Monday, July 18, 2011

ਆਰਤੀ

ਬਾਬਾ ਨਾਨਕ ਨੂੰ..

ਤੂੰ ਫੜ ਕੇ ਥਾਲ ਅੰਬਰ ਦਾ      
ਟਿਕਾ ਕੇ ਸੰਝ ਦੇ ਤਾਰੇ   
ਕਿਤੇ ਸੂਰਜ ਟਿਕਾ ਦਿਤਾ
ਚੰਨ ਦੀਵਾ ਬਣਾ ਦਿਤਾ
ਬਣਾ ਦਿਤਾ ਤੂੰ ਸਾਰੇ ਤਾਰਿਆਂ ਨੂੰ
ਫੁਲ ਤੇ ਮੋਤੀ
ਤੇ ਫੜ ਕੇ ਥਾਲ ਅੰਬਰ ਦਾ
ਉਹ ਹੁੰਦੀ ਆਰਤੀ ਦੇਖੀ
ਕਿਤੇ ਸੀ ਨਾਦ ਕੁਦਰਤ ਦਾ
ਕਿਤੇ ਭੇਰੀ ਜਿਹਾ ਲੱਗੇ
ਕਿਤੇ ਉਹ ਸੰਖ ਵਜਦਾ ਸੀ
ਕਿਤੇ ਸੁਰ ਤਾਲ ਵਿੱਚ ਸਜੇ
ਕਿਤੇ ਅਨਹਦ ਦਾ ਨਗ਼ਮਾ ਸੀ
ਪਿਆ ਦਿਨ ਰਾਤ ਵੱਜਦਾ ਸੀ
ਕਰੋੜਾਂ ਸਾਲ ਤੋਂ ਹੁੰਦੀ ਪਈ ਸੀ
ਆਰਤੀ ਕੈਸੀ
ਪਈ ਕਣ ਕਣ ਕਣ ਚ
ਹੁੰਦੀ ਸੀ
ਸਦਾ ਕਣ ਕਣ ਚ
ਰਹਿੰਦੀ ਸੀ
ਬਦਲਦੀ ਜਾ ਰਹੀ ਪਲ ਪਲ
ਕਦੇ ਰੋਕੇ ਨਾ ਰੁਕਦੀ ਸੀ
ਮੈਂ ਹੁੰਦੀ ਆਰਤੀ ਦੇਖੀ
ਕਿਵੇਂ ਮੈਂ ਇਸ ਤਰ੍ਹਾਂ ਦੱਸਾਂ
ਸਦਾ ਹੁੰਦੀ ਹੀ ਆਈ ਹੈ
ਸਦਾ ਹੁੰਦੀ ਹੀ ਰਹਿੰਦੀ ਹੈ
ਇਹ ਮੇਰੇ ਜ਼ਿਕਰ ਦੀ ਮਹੁਤਾਜ ਨਹੀਂ ਸੀ
ਇਹਦੀ ਸੁਰ ਵਾਸਤੇ ਕੋਈ ਸਾਜ ਨਹੀਂ ਸੀ
ਇਹਦਾ ਆਕਾਰ ਮੇਰੇ ਵਾਸਤੇ ਆਕਾਰ ਨਹੀਂ ਸੀ
ਨਾ ਇਸ ਦਾ ਰੂਪ ਸੀ
ਨਾ ਰੰਗ ਸੀ
ਬੱਸ ਢੰਗ ਸੀ ਇਸ ਦਾ
ਮੈਂ ਇਸਦੇ ਢੰਗ ਦੇ ਵਿੱਚ
ਜ਼ਿੰਦਗੀ ਦਾ ਢੰਗ ਲਭਦਾ ਹਾਂ
ਮੈਂ ਇਸ ਦੇ ਰੰਗ ਦੇ ਵਿੱਚ
ਜ਼ਿੰਦਗੀ ਦਾ ਰੰਗ ਲਭਦਾ ਹਾਂ
---------

No comments:

Post a Comment