Monday, August 1, 2011

ਗ਼ਜ਼ਲ - 2

ਸਾਉਣ ਦਾ ਮਹੀਨਾ ਯਾਰੋ ਸਾਉਣ ਦਾ ਮਹੀਨਾ ਏ
ਆਉਣ ਦਿਆਂ ਲਾਰਿਆਂ ਨੂੰ ਲਾਉਣ ਦਾ ਮਹੀਨਾ ਏ।

ਸਾਉਣ ਦਾ ਮਹੀਨਾ ਸੁੱਕਾ ਲੰਘ ਹੀ ਨਾ ਜਾਵੇ ਕਿਤੇ
ਮਿਤਰਾਂ ਦੀ ਹਾਜ਼ਰੀ ਲਵਾਉਣ ਦਾ ਮਹੀਨਾ ਏ।

ਸਿਲ੍ਹੀ ਸਿਲ੍ਹੀ ਪੌਣ ਵਿੱਚ ਭੇਜਦਾ ਸੁਨੇਹੇ ਕੋਈ
ਪੜ੍ਹ ਕੇ ਸੁਨੇਹੇ ਪਰਤਾਉਣ ਦਾ ਮਹੀਨਾ ਏ।

ਸੱਧਰਾਂ ਨਿਮਾਣੀਆਂ ਨਿਤਾਣੀਆਂ ਨਿਓਟੀਆਂ ਨੂੰ
ਘੁੱਟ ਘੁੱਟ ਸੀਨੇ ਨਾਲ ਲਾਉਣ ਦਾ ਮਹੀਨਾ ਏ।

ਪੀਣ ਤੇ ਪਿਲਾਉਣ ਦਾ ਬਹਾਨਾ ਹੋਣਾ ਚਾਹੀਦਾ ਹੈ
ਅੱਖੀਆਂ ਚੋਂ ਪੀਣ ਤੇ ਪਿਲਾਉਣ ਦਾ ਮਹੀਨਾ ਏ।

ਰੋਸਿਆਂ ਭਰੋਸਿਆਂ ਨੂੰ ਰੱਖ ਮਨਾਂ ਇਕ ਪਾਸੇ
ਮੁੱਕਦੀ ਏ ਗੱਲ ਤਾਂ ਮੁਕਾਉਣ ਦਾ ਮਹੀਨਾ ਏ।

ਰੀਝਾਂ ਦੇ ਪਟੋਲਿਆਂ ਨੂੰ ਖਾਬਾਂ ਦੀਆਂ ਟਾਹਣੀਆਂ ਤੇ
ਰੰਗੋ ਰੰਗੀ ਟੁੰਗ ਕੇ ਸਜਾਉਣ ਦਾ ਮਹੀਨਾ ਏ।

ਮੀਆਂ ਦੀ ਮਲ੍ਹਾਰ ਹੋਵੇ ਬੋਲ ਹੋਣ ਮੇਘਲੇ ਦੇ
ਤਾਨਸੈਨ ਵਾਂਗ ਬਹਿ ਕੇ ਗਾਉਣ ਦਾ ਮਹੀਨਾ ਏ।

No comments:

Post a Comment