ਅੰਧ ਵਿਸ਼ਵਾਸ ਹੀ ਕਿਉਂ?
ਬਹੁਤੇ ਲੋਕ ਇਸ ਅੰਧ ਵਿਸ਼ਵਾਸ ਵਿੱਚ ਜੀ ਰਹੇ ਰਹੇ ਕਿ ਧਰਮ ਹੀ ਸਭੋ ਕੁਝ ਹੈ। ਧਰਮ ਜਿਸ ਉਪਰ ਉਹਨਾਂ ਦੀ ਆਸਥਾ ਹੈ, ਜਿਸ ਦੇ ਉਹ ਪੈਰੋਕਾਰ ਹਨ, ਉਹ ਉਸ ਦੇ ਸੰਪੂਰਨ ਗ਼ਲਬੇ ਵਿੱਚ ਹਨ ਤੇ ਉਹ ਇਸ ਤੋਂ ਬਾਹਰ ਨਾ ਕਦੇ ਸੋਚ ਸਕਦੇ ਹਨ ਤੇ ਇਸ ਤੋਂ ਬਾਹਰ ਜਾਣ ਦੀ ਹਿੰਮਤ ਉਹਨਾਂ ਦੇ ਅੰਦਰ ਕਦੇ ਪੈਦਾ ਹੁੰਦੀ ਹੈ। ਉਹ ਆਪਣੇ ਦਿਸਹੱਦੇ ਵਿੱਚ ਹੀ ਜੀਂਦੇ ਹਨ ਤੇ ਇਹ ਉਹਨਾਂ ਦਾ ਦ੍ਰਿੜ ਵਿਸਵਾਸ ਹੁੰਦਾ ਹੈ ਕਿ ਦੁਨੀਆ ਦਿਸਹਦੇ ਤੋਂ ਪਰੇ ਖ਼ਤਮ ਹੋ ਜਾਂਦੀ ਹੈ ਤੇ ਜੋ ਉਸ ਦਿਸਹੱਦੇ ਤੋਂ ਪਾਰ ਜਾਂਣ ਦੀ ਕੋਸ਼ਿਸ਼ ਕਰਦਾ ਹੈ ਉਹ ਇਸ ਸਮਤਲ ਧਰਤੀ ਤੋਂ ਹੇਠਾਂ ਡਿੱਗ ਪੈਂਦਾ ਹੈ। ਇਹ ਦ੍ਰਿਸ਼ਟੀਕੋਣ ਸੋਲ੍ਹਵੀਂ ਸਦੀ ਤੱਕ ਤਾਂ ਠੀਕ ਸੀ ਪਰ ਉਸ ਤੋਂ ਬਾਅਦ ਤਾਂ ਦੁਨੀਆ ਬਹੁਤ ਬਦਲ ਗਈ ਹੈ। ਪਰ ਅਜਿਹੇ ਲੋਕ ਹਾਲੇ ਵੀ ਇਸੇ ਦ੍ਰਿਸ਼ਟੀਕੋਣ ਤੋਂ ਹੀ ਸੋਚਦੇ, ਵੇਖਦੇ ਹਨ।
ਜੇ ਕਰ ਧਰਮ ਦੇ ਖੇਤਰ ਵਿੱਚ ਵੀ ਉਹਨਾਂ ਨੇ ਥੋੜ੍ਹੀ ਚਹਿਲ ਕਦਮੀ ਕੀਤੀ ਹੁੰਦੀ ਤਾਂ ਠੀਕ ਸੀ ਪਰ ਉਹਨਾਂ ਨੇ ਆਪਣਾ ਇਕ ਪੈਰ ਇਕ ਕਿੱਲੇ ਨਾਲ ਬੰਨ੍ਹਿਆ ਹੁੰਦਾ ਹੈ ਤੇ ਉਹ ਆਪਣੇ ਹੀ ਇਕ ਬਹੁਤ ਹੀ ਸੀਮਤ ਦਾਇਰੇ ਵਿੱਚ ਬਤੀਤ ਕਰਨ ਨੂੰ ਹੀ ਜ਼ਿੰਦਗੀ ਦਾ ਅਸਲੀ ਮਕਸਦ ਸਮਝਦੇ ਹਨ। ਅਜਿਹੇ ਲੋਕ ਬਹੁਤ ਵਧੀਆ ਸਾਧਨ ਹੁੰਦੇ ਹਨ ਉਹਨਾਂ ਵਿਹਲੜ ਨਿਖੱਟੂਆਂ ਲਈ ਜੋ ਜ਼ਿੰਦਗੀ ਦੀ ਜੱਦੋ ਜਹਿਦ ਤੋਂ ਦੌੜ ਕੇ ਸਾਧ ਬਣੇ ਹੁੰਦੇ ਹਨ ਤੇ ਸਮਾਜ ਦੇ ਪਰਜੀਵੀਆਂ ਵਾਂਗ ਕਿਸੇ ਨਾ ਕਿਸੇ ਸ਼ਿਕਾਰ ਦੀ ਭਾਲ ਵਿੱਚ ਰਹਿੰਦੇ ਹਨ ਜਿਸ ਦੀ ਮਿਹਤਨ ਦੀ ਕਮਾਈ ਵਿੱਚ ਉਹ ਬਰਕਤ ਪਾ ਸਕਣ ਤੇ ਇਸ ਨੂੰ ਆਪਣੀ ਬਰਕਤ ਦਾ ਸਾਧਨ ਸਮਝ ਸਕਣ।
ਧਰਮ ਕਰਮ ਵਿੱਚ ਵਿਸ਼ਵਾਸ ਰੱਖਣ ਵਾਲੇ ਅਜਿਹੇ ਲੋਕ ਵਿਹਲੜ ਨਿਖੱਟੁਆਂ ਨੂੰ ਪਾਲਦੇ ਹਨ ਜਾਂ ਇਉਂ ਕਹਿ ਲਉ, ਕਿ ਇਹ ਉਹਨਾਂ ਅਖੌਤੀ ਧਾਰਮਕ ਸਾਧਾਂ ਨੂੰ ਆਪਣੇ ਸਿਰ ਉਪਰ ਚੁੱਕੀ ਫਿਰਦੇ ਹਨ ਤੇ ਜੇ ਉਹ ਇਹਨਾਂ ਦਾ ਖੂਨ ਚੂਸਣ ਤਾਂ ਵੀ ਇਹਨਾਂ ਨੂੰ ਇਸ ਵਿੱਚ ਕੋਈ ਇਤਰਾਜ਼ ਨਹੀਂ ਹੁੰਦਾ। ਅਜਿਹੇ ਲੋਕ ਧਾਗਿਆਂ ਤਵੀਤਾਂ ਵਿੱਚ ਬੱਝੇ ਹੁੰਦੇ ਹਨ ਜਾਂ ਉਹਨਾਂ ਦੇ ਇਹ ਕੈਦੀ ਹੁੰਦੇ ਹਨ। ਪੜ੍ਹੇ ਲਿਖੇ ਹੋਣ ਦੇ ਬਾਵਜੂਦ ਇਹਨਾਂ ਨੇ ਆਪਣੇ ਉਪਰ ਧਰਮ ਕਰਮ ਦਾ ਗ਼ਲਬਾ ਕਸ ਕੇ ਫੜਿਆ ਹੁੰਦਾ ਹੈ। ਭਾਵ ਕੰਬਲ ਛੱਡੇ ਨਾ ਛੱਡੇ ਪਰ ਇਹ ਕੰਬਲ ਨੂੰ ਛੱਡਣ ਲਈ ਤਿਆਰ ਨਹੀਂ ਹੁੰਦੇ।
ਇਹ ਗੱਲ ਧਰਮ ਦੇ ਮਸਲੇ ਉਪਰ ਕਈ ਥਾਂਵਾਂ ਤੇ ਬਹਿਸ ਕਰਨ ਨਾਲ ਸਾਹਮਣੇ ਆਈ। ਕੋਈ ਵੀ ਗੱਲ ਬਾਤ ਜਾਂ ਬਹਿਸ ਦਾ ਇਕ ਤਰੀਕਾ ਹੁੰਦਾ ਹੈ। ਤੁਸੀਂ ਕਿਸੇ ਮਸਲੇ ਉਪਰ ਆਪਣੀ ਗੱਲ ਕਹੋ ਤੇ ਸੁਣੋ, ਜੇ ਚੰਗੀ ਲੱਗੇ ਉਸ ਨੂੰ ਠੋਕ ਵਜਾ ਕੇ ਅਪਣਾਓ। ਆਪਣਾ ਨਜ਼ਰੀਆ ਬਦਲੋ, ਜੇ ਬਦਲ ਸਕਦਾ ਹੈ। ਜਾਣਕਾਰੀ ਲੱਭੋ, ਗਿਆਨ ਦਾ ਹਿਸਾ ਬਣਾਓ ਤੇ ਜ਼ਿੰਦਗੀ ਦੀ ਰਾਹ ਉਪਰ ਇਕ ਪੁਲਾਂਘ ਹੋਰ ਪੁੱਟੋ ਤਾਂ ਜੋ ਕੁਝ ਨਵਾਂ, ਕੁਝ ਚੰਗਾ ਸੋਚਿਆ ਜਾ ਸਕੇ। ਕੋਈ ਵੀ ਵਿਚਾਰਧਾਰ ਇਕ ਦਮ ਨਹੀਂ ਬਣਦੀ ਨਾ ਹੀ ਇਹ ਇਲਹਾਮ ਹੁੰਦੀ ਹੈ ਕਿ ਕਿਸੇ ਨੇ ਤਿਆਰ ਕੀਤੀ ਹੋਈ ਵਿਚਾਰ ਧਾਰਾ ਜਾਂ ਜਾਣਕਾਰੀ ਇਕ ਹੀ ਥਾਂਵੇਂ ਪਰੋਸ ਦਿਤੀ। ਗਿਆਨ ਦਾ ਵਿਕਾਸ ਹੁੰਦਾ ਹੈ। ਹੌਲੀ ਹੌਲੀ ਤੇ ਫਿਰ ਸਮਾਂ ਪਾ ਕੇ ਇਹ ਆਪਣੇ ਆਪ ਵਿੱਚ ਸੰਪੂਰਨ ਹੋਣ ਦੀ ਕੋਸ਼ਿਸ਼ ਕਰਦਾ ਹੈ, ਪਰ ਉਦੋਂ ਤੱਕ ਗਿਆਨ ਦੇ ਅੰਦਰੋਂ ਹੀ ਕਈ ਰਸਤੇ ਨਿਕਲ ਆਉਂਦੇ ਹਨ ਜੋ ਤੁਹਾਨੂੰ ਉਸ ਤੋਂ ਅੱਗੇ ਜਾਣ ਲਈ ਪਰੇਰਦੇ ਹਨ।
ਗਿਆਨ ਉਹ ਜੋ ਗਿਆਨ ਇੰਦਰੀਆਂ ਰਾਹੀਂ ਪ੍ਰਾਪਤ ਹੁੰਦਾ ਹੈ ਪਰ ਇਸ ਦੇ ਵਾਸਤੇ ਤੁਹਾਨੂੰ ਸੰਵੇਦਨਸ਼ੀਲ ਹੋਣ ਦੀ ਲੋੜ ਪੈਂਦੀ ਹੈ। ਜੇ ਸੰਵੇਦਨਸ਼ੀਲਤਾ ਨਹੀਂ ਹੈ ਤਾਂ ਪੱਥਰ ਤੇ ਤੁਹਾਡੇ ਵਿੱਚ ਅੰਤਰ ਨਹੀਂ। ਮੈਂ ਇਥੇ ਕਿਸੇ ਨੂੰ ਜਾਂ ਤੁਹਾਨੂੰ ਪੱਥਰ ਨਹੀਂ ਕਹਿ ਰਿਹਾ ਪਰਤੂੰ ਸੰਵੇਦਨਸ਼ੀਲ ਆਦਮੀ ਹੀ ਜੀਵੰਤ ਆਦਮੀ ਸਮਝਿਆ ਜਾਂਦਾ ਹੈ ਜੋ ਸੰਵੇਦਨਸ਼ੀਲ ਨਹੀਂ ਹੈ ਉਹ ਤਾਂ ਪਸ਼ੂ ਤੋਂ ਵੀ ਬਦਤਰ ਹੈ। ਗਿਆਨ ਇੰਦਰੀਆਂ ਸਾਰੀ ਜਾਣਕਾਰੀ ਅੱਗੇ ਦਿਮਾਗ ਵਿੱਚ ਪਹੁੰਚਾਉਂਦੀਆਂ ਹਨ ਜਿਥੇ ਇਹਨਾਂ ਨੂੰ ਪੁਰਾਣੀ ਜਾਣਕਾਰੀ ਨਾਲ ਮੇਲ ਕੇ ਜਾਂ ਰਖਿਆ ਤੇ ਸਾਂਭਿਆ ਜਾਂਦਾ ਹੈ ਜਾਂ ਇਸ ਨੂੰ ਹੂੰਝ ਕੇ ਸਾਫ਼ ਕਰ ਦਿਤਾ ਜਾਂਦਾ ਹੈ। ਇਸ ਕੇਸ ਵਿੱਚ ਸਾਡਾ ਦਿਮਾਗ ਉਹਨਾਂ ਸਾਰੀਆਂ ਜਾਣਕਾਰੀਆਂ ਨੂੰ ਰੱਦ ਕਰ ਦੇਣ ਦੀ ਸਮਰਥਾ ਰੱਖਦਾ ਹੈ ਜਿਸ ਨੂੰ ਉਹ ਸਮਝਦਾ ਹੈ ਕਿ ਇਹ ਵਿਵੇਕ ਉਪਰ ਖਰੀਆਂ ਨਹੀਂ ਹਨ। ਇਸ ਤਰ੍ਹਾਂ ਗਿਆਨ ਹੌਲੀ ਹੌਲੀ ਵੱਧਦਾ ਫੈਲਦਾ ਤੇ ਵਿਸਤਰਿਤ ਹੁੰਦਾ ਰਹਿੰਦਾ ਹੈ। ਜੇ ਅਜਿਹਾ ਹੁੰਦਾ ਰਹੇ ਤਾਂ ਠੀਕ ਹੈ ਪਰਤੂੰ ਜੇ ਅਸੀਂ ਆਪਣੇ ਦਿਮਾਗ਼ ਨੂੰ ਇਸ ਕੰਮ ਤੋਂ ਰੋਕ ਦੇਈਏ ਤਾਂ ਸਾਰਾ ਕੁਝ ਸਿਮਟ ਕੇ ਰਹਿ ਜਾਂਦਾ ਹੈ। ਵਿਕਾਸ ਵਧਣ ਦਾ ਨਾਂ ਹੈ ਨਾ ਕਿ ਇਕ ਥਾਂ ਆਸੀਨ ਹੋ ਜਾਣ ਦਾ ਨਾਂ। ਆਪਣੇ ਦਿਮਾਗ਼ ਨੂੰ ਰੋਕ ਦੇਣਾ, ਉਸ ਦੀ ਕਾਰਜ ਸ਼ੈਲੀ ਵਿੱਚ ਵਿਘਣ ਪਾਉਣਾ ਹੀ ਅੰਧ ਵਿਸ਼ਵਾਸ ਹੈ। ਇਸ ਵਾਸਤੇ ਗੁਰਬਾਣੀ ਨੇ ਇਕ ਬਹੁਤ ਹੀ ਸੁੰਦਰ ਨਜ਼ਰੀਆ ਦਿਤਾ ਹੈ- ਮਨ ਅੰਧਾ ਨਾਓ ਸੁਜਾਣ॥
ਮਨੁੱਖ ਨੂੰ ਮਨ ਦਾ ਅੰਧਾ ਨਹੀਂ ਹੋਣਾ ਚਾਹੀਦਾ। ਕੁਦਰਤ ਨੇ ਮਨੁੱਖ ਨੂੰ ਸੋਝੀ ਦਿਤੀ ਹੈ, ਸਮਝ ਦਿਤੀ ਹੈ ਤੇ ਇਸ ਵਾਸਤੇ ਉਸ ਨੂੰ ਆਪਣੇ ਗਿਆਨ ਤੇ ਵਿਵੇਕ ਨਾਲ ਹਰ ਗੱਲ ਨੂੰ ਪਰਖਣਾ ਚਾਹੀਦਾ ਹੈ ਤੇ ਫਿਰ ਅਪਣਾਉਣਾ ਨਾਂ ਰੱਦ ਕਰਨਾ ਚਾਹੀਦਾ ਹੈ। ਗਿਆਨ ਤੇ ਵਿਵੇਕ ਵੱਖ ਵੱਖ ਚੀਜ਼ਾਂ ਹਨ। ਗਿਆਨ ਗਿਆਨ ਇੰਦਰੀਆਂ ਰਾਹੀਂ ਇਕੱਠੀ ਹੋਣ ਵਾਲੀ ਜਾਣਕਾਰੀ ਦੀ ਤਰਤੀਬ ਵਾਰ ਸਾਂਭ ਸੰਭਾਲ ਦਾ ਨਾਂ ਹੈ ਜਦੋਂ ਕਿ ਵਿਵੇਕ ਉਹਨ ਮਾਪਦੰਡ ਹਨ ਜੋ ਅਸੀਂ ਹੌਲੀ ਹੌਲੀ ਆਪਣੀ ਸਮਝ ਨਾਲ ਵਿਕਸਤ ਕਰਦੇ ਹਾਂ ਜਿਸ ਨਾਲ ਅਸੀਂ ਹਰ ਗੱਲ ਨੂੰ ਪਰਖਦੇ ਹਾਂ। ਮਨੁਖ ਨੂੰ ਗਿਆਨ ਵਾਨ ਹੋਣਾ ਚਾਹੀਦਾ ਹੈ ਤੇ ਵਿਵੇਕਸ਼ੀਲ ਵੀ। ਇਸੇ ਗਿਆਨ ਤੇ ਵਿਵੇਕ ਤੋਂ ਇਕ ਬੁੱਧੀ ਉਪਜਦੀ ਹੈ। ਇਹ ਬੁੱਧੀ ਹੀ ਅਸਲ ਵਿੱਚ ਕਿਸੇ ਵਿਅਕਤੀ ਦੀ ਸੱਭ ਤੋਂ ਕੀਮਤੀ ਚਿਜ਼ ਹੁੰਦੀ ਹੈ। ਵਿਦਵਤਾ ਬਾਰੇ ਵੀ ਇਕ ਤੱਥ ਇਹ ਵੀ ਹੈ ਕਿ ਜ਼ਰੂਰੀ ਨਹੀਂ ਹਰ ਵਿਦਵਾਨ ਵਿਅਕਤੀ ਸਿਆਣਾ ਹੋਵੇ, ਸਿਆਣਪ ਤੇ ਬੁੱਧੀ ਸਮਅਰਥੀ ਸ਼ਬਦ ਹਨ।
ਸਿਆਣਪ ਹੀ ਵਿਅਕਤੀ ਨੂੰ ਸਿਆਣਾ ਬਣਾਉਂਦੀ ਹੈ ਤੇ ਸਮਾਜ ਵਿੱਚ ਹਮੇਸ਼ਾ ਤੋਂ ਹੀ ਸਿਆਣੇ ਵਿਅਕਤੀਆਂ ਦੀ ਕਦਰ ਕੀਤੀ ਜਾਂਦੀ ਰਹੀ ਹੈ। ਸਿਆਣੇ ਵਿਅਕਤੀ ਹੀ ਰਾਜ ਦਰਬਾਰ ਦੀ ਸ਼ੋਭਾ ਹੁੰਦੇ ਸਨ। ਲੋਕ ਅਖਾਣਾਂ ਵਿੱਚ ਸਿਆਣੇ ਲੋਕਾਂ ਦੀ ਸਿਆਣਪ ਝਲਕਦੀ ਹੈ ਤੇ ਪੁਰਾਣੇ ਸਮੇਂ ਵਿੱਚ ਸਿਆਣੇ ਲੋਕਾਂ ਦੀ ਸਲਾਹ ਨਾਲ ਲੋਕ ਕੰਮ ਕਰਿਆ ਕਰਦੇ ਸਨ। ਸਿਆਣਪ ਉਮਰ ਦੇ ਅਨੁਭਵ ਨਾਲ ਆਉਂਦੀ ਹੈ। ਬੁੱਧੀਵਾਨ ਵਿਅਕਤੀ ਹੋਲੀ ਹੌਲੀ ਸਿਆਣਾ ਹੋ ਜਾਂਦਾ ਹੈ ਭਾਵ ਉਹ ਆਪਣੀ ਬੁੱਧੀ ਦੀ ਉਪਯੁਕਤ ਵਰਤੋਂ ਕਰਨਾ ਸਿਖ ਲੈਂਦਾ ਹੈ। ਸਾਡੇ ਸਭਿਆਚਾਰ ਤੇ ਬੋਲਚਾਲ ਵਿੱਚ ਬਹੁਤ ਸਾਰੀਆਂ ਲੋਕ ਸਿਆਣਪਾਂ ਅਜਿਹੇ ਲੋਕਾਂ ਦੀ ਦੇਣ ਹਨ।
ਪਰ ਇਹ ਸੱਭ ਕੁਝ ਤਦ ਹੀ ਹੋਇਆ ਕਿਉਂ ਕਿ ਇਹ ਲੋਕ ਬਹੁਤ ਸੰਵੇਦਨ ਸ਼ੀਲ ਸਨ ਤੇ ਇਹਨਾਂ ਨੇ ਇਕ ਵਿਵੇਕ ਵਿਕਸਤ ਕੀਤਾ ਤੇ ਗਿਆਨ ਨੂੰ ਬੁੱਧੀ ਵਿੱਚ ਤਬਦੀਲ ਕਰ ਲਿਆ। ਜੇ ਕਰ ਉਹ ਲੋਕ ਵਿਵੇਕਸ਼ੀਲ ਨਾ ਹੁੰਦੇ ਤੇ ਵਿਚਾਰਾਂ ਦੇ ਵਿਕਾਸ ਦੇ ਰਾਹ ਨਾ ਪਏ ਹੁੰਦੇ ਤਾਂ ਅੱਜ ਵੀ ਸਮਾਂ ਤੇ ਇਤਿਹਾਸ ਅਪਣੀ ਰੁਕੀ ਹੋਈ ਹਾਲਤ ਵਿੱਚ ਹੁੰਦਾ। ਵਿਕਾਸ ਹੀ ਜ਼ਿੰਦਗੀ ਦੀ ਰਾਹ ਹੈ ਤੇ ਹਰ ਹੀਲੇ ਤੇ ਹਰ ਹਾਲ ਵਿੱਚ ਵਿਕਾਸ ਦੇ ਰਾਹ ਹੀ ਪੈਣਾ ਚਾਹੀਦਾ ਹੈ।
ਆਪਣੇ ਆਲੇ ਦੁਆਲੇ ਨਜ਼ਰ ਮਾਰ ਕੇ ਦੇਖੋ। ਕਿੰਨਾ ਕੁਝ ਬਦਲਿਆ ਹੈ ਤੇ ਹੋਰ ਕਿੰਨਾ ਕੁਝ ਬਦਲ ਰਿਹਾ ਹੈ।ਅੱਜ ਤੋਂ ਦਸ ਸਾਲ ਪਹਿਲਾਂ ਦੀ ਜ਼ਿੰਦਗੀ ਤੇ ਅੱਜ ਵਿੱਚ ਢੇਰ ਫਰਕ ਹੈ। ਤੁਹਾਡੇ ਆਪਣੇ ਅੰਦਰ ਵੀ ਬਹੁਤ ਕੁਝ ਬਦਲ ਗਿਆ ਹੋਵੇਗਾ। ਤੁਸੀਂ ਅਸਮਾਨ ਵੱਲ ਉਸ ਤਰ੍ਹਾਂ ਨਹੀਂ ਦੇਖਦੇ ਹੋਵੋਗੇ ਜਿਵੇਂ ਅੱਜ ਤੋਂ ਦਸ ਸਾਲ ਪਹਿਲਾਂ ਵੇਖਦੇ ਸੀ, ਜਾਂ ਬਚਪਨ ਵਿੱਚ ਦੇਖਿਆ ਕਰਦੇ ਸੀ। ਵਿਆਹ ਸ਼ਾਦੀ ਦੇ ਰਿਵਾਜ਼ ਬਦਲ ਰਹੇ ਹਨ। ਗੱਲ ਬਾਤ ਦਾ ਤਰੀਕਾ ਤੇ ਸਲੀਕਾ ਬਦਲ ਰਿਹਾ ਹੈ। ਇਸ ਸੱਭ ਵਿੱਚ ਕੁਝ ਨਾ ਕੁਝ ਵਿਕਾਸ ਜ਼ਰੂਰ ਹੋਇਆ ਹੈ। ਧਰਮ ਕਰਮ ਵਿੱਚ ਵੀ ਉਵੇਂ ਵਾਲੀ ਗੱਲ ਨਹੀਂ ਰਹੀ। ਜਗਰਾਤੇ ਕਰਨ ਦਾ ਰਿਵਾਜ ਬਦਲ ਰਿਹਾ ਹੈ। ਸਾਰੀ ਰਾਤ ਦੀ ਬਜਾਏ ਕੁਝ ਦੇਰ ਵਾਸਤੇ ਹੀ ਜਾਗਰਣ ਕੀਤੇ ਜਾਂਦੇ ਹਨ। ਜੰਮਣ ਮਰਨ ਦੀਆਂ ਰਸਮਾਂ ਤੇ ਮੁਕਾਣ ਤੇ ਸੋਗ ਦੇ ਹਾਲਾਤ ਬਦਲ ਗਏ ਹਨ। ਅੱਜ ਕਲ੍ਹ ਤੀਜੇ ਦਿਨ ਕ੍ਰਿਆ ਕਰਕ ਕੇ ਭੋਗ ਪਾਉਣ ਦਾ ਰਿਵਾਜ ਪ੍ਰਚਲਤ ਹੋ ਗਿਆ ਹੈ। ਜਦੋਂ ਕਿ ਪੁਰਾਣਾ ਵਿਸ਼ਵਾਸ ਸੀ ਕਿ ਮਰਨ ਵਾਲੇ ਦੀ ਆਤਮਾ ਪਰਵਾਰ ਵਿੱਚ 13 ਦਿਨ ਤੱਕ ਰਹਿੰਦੀ ਹੈ। ਗਰੂੜ ਪੁਰਾਣ ਦੇ ਪਾਠ ਤੇ ਕਥਾ ਤੋਂ ਬਾਅਦ ਉਸ ਦੀ ਬਾਕਾਇਦਾ ਗਤੀ ਕਰਵਾਈ ਜਾਂਦੀ ਹੈ। ਉਸ ਨੂੰ ਭੂਤਕਾਲ ਦਾ ਹਿਸਾ ਬਣਾ ਦਿਤਾ ਜਾਂਦਾ ਹੈ। ਸਿਖਾਂ ਵਿੱਚ ਵੀ ਸਾਧਾਰਨ ਪਾਠ ਰੱਖਣ ਦੀ ਬਜਾਏ ਮਰਗ ਉਪਰੰਤ ਆਖੰਡ ਪਾਠ ਕਰਵਾ ਕੇ ਤੀਜੇ ਦਿਨ ਭੋਗ ਪਾਉਣ ਦਾ ਰਿਵਾਜ ਬਣ ਗਿਆ ਹੈ। ਇਹ ਤਬਦੀਲਿਆਂ ਕਿਸ ਨੇ ਕੀਤੀਆਂ। ਕੀ ਇਸ ਬਾਰੇ ਕੋਈ ਰੱਬੀ ਹੁਕਮ ਪ੍ਰਾਪਤ ਹੋਇਆ ਹੈ ਜਾਂ ਕੋਈ ਮਹਾਰਾਜ ਦਾ ਹੁਕਮ ਲਿਆ ਗਿਆ ਤਾਂ ਇਹ ਸੋਝੀ ਹੋਈ ਹੈ? ਨਹੀਂ ਇਸ ਸੱਭ ਦੇ ਪਿੱਛੇ ਜੋ ਆਰਥਕ ਹਾਲਤ ਹਨ ਉਹਨਾਂ ਦੀ ਸਹੂਲਤ ਨੂੰ ਮੁੱਖ ਰੱਖ ਕੇ ਇਹ ਫੈਸਲਾ ਕੀਤਾ ਗਿਆ ਤੇ ਇਸ ਨੂੰ ਸਮਾਜਕ ਤੌਰ ਤੇ ਅਪਣਾ ਲਿਆ ਗਿਆ ਹੈ। ਅਸਲ ਵਿੱਚ ਆਰਥਕ ਲੋੜਾਂ ਹੀ ਵਿਕਾਸ ਦੀ ਗਤੀ ਨੂੰ ਤੋਰਦੀਆਂ ਹਨ ਤੇ ਨਵਾਂ ਰਸਤਾ ਦਿਖਾਉਂਦੀਆਂ ਹਨ। ਇਸ ਲਈ ਅੰਧ ਵਿਸਵਾਸ ਤੋਂ ਬਚਣ ਦੀ ਪ੍ਰੇਰਨਾ ਦੇਣਾ ਮੇਰਾ ਮਕਸਦ ਹੈ।
ਵਿਸਵਾਸ ਕੀ ਹੈ? ਤੁਸੀਂ ਕਿਸੇ ਦੀ ਕਹੀ ਗੱਲ ਉਪਰ ਵਿਸਵਾਸ ਕਰ ਲੈਂਦੇ ਹੋ। ਕਿਉਂ?
ਸਾਡੇ ਸਰੀਰ ਵਿੱਚ ਕੁਝ ਅਜਿਹੇ ਕਾਰਜ ਹੁੰਦੇ ਹਨ ਜਿਹਨਾਂ ਦਾ ਕੰਮ ਸਾਡੇ ਸਰੀਰ ਨੂੰ ਬਚਾਉਣਾ ਹੁੰਦਾ ਹੈ ਤੇ ਇਹ ਆਪਣੇ ਆਪ ਹੁੰਦੇ ਹਨ, ਸ੍ਵੈ ਨਿਮਰਤ ਤੇ ਸ੍ਵ੍ਵੈ ਚਾਲਤ, ਇਹਨਾਂ ਉਪਰ ਸਾਡਾ ਕੰਟਰੋਲ ਨਹੀਂ ਹੁੰਦਾ। ਇਹੋ ਹਾਲ ਸਾਡੀਆਂ ਆਦਤਾਂ ਦਾ ਹੁੰਦਾ ਹੈ ਜਿਹਨਾਂ ਕਾਰਜਾਂ ਦਾ ਸਾਡਾ ਸਰੀਰ ਆਦੀ ਹੁੰਦਾ ਹੈ ਉਹ ਆਪਣੇ ਆਪ ਵਾਪਰਦੀਆਂ ਹਨ। ਇਹਨਾਂ ਦਾ ਇਕ ਮੁਖ ਮਕਸਦ ਸਾਡੇ ਸਰੀਰ ਦੀ ਰੱਖਿਆ ਕਰਨਾ ਹੁੰਦਾ ਹੈ ਤੇ ਸਰੀਰ ਦੀ ਕਾਰਜ ਪ੍ਰਣਾਲੀ ਤੇ ਕਾਰਜ ਸ਼ੈਲੀ ਨੂੰ ਆਸਾਨ ਬਣਾਉਣਾ ਹੁੰਦਾ ਹੈ। ਇਹ ਆਦਤਾਂ ਸਰੀਰ ਵੱਲੋਂ ਇਕ ਸ਼ਾਰਟਕੱਟ ਦੀ ਤਰ੍ਹਾਂ ਅਪਣਾਈਆਂ ਜਾਂਦੀਆਂ ਹਨ। ਇਹਨਾਂ ਵਿੱਚ ਸ਼ਾਮਲ ਹਨ, ਅੱਖਾਂ ਦਾ ਝਪਕਣਾ, ਨਿੱਛ ਮਾਰਨਾ, ਖਾਜ ਕਰਨਾ, ਸੁੰਘਣਾ ਸੁਣਨਾ ਆਦਿ। ਅੱਖ ਝਪਕਣ ਦਾ ਇਕ ਕੁਦਰਤੀ ਕਾਰਜ ਹੈ ਅੱਖ ਦੇ ਉਪਰਲੇ ਹਿਸੇ ਨੂੰ ਹਮੇਸ਼ਾ ਗਿੱਲਾ ਰੱਖਣਾ। ਪਰ ਦੂਸਰਾ ਕਾਰਜ ਜੋ ਆਦਤ ਚੋਂ ਪੈਦਾ ਹੋਇਆ ਹੈ ਉਹ ਹੈ ਅੱਖ ਨੂੰ ਬਾਹਰੀ ਕਿਸੇ ਵੀ ਹਮਲੇ ਤੋਂ ਬਚਾਉਣ ਲਈ ਅੱਖ ਦਾ ਝਪਕਿਆ ਜਾਣਾ। ਇਹ ਕਾਰਜ ਸ੍ਵੈ ਚਾਲਤ ਹੈ ਪਰ ਇਸ ਦਾ ਆਰੰਭ ਇਕ ਪ੍ਰਣਾਲੀ ਵਜੋ ਹੋਇਆ ਹੋਵੇਗਾ ਪਰ ਸਮਾਂ ਪਾ ਕੇ ਇਹ ਇਕ ਆਦਤ ਬਣ ਗਈ ਜੋ ਸਰੀਰ ਨੇ ਪ੍ਰਵਾਨ ਕਰ ਲਈ ਹੁਣ ਇਸ ਦੀ ਸਾਰੀ ਕਾਰਜ ਪ੍ਰਣਾਲੀ ਤੇ ਸ਼ੈਲੀ ਦਿਮਾਗ਼ ਦੇ ਉਸ ਹਿਸੇ ਕੋਲ ਹੈ ਜੋ ਸ੍ਵੈਚਾਲਤ ਕਾਰਜਾਂ ਦਾ ਨਿਰਦੇਸ਼ਨ ਕਰਦਾ ਹੈ।
ਬਹੁਤੀ ਵਾਰੀ ਕੀਤੇ ਜਾਣ ਵਾਲੇ ਕੰਮ ਸਰੀਰ ਵਲੋਂ ਆਦਤਾਂ ਵਜੋਂ ਪ੍ਰਵਾਨ ਕਰ ਲਏ ਜਾਂਦੇ ਹਨ। ਇਸੇ ਲਈ ਜੇ ਇਕ ਵਾਰੀ ਗ਼ਲਤੀ ਦੀ ਆਦਤ ਬਣ ਜਾਏ ਤਾਂ ਉਸ ਨੂੰ ਦੂਰ ਕਰਨਾ ਮੁਸ਼ਕਲ ਹੋ ਜਾਂਦਾ ਹੈ। ਅਜਿਹੀਆਂ ਗੱਲਾਂ ਟਾਈਪ ਕਰਨ ਵਾਲਿਆਂ ਨਾਲ ਆਮ ਵਾਪਰਦੀਆਂ ਹਨ। ਕਿਸੇ ਸ਼ਬਦ ਨੂੰ ਦੇਖ ਕੇ ਉਹਨਾਂ ਦੀਆਂ ਉਂਗਲਾਂ ਵਿੱਚ ਹਰਕਤ ਹੋਣੀ ਸ਼ੁਰੂ ਹੋ ਜਾਂਦੀ ਹੈ ਭਾਂਵੇਂ ਉਹ ਟਾਈਪ ਦੀ ਮਸੀਨ ਜਾਂ ਕੀ ਬੋਰਡ ਉਪਰ ਨਾ ਹੀ ਹੋਣ ਪਰ ਉਹਨਾਂ ਦਾ ਦਿਮਾਗ਼ ਅਜਿਹੇ ਨਿਰਦੇਸ਼ ਦੇਣਾ ਸ਼ੁਰੂ ਕਰ ਦਿੰਦਾ ਹੈ। ਇਸ ਵਿੱਚ ਜੇ ਉਂਗਲਾਂ ਦੀ ਹਰਕਤ ਵਿੱਚ ਇਕ ਕ੍ਰਮ ਬਣ ਜਾਂਦਾ ਹੈ ਤੇ ਜੇ ਇਸ ਕ੍ਰਮ ਵਿੱਚ ਕੋਈ ਗ਼ਲਤੀ ਆ ਜਾਵੇ ਤਾਂ ਉਸ ਟਾਈਪਿਸਟ ਨੂੰ ਉਸੇ ਕ੍ਰਮ ਵਿੱਚ ਕੰਮ ਕਰਨ ਦੀ ਆਦਤ ਪੈ ਜਾਂਦੀ ਹੈ। ਇਸ ਦਾ ਇਕ ਹੱਲ ਇਹ ਵੀ ਹੈ ਕਿ ਟਾਈਪ ਕਰਨਾ ਬੰਦ ਕਰ ਦਿਤਾ ਜਾਵੇ ਤੇ ਕੁਝ ਦੇਰ ਸਰੀਰ ਨੂੰ ਤੇ ਦਿਮਾਗ਼ ਨੂੰ ਕੁਝ ਦੇਰ ਆਰਾਮ ਦਿਤਾ ਜਾਵੇ। ਕੁਝ ਘੰਟਿਆਂ ਦੇ ਲੰਮੇ ਵਿਸ਼ਰਾਮ ਬਾਅਦ ਇਸ ਕ੍ਰਮ ਨੂੰ ਸਹੀ ਕੀਤਾ ਜਾ ਸਕਦਾ ਹੈ।
ਸਾਡੇ ਵਿਸਵਾਸ ਵੀ ਇਸੇ ਤਰ੍ਹਾਂ ਹੀ ਸਾਰੇ ਸਮਾਜ ਦੀ ਪ੍ਰਵਾਨਤ ਸਮਾਜਕ ਸੂਝ ਚੋਂ ਉਪਜੀ ਸਰਬ ਪ੍ਰਵਾਨਤ ਜੀਵਨ ਸ਼ੈਲੀ ਨਾਲ ਜੁੜੇ ਹੁੰਦੇ ਹਨ। ਜੀਵਨ ਸ਼ੈਲੀ ਇਕ ਦਮ ਨਹੀਂ ਬਣਦੀ ਇਹ ਨਿਰੰਤਰ ਵਿਕਾਸ ਚੋਂ ਗੁਜ਼ਰ ਕੇ ਬਣਦੀ ਹੈ। ਕਿਸਾਨ ਖੇਤ ਵਿੱਚ ਹਲ ਚਲਾ ਕੇ ਬੀਜ ਬੀਜਦਾ ਹੈ। ਬੀਜ ਬੀਜਣ ਤੋਂ ਬਾਅਦ ਉਸ ਨੂੰ ਮਿੱਟੀ ਨਾਲ ਢੱਕ ਦਿੰਦਾ ਹੈ। ਫਿਰ ਉਸ ਖੇਤ ਵਿੱਚ ਪਾਣੀ ਛੱਡਦਾ ਹੈ। ਪਾਣੀ ਦੇ ਸੁਕਣ ਤੱਕ ਉਹ ਬੀਜ ਪੁੰਗਰ ਪੈਂਦੇ ਹਨ। ਖੇਤੀਬਾੜੀ ਦੀ ਇਹ ਪ੍ਰੀਕ੍ਰਿਆ ਵੇਖਣ ਨੂੰ ਬੜੀ ਸਾਧਾਰਨ ਲਗਦੀ ਹੈ ਪਰ ਇਸ ਨੂੰ ਵੀ ਵਿਕਸਤ ਹੋਣ ਵਿੱਚ ਕਈ ਸਦੀਆਂ ਲੱਗ ਗਈਆਂ ਹੋਣਗੀਆਂ। ਕਿਸੇ ਵੀ ਬੀਜ ਨੂੰ ਜਾਗਣ ਲਈ ਸਹੀ ਵੱਤਰ ਤੇ ਸਹੀ ਗਰਮੀ (ਤਾਪਮਾਨ) ਦੀ ਲੋੜ ਪੈਂਦੀ ਹੈ। ਪਰ ਇਸ ਸੂਝ ਨੂੰ ਵਿਕਸਤ ਹੋ ਕੇ ਸਮਾਜਕ ਤੌਰ ਤੇ ਪ੍ਰਵਾਨ ਹੋਣ ਵਿੱਚ ਕਈ ਦਹਾਕੇ ਲੱਗੇ ਹੋਣਗੇ ਪਰ ਇਹ ਮੂਲ ਰੂਪ ਵਿੱਚ ਸੈਕੜੇ ਸਾਲਾਂ ਤੋਂ ਵਰਤੋਂ ਵਿੱਚ ਆ ਰਹੀ ਹੈ। ਵਿਸਵਾਸ ਇਸ ਗੱਲ ਦਾ ਹੈ ਕਿ ਇਹ ਸਹੀ ਤਰੀਕਾ ਹੈ। ਤੇ ਇਸੇ ਤਰ੍ਹਾਂ ਹੀ ਕਰਨਾ ਚਾਹੀਦਾ ਹੈ। ਸੋ ਇਹ ਕੀਤਾ ਜਾ ਰਿਹਾ ਹੈ।
ਬਹੁਤੀ ਵਾਰੀ ਇਹਨਾਂ ਦੀ ਪਰਖ ਨਹੀਂ ਕੀਤੀ ਜਾਂਦੀ ਤੇ ਨਾ ਹੀ ਇਸ ਦੀ ਲੋੜ ਸਮਝੀ ਜਾਂਦੀ ਹੈ। ਇਕ ਨੌਜਵਾਨ ਦੀ ਲੱਤ ਟੁਟ ਜਾਵੇ ਤਾਂ ਉਸ ਨੂੰ ਤੁਰਨ ਫਿਰਨ ਵਾਸਤੇ ਕਿਸੇ ਸੋਟੀ ਦਾ ਸਹਾਰਾ ਲੈਣਾ ਪੈਂਦਾ ਹੈ। ਉਹ ਸੋਟੀ ਦੀ ਟੇਕ ਨਾਲ ਚੱਲ ਫਿਰ ਸਕਦਾ ਹੈ ਪਰ ਜੇ ਉਹ ਇਹ ਸਮਝ ਲਵੇ ਕਿ ਸੋਟੀ ਤੋਂ ਬਿਨਾਂ ਤੁਰਿਆ ਨਹੀਂ ਜਾ ਸਕਦਾ ਤੇ ਇਸ ਵਿਸਵਾਸ ਨਾਲ ਸੋਟੀ ਦੀ ਵਰਤੋਂ ਕਰੇ ਕਿ ਸੋਟੀ ਹੋਵੇਗੀ ਤਾਂ ਉਹ ਤੁਰੇਗਾ, ਇਹ ਅੰਧ ਵਿਸਵਾਸ ਹੈ। ਸੋਟੀ ਉਸ ਨੂੰ ਤੁਰਨ ਫਿਰਨ ਲਈ ਇਕ ਟੇਕ ਵੱਜੋਂ ਦਿਤੀ ਗਈ ਪਰ ਸਮਾਂ ਪਾ ਕੇ ਜਦੋਂ ਉਸ ਦੀਆਂ ਲੱਤਾਂ ਭਾਰ ਸਹਿਣ ਜੋਗੀਆਂ ਹੋ ਗਈਆਂ ਤੇ ਫਿਰ ਵੀ ਉਹ ਸੋਟੀ ਦੀ ਵਰਤੋਂ ਕਰੇ ਤਾਂ ਇਹ ਉਸ ਦਾ ਅੰਧ ਵਿਸਵਾਸ ਹੈ। ਹਰ ਵਿਸਵਾਸ ਦੀ ਸਮੇਂ ਨਾਲ ਪਰਖ ਕਰਨੀ ਚਾਹੀਦੀ ਹੈ। ਬਹੁਤੀ ਵਾਰੀ ਅਸੀਂ ਜਿਸ ਗੱਲ ਨੂੰ ਲੈ ਕੇ ਕੋਈ ਵਿਸਵਾਸ ਆਰੰਭਿਆ ਹੁੰਦਾ ਹੈ ਉਹ ਸਮਾਂ ਪਾ ਕੇ ਜਾਂ ਤਾਂ ਖਤਮ ਹੋ ਜਾਂਦੀ ਹੈ ਜਾਂ ਉਸ ਦੀ ਲੋੜ ਨਹੀਂ ਰਹਿੰਦੀ ਪਰ ਇਹ ਵਿਸਾਵਾਸ ਹੁੰਦਾ ਹੈ ਜੋ ਉਸ ਨੂੰ ਲਗਾਤਾਰ ਜ਼ਿੰਦਾ ਰੱਖ ਰਿਹਾ ਹੁੰਦਾ ਹੈ। ਇਸ ਨੂੰ ਕਿਸੇ ਵੀ ਸੰਧਰਭ ਵਿੱਚ ਲਿਆ ਜਾ ਸਕਦਾ ਹੈ। ਅੱਗ ਨੂੰ ਲਗਾਤਾਰ ਬਲਦੇ ਰੱਖਣਾ ਕਿਸੇ ਸਮੇਂ ਲੋਕਾਂ ਦੀ ਮਜ਼ਬੂਰੀ ਹੁੰਦੀ ਸੀ ਸੋ ਧੂਣਿਆਂ, ਜੋਤ, ਆਦਿ ਦੀ ਪ੍ਰਥਾ ਸਥਾਪਤ ਹੋ ਗਈ ਪਰ ਅੱਜ ਜਦੋਂ ਅੱਗ ਹਰ ਬੰਦੇ ਦੇ ਕਬਜ਼ੇ ਵਿੱਚ ਤੇ ਕੰਟਰੋਲ ਵਿੱਚ ਹੈ, ਫਿਰ ਵੀ ਜੋਤੀਆਂ ਜੋਤਾਂ, ਧੂਣੀਆਂ ਵਿੱਚ ਵਿਸਵਾਸ ਕਰਨਾ ਅੰਧ ਵਿਸਵਾਸ ਹੈ। ਜੇ ਤੁਸੀਂ ਥੋਹੜੀ ਜਿਹੀ ਵੀ ਸਮਾਜਕ ਸੂਝ ਰੱਖਦੇ ਹੋ ਤਾਂ ਆਪਣੇ ਹਰ ਵਿਸਵਾਸ ਨੂੰ ਪਰਖੋ ਤੇ ਜੇ ਉਹ ਤੁਹਾਡੀ ਜ਼ਿੰਦਗੀ ਵਿੱਚ ਬੇਲੋੜਾ ਹੈ ਉਸ ਨੂੰ ਕਬਾੜ ਸਮਝ ਕੇ ਆਪਣੇ ਜੀਵਨ ਚੋਂ ਬਾਹਰ ਹੂੰਝ ਕੇ ਸੁਟ ਦਿਓ। ਤੁਸੀਂ ਆਪਣੇ ਘਰ ਵਿੱਚ ਆਪਣੇ ਸਾਰੇ ਸਾਮਾਨ ਦੀ ਪਰਖ ਨਿਰਖ ਕਰਦੇ ਹੋ ਤੇ ਜੋ ਉਸ ਚੋਂ ਕੁਝ ਵੀ ਕੰਮ ਦਾ ਨਹੀਂ ਹੁੰਦਾ ਤਾਂ ਤੁਸੀਂ ਉਸ ਨੂੰ ਕਬਾੜੀ ਦੇ ਹਵਾਲੇ ਕਰ ਦਿੰਦੇ ਹੋ, ਇਸੇ ਤਰ੍ਹਾਂ ਤੁਹਾਨੂੰ ਆਪਣੇ ਵਿਸਵਾਸ਼ਾਂ ਦੇ ਸਿਲਸਿਲੇ ਵਿੱਚ ਕਰਨਾ ਚਾਹੀਦਾ ਹੈ।
ਬੇਲੋੜੇ ਵਿਸਵਾਸ ਤੁਹਾਡੀ ਜ਼ਿੰਦਗੀ ਨੂੰ ਸੁਖਾਵਾਂ ਨਹੀਂ ਬਣਾਉਂਦੇ ਸਗੋਂ ਉਸ ਨੂੰ ਮੁਸ਼ਕਲ ਬਣਾਉਂਦੇ ਹਨ। ਉਸ ਦੀ ਗਤੀ ਵਿੱਚ ਅਵਰੋਧ ਪੈਦਾ ਕਰਦੇ ਹਨ। ਇਹਨਾਂ ਰੁਕਾਵਟਾਂ ਨੂੰ ਖ਼ਤਮ ਕਰਨ ਵਿੱਚ ਹੀ ਭਲਾਈ ਹੈ। ਅਸਲ ਵਿੱਚ ਤੁਹਾਡੇ ਇਹ ਵਿਸਵਾਸ ਨੂੰ ਵੀ ਲੋੜ ਪੈਂਦੀ ਹੈ ਉਸ ਦੇ ਰੱਖ ਰਖਾਵ ਵਿੱਚ ਤੇ ਦੇਖ ਭਾਲ ਵਿੱਚ। ਬੇਹਤਰ ਹੈ ਜੇ ਤੁਹਾਡੇ ਵਿਸਵਾਸ ਤੁਹਾਡੀ ਜੀਵਨ ਸ਼ੈਲੀ ਨਾਲ ਮੇਲ ਖਾਂਦੇ ਹੋਣ। ਮੈਂ ਨਹੀਂ ਕਹਿੰਦਾ ਕਿ ਵਿਸਵਾਸ ਕਰਨਾ ਮਾੜੀ ਗੱਲ ਹੈ। ਇਸ ਵਿੱਚ ਕੋਈ ਬੁਰਾਈ ਨਹੀਂ।
ਵਿਸਵਾਸ ਕਿਹੜੇ ਰੱਖੀਏ ਕਿਹੜੇ ਸੁਟੀਏ?
ਜ਼ਿੰਦਗੀ ਦੀ ਚੰਗਿਆਈ ਵਿੱਚ ਵਿਸਵਾਸ ਕਰਨਾ ਚਾਹੀਦਾ ਹੈ ਤੇ ਆਪਣੇ ਮਨ ਨੂੰ ਮਾੜਾ ਸੋਚਣ ਤੋਂ ਰੋਕਣਾ ਚਾਹੀਦਾ ਹੈ। ਚੰਗਾ ਸੋਚੋਗੇ ਤਾਂ ਚੰਗਿਆ ਨਾਲ ਜੁੜੇ ਚੰਗੇ ਵਿਅਕਤੀਆਂ ਦੀ ਸੰਗਤ ਲੱਭੋਗੇ ਤੇ ਉਸ ਨਾਲ ਤੁਹਾਡੇ ਵਿਚਾਰ ਚੰਗੇ ਹੋਣਗੇ ਜੋ ਅੱਗੇ ਜਾ ਤੁਹਾਨੂੰ ਇਕ ਚੰਗਾ ਇਨਸਾਨ ਬਣਨ ਵਿੱਚ ਸਹਾਈ ਹੋਣਗੇ। ਚੰਗੇ ਹੋਣਾ ਬਿਲਕੁਲ ਉਵੇਂ ਹੀ ਹੈ ਜਿਵੇਂ ਫਲਦਾਰ ਰੁੱਖ।
ਜ਼ਿੰਦਗੀ ਦੀ ਚੰਗਿਆਈ ਵਿੱਚ ਵਿਸਵਾਸ ਕਰਨਾ ਚਾਹੀਦਾ ਹੈ ਤੇ ਆਪਣੇ ਮਨ ਨੂੰ ਮਾੜਾ ਸੋਚਣ ਤੋਂ ਰੋਕਣਾ ਚਾਹੀਦਾ ਹੈ। ਚੰਗਾ ਸੋਚੋਗੇ ਤਾਂ ਚੰਗਿਆ ਨਾਲ ਜੁੜੇ ਚੰਗੇ ਵਿਅਕਤੀਆਂ ਦੀ ਸੰਗਤ ਲੱਭੋਗੇ ਤੇ ਉਸ ਨਾਲ ਤੁਹਾਡੇ ਵਿਚਾਰ ਚੰਗੇ ਹੋਣਗੇ ਜੋ ਅੱਗੇ ਜਾ ਤੁਹਾਨੂੰ ਇਕ ਚੰਗਾ ਇਨਸਾਨ ਬਣਨ ਵਿੱਚ ਸਹਾਈ ਹੋਣਗੇ। ਚੰਗੇ ਹੋਣਾ ਬਿਲਕੁਲ ਉਵੇਂ ਹੀ ਹੈ ਜਿਵੇਂ ਫਲਦਾਰ ਰੁੱਖ।
ਆਪਣੇ ਮਾਤਾ ਪਿਤਾ ਵਿੱਚ ਵਿਸਾਵਾਸ ਰੱਖਣਾ ਚਾਹੀਦਾ ਹੈ। ਇਹ ਇਕ ਚੰਗੀ ਗੱਲ ਹੈ। ਸਮਾਜ ਵਿੱਚ ਪੁਰਾਣੇ ਹੋ ਚੁਕੇ ਇਨਸਾਨ, ਬੁੱਢੇ ਮਾਂਪਿਆਂ ਦੀ ਥਾਂ ਖਤਮ ਨਹੀਂ ਕਰ ਦੇਣੀ ਚਾਹੀਦੀ। ਉਹਨਾਂ ਨੂੰ ਬਣਦਾ ਸਤਿਕਾਰ ਦੇਣਾ ਚੰਗੀ ਗੱਲ ਹੈ। ਜੇ ਇਹ ਪਿਰਤ ਕਾਇਮ ਰੱਖੋਗੇ ਤਾਂ ਹੀ ਤੁਸੀਂ ਕਲ੍ਹ ਸਮਾਂ ਆਉਣ ਤੇ ਆਪਣੇ ਲਈ ਕੋਈ ਯੋਗ ਥਾਂ ਲੱਭ ਸਕੋਗੇ।
ਸੜਕ ਉਪਰ ਖੱਬੇ ਚੱਲਣਾ ਚੰਗੀ ਗੱਲ ਹੈ ਤੇ ਇਹ ਇਕ ਵਿਸਵਾਸ ਹੀ ਹੈ। ਸੱਚ ਵਿੱਚ ਵਿਸਵਾਸ ਰੱਖਣਾ ਤੇ ਇਮਾਨਦਾਰੀ ਦੀ ਹਾਮੀ ਭਰਨਾ ਵੀ ਵਿਸਵਾਸ ਨਾਲ ਹੀ ਜੁੜੇ ਪਹਿਲੂ ਹਨ। ਗੱਲ ਕੀ ਉਹ ਵਿਸਵਾਸ ਜਿਹਨਾਂ ਨਾਲ ਜ਼ਿੰਦਗੀ ਅੱਗੇ ਚੱਲਦੀ ਹੋਵੇ ਉਹਨਾਂ ਨੂੰ ਰੱਖੋ ਤੇ ਜਿਹੜੇ ਜ਼ਿੰਦਗੀ ਦਾ ਰਾਹ ਰੋਕਦੇ ਹੋਣ ਤੁਹਨਾਂ ਤੋਂ ਨਜਾਤ ਹਾਸਲ ਕਰ ਲਵੋ।
ਇਸ ਕੰਮ ਵਾਸਤੇ ਗਿਆਨ ਦਾ ਹੋਣਾ ਬਹੁਤ ਜ਼ਰੂਰੀ ਹੈ ਇਸ ਲਈ ਗਿਆਨ ਦੀ ਨਦੀ ਆਪਣੇ ਨੇੜੇ ਤੇੜੇ ਵਹਿੰਦੀ ਰਹਿਣ ਦੇਣੀ ਚਾਹੀਦੀ ਹੈ। ਗਿਆਨ ਨਾਲ ਜੁੜੇ ਰਹਿਣ ਵਿੱਚ ਹੀ ਭਲਾਈ ਹੈ। ਪਰ ਇਸ ਗੱਲ ਦਾ ਨਿਸ਼ਚੇ ਕਰ ਲੈਣਾ ਚਾਹੀਦਾ ਹੈ ਕਿ ਗਿਆਨ ਸਹੀ ਸੋਮਿਆਂ ਤੋਂ ਹੀ ਆਵੇ। ਗਿਆਨ ਦੇ ਸਰੋਤ ਦੀ ਸਹੀ ਜਾਣਕਾਰੀ ਰੱਖਣੀ ਜ਼ਰੂਰੀ ਹੈ। ਸਹੀ ਸਰੋਤ ਤੋਂ ਆਇਆ ਹੋਇਆ ਗਿਆਨ ਹੀ ਸਹੀ ਹੁੰਦਾ ਹੈ। ਕਦੇ ਵੀ ਕਿਸੇ ਇਸ਼ਤਿਹਾਰ ਨੂੰ ਗਿਆਨ ਦਾ ਸੋਮਾ ਨਹੀਂ ਸਮਝਣਾ ਚਾਹੀਦਾ।
ਗਿਆਨ ਦੇ ਨਾਲ ਜਿਹੜੀ ਦੂਸਰੀ ਚੀਜ਼ ਦੀ ਲੋੜ ਸੱਭ ਤੋਂ ਵੱਧ ਪੈਦੀ ਹੈ ਉਹ ਹੈ ਅਨੁਭਵ। ਨਿੱਜੀ ਅਨੁਭਵ ਤੁਹਾਨੂੰ ਨਾ ਸਿਰਫ਼ ਸੇਧ ਦਿੰਦਾ ਹੈ ਸਗੋਂ ਕਈ ਤਰ੍ਹਾਂ ਦੀਆਂ ਖਾਈਆਂ ਚੋਂ ਵੀ ਬਚਾਉਂਦਾ ਹੈ। ਸੁਣੀ ਸੁਣਾਈ ਗੱਲ ਦੀ ਬਜਾਏ ਆਪਣੇ ਨਾਲ ਵਾਪਰੀ ਘਟਨਾ ਉਪਰ ਯਕੀਨ ਕਰਨਾ ਚਾਹੀਦਾ ਹੈ।
ਆਖਰ ਵਿੱਚ ਮੈਂ ਇਕ ਲੇਖ ਦਾ ਜ਼ਿਕਰ ਕਰਨਾ ਚਾਹਾਗਾ ਜਿਸ ਵਿੱਚ ਚਾਰਲਸ ਡਾਰਵਿਨ ਦੇ ਜੀਵ ਵਿਕਾਸ ਦੇ ਬਾਰੇ ਕੀਤੀ ਗਈ ਕਿਸੇ ਧਾਰਮਕ ਵਿਦਵਾਨ ਦੀ ਟਿਪਣੀ ਦਾ ਜ਼ਿਕਾਰ ਕਰਨਾ ਚਾਹੁੰਦਾ ਹਾਂ। ਉਹ ਟਿਪਣੀ ਧਰਮ ਤੇ ਵਿਗਿਆਨ ਦੇ ਆਪਸੀ ਵਿਵਾਦ ਚੋਂ ਡਾਰਵਿਨ ਨੂੰ ਇਸ ਲਈ ਅਸਫ਼ਲ ਕਹਿੰਦੀ ਹੈ ਕਿਉਂ ਕਿ ਪਿਛਲੇ ਕੁਝ ਹਜ਼ਾਰ ਸਾਲ ਤੋਂ ਵਿਗਿਆਨਕ ਤੱਥਾਂ ਅਨੁਸਾਰ ਕਿਸੇ ਵੀ ਜੀਵ ਵਿੱਚ ਕੋਈ ਸਿਲਸਿਲੇਵਾਰ ਵਿਕਾਸ ਦਰਜ ਨਹੀਂ ਹੋਇਆ। ਭਾਵਾਂ ਪਿਛਲੇ ਕੁਝ ਹਜ਼ਾਰਾਂ ਸਾਲਾਂ ਤੋਂ ਮਨੁੱਖ ਨੇ ਕਿਸੇ ਬਾਂਦਰ ਨੂੰ ਮਨੁੱਖ ਬਣਦਾ ਨਹੀਂ ਵੇਖਿਆ। ਕੁਝ ਹੋਰ ਤਰਕ ਵੀ ਦਿਤੇ ਜਾ ਰਹੇ ਹਨ ਜੋ ਬਹੁਤਾ ਕਰਕੇ ਉਹਨਾਂ ਲੋਕਾਂ ਵਲੋਂ ਦਿਤੇ ਜਾ ਰਹੇ ਹਨ ਜੋ ਵਿਗਿਆਨ ਵਿੱਚ ਜਾਂ ਤਾਂ ਭਰੋਸਾ ਨਹੀਂ ਕਰਦੇ ਜਾਂ ਇਹ ਉਹਨਾਂ ਦੇ ਅਧਿਅਨ ਦਾ ਖੇਤਰ ਨਹੀਂ। ਅਜਿਹਾ ਵਿਰੋਧ ਪੱਛਮੀ ਦੇਸ਼ਾਂ ਵਿੱਚ ਵੀ ਦੇਖਣ ਨੂੰ ਮਿਲਿਆ ਹੈ। ਸਕੂਲ ਪਾਸ ਕਰਕੇ ਨਿਕਲਦੇ ਵਿਦਿਆਰਥੀਆਂ ਨੂੰ ਜਦੋਂ ਪੁਛਿਆ ਗਿਆ ਕਿ ਉਹ ਡਾਰਵਿਨ ਵਿਚ ਵਿਸਵਾਸ ਕਰਦੇ ਹਨ ਜਾਂ ਬਾਈਬਲ ਵਿੱਚ ਤਾਂ ਉਹਨਾਂ ਦਾ ਜਵਾਬ ਬਾਈਬਲ ਦੇ ਹੱਕ ਵਿੱਚ ਸੀ। ਇਸ ਦੇ ਵੀ ਕਈ ਕਾਰਨ ਹੋ ਸਕਦੇ ਹਨ। ਇਕ ਵੱਡਾ ਕਾਰਨ ਹੈ ਵਿਗਿਆਨ ਵਿੱਚ ਦਿਲਸਚਪੀ ਦੀ ਘਾਟ ਤੇ ਵਿਗਿਆਨ ਦੇ ਇਤਿਹਾਸ ਤੋਂ ਅਵੇਸਲਾਪਨ। ਸਕੂ਼ਲਾਂ ਦੇ ਪਾਠ ਕ੍ਰਮ ਵਿੱਚ ਵਿਗਿਆਨ ਦੇ ਇਤਿਹਾਸ ਦੀ ਬਾਕਾਇਦਾ ਪੜ੍ਹਾਈ ਨਹੀਂ ਕਰਾਈ ਜਾਂਦੀ। ਵਿਚਾਰੇ ਵਿਦਿਆਰਥੀ ਕੀ ਜਾਣਨ ਕਿ ਜਿਸ ਗਲੈਲੀਓ ਜਾਂ ਡਾਰਵਿਨ ਬਾਰੇ ਉਹ ਬੋਲ ਰਹੇ ਹਨ ਉਹਨਾਂ ਨੂੰ ਆਪਣੀ ਜ਼ਿੰਦਗੀ ਜੋਖਮ ਵਿੱਚ ਪਾ ਕੇ ਵਿਗਿਆਨਕ ਸੱਚ ਨੂੰ ਸਾਹਮਣੇ ਲਿਆਉਣਾ ਪਿਆ।
ਵਿਗਿਆਨਕ ਖੋਜਾਂ ਦਾ ਇਤਿਹਾਸ ਆਪਣੇ ਆਪ ਵਿੱਚ ਬਹੁਤ ਦਿਲਚਸਪ ਹੈ ਤੇ ਬਹੁਤ ਸਾਰੇ ਭਰਮ ਤੋੜਦਾ ਹੈ। ਉਦਾਰਹਨ ਲਈ ਵਿਗਿਆਨ ਦੀਆਂ ਬਹੁਤੀਆਂ ਖੋਜਾਂ ਲੋੜ ਨਾਲ ਜੁੜੀਆਂ ਹੋਈਆਂ ਹਨ। 19ਵੀਂ ਸਦੀ ਵਿੱਚ ਬਹੁਤੀਆਂ ਉਦਯੋਗਕ ਖੋਜਾਂ ਤੇ ਕਾਢਾ ਦਾ ਵੱਡਾ ਕਾਰਨ ਉਦਯੋਗਕ ਕ੍ਰਾਤੀ ਸੀ। ਇਸ ਸਮੇਂ ਦੌਰਾਨ, ਮੋਟਰ, ਮਸ਼ੀਨ, ਕਪੜਾ ਬੁਣਨ ਵਾਲੇ ਸਾਧਨ, ਧੁਲਾਈ, ਸੁਧਾਈ, ਰੰਗਾਈ ਤੇ ਛਪਾਈ, ਆਵਾਜਾਈ ਦੇ ਸਾਧਨ, ਸੰਚਾਰ ਦੇ ਸਾਧਨ, ਐਸ਼ੋ ਆਰਾਮ ਦੇ ਸਾਧਨ ਆਦਿ ਵਿਚ ਵਧੇਰੇ ਕੰਮ ਹੋਇਆ। ਨਵੇਂ ਸੋਮੇ, ਊਰਜਾ ਦੇ ਤੇ ਉਦਯੋਗ ਦੇ ਲੱਭੇ, ਕੱਢੇ ਗਏ। ਆਟੋਮੇਸ਼ਨ ਨੇ ਵੀ ਇਸੇ ਯੁਗ ਵਿੱਚ ਹੀ ਆਪਣਾ ਆਰੰਭ ਕੀਤਾ। ਪੲਇਹ ਸੱਭ ਕੁਝ ਇਕ ਦੱਮ ਨਹੀਂ ਹੋ ਗਿਆ। ਇਸ ਵਿੱਚ ਕਿਈ ਦਹਾਕੇ ਲੱਗੇ। ਵਿਗਿਆਨੀਆਂ ਤੇ ਖੋਜਕਾਰਾਂ ਨੂੰ ਹਰ ਤਰ੍ਹਾਂ ਦੀਆ ਮੁਸ਼ਕਲਾਂ ਜਿਹਨਾਂ ਵਿੱਚ ਸਮਾਜਕ, ਆਰਥਕ, ਰਾਜਨੀਤਕ ਤੇ ਧਾਰਮਕ ਮੁਸ਼ਕਲਾਂ ਵਧੇਰੇ ਜ਼ਿਕਰਯੋਗ ਹਨ, ਦਾ ਸਾਹਮਣਾ ਕਰਨਾ ਪਿਆ। ਇਹ ਉਹ ਸਮਾਂ ਸੀ ਜਦੋਂ ਕੰਪਊਟਰ ਵਰਗੀ ਸਮਰਥਾ ਰੱਖਣ ਵਾਲੀ ਮਸ਼ੀਨ ਹਾਲੇ ਨਹੀਂ ਸੀ ਬਣੀ। ਪਰ ਇਸ ਦੇ ਬਾਵਜੂਦ ਵਿਗਿਆਨੀਆਂ ਨੇ ਸਿਰ ਧੜ ਦੀ ਬਾਜ਼ੀ ਲਾ ਕੇ ਕੰਮ ਕੀਤਾ। ਗਿਣਤਿਆਂ ਮਿਣਤੀਆਂ ਤੇ ਨਤੀਜੇ ਸਥਾਪਤ ਕੀਤੇ। ਪਰ ਇਕ ਗੱਲ ਹੋਰ ਇਸ ਦੀ ਵਰਨਣਯੋਗ ਹੈ ਕਿ ਇਸ ਸਮੇਂ ਵਿੱਚ ਬਹੁਤਾ ਕੰਮ ਮੂਲ ਸਿਧਾਂਤਾਂ ਉਪਰ ਹੋਇਆ। ਵਿਗਿਆਨੀਆਂ ਨੇ ਮੂਲ ਨਿਯਮਾਂ ਦੀ ਖੋਜ ਕੀਤੀ ਤੇ ਉਹਨਾਂ ਬਾਰੇ ਚੰਗੇ ਸਿੱਟੇ ਕੱਢੇ।
ਪਿਛਲੇ ਕਈ ਦਹਾਕਿਆਂ ਤੋਂ ਮੂਲ ਸਿਧਾਂਤਾਂ ਉਪਰ ਕੰਮ ਨਹੀਂ ਹੋ ਰਿਹਾ। ਚਾਹੇ ਉਹ ਗਣਿਤ ਹੋਵੇ, ਜਾਂ ਵਿਗਿਆਨ ਦੇ ਦੂਜੇ ਖੇਤਰ, ਜਿੰਨਾ ਕੰਮ ਹੋ ਰਿਹਾ ਹੈ ਜਾਂ ਕੀਤਾ ਜਾ ਰਿਹਾ ਹੈ ਉਹ ਬਹੁਤਾ ਕਰਕੇ ਟਕਨੋਲੋਜੀ ਉਪਰ ਹੈ। ਪੁਰਾਣੀ ਤਕਨੋਲੋਜੀ ਨੂੰ ਹੋਰ ਵਧੇਰੇ ਵਧੀਆ ਬਣਾਇਆ ਜਾ ਰਿਹਾ ਹੈ। ਜਿਸ ਨਾਲ ਸੰਚਾਰ ਦੇ ਸਾਧਨਾਂ ਵਿੱਚ ਬਹੁਤ ਉਨਤੀ ਦੇਖਣ ਨੂੰ ਮਿਲੀ ਹੈ। ਮੌਸਮ ਬਾਰੇ ਸਟੀਕ ਜਾਣਕਾਰੀ ਉਪਲਭਦ ਹੈ। ਪੁਲਾੜ ਦੇ ਬਹੁਤ ਸਾਰੇ ਰਹੱਸ ਸਮਝੇ ਜਾ ਚੁਕੇ ਹਨ। ਧਰਤੀ ਦੇ ਹੇਠਾਂ 27 ਮੀਲ ਲੰਬੀ ਸੁਰੰਗ ਵਿੱਚ ਧਰਤੀ ਤੇ ਬ੍ਰਹਮੰਡ ਦੀ ਉਤਪਤੀ ਵਰਗੇ ਪ੍ਰਯੋਗ ਕੀਤੇ ਜਾ ਚੁਕੇ ਹਨ। ਇਹ ਸਾਰਾ ਕੁਝ ਵਿਗਿਆਨ ਦੀ ਮਦਦ ਨਾਲ ਹੀ ਸੰਭਵ ਹੋਇਆ ਹੈ।
ਜਿਹੜੇ ਲੋਕ ਧਰਮ ਦਾ ਨਾਂ ਲੈ ਕੇ ਵਿਗਿਆਨ ਨੂੰ ਨਕਾਰਦੇ ਹਨ ਉਹਨਾਂ ਨੂੰ ਸਿਰਫ਼ ਇਕ ਹੀ ਸਲਾਹ ਹੈ, ਜੋ ਕੁਝ ਵੀ ਅਜ ਦੇਖ ਰਹੇ ਹੋ, ਜੀਵਨ ਖੇਤਰ ਵਿੱਚ ਨਿਖਾਰ, ਰਹਿਣ ਸਹਿਣ ਦਾ ਚੰਗਾ ਪੱਧਰ, ਦਵਾਈਆਂ ਦੀ ਮਦਦ ਨਾਲ ਜਨਮ-ਮਰਨ ਦਰ ਉਪਰ ਕਾਬੂ, ਔਸਤਨ ਲੰਮੀ ਉਮਰ, ਸੰਚਾਰ ਦੇ ਸਾਧਨ, ਦੁਨੀਆ ਵਿੱਚ ਸੁਖ ਸੁਵਿਧਾਵਾਂ ਦੀ ਹੋਂਦ ਆਦਿ ਇਹ ਸੱਭ ਕੁਝ ਵਿਗਿਆਨ ਦੀ ਮਦਦ ਨਾਲ ਹੀ ਸੰਭਵ ਹੋਇਆ ਹੈ ਨਾ ਕਿ ਧਾਰਮਕ ਗ੍ਰੰਥਾਂ ਨਾਲ, ਇਹ ਸੱਭ ਕੁਝ ਧਰਮ ਦੀ ਦੇਣ ਨਹੀਂ ਹੈ। ਜੇ ਅੱਜ ਧਾਰਮਕ ਵਿਅਕਤੀ ਰੌਲਾ ਪਾ ਕੇ ਆਪਣੀ ਗੱਲ ਦੁਰ ਤੱਕ ਪੁਚਾ ਰਹੇ ਹਨ ਤਾਂ ਇਹ ਵੀ ਵਿਗਿਆਨ ਦੇ ਸਾਧਨਾਂ ਦੀ ਦੇਣ ਹੈ। ਜੇ ਮਨੁੱਖ ਸੱਚਮੁਚ ਹੀ ਪਾਦਰੀਆਂ ਪੰਡਤਾਂ, ਜੋਤਸ਼ੀਆਂ, ਭਾਈਆਂ, ਧਾਰਮਕ ਗ੍ਰੰਥਾਂ ਦਾ ਆਸਰਾ ਲੈ ਕੇ ਉਹਨਾਂ ਉਪਰ ਹੀ ਨਿਰਭਰ ਰਹਿੰਦਾ ਤਾਂ ਯਕੀਨਨ ਹੀ ਉਹ ਦੀਵੇ ਦੇ ਆਸਰੇ ਜ਼ਿੰਦਗੀ ਗੁਜ਼ਾਰਦਾ ਤੇ ਉਸ ਦੀ ਦੁਨੀਆ ਕੁਝ ਸੈਂਕੜੇ ਵਿਅਕਤੀਆਂ ਤੋਂ ਵੱਧ ਨਾ ਹੁੰਦੀ। ਕੁਦਰਤੀ ਮਹਾਂਮਾਰੀਆਂ ਅਤੇ ਭੁੱਖ (ਕਾਲ- ਭੋਜਨ ਦਾ ਅਭਾਵ) ਕਦੋਂ ਦੀਆਂ ਉਸ ਦੀ ਜੀਵਨ ਲੀਲਾ ਖਤਮ ਕਰ ਚੁਕੇ ਹੁੰਦੇ। ਉਸ ਦੇ ਗਿਆਨ ਦਾ ਵਖਿਆਨ ਸੁਣਨ ਵਾਲੇ ਲੋਕਾਂ ਦੀ ਗ਼ਿਣਤੀ ਕੁਝ ਸੈਂਕੜੇ ਹੀ ਹੁੰਦੀ ਤੇ ਉਹ ਚਾਹ ਕੇ ਦੁਨੀਆ ਨੂੰ ਬਦਲ ਨਾ ਸਕਦਾ। ਕਿਸੇ ਵੀ ਧਾਰਮਕ ਵਿਅਕਤੀ ਦੇ ਅੱਗਿਓਂ ਮਈਕਰੋਫੋਨ ਚੁਕ ਲਵੋਂ, ਕੈਮਰੇ ਹਟਾ ਦੇਵੋ, ਬਿਜਲੀ ਦਾ ਸਵਿਚ ਬੰਦ ਕਰ ਦਿਓ। ਉਸ ਦੀ ਫੋਨ ਲਾਈਨ ਕੱਟ ਦਿਓ, ਉਸ ਦੀ ਕਾਰ-ਗੱਡੀ ਦੀ ਸੁਵਿਧਾ ਹਟਾ ਦਿਓ, ਫੇਰ ਉਸ ਨੂੰ ਕਹੋ ਕਿ ਉਹ ਹੁਣ ਬੋਲੇ। ਵੇਖਦੇ ਹਾਂ ਕਿ ਉਸ ਨੂੰ ਕਿੰਨੇ ਲੋਕ ਸੁਣਦੇ ਹਨ ਤੇ ਉਹ ਕਿੰਨੇ ਲੋਕਾਂ ਤੱਕ ਪਹੁੰਚ ਸਕਦਾ ਹੈ। ਇਹ ਲੋੜ ਸੋਚਣ ਦੀ ਹੈ। ਵਿਗਿਆਨ ਨਾਲ ਖੜੇ ਹੋਵੇ, ਇਸੇ ਵਿੱਚ ਹੀ ਜ਼ਿੰਦਗੀ ਹੈ, ਨਾ ਕਿ ਧਰਮ ਨਾਲ।
No comments:
Post a Comment