ਹਾਰਡਵੇਅਰ ਤੇ ਸਾਫਟਵੇਅਰ
ਵਰਖਾ ਦੀ ਰੁੱਤ ਵਿੱਚ ਜੇ ਆਪਣੇ ਘਰ ਤੋਂ ਨਿਕਲੀਏ ਤਾਂ ਛੱਤਰੀ ਦੀ
ਲੋੜ ਪੈਂਦੀ ਹੈ। ਛੱਤਰੀ ਜਿਸ ਦਾ ਉਦੇਸ਼ ਸਾਨੂੰ ਤੇ ਸਾਡੇ ਕੱਪੜਿਆਂ ਤੋਂ ਵਰਖਾ ਦੇ ਪਾਣੀ ਤੋਂ
ਬਚਾਉਣਾ ਹੁੰਦਾ ਹੈ। ਜੇ ਬਾਹਰ ਜਾਣ ਦੀ ਕਾਹਲ ਹੋਵੇ ਤਾਂ ਇਹ ਵੀ ਨਹੀਂ ਦੇਖਦੇ ਕਿ ਛੱਤਰੀ ਦਾ ਅਕਾਰ
ਕੀ ਹੈ, ਕੀ ਇਹ ਸਾਡੇ ਵਾਸਤੇ ਕਾਫੀ ਹੈ, ਕੀ ਇਹ ਏਨੀ ਮਜ਼ਬੂਤ ਹੈ ਕਿ ਸਾਨੂੰ ਵਰਖਾ ਦੇ ਨਾਲ ਨਾਲ
ਬੇਮੌਸਮੀ ਤੇਜ਼ ਹਵਾ ਤੋਂ ਵੀ ਬਚਾ ਸਕੇ। ਪਰਤੂੰ ਇਹ ਤੱਸਲੀ ਸਦਾ ਰਹਿੰਦੀ ਹੈ ਕਿ ਛੱਤਰੀ ਤਾਂ ਆਖਰ
ਛੱਤਰੀ ਹੈ ਤੇ ਕਿਸੇ ਵੀ ਛੱਤਰੀ ਦਾ ਮਕਸਦ ਵਰਖਾ ਤੋਂ ਬਚਾਉਣਾ ਹੀ ਹੁੰਦਾ ਹੈ।
ਛੱਤਰੀ ਕੱਪੜੇ ਦੀ ਬਣੀ ਹੁੰਦੀ ਹੈ, ਜੇ ਕਰ ਇਹ ਫਟ ਜਾਵੇ ਤਾਂ ਇਸ
ਦੀ ਮੁਰੰਮਤ ਕਰਵਾ ਲਈ ਜਾਂਦੀ ਹੈ। ਜੇ ਇਸ ਦੀ ਕੋਈ ਤਾਰ ਟੁੱਟ ਜਾਵੇ ਤਾਂ ਉਹ ਵੀ ਨਵੀਂ ਪੁਵਾ ਲਈ
ਜਾਂਦੀ ਹੈ ਪਰ ਛੱਤਰੀ ਦੀ ਲੋੜ ਸਦਾ ਬਣੀ ਰਹਿੰਦੀ ਹੈ। ਘਰ ਤੋਂ ਬਾਹਰ ਨਿਕਲਦੇ ਹਾਂ ਤਾਂ ਦੇਖਦੇ
ਹਾਂ ਕਿ ਸਾਰੇ ਲੋਕ ਹੀ ਆਪੋ ਆਪਣੀ ਛੱਤਰੀ ਨਾਲ ਬਾਹਰ ਆਏ ਹਨ। ਹਰ ਛੱਤਰੀ ਦਾ ਅਕਾਰ ਵੱਖਰਾ ਵੱਖਰਾ
ਹੈ, ਰੰਗ ਤੇ ਰੂਪ ਵੀ ਵੱਖਰਾ ਹੈ। ਵਰਖਾ ਤੋਂ ਬਚਣ ਲਈ ਕਿੰਨੀਆਂ ਛੱਤਰੀਆਂ, ਰੰਗ ਬਰੰਗੀਆਂ ਅਸਮਾਨ
ਤੋਂ ਵਰ੍ਹ ਰਹੇ ਪਾਣੀ ਤੋਂ ਬਚਾਉਂਦੀਆਂ ਇਕ ਅਜਬ ਨਜ਼ਾਰਾ ਪੇਸ਼ ਕਰਦੀਆਂ ਹਨ। ਕਦੇ ਕਦੇ ਕਿਤੇ ਕਿਤੇ
ਇਹ ਛੱਤਰੀਆਂ ਆਪੋ ਵਿੱਚ ਖਹਿ ਜਾਂਦੀਆਂ ਤਾਂ ਇਹ ਤੀਲਾ ਤੀਲਾ ਹੋ ਜਾਂਦੀਆਂ। ਫਿਰ ਇਹ ਛੱਤਰੀਆਂ ਅਰਥ
ਹੀਣ ਹੋ ਜਾਂਦੀਆਂ ਹਨ।
ਜੀਵਨ ਸੱਭ ਤੋਂ ਕੀਮਤੀ ਚੀਜ਼ ਹੈ। ਜੀਣ ਵਾਸਤੇ ਸਾਹ ਲੈਣਾ ਪੈਂਦਾ
ਹੈ, ਸਾਹ ਹਵਾ ਵਿੱਚ ਲਿਆ ਜਾਂਦਾ ਹੈ। ਹਵਾ ਦਾ ਸਾਫ ਤੇ ਸਵੱਛ ਹੋਣਾ ਜਰੁਰੀ ਹੈ। ਹਵਾ ਵਾਂਗ ਪਾਣੀ
ਸਾਡੀ ਜ਼ਰੂਰਤ ਹੈ ਤੇ ਇਹ ਸਾਡੀਆਂ ਸ਼ਰੀਰਕ ਲੋੜਾਂ ਦੀ ਪੂਰਤੀ ਵਾਸਤੇ ਵਰਤੋਂ ਵਿੱਚ ਆਉਂਦਾ ਹੈ। ਇਹ
ਲੋੜਾਂ ਬਾਹਰੀ ਵੀ ਹਨ ਤੇ ਅੰਦਰੂਨੀ ਵੀ। ਬਾਹਰੀ ਲੋੜਾਂ ਵਾਸਤੇ ਅਸੀਂ ਪਾਣੀ ਦੀ ਖੁਲ੍ਹੀ ਵਰਤੋਂ
ਕਰਦੇ ਹਾਂ। ਸਰੀਰਕ ਲੋੜਾਂ ਵਾਸਤੇ ਪਾਣੀ ਦੀ ਵਰਤੋਂ ਪਿਆਸ ਦੀ ਤ੍ਰਿਪਤੀ ਵਾਸਤੇ ਕੀਤੀ ਜਾਂਦੀ ਹੈ।
ਹਵਾ ਪਾਣੀ ਤੋਂ ਬਿਨਾਂ ਸਾਨੂੰ ਭੋਜਨ ਦੀ ਲੋੜ ਪੈਂਦੀ ਹੈ। ਜਿੱਥੇ
ਇੱਕ ਪਾਸੇ ਅਸੀਂ ਹਵਾ ਪਾਣੀ ਤੋਂ ਬਿਨਾਂ ਨਹੀ ਰਹਿ ਸਕਦੇ ਉਸੇ ਤਰ੍ਹਾਂ ਭੋਜਨ ਬਿਨਾਂ ਜ਼ਿੰਦਾ ਰਹਿਣਾ
ਅਸੰਭਵ ਹੈ। ਖਾਣਾ ਪੀਣਾ ਮੁੱਢ ਕਦੀਮ ਤੋਂ ਸਾਡੇ ਜੀਵਨ ਦਾ ਹਿੱਸਾ ਰਿਹਾ ਹੈ। ਜੀਵਨ ਨੂੰ ਜੀਵਤ
ਰੱਖਣ ਵਾਸਤੇ ਕਦੇ ਚੁਗ ਕੇ ਖਾਧਾ, ਕਦੇ ਚੁਣ ਕੇ ਤੇ ਕਦੇ ਚਿਣ ਕੇ ਤੇ ਕਦੇ ਮਿਣ ਕੇ; ਭੋਜਨ ਜਿਸ
ਤਰ੍ਹਾਂ ਵੀ ਪ੍ਰਾਪਤ ਹੋਇਆ, ਕੀਤਾ ਤੇ ਉਸ ਨਾਲ ਜ਼ਿੰਦਗੀ ਨੂੰ ਜ਼ਿੰਦਾ ਰੱਖਿਆ। ਭੋਜਨ ਸਦਾ ਮਿਲਦਾ
ਰਹੇ ਇਸ ਵਾਸਤੇ ਭੋਜਨ ਦੇ ਵਸੀਲੇ ਲੱਭੇ, ਤੇ ਉਨ੍ਹਾਂ ਵਸੀਲਿਆਂ ਨੂੰ ਸਦਾ ਚਲਦਾ ਰੱਖਣ ਲਈ ਰੁਜ਼ਗਾਰ
ਦਾ ਐਸਾ ਚੱਕਰ ਚਲਾਇਆ ਕਿ ਮਨੁੱਖ ਹੁਣ ਤਕ ਇਸ ਦੇ ਚੱਕਰ ਵਿੱਚ ਕਈ ਸਦੀਆਂ ਦਾ ਇਤਿਹਾਸ ਬੁਣਾ ਤੇ
ਬਣਾਉਂਦਾ ਆ ਰਿਹਾ ਹੈ।
ਜ਼ਿੰਦਗੀ ਦਾ ਸਾਰਾ ਅਮਲ ਜਿਸ ਵਿੱਚ ਪਦਾਰਥ ਤੇ ਪਾਦਾਰਥ ਨਾਲ ਸਬੰਧਤ
ਸਾਰਾ ਕੁਝ ਸਿਰਫ ਭੋਜਨ ਮਿਲਦੇ ਰਹਿਣ ਦੀ ਕੋਸ਼ਿਸ਼ ਦਾ ਸਿੱਟਾ ਹੈ। ਰੁਗਜ਼ਾਰ, ਵਸੀਲੇ, ਸਮਾਜ, ਸ਼ਹਿਰ,
ਪਿੰਡ, ਖੇਤ, ਗਿਆਨ- ਵਿਗਿਆਨ ਜ਼ਿੰਦਗੀ ਦਾ ਹਾਰਡਵੇਅਰ ਹੈ। ਇਹ ਲੋੜਾਂ ਪੈਦਾ ਕਰਦਾ ਹੈ ਤੇ ਫਿਰ
ਉਨ੍ਹਾਂ ਨੂੰ ਪੂਰਾ ਕਰਨ ਵਾਸਤੇ ਸੱਭ ਕੁਝ ਦਾਅ ਤੇ ਲਾ ਦਿੰਦਾ ਹੈ। ਜੇ ਜ਼ਿੰਦਗੀ ਦਾ ਆਲਾ ਦੁਆਲਾ
ਜਿਸ ਨੂੰ ਅਸੀਂ ਅਧੁਨਿਕ ਯੁਗ ਦੀ ਪ੍ਰਗਤੀ ਦਾ ਨਾਂ ਦਿੰਦੇ ਹਾਂ, ਜਿਸ ਵਿੱਚ ਉਹ ਸਾਧਨ ਸ਼ਾਮਲ ਹਨ ਜੋ
ਸਾਡੀ ਜ਼ਿੰਦਗੀ ਨੂੰ ਹਰ ਹੀਲੇ ਤੇ ਹਰ ਹਾਲਾਤ ਵਿੱਚ ਜ਼ਿੰਦਾ ਰੱਖਣ ਦੇ ਚਾਅ ਵਿੱਚ ਕ੍ਰਿਆਸ਼ੀਲ ਹਨ, ਇਹ
ਸੱਭ ਕੁਝ ਜ਼ਿੰਦਗੀ ਦਾ ਹਾਰਡਵੇਅਰ ਹੈ।
ਜਿੰਦਗੀ ਨੂੰ ਜੀਣਾ ਤੇ ਉਸ ਨੂੰ ਜ਼ਿੰਦਾ ਰੱਖਣਾ, ਪੁਸ਼ਤ ਦਰ ਪੁਸ਼ਤ
ਤੋਰਨਾ ਇਹ ਇਕ ਜੀਵਨ ਜਾਚ ਹੈ। ਜੀਵਨ – ਜਾਚ ਤੋਂ ਭਾਵ ਹੈ ਜੀਵਨ ਜੀਣ ਦੀ ਕਲਾ, ਜੀਣ ਢੰਗ ਜਿਹੜਾ
ਸਮੇਂ ਦੇ ਬਦਲਣ ਨਾਲ ਬਦਲਦਾ ਆ ਰਿਹਾ ਹੈ। ਕਦੇ ਕਿਸੇ ਤਰੀਕੇ ਨਾਲ ਕਦੇ ਕਿਸੇ ਤਰੀਕੇ ਨਾਲ, ਇਸ ਵਿਚ
ਵਸੀਲੇ ਬਦਲੇ ਤਾਂ ਜੀਣ ਦਾ ਢੰਗ ਵੀ ਬਦਲਿਆ। ਜੀਵਨ ਜਾਚ ਅਸਲ ਵਿੱਚ ਜ਼ਿੰਦਗੀ ਦੇ ਹਾਰਡਵੇਅਰ ਨੂੰ
ਚਲਾਉਣ ਦਾ ਢੰਗ ਹੈ। ਇਹ ਸਾਨੂੰ ਦੱਸਦਾ ਹੈ ਕੀ ਖਾਣਾ ਚਾਹੀਦਾ ਹੈ; ਕਿਵੇਂ ਖਾਣਾ ਚਾਹੀਦਾ ਹੈ ਤੇ
ਕਦੋਂ ਖਾਣਾ ਚਾਹੀਦਾ ਹੈ। ਭੋਜਨ ਪ੍ਰਾਪਤੀ ਦੇ ਢੰਗ ਬਦਲੇ ਤਾਂ ਉਸ ਨੂੰ ਬਣਾਉਣ, ਪਕਾਉਣ ਤੇ ਸੰਵਾਰਨ
ਦੀ ਜਾਚ ਵੀ ਬਦਲੀ।
ਇਸ ਜੀਵਨ ਜਾਚ ਦਾ ਲੇਖਾ ਜੋਖਾ ਰਖਣ ਦਾ ਕੰਮ ਸਭਿਆਚਾਰ ਦਾ ਹੈ।
ਸਭਿਆਚਾਰ ਦਰਅਸਲ ਜੀਵਨ ਜਾਚ ਨੂੰ ਸਾਂਭਦਾ ਹੈ। ਇਹ ਸਾਂਭਣ ਦੇ ਨਾਲ ਨਾਲ ਸੰਭਾਲਣ ਦਾ ਵੀ ਕੰਮ ਕਰਦਾ
ਹੈ। ਸਭਿਆਚਾਰ ਵਿੱਚ ਖਾਣਾ ਪੀਣਾ, ਪਹਿਨਣਾ, ਪਚਰਨਾ, ਜੰਮਣਾ ਤੇ ਮਰਨਾ, ਇਸ ਸੱਭ ਕੁਝ ਨਾਲ ਜੁੜੇ
ਅਨੁਭਵ ਤੇ ਅਹਿਸਾਸ ਸਭਿਆਚਾਰ ਦਾ ਹਿੱਸਾ ਹਨ। ਇਸ ਵਿੱਚ ਭਾਸ਼ਾ, ਸਮਚਾਰ, ਵਿਚਾਰਾਂ ਦਾ ਆਦਾਨ
ਪ੍ਰਦਾਨ, ਸੋਚਣਾ, ਸਮਝਣਾ, ਜਾਣਨਾ, ਮਾਣਨਾ ਤੇ ਮੰਨਣਾ ਸੱਭ ਕੁਝ ਸ਼ਾਮਿਲ ਹੈ। ਸਾਰੇ ਲੋਕ ਵਿਸ਼ਵਾਸ
ਇਸ ਦਾ ਹਿੱਸਾ ਹਨ ਤੇ ਇਹ ਸਦੀਆਂ ਤੋਂ ਸਾਡਾ ਪਿਛਾ
ਕਰਦੇ ਆ ਰਹੇ ਹਨ।
ਧਰਮ ਮਾਨਤਾਵਾ ਉਪਰ ਅਧਾਰਤ ਹੈ। ਮਾਨਤਾਵਾਂ ਲੋਕ ਵਿਸ਼ਵਾਸਾਂ ਦੀ
ਪੂੰਜੀ ਹਨ। ਉਹ ਇਸ ਤਰ੍ਹਾਂ ਸਮਝਦੇ ਹਨ ਤੇ ਇਸ ਤਰ੍ਹਾਂ ਮੰਨਦੇ ਹਨ। ਅੱਜ ਵਿਗਿਆਨ ਦਾ ਯੁੱਗ ਹੈ,
ਤੁਹਾਡੇ ਚਾਰੇ ਪਾਸੇ ਸੂਚਨਾ ਪ੍ਰਣਾਲੀ ਨੇ ਜਾਣਕਾਰੀਆਂ ਦੇ ਹੜ੍ਹ ਲੈ ਆਂਦੇ ਹਨ। ਸਕੂਲ ਦੀਆਂ
ਕਿਤਾਂਬਾਂ ਤੋਂ ਲੈ ਕੇ ਅਖਬਾਰ, ਇਸ਼ਤਿਹਾਰ, ਰੇਡੀਓ, ਟੈਲੀਵੀਯਨ, ਇਹ ਸੱਭ ਤੁਹਾਨੂੰ ਕੁਝ ਨਾ ਕੁਝ
ਦੱਸਦੇ ਰਹਿੰਦੇ ਹਨ। ਤੁਸੀਂ ਹਰ ਵਾਰੀ ਸਿਆਣੇ ਹੋ ਕੇ ਘਰ ਪਰਤਦੇ ਹੋ। ਇਸ ਸੂਚਨਾ ਪ੍ਰਣਾਲੀ ਨੇ
ਤੁਹਾਨੂੰ ਦੱਸਿਆ ਹੈ ਕਿ ਜੇ ਖੰਘ ਦੇ ਨਾਲ ਬੁਖਾਰ ਹੋਵੇ ਤੇ ਲੱਤਾਂ ਬਾਂਹਵਾਂ ਟੁੱਟਦੀਆਂ ਹੋਣ ਤੇ
ਹਲਕਾ ਜਿਹਾ ਸਿਰਦਰਦ ਹੋਵੇ ਤਾਂ ਇਹ ਕਿਸੇ ਖਾਸ ਬੀਮਾਰੀ ਦੇ ਲੱਛਣ ਹਨ, ਤੁਸੀਂ ਇਨ੍ਹਾਂ ਲੱਛਣਾਂ
ਨੂੰ ਲੈ ਕੇ ਝੱਟ ਡਾਕਟਰ ਕੋਲ ਦੌੜਦੇ ਹੋ, ਉਹ ਤੁਹਾਨੂੰ ਟੈਸਟ ਕਰਾਉਣ ਲਈ ਅੱਖਦਾ ਹੈਮ ਤੁਸੀਂ ਦੌੜ
ਕੇ ਉਸ ਲੈਬਾਰਟਰੀ ਵਿੱਚ ਜਾਂਦੇ ਹੋ, ਟੈਸਟ ਕਰਾਉਂਦੇ ਹੋ ਤੇ ਫਿਰ ਡਾਕਟਰ ਦੀ ਦਵਾਈ ਖਾਂਦੇ ਹੋ, ਇਹ
ਸੱਭ ਕੁਝ ਇਸ ਲਈ ਕਰਦੇ ਹੋ ਕਿਉਂ ਕਿ ਤੁਸੀਂ ਇਸ ਨੂੰ ਮਾਨਤਾ ਦਿੰਦੇ ਹੋ। ਇਹ ਮਾਨਤਾ ਹੀ ਹੈ ਜੋ
ਤੁਹਾਨੂੰ ਇਸ ਉਪਰ ਵਿਸ਼ਵਾਸ ਕਰਨ ਲਈ ਆਖਦੀ ਹੈ। ਇਕ ਵਾਰ ਤੰਦਰੁਸਤ ਹੋ ਜਾਣ ਤੋਂ ਬਾਦ ਤੁਸੀਂ ਇਸ
ਨੂੰ ਆਪਣੇ ਖੇਤਰ ਵਿੱਚ ਸਾਰਿਆਂ ਨੂੰ ਦੱਸਦੇ ਹੋ। ਬੀਮਾਰੀ ਦੀ ਹਾਲਤ ਵਿੱਚ ਡਾਕਟਰ ਕੋਲ ਜਾਣਾ ਤੁਹਾਡਾ ਵਿਸ਼ਵਾਸ ਹੈ। ਡਾਕਟਰ ਆਪਣਾ ਇਲਾਜ ਵਿਗਿਆਨਕ
ਵਿਧੀ ਨਾਲ ਕਰਦਾ ਹੈ। ਇਹ ਡਾਕਟਰ ਦਾ ਵਿਸ਼ਵਾਸ ਹੈ ਕਿ ਜਿਸ ਪ੍ਰਣਾਲੀ ਵਿੱਚ ਉਹ ਕੰਮ ਕਰਦਾ ਹੈ ਉਹ
ਪੁਰੀ ਤਰ੍ਹਾਂ ਸਟੀਕ ਤੇ ਵਿਗਿਆਨਕ ਹੈ। ਇਹ ਮਾਨਤਾਵਾਂ ਹੀ ਹਨ ਜੋ ਲੋਕ ਵਿਸ਼ਵਾਸ ਦੀ ਜੜ੍ਹ
ਲਾਉਂਦੀਆਂ ਹਨ।
ਕੀ ਪਹਿਲਾਂ ਵੀ ਅਜਿਹਾ ਵਾਪਰਦਾ ਸੀ? ਹਾਲੇ ਕੁਝ ਸਾਲ ਪਹਿਲਾਂ ਦੀ
ਹੀ ਗੱਲ ਹੈ, ਬੱਚਿਆਂ ਦੇ ਕਨੇਡੂ ਹੋ ਜਾਂਦੇ ਸਨ ਉਸ ਨੂੰ ਘੁਮਿਆਰ ਕੋਲ ਲਿਜਾ ਕੇ ਠਾਕ ਦਿਤਾ ਜਾਂਦਾ
ਸੀ। ਮੇਰੇ ਗਵਾਂਢ ਵਿੱਚ ਇਕ ਚੁੱਘ ਪਰਵਾਰ ਸੀ। ਉਸ ਕੋਲ ਇਹ ਮੰਨਿਆ ਜਾਂਦਾ ਸੀ ਕਿ ਪਿੱਠ ਦੀ ਚੁੱਕ
ਕੱਢਣ ਦਾ ਇਲਾਜ ਹੈ। ਜਦੋਂ ਵੀ ਕਿਸੇ ਨੂੰ ਚੁੱਕ ਪੈਣੀ ਤਾਂ ਉਸ ਨੇ ਉਸ ਪਰਵਾਰ ਦਾ ਦਰਵਾਜ਼ਾ ਖੜਕਾ
ਦੇਣਾ। ਹੁਣ ਇਸ ਪਰਵਾਰ ਵਿੱਚ ਚੁੱਘ ਸਾਹਿਬ ਗਣਿਤ ਦੇ ਅਧਿਆਪਕ ਸਨ ਪਰ ਫਿਰ ਵੀ ਉਹ ਲੋਹੇ ਦੀ ਕਰਦ/
ਚਾਕੂ ਲੈ ਕੇ ਆਏ ਵਿਅਕਤੀ ਨੂੰ ਕੁੱਬਾ ਹੋਣ ਲਈ ਆਖਦੇ ਸਨ, ਫਿਰ ਉਸ ਦੇ ਮੋਢਿਆਂ ਤੋਂ ਫੜ ਕੇ ਸਿੱਧਾ
ਕਰਦੇ ਸਨ ਤੇ ਉਸ ਦੇ ਹੱਥੋਂ ਕਰਦ / ਚਾਕੂ ਫੜ ਕੇ ਗਲੀ ਵਿੱਚ ਅੱਗੇ ਸੁੱਟ ਦਿੰਦੇ ਸਨ ਤੇ ਉਸ ਚੁੱਕ
ਵਾਲੇ ਵਿਅਕਤੀ ਨੂੰ ਕਿਹਾ ਜਾਂਦਾ ਸੀ ਕਿ ਉਹ ਤੁਰਦਾ ਜਾਵੇ ਤੇ ਚਾਕੂ ਚੁੱਕ ਲਵੇ ਝੁਕ ਕੇ ਤੇ ਪਿਛੇ
ਮੁੜ ਕੇ ਨਾ ਵੇਖੇ। ਪਤਾ ਨਹੀਂ ਇਹ ਸੱਭ ਕਿਵੇਂ ਹੁੰਦਾ ਸੀ ਪਰ ਉਸ ਦੀ ਚੁੱਕ ਨਿਕਲ ਜਾਦੀ ਸੀ। ਸ਼ਾਇਦ
ਇਸ ਦੇ ਪਿਛੇ ਚਾਕੂ ਝੁਕ ਕੇ ਚੁੱਕਣ ਦੀ ਹੀ ਕ੍ਰਿਆ ਕੰਮ ਕਰਦੀ ਹੋਵੇ। ਬਹਿਰ ਹਾਲ ਇਹ ਮਾਨਤਾ ਸੀ ਕਿ
ਉਸ ਪਰਵਾਰ ਨੂੰ ਇਹ ਬਖਸ਼ ਹੈ।
ਬਾਕੀ ਬਿਮਾਰੀਆਂ ਦੇ ਸਿਲਸਿਲੇ ਵਿੱਚ ਵੀ ਪਹਿਲਾਂ ਸਧਾਰਨ ਓਹੜ ਪੋਹੜ
ਹੀ ਕੀਤਾ ਜਾਂਦਾ ਸੀ। ਬਿਮਾਰੀ ਕਿਉਂ ਹੁੰਦੀ ਹੈ ਇਸ ਬਾਰੇ ਆਮ ਮਨੁੱਖਾਂ ਵਿੱਚ ਇਹ ਵਿਸ਼ਵਾਸ ਸੀ ਕਿ
ਇਸ ਦੇ ਪਿਛੇ ਕੋਈ ਗੈਬੀ ਤਾਕਤ ਹੈ ਤੇ ਉਸ ਗੈਬੀ ਤਾਕਤ ਨੂੰ ਖੁਸ਼ ਕਰਨ ਲਈ ਦਾਨ ਪੁੰਨ ਪਾਠ ਪੂਜਾ ਕੀਤਾ
ਜਾਂਦਾ ਸੀ। ਇਹ ਸੱਭ ਕੁ ਉਸ ਵਿਸ਼ਵਾਸ ਤੇ ਮਾਨਤਾ ਦਾ ਹਿੱਸਾ ਸੀ ਜਿਸ ਦੇ ਕਾਰਨ ਲੋਕ ਅਸਾਨੀ ਨਾਲ ਜੀ
ਰਹੇ ਸਨ, ਜਾਂ ਇਉਂ ਕਹਿ ਲਵੋ ਕਿ ਉਹ ਜ਼ਿੰਦਗੀ ਭੋਗ ਕੇ ਮਰ ਰਹੇ ਸਨ।
ਆਉ ਜਰਾ ਮੱਧ ਕਾਲ ਵਿੱਚ ਪ੍ਰਚਲਤ ਲੋਕ ਵਿਸ਼ਵਾਸਾਂ ਦੀ ਸੂਚੀ ਬਣਾਈਏ-
1. ਜਨਮ- ਮਰਨ -ਇਸ ਪਿਛੇ ਪਾਪ- ਪੁੰਨ ਦੀ ਕਾਰਜ ਸ਼ੈਲੀ ਵਿੱਚ ਵਿਸ਼ਵਾਸ ਕੀਤਾ ਜਾਂਦਾ ਸੀ।
2. ਪਾਪ - ਦੁਸ਼ਕਰਮ ਨੂੰ ਪਾ ਕਿਹਾ ਜਾਂਦਾ ਸੀ। ਆਮ ਸਮਝ ਵਾਸਤੇ ਵਿਸ਼ੇ ਵਿਕਾਰ, ਪਾਪ ਬੁੱਧੀ ਨੂੰ ਜਨਮ ਦਿੰਦੇ ਸਨ ਤੇ ਇਹ ਪਾਪ ਬੁੱਧੀ ਹੀ ਦੁਸ਼ਕਰਮ ਕਰਨ ਲਈ ਜਿੰਮੇਵਾਰ ਸਮਝੀ ਜਾਂਦੀ ਸੀ।
3. ਪੁੰਨ - ਚੰਗੇ ਕੰਮਾਂ ਨੂੰ ਪੁੰਨ ਕਿਹਾ ਜਾਂਦਾ ਸੀ, ਇਸ ਵਿੱਚ ਆਪਣੇ ਧਨ ਦਾ ਦਾਨ ਵੀ ਸ਼ਾਮਲ ਹੁੰਦਾ ਸੀ।
4. ਆਵਾ-ਗਵਨ: ਹਿੰਦੂ ਮੱਤ ਅਨੁਸਾਰ ਮਨੁੱਖ ਦੀ ਮੌਤ ਤੋਂ ਬਾਦ 84 ਲੱਖ ਜੂਨਾਂ ਵਿੱਚ ਪੈਣਾ ਹੀ ਆਵਾ- ਗਵਨ ਹੁੰਦਾ ਸੀ।
5. ਕਰਮ ਤੇ ਉਸ ਦਾ ਫਲ ਕਰਮ ਦਾ ਫਲ ਦੇਣਾ ਧਰਮ ਰਾਜ ਜਾਂ ਚਿਤ੍ਰ ਗੁਪਤ ਦਾ ਕੰਮ ਸਮਝਿਆ ਜਾਂਦਾ ਸੀ।
6. ਨਰਕ ਸੁਰਗ : ਨਰਕ ਤੇ ਸਵਰਗ ਦੋ ਅਜਿਹੇ ਸਥਾਨ ਜਾਂ ਪਰਲੋਕ ਜਿਥੇ ਕਿਸੇ ਨੂੰ ਉਸ ਦੇ ਕਰਮਾਂ ਅਨੁਸਾਰ ਭੇਜਿਆ ਜਾਂਦਾ ਸੀ, ਅਜਿਹਾ ਵਿਸ਼ਵਾਸ ਆਮ ਪ੍ਰਚਲਤ ਸੀ।
7. ਪ੍ਰਮਾਤਮਾ ਇਸ ਬਾਰੇ ਲਗਭਗ ਸਾਰੇ ਧਰਮ ਵੱਖ ਵੱਖ ਨਜ਼ਰੀਆ ਰੱਖਦੇ ਹਨ ਪਰ ਸੱਭ ਧਰਮਾਂ ਵਿੱਚ ਇਸ ਦੀ ਹੋਂਦ ਨੂੰ ਬਰਕਰਾਰ ਰੱਖਿਆ ਗਿਆ ਹੈ।
8. ਤਿੰਨ ਦੇਵਤੇ ਹਿੰਦੂ ਮਿਥਿਹਾਸ ਅਨੁਸਾਰ ਤਿੰਨ ਦੇਵਤਿਆਂ ਬ੍ਰਹਮਾਂ, ਵਿਸ਼ਨੂੰ ਤੇ ਸ਼ਿਵ ਬਾਰੇ ਮਾਨਤਾ ਹੈ, ਇਸ ਤੋਂ ਬਿਨਾਂ 33 ਕਰੋੜ ਹੋਰ ਛੋਟੇ ਮੋਟੇ ਦੇਵਤਿਆਂ ਦਾ ਜ਼ਿਕਰ ਵੀ ਮਿਲਦਾ ਹੈ।
9. ਅਧਿਆਮਤਮਕਤਾ ਇਹ ਵਿਸ਼ਵਾਸ ਇਕ ਆਲੇ ਦੁਆਲੇ ਵਿੱਚ ਵਾਪਰਨ ਵਾਲੀ ਹਰ ਘਟਨਾ ਪਿਛੇ ਕਿਸੇ ਨਾ ਕਿਸੇ ਦੇਵੀ ਜਾਂ ਦੇਵਤਿਆਂ ਦਾ ਹੱਥ ਹੋਣਾ ਤੇ ਸਮੁੱਚੇ ਵਿਸ਼ਵ ਨੂੰ ਕਿਸੇ ਨਾ ਕਿਸੇ ਦੇਵੀ ਦੇਵਤੇ ਦੇ ਕਾਰਜ ਖੇਤਰ ਵਿੱਚ ਵੰਡ ਕੇ ਸਮਝਣ ਦੀ ਕੋਸ਼ਿਸ਼ ਕਰਦੇ ਹਨ।
ਇਹ ਇਕ ਮੋਟੇ ਤੌਰ ਤੇ ਲੋਕ ਵਿਸ਼ਵਾਸਾਂ ਵਿੱਚ ਰਚੀ- ਮਿਚੀ ਸਚਾਈ ਹੈ
ਜਿਸ ਨੂੰ ਮੱਧ ਕਾਲ ਵਿੱਚ ਪੂਰੀ ਮਾਨਤਾ ਸੀ। ਇਸੇ ਤਰ੍ਹਾਂ ਦੀਆਂ ਮਾਨਤਾਵਾਂ ਮੁਸਲਿਮ ਤੇ ਬੁਧ ਮੱਤ
ਵਿੱਚ ਵੀ ਪ੍ਰਚਲਤ ਸਨ ਤੇ ਲੋਕ ਇਸ ਨੂੰ ਅਧਾਰ ਬਣਾ ਕੇ ਆਪਣੀ ਜ਼ਿੰਦਗੀ ਦੀਆਂ ਸਮਸਿਆਵਾ ਨੂੰ ਸਮਝਣ
ਦਾ ਯਤਨ ਕਰਦੇ ਸਨ। ਉਹ ਇਨ੍ਹਾਂ ਦਾ ਹੱਲ ਕਰਨ ਤੇ ਕਰਾਉਣ ਲਈ ਵੀ ਧਰਮ ਨਾਲ ਸਬੰਧਤ ਵਿਅਕਤੀਆਂ ਦੀ
ਸ਼ਰਨ ਵਿੱਚ ਜਾਂਦੇ ਸਨ।
ਅਸਲ ਵਿੱਚ ਧਰਮ ਮੱਧ ਕਾਲ ਵਿੱਚ ਇਕ ਸੰਪੂਰਨ ਜੀਵਨ ਜਾਚ ਦੀ ਥਾਂ ਲੈ
ਚੁੱਕਿਆ ਸੀ। ਧਰਮ ਦੇ ਦਾਇਰੇ ਵਿੱਚ ਬਹੁਤ ਕੁਝ ਸੀ, ਇਸ ਦਾ ਅੰਦਾਜ਼ਾ ਧਾਰਮਕ ਸਾਹਿਤ ਨੂੰ ਘੋਖਣ ਤੋਂ
ਲੱਗ ਜਾਂਦਾ ਹੈ। ਇਸ ਵਿੱਚ ਗਿਆਨ ਸੀ ਆਪਣੇ ਸਮੇਂ ਦਾ ਅਨੁਭਵਾਂ ਉਪਰ ਅਧਾਰਤ, ਨੀਤੀ ਸੀ ਤੇ
ਨੈਤਿਕਤਾ ਸੀ, ਸਮਾਜਕ ਵਿਗਿਆਨ ਸੀ, ਆਰਥ ਸ਼ਾਸ਼ਤਰ ਸੀ ਜੋ ਕਿਰਤ ਦੀ ਵੰਡ ਤੇ ਸਮਾਜ ਦੀ ਵੰਡ ਤੱਕ ਨੂੰ
ਪ੍ਰਭਾਵਤ ਕਰਦਾ ਸੀ। ਇਸ ਵਿੱਚ ਕਵਿਤਾ ਸੀ, ਛੰਦ ਸੀ ਕਾਵਿ ਸਾਸ਼ਤਰ ਸੀ, ਵਿਆਕਰਨ ਤੇ ਭਾਸ਼ਾ ਸ਼ਾਸ਼ਤਰ
ਸੀ, ਵਪਾਰ ਨਾਲ ਸਬੰਧਤ ਜਾਣਕਾਰੀ ਸੀ, ਭੂਗੋਲ ਤੇ ਖਗੋਲ ਦੀਆਂ ਜਾਣਕਾਰੀਆਂ ਸਨ, ਫਲਸਫਾ ਸੀ, ਜਿਸ
ਨੂੰ ਸਾਰੇ ਵਿਸ਼ਿਆਂ ਦਾ ਜਨਮ ਦਾਤਾ ਕਿਹਾ ਜਾਂਦਾ ਹੈ, ਰਾਜਨੀਤੀ ਸ਼ਾਸਤਰ ਸੀ, ਟੈਕਸ ਦੇਣ ਦਾ ਤਰੀਕਾ
ਸੀ, ਨਿਆਂ ਸ਼ਾਸਤਰ ਸੀ, ਔਸ਼ਧੀ ਵਿਗਿਆਨ ਸੀ, ਜਨਮ- ਮਰਨ ਤੇ ਵਿਆਹ ਕਰਨ ਦੇ ਤਰੀਕੇ ਦੱਸਣ ਵਾਲਾ
ਸ਼ਾਸਤਰ ਸੀ, ਜੋਤਿਸ਼ ਸੀ, ਗਣਿਤ ਸੀ, ਜਿਊਮੈਟਰੀ ਸੀ, ਭਵਨ ਕਲਾ ਨਿਰਮਾਣ ਜਿਸ ਵਿੱਚ ਮੰਦਰਾਂ ਦੇ
ਗੁੰਬਦ ਤੇ ਸਤੰਭ ਬਣਾਉਣ ਦਾ ਵੇਰਵਾ ਸ਼ਾਮਲ ਹੈ, ਰਸਾਇਣ ਸ਼ਾਸ਼ਤਰ ਸੀ, ਕਾਮ ਸ਼ਾਸ਼ਤਰ ਸੀ; ਭਾਵ ਜ਼ਿੰਦਗੀ
ਨੂੰ ਜੀਣ ਵਾਸਤੇ ਹਰ ਉਸ ਚੀਜ਼ ਦਾ ਗਿਆਨ ਧਰਮ ਕੋਲ ਸੀ ਜਿਸ ਦੀ ਲੋੜ ਜ਼ਿੰਦਗੀ ਨੂੰ ਪੈਂਦੀ ਹੈ। ਜੇ
ਇਸ ਨੂੰ ਜ਼ਿੰਦਗੀ ਦਾ ਸਾਫਟਵੇਅਰ ਆਖ ਲਿਆ ਜਾਵੇ ਤਾਂ ਕੋਈ ਗ਼ਲਤ ਬਿਆਨੀ ਨਹੀਂ।
ਇਹ ਉਹ ਸਾਫਟਵੇਅਰ ਸੀ ਜਿਸ ਦੀ ਮਦਦ ਨਾਲ ਜ਼ਿੰਦਗੀ ਨੂੰ ਜੀਣ ਦੀ
ਕੋਸ਼ਿਸ਼ ਕੀਤੀ ਜਾ ਰਹੀ ਸੀ। ਜਿਸ ਤਰ੍ਹਾਂ ਕੰਪਿਊਟਰ ਦੀ ਸਕਰੀਨ ਉਪਰ ਆਈਕਨ ਬਣੇ ਹੁੰਦੇ ਹਨ, ਛੋਟੇ
ਛੋਟੇ ਨਿਸ਼ਾਨ ਜਿਨ੍ਹਾਂ ਨੂੰ ਲੋੜ ਵੇਲੇ ਅਸੀਂ ਕਲਿੱਕ ਕਰ ਲੈਂਦੇ ਹਾਂ, ਇਸ ਜੀਵਨ ਜਾਚ ਵਿੱਚ ਸਾਡੇ
ਸਾਰੇ ਵਿਸ਼ਵਾਸ ਛੋਟੇ ਛੋਟੇ ਆਈਕਨ ਹੀ ਸਨ ਜੋ ਉਸ ਵੇਲੇ ਜ਼ਿੰਦਗੀ ਦੀ ਕਰਮ ਸ਼ੀਲ ਰੱਖਦੇ ਸਨ। ਵਕਤ
ਬਦਲਣ ਦੇ ਨਾਲ ਜਦੋਂ ਜ਼ਿੰਦਗੀ ਦਾ ਹਾਰਡਵੇਅਰ ਬਦਲਦਾ ਹੈ ਤਾਂ ਸਾਫਟਵੇਅਰ ਵੀ ਬਦਲ ਜਾਂਦਾ ਹੈ। ਇਸ
ਵਿੱਚ ਕੋਈ ਬਹਿਸ ਜਾਂ ਵਿਚਾਰ ਵਟਾਂਦਰੇ ਦੀ ਗੁੰਜਾਇਸ਼ ਨਹੀਂ। ਜਦੋਂ ਮੋਬਾਈਲ ਫੋਨ ਦਾ ਜ਼ਮਾਨਾ ਨਹੀਂ ਸੀ,
ਸਾਕ ਸਬੰਧੀਆਂ ਨੂੰ ਸੁਨੇਹੇ ਲਿਖ ਕੇ ਭੇਜੇ ਜਾਂਦੇ ਸਨ ਉਦੋਂ ਡਾਕੀਏ ਦੀ ਮਹੱਤਤਾ ਸੀ, ਅੱਜ ਮੋਬਾਈਲ
ਫੋਨ ਦਾ ਜ਼ਮਾਨਾ ਹੈ, ਜੇ ਇਹ ਖਰਾਬ ਹੋ ਜਾਏ ਤਾਂ ਇਸ ਨੂੰ ਕਿਸੇ ਅਜਿਹੇ ਵਿਅਕਤੀ ਕੋਲ ਜਾਂਦੇ ਹਾਂ
ਜੋ ਇਸ ਦੇ ਬਾਰੇ ਤਕਨੀਕੀ ਜਾਣਕਾਰੀ ਰੱਖਦਾ ਹੋਵੇ, ਸਾਡੀ ਜ਼ਿੰਦਗੀ ਚੋਂ ਧਰਮ ਤੇ ਧਰਮਕ ਵਿਅਕਤੀਆਂ
ਦਾ ਦਖਲ ਘੱਟਦਾ ਜਾ ਰਿਹਾ ਹੈ। ਮੌਸਮ ਵਾਸਤੇ ਮੌਸਮ ਵਿਗਿਆਨੀ ਨਾਲ ਸੰਪਰਕ ਕਰਨ ਦਾ ਯਤਨ ਕੀਤਾ ਜਾਂਦਾ
ਹੈ ਤੇ ਬਿਮਾਰੀ ਦੀ ਹਾਲਤ ਵਿੱਚ ਡਾਕਟਰ ਤੇ ਮੈਡੀਕਲ ਸਾਇੰਸ ਦਾ ਆਸਰਾ ਲਿਆ ਜਾਂਦਾ ਹੈ। ਪਾਣੀਆਂ
ਛਤਰੀਆਂ ਵਿੱਚ ਦਮ ਨਹੀਂ ਰਿਹਾ, ਲੋਕਾਂ ਨੇ ਹੁਣ ਸਮੇਂ ਅਨੁਸਾਰ ਛਤਰੀਆਂ ਬਦਲ ਲਈਆਂ ਹਨ।
ਬੱਚਾ ਬੱਚਾ ਜਾਣਦਾ ਹੈ ਕਿ ਧਰਤੀ ਗੋਲ ਹੈ, ਅਸਮਾਨ ਵਿਸ਼ਾਲ ਹੈ।
ਭਾਸ਼ਾ ਅਸੀਮ ਹੈ। ਬਿਮਾਰੀ ਕਿਟਾਣੂਆਂ ਨਾਲ ਫੈਲਦੀ ਹੈ। ਬੱਚੇ ਨਰ ਤੇ ਮਾਦਾ ਸ਼ੁਕਰਾਣੂਆਂ ਦੇ ਮਿਲਾਪ
ਨਾਲ ਜੰਮਦੇ ਹਨ। ਵਿਗਿਆਨ ਨੇ ਸਾਡੀਆਂ ਅੱਖਾਂ ਖੋਲ੍ਹ ਦਿਤੀਆਂ ਹਨ। ੳਜ ਦੇ ਯੁਗ ਵਿੱਚ ਹਰ ਬੰਦੇ
ਕੋਲ ਜਿਹੜੀ ਛਤਰੀ ਹੈ ਉਹ ਵਿਗਿਆਨ ਤੋਂ ਆਈ ਹੈ।
ਆਈ ਹੈ।
No comments:
Post a Comment