Thursday, July 14, 2011

ਗਾਵਹੁ

ਗਾਵਹੁ

ਗੁਰਦੀਪ ਸਿੰਘ ਭਮਰਾ

ਕਿਹਾ ਬਾਬੇ ਨੇ ਮਰਦਾਨੇ ਨੂੰ
ਦਾਨਿਆ, ਛੇੜ ਖਾ ਰਬਾਬ
ਮਰਦਾਨੇ ਕਹਿਆ ਨਾ ਕੁਝ
ਤੇ

ਚੁੱਪ ਚਾਪ
ਲਾਹੀ ਰਬਾਬ  ਮੋਢਿਉਂ
ਸੁਰ ਕਰਨ ਲਈ
ਰਬਾਬ

ਮਰਦਾਨੇ ਨੇ ਕੰਨ ਨਾਲ ਲਾਈ
ਮਰਦਾਨੇ ਕਹਿਆ
ਬਾਬਾ ਇਹ ਤਾਰ ਤੇ ਆਪੇ ਪਈ ਗਾਂਵਦੀ ਹੈ
ਬਾਬੇ ਨੇ ਕਿਹਾ
ਸੁਰ ਕਰ ਨਾ,
ਬਾਣੀ ਆਈ ਹੈ
ਮਰਦਾਨੇ ਨੇ ਰਬਾਬ ਕੰਨ ਨੂੰ ਲਾਈ
ਨਾਨਕ ਇਹ ਤੇ ਪਹਿਲੇ ਹੀ ਗਾਉਂਦੀ ਹੈ

ਸੁਰ ਵਿੱਚ
ਬਾਬੇ ਨੇ ਰਬਾਬ ਕੰਨ ਨਾਲ ਲਾਈ
ਰਬਾਬ ਕੰਨ ਨਾਲ ਛੂਹੀ
ਤੇ ਬਾਬਾ ਪਿਆ ਸੁਣੇ
ਰਬਾਬ ਦੀਆਂ ਗੱਲਾਂ
ਰਬਾਬ ਦੇ ਬੋਲ
ਮਰਦਾਨਿਆ ਇਹ ਤਾਂ ਹਵਾ ਹੈ
ਹਵਾ ਪਈ ਗਾਉਂਦੀ ਹੈ
ਮਰਦਾਨੇ ਆਖਿਆ
ਵਾਹ ਬਾਬਾ
ਭਲਾ ਹਵਾ ਵੀ ਕਦੇ ਗਾਉਂਦੀ ਹੈ

ਤੂੰ ਗਾਵੇ ਤਾਂ ਹਵਾ ਗਾਵੇ ਮੈਂ ਸੁਣਾ ਤੈਨੂੰ ਗਾਉਂਦਿਆ
ਰਬਾਬ ਵੀ ਸੁਣੇ
ਤੇ ਚੁਪ ਕਰ ਜਾਏ
ਪਰ ਤੂੰ ਗਾਉਂਦਾ ਰਹੇ
ਨਹੀਂ ਮਰਦਾਨਿਆ ਸੁਣ ਖਾਂ
ਨਾਨਕ ਨੇ ਰਬਾਬ ਮਰਦਾਨੇ ਨੂੰ ਫੜਾਈ
ਮਰਦਾਨੇ ਨੇ ਰਬਾਬ ਫੜੀ ਕੰਨ ਲਾ ਕੇ ਸੁਣਿਆ
ਹਵਾ ਦਾ ਗੀਤ
ਵੇਖ ਮਰਦਾਨਿਆ
ਕਿਵੇਂ ਪਈ ਮੰਨਦੀ ਹੈ
ਕੁਦਰਤ ਦਾ ਹੁਕਮ
ਜਿਵੇਂ ਕੁਦਰਤ ਚਲਾਵੇ ਉਵੇਂ ਚਲਦੀ ਹੈ
ਕੁਦਰਤ ਗਵਾਂਵੇ
ਤੇ ਹਵਾ ਗਾਵੇ
ਹਵਾ ਕੁਦਰਤ ਦੇ ਹੁਕਮ ਵਿੱਚ ਚਲੇ
ਧਰਮ ਹਵਾ ਦਾ ਚੱਲਣਾ
ਇਧਰ ਉਧਰ ਜਾਣਾ
ਕਦੇ ਗਰਮ ਹੋਣਾ ਕਦੇ ਸਰਦ ਹੋਣਾ
ਬਾਬਾ ਤੇ ਮਰਦਾਨੇ
ਵਿਚਾਰ ਕਰਦੇ
ਤੇ ਫੇਰ ਬਾਬਾ ਨਾਨਕ ਤੇ ਮਰਦਾਨਾ
ਹਵਾ ਨੂੰ ਗਾਉਂਦਿਆਂ ਸੁਣਦੇ ਰਹੇ
ਸੂਰਜ ਵੀ ਭੌਂ ਗਿਆ
ਆਪਣੀ ਥਾਂ ਤੋਂ ਪੂਰਬ ਦਾ ਚੜਿਆ
ਪੱਛਮ ਵੱਲ ਉਸ ਪੜਾਅ ਕੀਤਾ
ਬਾਬੇ ਨੇ ਸੂਰਜ ਨੂੰ ਗਾਉਂਦਿਆ ਤੱਕਿਆ
ਨਾ ਲੈਅ ਟੁੱਟੀ
ਨਾ ਸੁਰ
ਸ਼ਾਮ ਹੋਈ ਤਾਂ ਬਾਬੇ ਨੇ ਸੋਦਰੁ ਉਚਰਿਆ

ਖੁਲ੍ਹੇ ਨਿਮੰਲ ਅਸਮਾਨ ਥੱਲੇ
ਬਾਬਾ ਤੇ ਮਰਦਾਨਾ
ਚੁਫਾਲ ਪਏ
ਅਸਮਾਨ ਵੱਲ ਤੱਕਦੇ
ਟਿਮਟਿਮਾਂਦੇ ਤਾਰਿਆਂ ਨੂੰ ਨਿਹਾਰਦੇ
ਮਰਦਾਨਿਆ ਵੇਖ ਇਹ ਚੰਨ ਵੀ ਗਾਉਂਦਾ ਹੈ
ਇਹ ਚਲੱਦਾ ਹੈ ਨਾ
ਆਪਣੀ ਚਾਲੇ
ਇਕ ਸੁਰ
ਇਕ ਤਾਲ
ਨਾ ਵੱਧ ਨਾ
ਨਾ ਘੱਟ
ਇਹ ਤਾਰੇ
ਇਹ ਬ੍ਰਹਮੰਡ ਸੱਭ ਗਾਉਂਦੇ ਹੀ ਤਾਂ ਪਏ ਹਨ
ਇਹ ਗਾਉਂਦੇ ਵੀ ਨੇ
ਤੇ ਭਾਉਂਦੇ ਵੀ ਨੇ
ਕੁਦਰਤ ਨੇ
ਇਹਨਾਂ ਨੂੰ ਭਾਉਣ ਲਾਇਆ
ਉਸ ਦੇ ਹੁਕਮ ਵਿੱਚ
ਇਹ ਭੌਂਦੇ ਵੀ ਨੇ
ਤੇ ਗਾਓਂਦੇ ਵੀ ਨੇ
ਪਤਾ ਨਹੀਂ ਲੱਗਦਾ
ਕਦੋਂ ਗਾਉਂਦੇ ਨੇ
ਕਦੋਂ ਭੌਂਦੇ ਨੇ
ਸੁਣੀਏ ਤਾਂ ਪਤਾ ਲਗੱਦਾ ਹੈ
ਇਹਨਾਂ ਦਾ ਭੌਣਾ ਹੀ ਇਹਨਾਂ ਦਾ ਗਾਉਣਾ ਹੈ
ਬਾਬੇ ਨੇ ਰਬਾਬ ਛੇੜੀ
ਤੇ ਇਕ ਵਾਰ ਫਿਰ ਗਾਵਿਆ
ਸੋਦਰੁ ਤੇਰਾ ਕੇਹਾ
ਸੋ ਘਰ ਕੇਹਾ....
ਮਰਦਾਨੇ ਕਹਿਆ
ਬਾਬਾ ਬ੍ਰਹਮੰਡ ਦਾ ਗਾਉਣਾ ਤਾਂ
ਵੱਡਾ ਰਾਗ ਸੁ
ਬੜੇ ਵੱਡੇ ਸੁਰਾਂ ਵਾਲਾ
ਹਾਂ ਮਰਦਾਨਿਆ
ਉਹ ਵੱਡਾ
ਵੱਡਾ ਉਸ ਦਾ ਰਾਗ
ਵੱਡਾ ਮਰਤਬਾ
ਨਾਨਕ ਤੂੰ ਵੀ ਵੱਡਾ
ਤੇਰਾ ਵੀ ਰਾਗ ਵੱਡਾ
ਤੂੰ ਵਡਿਆਂ ਦੀ ਗੱਲਾਂ ਦੱਸੇ।
ਸਾਨੂੰ ਕਦ ਸਮਝ ਆਵੇ।
ਰਬਾਬ ਸੁਣਦੀ ਰਹੀ
ਬਾਬੇ ਤੇ ਮਰਦਾਨੇ ਦਾ ਗਾਉਣਾ।
ਇਕ ਸੁਰ
ਇਕ ਲੈਅ।

No comments:

Post a Comment