Thursday, July 14, 2011

ਡਾਕਖਾਨਾ



ਗੁਰਦੀਪ ਸਿੰਘ ਭਮਰਾ

ਸਿਰਨਾਵਾਂ ਤੇ ਮੇਰਾ ਹੀ ਸੀ
ਪਰ ਇਸ ਵਿੱਚ ਮੈਂ ਨਹੀਂ ਸਾਂ
ਮੈਂ ਕਦੇ ਆਪਣੇ ਮੁਖ਼ਾਤਬ ਹੀ ਨਹੀਂ ਹੋਇਆ
ਨਾ ਮੈਂ ਕਦੇ ਆਪਣੇ ਨੂੰ ਖ਼ਤ ਲਿਖਿਆ ਹੈ
ਨਾ ਕਿਸੇ ਹੋਰ ਨੂੰ
ਮੇਰੇ ਸਿਰਨਾਵੇਂ ਵਿੱਚ
ਘਰ ਤਾਂ ਮੇਰਾ ਹੈ
ਪਰ ਡਾਕਖਾਨਾ ਨਹੀਂ ਹੈ
ਡਾਕਖਾਨਾ ਮੈਨੂੰ ਸ਼ਹਿਰ ਨਾਲ ਜੋੜਦਾ ਸੀ
ਡਾਕਖਾਨਾ ਮੈਂਨੂੰ ਦੇਸ਼ ਨਾਲ ਜੋੜਦਾ ਸੀ
ਡਾਕਖਾਨਾ ਮੈਨੂੰ ਡਾਕ ਨਾਲ ਜੋੜਦਾ ਸੀ
ਤੇ ਖਤ ਆਉਂਦੇ ਸਨ
ਮੋਹ ਭਿੱਜੇ ਹੋਏ
ਸਿੱਲ੍ਹੇ ਸਿੱਲ੍ਹੇ
ਜਿਹਨਾਂ ਉਪਰ ਡਿੱਗੇ ਅੱਥਰੂਆਂ ਦੇ ਨਿਸ਼ਾਨ ਹੁੰਦੇ ਸਨ
ਤੇ ਉਹਨਾਂ ਲਫ਼ਜ਼ਾਂ ਦੀ ਸਿਆਹੀ ਵੀ
ਜੋ ਅਰਥ ਭਰਪੂਰ ਹੋਣਾ ਲੋਚਦੇ ਸਨ
ਕਾਗ਼ਜ਼ ਤੇ ਸਿਆਹੀ ਵਿੱਚ ਰੰਗੇ ਉਹ ਸ਼ਬਦ
ਕਈ ਕਈ ਸਾਲ ਮਹਿਕਦੇ ਰਹਿੰਦੇ ਸਨ
ਮੈਂ ਉਹਨਾਂ ਖ਼ਤਾਂ ਨੂੰ ਕਿਸੇ ਸੱਭ ਤੋਂ ਸੋਹਣੀ
ਸੱਭ ਤੋਂ ਪਿਆਰੀ ਕਿਤਾਬ ਦੇ ਹਵਾਲੇ ਕਰ ਦਿਆ ਕਰਦਾ ਸੀ
ਜਿਹਨਾਂ ਨਾਲ ਉਹ ਕਿਤਾਬ ਮੈਨੂੰ ਹੋਰ ਪਿਆਰੀ ਜਾਪਦੀ ਸੀ
ਚਾਹੇ ਉਹ ਕਵਿਤਾ ਦੀ ਕਿਤਾਬ ਹੋਵੇ
ਜਾਂ ਕਿਸੇ ਕਹਾਣੀਕਾਰ ਦੀ ਕਲਪਨਾ ਚੋਂ
ਸਿਰਜਿਆਂ ਕਹਾਣੀਆਂ ਦੀ
ਉਸ ਵਿੱਚ ਖ਼ਤਾਂ ਦੇ ਪਿਆਰ ਦੀ
ਮੋਹ ਦੀ
ਮਮਤਾ ਦੀ
ਅੱਥਰੂਆਂ ਦੀ ਗਾਥਾ ਹੁੰਦੀ ਸੀ
ਜਿਹਨਾਂ ਅੱਗੇ ਜਾ ਇਤਿਹਾਸ ਬਣਨਾ ਹੁੰਦਾ ਸੀ
ਹੁਣ ਮੈਨੂੰ ਕੋਈ ਖ਼ਤ ਨਹੀਂ ਪਾਉਂਦਾ
ਨਾ ਕਦੇ ਕੋਈ ਡਾਕੀਆ ਮੇਰਾ ਬੂਹਾ ਠਕੋਰਦਾ ਹੈ
ਮੇਰੇ ਸਿਰਨਾਵੇਂ ਚੋਂ ਡਾਕਖਾਨਾ ਗੈਰ ਹਾਜ਼ਰ ਹੈ
ਮੇਰੇ ਇਕ ਨਹੀਂ ਦੋ ਦੋ ਫੋਨ ਨੰਬਰ ਹਨ
ਜਿਹਨਾਂ ਵਿੱਚ ਹੈਲੋ ਤੋਂ ਗੱਲ ਸ਼ੁਰੂ ਹੋ ਕੇ
ਬਾਇ ਤੱਕ ਮੁੱਕ ਜਾਂਦੀ ਹੈ
ਮੈਂ ਇਹਨਾਂ ਰਾਹੀਂ ਆਪਣੇ ਆਪ ਨੂੰ ਮੁਖਾਤਬ ਨਹੀਂ ਹੋ ਸਕਦਾ
ਘਰ ਤਾਂ ਮੇਰਾ ਹੈ
ਸਿਰਨਾਵਾਂ ਵੀ
ਪਰ ਇਸ ਸਿਰਨਾਵੇਂ ਚੋਂ ਮੈਂ ਅਕਸਰ ਗੈਰ ਹਾਜ਼ਰ ਰਹਿੰਦਾ ਹਾਂ।

No comments:

Post a Comment