਦੀ ਹਰ ਇੱਕ ਅਦਾ
ਮੇਰੇ ਸੁਪਨਿਆਂ ਦੇ ਵਾਸਤੇ
ਰੀਝਾਂ ਨੂੰ ਹੀ ਭਾਉਂਦੀ ਨਹੀਂ।
ਜੋ ਕੁਝ ਬਣਾਇਆ ਸੀ ਕਦੇ
ਇੱਟ ਇੱਟ 'ਚ ਪਾਇਆ ਸੀ ਕਦੇ
ਜਿਸ ਦੀ ਉਸਾਰੀ ਵਾਸਤੇ
ਰੀਝਾਂ ਨੂੰ ਚਿਣ ਕੇ ਕੰਧ ਵਿੱਚ
ਇੱਕ ਦਰ ਜੋ ਲਾਇਆ ਸੀ ਕਦੇ
ਹੁਣ ਉਹੀ ਦਰਵਾਜ਼ਾ ਮੇਰਾ
ਮੇਰੇ ਲਈ ਹੈ ਅਜਨਬੀ
ਜਿਸ ਦੇ ਲਈ ਸੀ ਮੈਂ ਕਦੀ
ਇੱਕ ਰੁਖ ਜਿਹਦੀ ਛਾਂ ਸੰਘਣੀ
ਹੁਣ ਟੋਟੇ ਹੋ ਗਿਆ
ਤੇ ਦੂਰ ਤੀਕਰ ਬਿਖਰਿਆ
ਕੁਝ ਚੀਰਿਆ ਕੁਝ ਕੱਟਿਆ
ਕੁਝ ਟਾਹਣੀਆ ਵਿੱਚ ਰੁਲ ਰਿਹਾ
ਕੁਝ ਪਤਿਆਂ ਵਿੱਚ ਰੁਲ ਗਿਆ
ਉਹ ਦੂਰ ਬੈਠਦਾ ਦੇਖਦਾ
ਪੰਛੀ ਕਿ ਜਿਹਦਾ ਆਲ੍ਹਣਾ
ਹੁਣ ਤੀਲ੍ਹਾ ਤੀਲ੍ਹਾ ਖਿੰਡ ਗਿਆ।

ਇਕ ਉਹੀ ਹੈ ਜੋ ਰੋ ਰਿਹਾ
ਬਾਕੀ ਨਾ ਕੋਈ ਜਾਣਦਾ
ਨਾ ਰੂਹ ਨੂੰ ਹੁਣ ਪਹਿਚਾਣਦਾ
ਇਹ ਸ਼ਹਿਰ ਹੋਇਆ ਅਜਨਬੀ
ਮੇਰਾ ਜੋ ਸੀ ਮੇਰਾ ਕਦੀ
ਇਹ ਹੁਣ ਪਰਾਇਆ ਜਾਪਦਾ।

 

 

 

 

 

No comments:

Post a Comment