ਗਾਉਣ ਤੇ ਰੋਣ
ਗੁਰਦੀਪ ਸਿੰਘ ਭਮਰਾ
ਕਦੇ ਕਦੇ ਮੈਂ ਸੋਚਦਾ ਹਾਂ
ਕਿ
ਕੀ ਗਾਵਾਂਗੇ ਉਦੋਂ-
ਜਦੋਂ ਅਸੀਂ ਰੋ ਨਹੀਂ ਰਹੇ ਹੋਵਾਂਗੇ?
ਹੁਣ ਤੱਕ ਤਾਂ
ਸਾਡੇ ਰੋਣ ਵਿੱਚ
ਤੇ
ਸਾਡੇ ਗਾਉਣ ਵਿਚ ਫ਼ਰਕ ਨਾ ਕੋਈ
ਸਾਡਾ ਗਾਉਣਾ
ਸਾਡੇ ਰੋਣ ਵਰਗਾ
ਸਾਡਾ ਰੋਣਾ
ਸਾਡੇ ਗਾਉਣ ਵਰਗਾ
ਦੋ੍ਹਾ ਵਿੱਚ
ਹੰਝੂ ਵਿੱਚ ਡੁਲ੍ਹਦੇ
ਦੋਹਾਂ ਵਿੱਚ ਹੇਕ ਹੁੰਦੀ
ਦੋਹਾਂ ਵਿੱਚ ਸੇਕ ਹੁੰਦਾ
ਸਾਡੇ ਸਾਰੇ ਗੀਤ ਰੋਣ ਵਾਲੇ
ਤੇ ਸਾਡਾ ਰੋਣਾ
ਸਾਡੇ ਗੀਤਾਂ ਵਰਗਾ ਹੀ ਉਦਾਸ
ਨਾ ਹਾਸੇ ਨਾ ਦਿਲਾਸੇ
ਨਾ ਆਸੇ ਨਾ ਪਾਸੇ
ਗੀਤ ਸਾਰੇ
ਗਾਉਣ ਵਾਲੇ
ਰੁਆਉਣ ਵਾਲੇ
ਰੋਣ ਵਾਲੇ
ਤੇ
ਅਸੀਂ ਸਾਂਭ ਸਾਂਭ ਰੱਖੀਏ ਦੋਹਾਂ ਨੂੰ
ਖ਼ਜ਼ਾਨੇ ਵਾਂਗ ਸੀਨਾ ਬਸੀਨਾ
ਸਾਡੇ ਹੌਕਿਆਂ ਤੇ ਸਾਹਾਂ ਵਿੱਚ
ਫਰਕ ਨਾ ਕੋਈ
ਤੇ
ਹੁਣ ਤਾਂ
ਉਦਾਸੇ ਗੀਤਾ ਦੀਆਂ ਸੁਰਾਂ ਤੇ ਤਾਲ ਉਪਰ ਹੀ
ਅਸਾਂ ਨੱਚਣਾ ਸਿੱਖ ਲਿਆ
ਤੇ ਅਸੀਂ ਨੱਚ ਨੱਚ ਫਾਵੇ ਹੋਈਏ
-'ਕਿਕਰ 'ਤੇ ਕਾਂਟੋ ਰਹਿੰਦੀ,
-'ਕੱਲਾ ਨਾ ਜਾਈਂ ਖੇਤ ਨੂੰ'
ਅਸੀਂ ਕਦੇ ਕਾਂਟੋ ਤੋਂ ਡਰਦੇ
ਕਦੇ ਉਸ ਨੂੰ ਲੱਭਦੇ
ਤੇ ਕਦੇ ਉਸ ਦੀ ਭਾਲ ਵਿੱਚ ਥਲਾਂ ਦੀ ਰੇਤ ਛਾਣਦੇ
ਸਮੁੰਦਰ ਪੁਲਾਂਘਦੇ
ਸਾਡੇ ਅੰਦਰ ਦੀ ਕਾਂਟੋ ਨਾ ਮਰਦੀ
ਨਾ ਡਰਦੀ
ਅਸੀਂ ਲੜਾਕੂ ਜ਼ਿੰਦਗੀ ਦੇ
ਕਦੇ ਹਾਰ ਨਾ ਮੰਨਦੇ
ਮਰਨੋਂ ਮੂਲ ਨਾ ਡਰਦੇ
ਮੋਤ ਤੇ ਜ਼ਿੰਦਗੀ ਵਿੱਚ
ਕਦੇ ਕੋਈ ਫਰਕ ਨਾ ਕਰਦੇ
ਸ਼ਾਇਦ ਇਸੇ ਲਈ
ਅਸਾਂ
ਰੋਣ ਵਾਲੇ ਗੀਤਾਂ ਨਾਲ ਹੀ ਨੱਚਣਾ ਸਿੱਖ ਲਿਆ
ਮੈਂ ਸੋਚਦਾ
ਕਦੇ ਸਾਇਦ ਉਹ ਵੀ ਵਕਤ ਆਵੇ
ਜਦੋਂ ਸਾਡੀ ਜ਼ਿੰਦਗੀ ਚੋਂ ਰੋਣ ਮੁੱਕ ਜਾਵੇ
ਜਦੋਂ
ਬੱਦਲਾਂ ਚੋਂ ਖੁਸ਼ੀਆਂ ਦੀ ਛਹਿਬਰ ਲੱਗੇ
ਜਦੋਂ ਰੁੱਤ ਮੌਲੇ
ਤਾਂ ਕੀ ਗਾਵਾਂਗੇ
ਤੂੰ ਤੇ ਮੈਂ
ਕਿੰਞ ਹੱਸਾਂਗੇ
ਕਿੰਞ ਮੁਸਕਰਾਵਾਂਗੇ
ਤੇ ਕਿੰਞ ਸ਼ਰਮਾਵਾਂਗੇ
ਸਾਨੂੰ ਤਾਂ ਰੋਣ ਤੋਂ ਬਿਨਾਂ
ਹੋਰ ਕੋਈ ਗੀਤ ਵੀ ਤਾਂ ਚੇਤੇ ਨਹੀਂ
ਸਾਡੇ ਗਾਉਣ ਤੇ ਰੋਣ ਵਿੱਚ ਫ਼ਰਕ ਨਾ ਕੋਈ।
No comments:
Post a Comment