ਗ਼ਜ਼ਲ
- ਸੂਰਜ ਦੇ ਨਾਲ ਅੱਖ ਮਿਲਾ ਕੇ ਵੇਖਾਂਗੇ।
ਅੱਖਾਂ ਦੇ ਵਿੱਚ ਅਖਾਂ ਪਾ ਕੇ ਵੇਖਾਂਗੇ।
- ਪੌਣਾ ਨੇ ਕੋਈ ਮਤਾ ਪਕਾਇਆ ਲਗਦਾ ਹੈ
ਆ਼ਖਣ ਹੱਦਾਂ ਬੰਨੇ ਢਾਹ ਕੇ ਵੇਖਾਂਗੇ।
- ਤਿੜਕ ਗਏ ਕਿਉਂ ਗੁੰਬਦ ਸਾਡੇ ਮਹਿਲਾਂ ਦੇ
ਨੀਹਾਂ ਚੋਂ ਇੱਟਾਂ ਕੱਢਵਾ ਕੇ ਵੇਖਾਂਗੇ।
- ਬੀਤ ਗਈ ਹੈ ਸਾਰੀ ਉਮਰ ਹਨੇਰੇ ਵਿੱਚ
ਹੁਣ ਚਾਨਣ ਨੂੰ ਕੋਲ ਬਿਠਾ ਕੇ ਵੇਖਾਂਗੇ।
- ਤਰਲੇ ਮਿੰਨਤਾਂ ਕਰ ਕੇ ਉਮਰ ਗੁਜ਼ਾਰੀ ਹੈ
ਹੁਣ ਆਪਣੇ ਤੇ ਹੁਕਮ ਚਲਾ ਕੇ ਵੇਖਾਂਗੇ।
- ਸਾਰੀ ਉਮਰ ਦੀਵਾਲੀ ਬਾਲੀ ਰਾਮ ਲਈ
ਆਪਣੇ ਲਈ ਦੀਵੇ ਰੁਸ਼ਨਾ ਕੇ ਵੇਖਾਂਗੇ।
- ਵੇਖਾਂਗੇ ਰੱਬ ਕਿਦਾਂ ਰਾਤ ਲੰਘਾਉਂਦਾ ਹੈ
ਇਕ ਮੰਦਰ ਇਕ ਮਸਜਦ ਢਾਹ ਕੇ ਵੇਖਾਂਗੇ।
- ਹਰ ਘਰ ਲਈ ਬਨੇਰੇ ਦੀਵੇ ਜਗਣ ਲਈ
ਸਧਰਾ ਦਾ ਵਿਹੜਾ ਰੁਸ਼ਨਾ ਕੇ ਵੇਖਾਗੇ।
- ਖੈਰ ਰਹੀ ਤਾਂ ਇਹ ਵੀ ਇਕ ਦਿਨ ਹੋਵੇਗਾ
ਦੌਲਤ ਦੇ ਖਾਤੇ ਖੁਲ੍ਹਵਾ ਕੇ ਵੇਖਾਂਗੇ।
- ਚੋਰ ਚੋਰੀ ਚੋਰੀ ਘਾਤ ਲਗਾਉਂਦਾ ਹੈਂ
ਉਸ ਨੂੰ ਵੀ ਹੁਣ ਘਾਤ ਲਗਾ ਕੇ ਵੇਖਾਂਗੇ।
No comments:
Post a Comment