Saturday, February 19, 2011

ਇੱਕ ਸੀ ਅਨੀਤਾ/ ਗੁਰਦੀਪ ਸਿੰਘ ਭਮਰਾ

ਇੱਕ ਸੀ ਅਨੀਤਾ/ ਗੁਰਦੀਪ ਸਿੰਘ ਭਮਰਾ

ਮੈਂ ਫਿਰ ਆਵਾਗੀਂ। ਯਾਦ ਰੱਖੀਂ। ਦੇਖੀਂ ਕਿਤੇ ਭੁੱਲ ਨਾ ਜਾਵੀਂ। - ਉਹ ਸਾਈਕਿਲ ਸਵਾਰ ਹੋਈ ਤੇ ਅਗਲੇ ਹੀ ਪਲ਼ ਮੈਂ ਉਸ ਨੂੰ ਸੜਕ ਉੱਪਰ ਆ ਜਾ ਰਹੇ ਲੋਕਾਂ ਦੀ ਭੀੜ ਵਿੱਚ ਗੁੰਮ ਹੁੰਦਿਆਂ ਦੇਖਦਾ ਰਿਹਾ। ਇਹ ਮੇਰੀ ਉਸ ਨਾਲ਼ ਆਖ਼ਰੀ ਮੁਲਾਕਾਤ ਸੀ। ਕਾਲਜ ਦੇ ਆਖ਼ਰੀ ਦਿਨ ਸਨ। ਨਤੀਜਾ ਅਖ਼ਬਾਰ ਵਿੱਚ ਛਪਣਾ ਸੀ। ਤੇ ਫਿਰ ਜਿਵੇਂ ਹਰ ਸਾਲ ਹੁੰਦਾ ਸੀ, ਸਾਰੇ ਮੁੰਡੇ ਕੁੜੀਆਂ ਆਪੋ ਆਪਣੇ ਰਾਹ ਪੈ ਜਾਂਦੇ। ਉਹ ਮੇਰੀਆਂ ਯਾਦਾਂ ਦਾ ਹਿੱਸਾ ਹੋ ਗਈ।

ਵਹਿੰਦੇ ਦਰਿਆ ਵਾਂਗ ਜ਼ਿੰਦਗੀ ਨੇ ਰੁਖ਼ ਬਦਲ ਲਿਆ। ਮੈਂ ਐਮ.ਏ. ਲ਼ਈ ਲੁਧਿਆਣੇ ਪਹੁੰਚ ਗਿਆ। ਕਾਲਜ, ਹੋਸਟਲ ਤੇ ਲਾਇਬਰੇਰੀ ਮੇਰੀ ਜ਼ਿੰਦਗੀ ਦਾ ਹਿੱਸਾ ਹੋ ਗਏ। ਨਵਾਂ ਕਾਲਜ ਤੇ ਨਵੀਂ ਦੁਨੀਆ, ਨਵੇਂ ਦੋਸਤ, ਨਵੀਆਂ ਗੱਲਾਂ, ਮੈਂ ਚਾਹ ਕੇ ਵੀ ਅਨੀਤਾ ਬਾਰੇ ਜਿਆਦਾ ਨਾ ਸੋਚ ਸਕਿਆ। ਮੈਂ ਜਾਣਦਾ ਸਾਂ ਕਿ ਉਹ ਇੱਕ ਅਮੀਰ ਘਰਾਣੇ ਦੀ ਕੁੜੀ ਸੀ, ਤੇ ਉਸ ਦੇ ਵੀ ਆਪਣੇ ਸੁਪਨੇ ਸਨ। ਪਰ ਉਸ ਸਾਲ ਜਦੋਂ ਮੈਂ ਪਤਝੜ ਦੀਆਂ ਛੁੱਟੀਆਂ ਵਿੱਚ ਘਰ ਪਰਤਿਆ ਤਾਂ ਮੇਜ਼ ਉਪਰ ਪਏ ਇੱਕ ਵਿਆਹ ਦੇ ਸੱਦੇ ਪੱਤਰ ਨੇ ਮੈਨੂੰ ਚੌਂਕਾ ਦਿੱਤਾ। ਵਿਆਹੀ ਜਾਣ ਵਾਲੀ ਕੁੜੀ ਦਾ ਨਾਂ ਅਨੀਤਾ ਸੀ। ਮੈਂ ਮੰਮੀ ਤੋਂ ਪੁੱਛਿਆ, ਉਹਨਾਂ ਦੱਿਸਆ ਕਿ ਪਿਛਲੇ ਹਫ਼ਤੇ ਹੀ ਉਸ ਦਾ ਵਿਆਹ ਹੋ ਗਿਆ। ਉਸ ਦਾ ਪਤੀ ਸ਼ਾਇਦ ਪ੍ਰੋਫੈਸਰ ਸੀ।
ਵਾਹ ਬਈ ਵਾਹ, ਕਿੱਥੇ ਤਾਂ ਅਸੀਂ ਦੋ ਸਾਲ ਹੋਰ ਕਾਲਜਾਂ ਵਿੱਚ ਮੱਥਾ ਮਾਰ ਕੇ ਕੁਝ ਬਣਾਂਗੇ ਤੇ ਕਿੱਥੇ ਇਹ ਅਨੀਤਾ ਇੱਕ ਦਮ ਹੀ ਪ੍ਰੋਫੈਸਰਨੀ ਹੋ ਗਈ ਹੈ।ਮੇਰੀ ਅਵਾਜ਼ ਵਿੱਚ ਇੱਕ ਨਿਹੋਰਾ ਜਿਹਾ ਸੀ। ਸਾਰੇ ਹੱਸ ਪਏ ਕਿਸੇ ਨੇ ਵੀ ਮੇਰੀ ਗੱਲ ਵੱਲ ਧਿਆਨ ਨਾ ਦਿੱਤਾ।

ਅਨੀਤਾ ਦਾ ਨਾਂ ਸਾਡੇ ਘਰ ਵਿੱਚ ਓਪਰਾ ਨਹੀਂ ਸੀ। ਉਹ ਮੇਰੇ ਬਚਪਨ ਦੀ ਹਾਣਨ ਸੀ। ਸਕੂਲ ਤੋਂ ਬਾਅਦ ਉਹ ਜਦੋਂ ਕਾਲਜ ਵਿੱਚ ਦਾਖ਼ਲ ਹੋਈ ਤਾਂ ਬਿਲਕੁਲ ਬਦਲ ਗਈ ਸੀ। ਉਸਦੇ ਰੂਪ ਨੇ ਨਿਖ਼ਾਰ ਲੈ ਲਿਆ ਸੀ। ਉਸ ਦੇ ਕਾਲੇ ਵਾਲੇ ਆਧੁਨਿਕ ਫ਼ੈਸਨ ਵਿੱਚ ਸਜੇ ਸੰਵਰੇ ਸਨ। ਉਸਦਾ ਚਿਹਰਾ ਖਿੜਿਆ ਖਿੜਿਆ, ਅੱਖਾਂ ਹੱਸਦੀਆਂ ਤੇ ਤੋਰ ਮਸਤਾਨੀ ਸੀ। ਸਾਰੇ ਕਾਲਜ ਦਾ ਕੇਂਦਰ ਬਿੰਦੂ ਬਣਨ ਵਿੱਚ ਉਸ ਨੂੰ ਕੋਈ ਬਹੁਤਾ ਚਿਰ ਨਹੀਂ ਸੀ ਲੱਗਾ। ਕਾਲਜ ਦੇ ਹਰ ਕਾਰਜ ਖੇਤਰ ਵਿੱਚ ਉਸ ਦਾ ਨਾਂ ਗੂੰਜਦਾ ਸੀ। ਅਨੀਤਾ ਖੇਡਾਂ ਵਿੱਚ ਹਿੱਸਾ ਲੈ ਰਹੀ ਹੈ। ਅਨੀਤਾ ਗਾਇਣ ਵਿੱਚ ਮੂਹਰੇ ਜਾ ਰਹੀ ਹੈ। ਅਨੀਤਾ ਗਿੱਧੇ ਦੀ ਕਪਤਾਨ ਚੁਣੀ ਗਈ ਹੈ। ਅਨੀਤਾ ਚਿੱਤਰ ਕਲਾ ਵਿੱਚ ਨਵੇਂ ਰੰਗ ਬਿਖੇਰ ਰਹੀ ਹੈ। ਹਰ ਜ਼ਬਾਨ ਉਪੱਰ ਅਨੀਤਾ ਦਾ ਨਾਂ ਸੀ।

ਕੁੜੀਆਂ ਵਿੱਚ ਉਹ ਹਰਮਨ ਪਿਆਰੀ ਸੀ ਕਿਉਂ ਕਿ ਉਹਨਾਂ ਨੇ ਉਸ ਨੂੰ ਆਪਣਾ ਲੀਡਰ ਬਣਾ ਲਿਆ ਸੀ। ਮੁੰਡਿਆਂ ਨੂੰ ਉਹ ਚੰਗੀ ਲੱਗਦੀ ਸੀ, ਕਿਉਂ ਕਿ ਉਸ ਨੇ ਉਹਨਾਂ ਦੇ ਦਿਲ ਵਿੱਚ ਘਰ ਕਰ ਲਿਆ ਸੀ। ਪਰ ਉਦੋਂ ਕਾਲਜਾਂ ਵਿੱਚ ਮੁੰਡੇ ਕੁੜੀਆਂ ਆਪੋ ਵਿੱਚ ਗੱਲ ਨਹੀਂ ਸਨ ਕਰਿਆ ਕਰਦੇ। ਗੱਲਬਾਤ ਹੋਈ ਨਹੀਂ ਕਿ ਉਸ ਦਾ ਕਿੱਸਾ ਬਣ ਜਾਂਦਾ ਸੀ। ਖੰਭਾਂ ਦੀਆਂ ਡਾਰਾਂ ਵਾਂਗ ਗੱਲ ਉੱਡ ਪੁੱਡ ਜਾਂਦੀ ਤੇ ਸਾਰੇ ਕਾਲਜ ਵਿੱਚ ਖਿਲਰ ਜਾਂਦੀ।

ਕਾਲਜ ਵਿੱਚ ਉਹ ਸਿਰਫ਼ ਮੇਰੇ ਨਾਲ ਬੋਲਦੀ ਸੀ ਤੇ ਕਈ ਵਾਰ ਮੈਨੂੰ ਸ਼ਰਮਾਕਲ ਮੁੰਡਾ ਆਖ ਕੇ ਛੇੜਦੀ। ਉਸ ਦੀ ਛੇੜ ਛਾੜ ਵਿੱਚ ਇੱਕ ਬੜਾ ਅਜੀਬ ਕਿਸਮ ਦਾ ਸੁਖ ਹੁੰਦਾ ਸੀ। ਜਦੋਂ ਵੀ ਉਸ ਨੇ ਮੇਰੇ ਕੋਲੋਂ ਕੋਈ ਕਿਤਾਬ ਮੰਗਣੀ, ਸਾਰੇ ਮੁੰਡੇ ਮੇਰੇ ਕੋਲ ਆ ਕੇ ਪੁੱਛਦੇ, ‘ਕੀ ਕਹਿੰਦੀ ਸੀ?’ ਕਾਲਜ ਦੇ ਤਿੰਨ ਸਾਲ ਬੜੇ ਸੋਹਣੇ ਲੰਘ ਗਏ। ਪਰ ਚੌਥੇ ਸਾਲ ਉਸ ਨੇ ਗੁਰਦਾਸਪੁਰ ਜਾ ਕੇ ਦਾਖ਼ਲਾ ਲੈ ਲਿਆ। ਉਹ ਕੀ ਗਈ ਕਿ ਸਾਰੇ ਕਾਲਜ ਨੂੰ ਸੁੰਨਾ ਕਰ ਗਈ। ਯਕੀਨਨ ਕਈਆਂ ਦਾ ਦਿਲ਼ ਟੁੱਟ ਗਿਆ।

ਸਾਲਾਨਾ ਪੇਪਰ ਉਸ ਨੇ ਫਿਰ ਸਾਡੇ ਕਾਲਜ ਆ ਕੇ ਦਿੱਤੇ। ਕਾਲਜ ਤੋਂ ਵਾਪਸ ਆਉਂਦਿਆਂ ਰਾਹ ਵਿੱਚ ਉਸ ਨੇ ਆਪਣਾ ਸਾਈਕਿਲ ਰੋਕ ਲਿਆ ਤੇ ਸੜਕ ਦੇ ਕਿਨਾਰੇ ਇੱਕ ਰੁੱਖ ਦੀ ਛਾਂ ਵਿੱਚ ਖੜੋ ਗਈ। ਉਸ ਦੇ ਕੋਲ ਆ ਕੇ ਮੈਂ ਵੀ ਆਪਣਾ ਸਾਈਕਿਲ ਰੋਕਿਆ, ਪਤਾ ਨਹੀਂ ਕਿਉਂ ਮੇਰਾ ਦਿਲ ਬੜੇ ਜੋਰ ਨਾਲ ਧੜਕਣ ਲੱਗ ਪਿਆ।
ਕੀ ਹੋਇਆ, ਅਨੀਤਾ, ਸਾਈਕਿਲ ਕਿਉਂ ਰੋਕ ਲਿਆ ਹੈ? ਇੱਥੇ ਕਿਉਂ ਰੁਕ ਗਈ   ਹੈਂ?’
ਕੁਝ ਨਹੀਂ, ਇਹ ਚੈਨ ਧੋਖਾ ਦੇ ਗਈ ਹੈ।ਉਸ ਨੇ ਆਪਣੀ ਚੁੰਨੀ ਦੇ ਪੱਲੇ ਨਾਲ ਆਪਣਾ ਮੂੰਹ ਸਾਫ਼ ਕੀਤਾ। ਮੈਂ ਦੇਖਿਆ ਉਸ ਦੇ ਮੂੰਹ ਉੱਪਰ ਕੋਈ ਝਿਜਕ ਨਹੀਂ ਸੀ। ਮੇਰਾ ਦਿੱਲ ਹਾਲੇ ਵੀ ਬੜੇ ਜੋਰ ਨਾਲ ਧੱਕ-ਧੱਕ ਕਰ ਰਿਹਾ ਸੀ। ਇਹ ਤਾਂ ਕੋਈ ਮਸਲਾ ਹੀ ਨਹੀਂ। ਮੈਂ ਹੁਣੇ ਠੀਕ ਕਰ ਦਿੰਦਾ ਹਾਂ।ਆਪਣਾ ਸਾਈਕਿਲ ਉਸ ਨੂੰ ਫੜਾ ਕੇ ਮੈਂ ਉਸ ਦੇ ਸਾਈਕਿਲ ਦੁਆਲ਼ੇ ਹੋ ਗਿਆ। ਚੈਨ ਠੀਕ ਕਰਕੇ ਹੱਥ ਝਾੜਦਾ ਮੈ ਉੱਠਿਆ ਤੇ ਉਸ ਕੋਲੋਂ ਆਪਣਾ ਸਾਈਕਿਲ ਫੜਿਆ।
ਸ਼ੁਕਰੀਆ।ਇਹ ਸ਼ਬਦ ਉਸ ਨੇ ਅੰਗਰੇਜੀ ਵਿੱਚ ਕਹੇ। ਪਤਾ ਨਹੀਂ ਕਿਉਂ ਮੈਂ ਉਸ ਦੇ ਸਾਈਕਿਲ ਦਾ ਹੈਂਡਲ ਫੜ ਲਿਆ, ਤੇ ਕਿਹਾ, ‘ਬੱਸ ਸ਼ੁਕਰੀਆ ਹੀ?’ ਉਸ ਨੇ ਮੇਰੇ ਵੱਲ ਦੇਖਿਆ।
ਤੇ ਹੋਰ ਕੀ ਚਾਹੀਦਾ ਹੈ, ਇੰਨੇ ਕੰਮ ਲਈ?’ ਉਸ ਦੀਆ ਅੱਖਾਂ ਵਿੱਚ ਇੱਕ ਅਰਥ ਭਰਪੂਰ ਸ਼ਰਾਰਤ ਸੀ। 
ਤੇਰਾ ਸਾਥਨਾ ਚਾਹੁੰਦਿਆਂ ਹੋਇਆਂ ਵੀ ਮੇਰੇ ਦਿਲ ਦੇ ਧੁਰ ਅੰਦਰ ਚਿਰਾਂ ਤੋਂ ਸੁਲਗ ਰਹੇ ਦੋ ਸ਼ਬਦ ਮੇਰੀ ਜ਼ਬਾਨ ਉੱਪਰ ਆ ਗਏ।
 ਠੀਕ ਹੈ, ਮੇਰਾ ਇੰਤਜ਼ਾਰ ਕਰੀਂ। ਮੈਂ ਆਵਾਂਗੀ। ਯਾਦ ਰੱਖੀਂ, ਦੇਖੀਂ ਕਿਤੇ ਭੁੱਲ ਨਾ ਜਾਂਵੀ।ਉਸ ਨੇ ਇੱਕ ਵਾਰ ਫਿਰ ਮੇਰੇ ਵੱਲ ਦੇਖਿਆ, ਬਿਨਾਂ ਮੇਰਾ ਕੋਈ ਜਵਾਬ ਉਡੀਕੇ ਉਸ ਨੇ ਸਾਈਕਿਲ ਦਾ ਪੈਡਲ ਮਾਰਿਆ ਤੇ ਸੜਕ ਉੱਪਰ ਆ ਜਾ ਰਹੀ ਭੀੜ ਵਿੱਚ ਰਲ਼ ਗਈ। ਯਾਦ ਰੱਖੀਂਇਹ ਸ਼ਬਦ ਮੈਂ ਸ਼ਾਇਦ ਉਸ ਗੁਲਮੋਹਰ ਦੇ ਰੁੱਖ ਨੂੰ ਕਹੇ ਜਿਸ ਦੇ ਹੇਠਾਂ ਅਨੀਤਾ ਨੇ ਆਪਣਾ ਵਾਅਦਾ ਕੀਤਾ ਸੀ। ਇਹ ਸ਼ਬਦ ਮੈਂ ਉਸ ਨੂੰ ਕਈ ਵਾਰ ਚਿਤਾਰੇ ਸਨ। ਇਹ ਸ਼ਾਇਦ ਉਸ ਸਾਡੇ ਪਿਆਰ ਬੂਟੇ ਨੂੰ ਪਹਿਲੇ ਪੱਤ ਉਗਣ ਵਰਗਾ ਸੀ।

ਘਰ ਤੋਂ ਬਾਹਰ ਰਹਿਣਾ ਇੱਕ ਬਨਵਾਸ ਵਰਗਾ ਸੀ। ਕਦੇ ਕਦੇ ਆਉਣਾ ਤੇ ਸ਼ਹਿਰ ਦੀ ਖ਼ਬਰ ਸਾਰ ਲੈਣੀ। ਅਨੀਤਾ ਦੇ ਵਿਆਹ ਦਾ ਮਨ ਨੇ ਬੜਾ ਦੁੱਖ ਮਹਿਸੂਸ ਕੀਤਾ। ਮੇਰੇ ਪੈਰਾਂ ਦਾ ਸਫ਼ਰ ਮੈਨੂੰ ਸ਼ਹਿਰ ਸ਼ਹਿਰ ਤੋਂ ਭਟਕਣ ਲਈ ਆਪਣੇ ਪਿੱਛੇ ਲਾਈ ਫਿਰਦਾ ਰਿਹਾ। ਇਸੇ ਦੌਰਾਨ ਮੇਰਾ ਕਿਤੇ ਕੋਈ ਹਮਸਫ਼ਰ ਰਿਹਾ ਤੇ ਕਿਤੇ ਕੋਈ ਵੀ ਨਾ, ਕਦੇ ਸਾਰਾ ਪੈਂਡਾ ਇੱਕਲਿਆਂ ਹੀ ਝਾਗਣਾ ਪਿਆ। ਸਾਲਾਂ ਦਾ ਸਫ਼ਰ ਸਦੀਆਂ ਵਾਂਗ ਹੋਇਆ। ਅਨੀਤਾ ਨਾਲ ਪਿਛਲੀ ਮੁਲਾਕਾਤ ਨੂੰ ਤੀਹ ਵਰ੍ਹੇ ਹੋ ਚੁੱਕੇ ਸਨ। ਮੇਰੇ ਵਾਂਗੂ ਉਹ ਵੀ ਇੱਕ ਦੋ ਬਚਿਆਂ ਦੀ ਮਾਂ ਬਣ ਗਈ ਹੋਵੇਗੀ। ਜਦੋਂ ਵੀ ਉਸਦਾ ਖ਼ਿਆਲ ਆਉਂਦਾ, ਮੈਂ ਸੋਚਦਾ।

ਅੱਜ ਮੈਂ ਉਸ ਨੂੰ ਮਿਲਨ ਜਾ ਰਿਹਾ ਹਾਂ। ਉਹ ਇੱਕ ਪ੍ਰਾਈਵੇਟ ਸਕੂਲ ਵਿੱਚ ਪੜ੍ਹਾਉਂਦੀ ਹੈ। ਮੇਰਾ ਇੱਕ ਮਿੱਤਰ ਇਸ ਮੁਲਾਕਾਤ ਦਾ ਜ਼ਰੀਆ ਬਣਿਆ ਹੈ। ਉਹ ਦਫ਼ਤਰ ਦੇ ਬਾਹਰ ਲਾਅਨ ਵਿੱਚ ਬੈਠੀ ਹੈ। ਰਸਮੀ ਹੈਲੋ’ ‘ਹਾਇਤੋਂ ਬਾਅਦ ਮੈਂ ਉਸ ਦੇ ਕੋਲ ਬੈਠ ਜਾਂਦਾ ਹਾਂ। ਮੈਂ ਇੱਕ ਨਜ਼ਰ ਉਸ ਨੂੰ ਦੇਖਦਾ ਹਾਂ। ਉਹ ਕਿੰਨੀ ਬਦਲ ਗਈ ਹੈ। ਵਾਲਾਂ ਦੀ ਸਫ਼ੈਦੀ ਮਹਿੰਦੀ ਵਿੱਚ ਲੁਕਾਉੇਣ ਦੀ ਕੋਸ਼ਿਸ਼ ਸਾਫ਼ ਨਜ਼ਰ ਆ ਰਹੀ ਹੈ। ਉਸ ਨੇ ਕਿੰਨਾ ਕੁਝ ਗਵਾ ਲਿਆ ਹੈ। ਉਸਦੀਆਂ ਖ਼ੂਬਸੂਰਤ ਅੱਖਾਂ ਇੱਕ ਮੋਟੇ ਸ਼ੀਸ਼ਿਆਂ ਵਾਲੀ ਐਨਕ ਪਿੱਛੇ ਲੁਕ ਗਈਆਂ ਸਨ। ਹੱਥਾਂ ਦੀਆਂ ਉਂਗਲਾਂ ਮੋਟੀਆ ਹੋ ਗਈਆਂ ਹਨ। ਹੱਥਾਂ ਦੀਆਂ ਉਂਗਲਾਂ ਉਪਰ ਬਦਰੰਗ ਨਹੁੰ ਉਸ ਦੀ ਲਾਪਰਵਾਹੀ ਵੱਲ ਇਸ਼ਾਰਾ ਕਰ ਰਹੇ ਸਨ। ਸ਼ਰੀਰ ਪਹਿਲਾਂ ਵਾਂਗ ਛਰਹਰਾ ਨਹੀਂ ਰਿਹਾ। ਮੇਰੇ ਕੋਲ਼ ਬੈਠੀ ਕਿੰਨੀ ਦੇਰ ਉਹ ਆਪਣਾ ਮੰਗਲ ਸੂਤਰ ਹੀ ਢੋਹਦੀਂ ਰਹੀ।
           ਕੀ ਹਾਲ਼ ਹੈ, ਬੱਚਿਆਂ ਦਾ।ਉਸ ਨੇ ਇੱਕ ਲੰਮੀ ਚੁੱਪ ਤੋੜਦਿਆਂ ਪੁੱਛਿਆ।
           ਠੀਕ ਹੈ।ਤੇ ਮੈਂ ਉਸ ਨੂੰ ਆਪਣੇ ਬੱਚਿਆਂ ਬਾਰੇ ਦੱਸਣ ਲੱਗ ਪਿਆ। ਉਸ ਦੀਆਂ ਦੋ ਧੀਆਂ ਤੇ ਇੱਕ ਪੁੱਤਰ ਸੀ। ਮੈਂ ਸੋਚਿਆਂ ਸ਼ਾਇਦ ਉਹ ਮੇਰੇ ਬਾਰੇ ਕੁਝ ਪੁੱਛੇਗੀ, ਪਰ ਉਹ ਚੁੱਪ ਸੀ। ਪਤਾ ਨਹੀਂ ਉਹ ਖ਼ੁਸ਼ ਸੀ ਜਾਂ ਨਹੀਂ, ਪਰ ਉਹ ਉਦਾਸ ਵੀ ਨਹੀਂ ਸੀ ਜਾਪਦੀ। ਪੰਦਰਾਂ ਮਿੰਟ ਬਾਅਦ ਉਸ ਨੂੰ ਉਸਦੇ ਸਕੂਲ ਦਾ ਚਪੜਾਸੀ ਬੁਲਾਉਣ ਆ ਗਿਆ। ਉਸ ਨੇ ਆਪਣਾ ਪਰਸ ਚੁੱਕ ਕੇ ਜਾਣ ਦੀ ਇੱਛਾ ਜ਼ਾਹਰ ਕੀਤੀ। ਫਿਰ ਬਿਨਾਂ ਕਿਸੇ ਗੱਲ ਤੋਂ ਉਹ ਉੱਠੀ ਤੇ ਦਫ਼ਤਰ ਵੱਲ ਚੱਲ ਪਈ। ਮੈਂ ਉਸ ਦੇ ਪੈਰਾਂ ਵੱਲ ਦੇਖ ਰਿਹਾ ਸਾਂ। ਉਹ ਪੈਰਾਂ ਜਿਹਨਾਂ ਦੀ ਤੋਰ ਉੱਪਰ ਸਾਰਾ ਕਾਲਜ ਮਰਦਾ ਸੀ, ਹੁਣ ਬੜੇ ਬੇਢਬੇ ਨਜ਼ਰ ਆ ਰਹੇ ਸਨ। ਉਹ ਇੱਕ ਲੱਤ ਖਿੱਚ ਕੇ ਤੁਰ ਰਹੀ ਸੀ। ਪਰ ਉਸ ਦੇ ਪੈਰਾਂ ਚੋਂ ਉਸ ਦੀ ਚਾਲ਼ ਗ਼ਾਇਬ ਸੀ। ਉਹ ਚਾਲ ਜਿਸ ਦੀ ਸਾਰੀ ਦੁਨੀਆ ਕਾਇਲ ਹੋਇਆ ਕਰਦੀ ਸੀ। ਮੈਨੂੰ ਲੱਗਿਆ ਕਿ ਇਹ ਉਹ ਅਨਿਤਾ ਨਹੀਂ ਹੈ। ਉਹ ਅਨੀਤਾ ਤਾਂ ਕੋਈ ਹੋਰ ਸੀ। ਜੋ ਹੁਣ ਹੋ ਕੇ ਵੀ ਨਹੀਂ ਸੀ।

No comments:

Post a Comment