Sunday, July 10, 2011

ਅਰਜੋਈ

ਵਿਹਲ ਨਹੀਂ ਹੈ ਬਾਬਾ
ਬਾਣੀ ਪੜ੍ਹਨ ਸੁਣਨ ਦੀ
ਓਦਾਂ
ਧਰਮ ਕਰਮ ਵਿੱਚ ਆਪਾਂ ਘੱਟ ਨਹੀਂ ਹਾਂ
ਗੁਰਦੁਵਾਰੇ ਅੱਗੇ ਰੋਜ਼ ਰੋਕ ਕੇ ਗੱਡੀ
ਮੈਂ ਟੇਕਦਾਂ ਮੱਥਾ,
ਕਿੰਨਾ ਰਿਸਕ ਹਾਂ ਲੈਂਦਾ
ਚਲਦੇ ਟ੍ਰੈਫਿਕ ਦੀ ਵੀ
ਕੋਈ ਪਰਵਾਹ ਨਹੀਂ ਕਰਦਾ

ਸਾਮ ਸਵੇਰੇ ਕੰਮ ਕਰਦਿਆਂ
ਸੈਰ ਕਰਦਿਆਂ
ਰਟਿਆ ਹੋਇਆ ਪਾਠ
ਵੀ ਕਰੀਏ ਫੇਰ ਬੈਠ ਕੇ
ਨਾਮ ਸਿਮਰਨ ਦਾ ਵੀ ਅਭਿਆਸੀ
ਗੁੱਟ ਤੇ ਰਹਿੰਦੀ ਹਰ ਵੇਲੇ
ਅਠਾਈ ਮਣਕਿਆਂ ਵਾਲੀ
ਹਜ਼ੂਰ ਸਾਹਿਬ ਤੋਂ ਆਈ
ਮਾਲਾ
ਤੇ ਗਲ ਵਿੱਚ ਸੁਨਹਿਰੀ ਖੰਡਾ
ਸੋਨੇ ਦੀ ਚੇਨੀ ਦੇ ਵਿੱਚ ਲਟਕਾਇਆ

ਗੱਡੀ ਵਿੱਚ ਸ਼ਬਦਾਂ ਦੀ ਕੈਸੇਟ
ਹਰ ਰਾਗੀ ਦੀ
ਆਉਂਦੇ ਜਾਂਦੇ ਸੁਣੀਏ
ਲੰਗਰ ਪਾਠ ਛਬੀਲਾਂ ਸੇਵਾ
ਜਿੰਨੀ ਹਿਸੇ ਆਵੇ
ਓਨੀ ਮਾਇਆ
ਕਲ੍ਹ ਹੀ ਮੈਂ ਮੰਗਵਾਇਆ
ਮੈਂ ਕੀਤੇ ਹੋਏ ਪਾਠ ਦੇ ਭੋਗ
ਤੋਂ ਮਗਰੋਂ ਪ੍ਰਸਾਦ
ਨਾਲੇ ਹੁਕਮਨਾਮਾ
ਜਿਸਦੇ ਉਪਰ ਫਰੇਮ ਸੁਨਹਿਰੀ
ਦੁਕਾਨ ਵਿੱਚ ਲਗਵਾਇਆ
ਪਿਛਲੇ ਸਾਲ ਵੀ ਏਦਾਂ ਕੀਤਾ
ਸੁਖ ਰਹੀ ਸੀ ਪਿਛਲੇ ਬਾਰਾ ਮਹੀਨੇ
ਕੰਮ ਕਾਰ ਵਿੱਚ ਵਾਧਾ ਹੋਇਆ
ਇਨਕਮ ਟੈਕਸ ਦਾ ਅਫਸਰ
ਆਪਣਾ ਯਾਰ ਨਿਕਲਿਆ
ਕ੍ਰਿਪਾ ਕੀਤੀ ਤੁਸਾਂ ਤੇ ਕੰਮ ਕਢਾਇਆ
ਇਸ ਵਾਰੀ ਵੀ ਬਾਬਾ
ਬਰਕਤ ਰੱਖੀ ਕੰਮ ਚ’
ਤੇ ਬਚਿਆਂ ਨੂੰ ਪਹਿਲੇ ਨੰਬਰ ਤੇ ਰੱਖੀਂ
ਤੇ ਘਰ ਅੰਦਰ ਸੁਖ ਸ਼ਾਂਤੀ
ਨਾਲੇ ਖੁਸ਼ੀਆਂ
ਅਗਲੀ ਵਾਰੀ ਸੁਖ ਰਹੀ ਤਾਂ
ਸਾਰਾ ਟੱਬਰ ਦਰਸ਼ਨ ਮੇਲੇ ਲਈ ਆਵਾਂਗੇ
ਇਕੱਤੀ ਸੋ ਪਾਠਾਂ ਦੇ ਵਾਅਦੇ ਨਾਲ
ਆਵਾਂਗੇ
ਘਰ ਵਾਲੀ ਨੇ ਲੜੀ ਹੈ ਤੋਰੀ
ਬਿਨਾਂ ਦਸਿਆਂ ਚੋਰੀ ਚੋਰੀ
ਤਿੰਨ ਹਜ਼ਾਰ ਪਾਠ ਨੇ ਵੰਡੇ
ਬਾਕੀ ਇਕ ਸੌ ਆਪ ਕਰੇਗੀ
ਹੌਲੀ ਹੌਲੀ
ਉਸ ਕੋਲ ਵੀ ਵਿਹਲ ਹੈ ਕਿੱਥੇ
ਬਹੁਤੀ ਥਾਂਈਂ ਜਾਣਾ ਪੈਂਦਾ
ਵਿਆਹ ਸਿਆਪਾ ਅਤੇ ਜਣੇਪਾ
ਕਿਟੀ ਪਾਰਟੀ ਤੇ ਹੋਰ ਬੜਾ ਕੁਝ
ਕੀ ਕੀ ਦਸੀਏ ਬਾਬਾ
ਇਹ ਹੈ ਦੁਨੀਆਦਾਰੀ
ਵਿਹਲ ਨਹੀਂ ਹੈ ਇਥੇ
ਬਾਣੀ ਪੜ੍ਹਣ ਸੁਣਨ ਦੀ
ਤਿਲ ਫੁਲ ਏਨਾ ਕੁ
ਜਾਣਿਓ ਬਹੁਤਾ
ਲੜ ਲਗਿਆਂ ਦੀ ਲਾਜ
ਤੁਸਾਂ ਨੇ ਬਚਾਣੀ
ਬਾਕੀ ਜਾਣੀ ਜਾਣ ਤੁਸੀਂ ਹੋਂ
ਬਾਣੀ ਪੜ੍ਹਣ ਸੁਣਨ ਦੀ
ਇਥੇ ਵਿਹਲ ਹੈ ਕਿਥੇ।

No comments:

Post a Comment