Sunday, July 31, 2011

ਗ਼ਜ਼ਲ

ਸਾਉਣ ਦਾ ਮਹੀਨਾ ਯਾਰੋ ਸਾਉਣ ਦਾ ਮਹੀਨਾ ਏ
ਆਉਣ ਦਿਆਂ ਲਾਰਿਆਂ ਨੂੰ ਲਾਉਣ ਦਾ ਮਹੀਨਾ ਏ।

ਹਰ ਵਾਰੀ ਜਾਪਦਾ ਏ ਕਿੰਨਾ ਕੱਲੇ ਕੱਲੇ ਹਾਂ
ਹੰਝੂਆਂ ਨੂੰ ਇਹੋ ਸਮਝਾਉਣ ਦਾ ਮਹੀਨਾ ਏ।

ਕਾਲੀਆਂ ਘਟਾਵਾਂ ਆਉਣ ਜਦੋਂ ਸਾਡੇ ਅੰਬਰਾਂ ਤੇ
ਸੂਰਜਾਂ ਨੂੰ ਉਹਨਾਂ ਤੋਂ ਲੁਕਾਉਣ ਦਾ ਮਹੀਨਾ ਏ।

ਪੀਣ ਤੇ ਪਿਲਾਉਣ ਦਾ ਬਹਾਨਾ ਹੋਣਾ ਚਾਹੀਦਾ ਹੈ
ਅੱਖੀਆਂ ਚੋਂ ਪੀਣ ਤੇ ਪਿਲਾਉਣ ਦਾ ਮਹੀਨਾ ਏ।

ਤਿਪ ਤਿਪ ਹੰਝੂਆਂ ਦੇ ਵਾਂਗ ਚੋਂਦੇ ਕੋਠਿਆਂ ਨੂੰ
ਲਿਪ ਲਿਪ ਸਾਂਭ ਕੇ ਬਚਾਉਣ ਦਾ ਮਹੀਨਾ ਏ।

ਭਿੱਜੀ ਹੋਈ ਬੱਦਲੀ ਏ ਸਿਲੀ ਜਹੀ ਏ ਤਿਤਲੀ ਏ
ਖਾਬਾਂ ਵਿੱਚ ਸਾਂਭ ਕੇ ਸੁਕਾਉਣ ਦਾ ਮਹੀਨਾ ਏ।

ਤੀਆਂ ਅਤੇ ਧੀਆਂ ਦਿਆਂ ਚਾਵਾਂ ਤੇ ਮਲਾਰਾਂ ਨਾਲ
ਪਿਪਲਾਂ ਦੇ ਉੱਤੇ ਪੀਘਾਂ ਪਾਉਣ ਦਾ ਮਹੀਨਾ ਏ।

No comments:

Post a Comment