Friday, November 2, 2012

ਮੇਲਾ ਗਦਰੀ ਬਾਬਿਆਂ ਦਾ...



ਮੇਲਾ ਗਦਰੀ ਬਾਬਿਆਂ ਦਾ...

ਗੁਰਦੀਪ ਸਿੰਘ ਭਮਰਾ

ਦੇਸ਼ ਭਗਤ ਯਾਦਗਾਰ ਭਵਨ ਵਿੱਚ 21ਵੇਂ ਗਦਰੀ ਬਾਬਿਆਂ ਦੇ ਮੇਲੇ ਆਖਰੀ ਦਿਨ ਆਯੋਜਿਤ ਨਾਟਕਾਂ ਭਰੀ ਰਾਤ ਮੰਚ ਉਪਰ ਆਪਣਾ ਨਾਟਕ ਪੇਸ਼ ਕਰਨ ਤੋਂ ਬਾਦ ਮੰਚ ਉਪਰ ਨਿਰਦੇਸ਼ਕ, ਪਾਤਰ, ਸੈਮੂਅਲ ਜੋਹਨ ਬੇਹੱਦ ਭਾਵਕ ਹੋ ਕੇ ਤਕਰੀਬਨ ਰੋਣ ਦੀ ਹੱਦ ਤੱਕ ਪਹੁੰਚ ਗਿਆ ਜਦੋਂ ਉਸ ਨੇ ਆਪਣੇ ਨਾਟਕ ਦੇ ਆਖਰੀ ਡਾਇਲਾਗ ਨਾਲ ਦਰਸ਼ਕਾਂ ਨੂੰ ਮੁਖਾਤਬ ਹੋ ਕੇ ਕਹਿਣ ਲੱਗਾ, ਕਿ ਰਲਦੇ ਕਿਉਂ ਨਹੀਂ, ਕਿਸਾਨ ਤੇ ਮਜ਼ਦੂਰ। ਮੰਚ ਦਾ ਸੰਚਾਲਨ ਕਰ ਰਹੇ ਸ. ਅਮੋਲਕ ਸਿੰਘ ਨੇ ਉਸ ਨੂੰ ਗਲਵਕੜੀ ਵਿੱਚ ਲੈ ਲਿਆ, ਜਦੋਂ ਦਰਸਕਾਂ ਚੋਂ ਕਿਸਾਨ ਮਜ਼ਦੂਰ ਏਕਤਾ ਜ਼ਿੰਦਾਬਾਦ ਦੇ ਨਾਅਰੇ ਉੱਠਣੇ ਸ਼ੁਰੂ ਹੋ ਗਏ।
ਆਰਥਕ ਲੁੱਟ ਖਸੁਟ ਵਿੱਚ ਕਦੋਂ ਛੋਟੀ ਕਿਰਸਾਣੀ ਬੇਜ਼ਮੀਨੇ ਮਜ਼ਦੂਰਾਂ ਵਿੱਚ ਸ਼ਾਮਲ ਹੋ ਜਾਂਦੀ ਹੈ ਇਹ ਨਾਟਕ ਉਸ ਨਿਰਣਾਇਕ ਘੜੀ ਨੂੰ ਸਮਰਪਤ ਸੀ। ਇਸ ਉਸ ਸੰਘਰਸ਼ ਚੋਂ ਨਿਕਲਦੀ ਸੱਚਾਈ ਹੈ ਜੋ ਸਰਮਾਇਆਦਾਰੀ ਵੱਲੋਂ ਆਪਣੀ ਆਰਥਕ ਨੀਤੀ ਦੇ ਫਲਸਰੂਪ ਸਾਧਾਰਨ ਲੋਕਾਂ ਉਪਰ ਥੋਪਿਆ ਜਾਂਦਾ ਹੈ। ਪਰ ਇਸ ਤੋਂ ਬੇਦਿਲੇ ਹੋਣਾ ਤੇ ਇਸ ਸੰਘਰਸ਼ ਵਿੱਚ ਸਰਮਾਇਆਦਾਰੀ ਦੀ ਚੜ੍ਹਤ ਨੇ ਨਿਖਰਦੇ ਵਿਕਾਸ ਨੂੰ ਦੇਖਕੇ ਦਿਲ ਛੱਡ ਜਾਣਾ ਵੀ ਇਸ ਦਾ ਹੱਲ ਨਹੀਂ ਹੈ।
ਨਾਟਕ ਦੇਖ ਰਹੇ ਦਰਸ਼ਕਾਂ ਦੀ ਸਮਝ ਦਾ ਕੀ ਮਿਆਰ ਸੀ ਇਸ ਦੀ ਵਨੰਗੀ ਵੀ ਜਲਦੀ ਹੀ ਨਜ਼ਰ ਆ ਗਏ। ਜਦੋਂ ਸੈਮੁਅਲ ਜੋਹਨ ਦੀ ਸੂਤਰਧਾਰ ਕੁੜੀ ਆਪਣੇ ਸੂਤਰਧਾਰ ਦੀ ਭੂਮਿਕਾ ਚੋਂ ਇਕ ਦਮ ਮੁਖ ਪਾਤਰ ਦੀ ਪਤਨੀ ਦੇ ਰੂਪ ਵਿੱਚ ਸੰਵਾਦ ਕਰਦੀ ਹੈ ਤਾਂ ਇਸ ਖੂਬੀ ਨੂੰ ਮੇਰੇ ਨੇੜੇ ਬੈਠੇ ਇਕ ਅਲੂਂਏ ਜਿਹੇ ਦਿਸਦੇ ਮੁੰਡਿਆਂ ਨੂੰ ਬਹੁਤ ਬਾਰੀਕੀ ਨਾਲ ਪਕੜਿਆ, ਕਿਆ ਬਾਤ ਹੈ, ਸੂਤਰਧਾਰ ਤੋਂ ਇਕ ਦਮ ਪਤਨੀ ਦੇ ਰੋਲ ਵਿੱਚ..
ਪੰਜਾਬ ਵਿਚ ਹੁੰਦੇ ਆਪਣੀ ਤਰ੍ਹਾਂ ਦੇ ਇਸ ਇਕੋ ਇਕ ਮੇਲੇ ਵਿੱਚ ਵਹਿਰਾਂ ਘੱਤ ਕੇ ਆਏ ਦਰਸ਼ਕ ਲਗਭਗ ਇਕ ਹੀ ਸੋਚ ਤੇ ਸਿਧਾਂਤ ਨੂੰ ਪ੍ਰਨਾਏ ਹੁੰਦੇ ਹਨ। ਉਹ ਜਾਣਦੇ ਹਨ ਇਸ ਮੇਲੇ ਵਿੱਚ ਆਮ ਲੋਕਾਂ ਦੀ ਮਿਹਨਤ ਕਸ਼ਾਂ ਦੀ ਗੱਲ ਹੋਵੇਗੀ ਤੇ ਕੁਝ ਮੁੱਦੇ ਵਿਚਾਰੇ ਜਾਣਗੇ ਜੋ ਸ਼ਾਇਦ ਉਹਨਾਂ ਨੂੰ ਦਰਪੇਸ਼ ਮੁਸ਼ਕਲਾਂ ਦਾ ਰਾਹ ਲੱਭ ਦੇਣ। ਇਸ ਲਈ ਹਰ ਗੱਲ ਲਈ ਪ੍ਰਤੀਕਰਮ ਤਕਰੀਬਨ ਇਕੋ ਜਿਹਾ ਤੇ ਹੁੰਗਾਰਾ ਭਰਵਾਂ ਹੀ ਦੇਖਣ ਨੂੰ ਮਿਲਦਾ ਹੈ।
ਇਸ ਮੇਲੇ ਦੀ ਇਕ ਹੋਰ ਖਿੱਚ ਪੁਸਤਕਾਂ ਦਾ ਮੇਲਾ ਹੁੰਦਾ ਹੈ। ਕਿਤਾਬ ਜਿਸ ਨੂੰ ਸਰਮਾਇਆਦਾਰੀ ਨਿਜ਼ਾਮ ਵਿੱਚ ਲਗਭਗ ਅਣਗੌਲਿਆ ਕਰ ਦਿਤਾ ਹੈ ਤੇ ਜੋ ਅਸਲ ਗਿਆਨ ਦਾ ਸਰੋਤ ਰਹੀ ਹੈ ਉਸ ਨੂੰ ਇਕ ਵਾਰ ਫੇਰ ਆਮ ਲੋਕਾਂ ਦੇ ਹੱਥਾਂ ਵਿੱਚ ਜਾਂਦਾ ਵੇਖ ਕੇ ਖੁਸ਼ੀ ਹੁੰਦੀ ਹੈ। ਪਰ ਇਸ ਮੇਲੇ ਵਿੱਚ ਕਿਤਾਬਾਂ ਦੇ ਇਸ ਪੁਸਤਕ ਪਿੜ ਵਿੱਚ ਬਹੁਤਾ ਤਾਂ ਸਰੋਤ ਪੁਸਤਕਾਂ ਲੱਭਣ ਦੀ ਹੋੜ ਲੱਗੀ ਰਹਿੰਦੀ ਹੈ ਤਾਂ ਜੋ ਆਪਣੀ ਜਾਣਕਾਰੀ ਨੂੰ ਵਧਾਇਆ ਤੇ ਨਵਿਆਇਆ ਜਾ ਸਕੇ। ਪੁਸਤਕਾਂ ਦੀ ਵਿਕਾਰੀ ਨੂੰ ਮੁੱਖ ਰੱਖ ਕੇ ਆਏ ਪ੍ਰਕਾਸ਼ਕ ਤੇ ਪੁਸਤਕ ਵਿਕ੍ਰੇਤਾ ਸ਼ਾਇਦ ਇਸ ਵਾਰ ਨਿਰਾਸ਼ ਹੋਏ ਹੋਣਗੇ, ਕਿਉਂ ਕਿ ਇਸ ਵਾਰ ਮੇਲੇ ਵਿੱਚ ਪਹੁੰਚਣ ਵਾਲੇ ਲੋਕ ਪਹਿਲਾਂ ਨਾਲੋਂ ਊਣੇ ਪੌਣੇ ਹੀ ਸਨ।
ਇਸ ਦਾ ਇਕ ਕਾਰਨ ਇਹ ਵੀ ਕਿਹਾ ਜਾ ਸਕਦਾ ਹੈ ਕਿ ਮੋਜੂਦਾ ਦੌਰ ਵਿੱਚ ਲੱਕ ਤੋੜਵੀ ਮਹਿੰਗਾਈ ਨੇ ਉਹਨਾਂ ਦਾ ਲੋੜ ਤੋਂ ਵੱਧ ਕਚੂਮਰ ਕੱਢਿਆ ਹੋਇਆ ਹੈ। ਆਮਦਨ ਦੇ ਘੱਟਦੇ ਸਰੋਤ ਇਸ ਦਾ ਦੂਜਾ ਕਾਰਨ ਵੀ ਕਿਹਾ ਜਾ ਸਕਦਾ ਹੈ। ਪਰ ਉਤਸ਼ਾਹ ਵਿੱਚ ਕੋਈ ਕਮੀ ਨਹੀਂ ਸੀ ਤੇ ਨਾ ਹੀ ਕਮੀ ਮੇਲੇ ਦੇ ਪ੍ਰਬੰਧਕਾਂ ਵੱਲੋਂ ਸੀ ਜਿਹਨਾਂ ਨੇ ਆਪਣੇ ਵਿੱਤ ਤੋਂ ਵੱਧ ਹਰ ਗੱਲ ਦਾ ਰੱਜਵਾਂ ਪ੍ਰਬੰਧ ਕੀਤਾ ਹੋਇਆ ਸੀ।
ਇਸ ਨਾਟਕ ਮੇਲੇ ਵਿੱਚ ਇਕ ਹੋਰ ਵਿਸ਼ੇਸ਼ਤਾ ਪੱਛਮੀ ਬੰਗਾਲ ਤੋਂ ਪਹੁੰਚੀ ਨਾਟ ਮੰਡਲੀ ਸੀ ਜਿਸ ਨੇ ਆਪਣੇ ਲਗਭਗ ਅੱਧੇ ਘੰਟੇ ਤੋਂ ਵੱਧ ਦੇ ਸਮੇਂ ਵਿੱਚ ਪੰਜਾਬ ਦੀ ਧਰਤੀ ਉਪਰ ਬੰਗਲਾ ਰੰਗ ਮੰਚ ਦੀ ਛਾਪ ਜਮਾ ਦਿਤੀ। ਪਾਸ਼ ਕਵਿਤਾ ਸੱਭ ਤੋਂ ਖਤਰਨਾਕ ਹੁੰਦਾ ਹੈ ਸੁਪਨਿਆ ਦਾ ਮਰ ਜਾਣਾ ਨੂੰ ਅਧਾਰ ਬਣਾ ਕੇ ਰਚੇ ਗਏ ਨਾਟਕ ਵਿੱਚ ਸੁਪਨਿਆ ਦਾ ਜ਼ਿੰਦਾ ਰਹਿਣਾ ਤੇ ਉਹਨਾਂ ਨੂੰ ਜ਼ਿੰਦਾ ਰੱਖਣ ਲਈ ਸੰਘਰਸ਼ ਕਰਨਾ, ਦੇਸ਼ੀ ਤੇ ਵਿਦੇਸ਼ੀ ਪੂੰਜੀਵਾਦੀ ਹਮਲਿਆਂ ਦੇ ਵਿਰੋਧ ਵਿੱਚ ਖੜੇ ਹੋਣਾ, ਇਸ ਨਾਟਕ ਦਾ ਮੂਲ ਵਿਸ਼ਾ ਸੀ। ਬਾਵਜੂਦ ਇਸ ਦੀ ਬੰਗਲਾ ਭਾਸ਼ਾ ਦੇ ਇਸ ਨਾਟਕ ਨੇ ਲੋਕਾਂ ਦੇ ਦਿਲਾਂ ਵਿੱਚ ਗਹਿਰੀ ਛਾਪ ਛੱਡੀ। ਪੂਰੀ ਟੀਮ ਦਾ ਨਾਟਕ ਖਤਮ ਹੋਣ ਉਪਰੰਤ ਦਰਸ਼ਕਾਂ ਨੇ ਖੜੋ ਕੇ ਤਾੜੀਆਂ ਦੀ ਗੜਗੜਾਹਟ ਨਾਲ ਸਵਾਗਤ ਕੀਤਾ। ਭਾਸ਼ਾ ਦਾ ਵਿਗੋਚਾ ਜ਼ਰੂਰ ਖਟਕਦਾ ਰਿਹਾ ਤੇ ਇਸ ਦੇ ਬਹੁਤ ਸਾਰੇ ਅੰਸ਼ ਬੰਗਲਾ ਨਾ ਜਾਣਨ ਵਾਲਿਆਂ ਦੇ ਸਿਰਾਂ ਤੋਂ ਹੀ ਲੰਘ ਗਏ ਜੋ ਇਸ ਕੋਸ਼ਿਸ਼ ਵਿੱਚ ਰਹੇ ਕਿ ਨਾਟਕ ਦੇ ਕਾਰਜ ਨੂੰ ਦੇਖ ਕੁਝ ਅੰਦਾਜ਼ਾ ਲਾਇਆ ਜਾ ਸਕੇ।
ਇਹ ਨਾਟਕ ਮੈਨੂੰ ਆਪਣੇ ਫੇਸ ਬੁੱਕ ਦੋਸਤਾਂ ਤੋਂ ਘੁਸਾਈ ਮਾਰ ਕੇ ਦੇਖਣਾ ਪਿਆ। ਫੇਸ ਬੁਕ ਉਪਰ ਇਕ ਦੂਜੇ ਦੇ ਵਿਚਾਰਾਂ ਨਾਲ ਗੁੱਥਮ ਗੁਥਾ ਹੁੰਦੇ ਬਹੁਤ ਸਾਰੇ ਦੋਸਤ ਇਸ ਵਾਰ ਜਾਹਰਾ ਰੂਪ ਵਿੱਚ ਮੇਲੇ ਵਿੱਚ ਸ਼ਿਰਕਤ ਕਰਨ ਆਏ। ਦੋਸਤੀਆਂ ਸਨ ਕਿ ਹੋਰ ਪੀਢੀਆਂ ਹੋ ਗਈਆਂ। ਬਹੁਤ ਸਾਰੇ ਦੋਸਤ ਲਗਭਗ ਪਹਿਲੀ ਵਾਰ ਇਕ ਦੂਜੇ ਦੇ ਰੂਬਰੂ ਹੋਏ ਭਾਂਵੇ ਇਕ ਦੂਜੇ ਨਾਲ ਉਹ ਦਿਲੀ ਸਾਂਝ ਤੇ ਨਿੱਘ ਮਾਣਦਿਆਂ ਨੂੰ ਸਾਲ ਤੋਂ ਵੱਧ ਹੋ ਗਿਆ ਸੀ। ਇਕਬਾਲ ਪਾਠਕ, ਬਿੰਦਰਪਾਲ ਫਤਹਿਪੁਰੀ, ਪ੍ਰਿੰਸ ਧੁੰਨਾ, ਇਕਬਾਲ ਸਿੰਘ ਧਾਮੀ, ਗੁਸਤਾਖ, ਸਾਹਿਬ ਸਿੰਘ, ਅਮ੍ਰਿਤਪਾਲ, ਛਿੰਦਰਪਾਲ, ਸੁਰਜੀਤ ਗੱਗ, ਇਹ ਉਹ ਨਾਂ ਸਨ ਜਿਹੜੇ ਫੇਸ ਬੁੱਕ ਉਪਰ ਸਿਧਾਂਤਕ ਬਹਿਸ ਕਰਦੇ ਅਕਸਰ ਦੇਖੇ ਜਾ ਸਕਦੇ ਪਰ ਇਕ ਦੂਜੇ ਨੂੰ ਮਿਲ ਕੇ ਸਾਰੇ ਉਲਾਂਭੇ ਲੱਥ ਗਏ।
ਜਨ ਚੇਤਨਾ ਪ੍ਰਕਾਸ਼ਨ ਪਿਛਲੇ ਕਈ ਸਾਲਾਂ ਤੋਂ ਆਪਣੇ ਵਜੂਦ ਨਾਲ ਕੰਮ ਕਰ ਰਹੀ ਹੈ ਤੇ ਸਿਧਾਂਤ ਨੂੰ ਸਮਰਪਤ ਨੌਜੁਆਨਾਂ, ਪ੍ਰੋਢ ਦੋਸਤਾਂ ਦੀ ਟੇਕ ਨਾਲ ਇਕ ਕੇਂਦਰ ਵੱਜੋਂ ਉਭਰ ਰਹੀ ਹੈ। ਇਸ ਦੇ ਬੁਕ ਸਟਾਲ ਉਪਰ ਸਾਰੇ ਦੋਸਤਾਂ ਨਾਲ ਮੁਲਾਕਾਤਾਂ ਹੋਈਆਂ, ਪੁਰਾਣੀਆਂ ਯਾਦਾਂ ਤਾਜ਼ਾ ਹੋ ਗਈਆਂ। ਇਹ ਵੀ ਮੇਲੇ ਦੀ ਇਕ ਪ੍ਰਾਪਤੀ ਸੀ। ਲੁਧਿਆਣੇ ਨੇੜੇ ਪੱਖੋਵਾਲ ਵਿੱਚ ਲਾਇਬ੍ਰੇਰੀ ਸਥਾਪਤ ਕਰਕੇ ਇਸ ਇਕਾਈ ਨੇ ਪੜ੍ਹਣ ਤੇ ਸੋਚਣ ਦੀ ਚੇਟਕ ਲਾਈ ਹੋਈ ਹੈ, ਦੂਜੇ ਪਾਸੇ ਡਾ: ਅੰਮ੍ਰਿਤਪਾਲ ਵਰਗੇ ਨੋਜੁਆਨ ਜਿਹਨਾਂ ਨੇ ਮੈਡੀਕਲ ਵਿਸ਼ੇ ਵਿੱਚ ਡਿਗਰੀਆਂ ਲੈ ਕੇ ਸਨਅਤੀ ਮਜ਼ਦੂਰਾਂ ਨੂੰ ਮੁਫਤ ਸਿਹਤ ਸੇਵਾਵਾਂ ਦੇਣ ਲਈ ਆਪਣੇ ਆਪ ਨੂੰ ਅਰਪਤ ਕੀਤਾ ਹੋਇਆ ਹੈ। ਇਸ ਸਮਰਪਣ ਨੂੰ ਸਲਾਮ ਕਰਨ ਨੂੰ  ਜੀਅ ਕਰਦਾ ਹੈ।
ਇਸ ਨਾਟਕ ਦੀ ਇਕ ਹੋਰ ਗੱਲ ਕਾਮਰੇਡ ਜਗਰੂਪ ਨਾਲ ਮੁਲਾਕਾਤ ਵੱਜੋਂ ਯਾਦਗਾਰੀ ਹੋ ਗਈ। 1973 ਵਿੱਚ ਲਗਏ ਇਕ ਕੈਂਪ ਤੋਂ ਬਾਦ ਉਸ ਨੂੰ ਮਿਲਣ ਦਾ ਮੌਕਾ ਮਿਲਿਆ। ਲੰਮਾ ਅਰਸਾ ਤੇ ਪੁਰਾਣੀਆ ਯਾਦਾਂ, ਜਗਰੂਪ ਇਕ ਕਾਬਲ ਆਗੂ ਉਸ ਵੇਲੇ ਸੀ ਤੇ ਅੱਜ ਵੀ ਹੈ। ਮਗਰਲੇ ਸਮੇਂ ਵਿੱਚ ਉਸ ਨੇ ਆਪਣੀ ਇਕ ਵੱਖਰੀ ਪਛਾਣ ਬਣਾਈ ਹੈ। ਕੁਝ ਗੱਲਾਂ ਬਾਤਾਂ ਸਿਧਾਂਤ ਉਪਰ ਵੀ ਹੋਈਆਂ, ਇਕ ਦੂਜੇ ਦੇ ਕੰਮ ਤੋਂ ਜਾਣੂ ਕਰਵਾਉਣ ਦਾ ਵਾਅਦਾ ਲੈ ਕੇ ਅਸੀਂ ਵਿਦਾ ਹੋਏ।
ਇਸ ਮੇਲੇ ਦੀ ਇਹ ਹੋਰ ਪਛਾਣ ਉਸ ਸੈਮੀਨਰ ਦੀ ਸੀ ਜੋ ਭਵਨ ਦੀ ਉਪਰ ਮੰਜ਼ਲ ਦੇ ਹਾਲ ਵਿੱਚ ਰਖਿਆ ਗਿਆ। ਵਿਸ਼ਾ ਵੀ ਧਰਮ ਨਿਰਪੱਖਤਾ, ਬੁਲਾਰੇ ਆਸ ਨਾਲੋਂ ਵੱਧ ਮਿਆਰੀ ਸਨ ਤੇ ਉਹਨਾਂ ਵੀ ਉਹੀ ਗੱਲਾਂ ਕੀਤੀਆਂ ਜੋ ਮੇਰੇ ਧੁਰ ਅੰਦਰ ਗੁੱਝੀਆਂ ਪਈਆਂ ਸਨ। ਧਰਮ ਨਿਪੁੰਸਕ ਜ਼ਰੂਰ ਹੈ, ਅੱਜ ਦੀ ਤਾਰੀਕ ਵਿੱਚ ਪਰ ਇਹ ਕਦੇ ਵੀ ਨਿਰਾਰਥਕ ਨਹੀਂ ਰਿਹਾ। ਮੇਰੀ ਸੋਚ ਅਨੁਸਾਰ ਇਹ ਸਿਰਫ਼ ਇਕ ਜੀਵਨ ਜਾਚ ਵੱਜੋਂ ਹੀ ਆਪਣਾਇਆ ਗਿਆ ਤੇ ਇਸੇ ਕਾਰਨ ਇਹ ਸਦਾ ਮਨੁਖ ਦੇ ਅੰਗ ਸੰਗ ਰਿਹਾ ਹੈ। ਧਰਮ ਨਿਰਪਖਤਾ ਦਾ ਭਾਰੀ ਸੰਕਲਪ ਅਸਲ ਵਿੱਚ ਬਹੁਤਾ ਰੌਲਾ ਘਚੌਲਾ ਹੀ ਹੈ। ਧਰਮ ਦੀ ਮੂਲ ਪ੍ਰੀਭਾਸ਼ਾ ਤੋਂ ਦੂਰ ਜਾਣਾ ਤਕਰੀਬਨ ਅਸੰਭਵ ਹੈ। ਜੇ ਆਸਤਕ ਹੋਣਾ ਇਕ ਧਰਮ ਹੈ ਤਾਂ ਨਾਸਤਕਤਾ ਵੀ ਇਕ ਧਰਮ ਵਾਂਗ ਹੀ ਆਪਣਾਈ ਜਾਂਦੀ ਹੈ। ਡਾ: ਜੋਗਿੰਦਰ ਸਿੰਘ ਦਾ ਭਾਸ਼ਣ ਬਹੁਤ ਡੂੰਘਾ ਤੇ ਇਕਾਗਰ ਬਿਰਤੀ ਦੀ ਮੰਗ ਕਰਦਾ ਸੀ। ਪਰ ਉਹਨਾਂ ਵੀ ਇਸ ਵਿਸ਼ੇ ਨੂੰ ਆਸ ਨਾਲੋਂ ਚੰਗੀ ਤਰ੍ਹਾ ਨਿਭਾਇਆ ਤੇ ਇਸ ਵਿਸ਼ੇ ਬਾਰੇ ਉਸ ਅੰਤਰ ਰਾਸ਼ਟਰੀ ਸਮਝ ਨਾਲ ਪਛਾਣ ਕਰਵਾਈ ਜੋ ਪੂਰੇ ਵਿਸ਼ਵ ਵਿੱਚ ਵਿਆਪਕ ਹੈ। ਮੇਰੀ ਹੈਰਾਨਗੀ ਇਸ ਗੱਲ ਵਿੱਚ ਵੀ ਰਹੀ ਕਿ ਦੇਸ਼ ਭਗਤ ਹਾਲ ਦੇ ਟਰਸਟੀ ਬੌਧਿਕ ਵਿਚਾਰ ਚਰਚਾ ਵੱਲ ਵੀ ਪੂਰਾ ਧਿਆਨ ਦਿੰਦੇ ਹਨ। ਇਸ ਵਾਸਤੇ ਉਹ ਸਾਰੇ ਵਧਾਈ ਦੇ ਪਾਤਰ ਹਨ।
ਮੇਲਾ ਕੀ ਸੀ, ਬੱਸ ਰੁਹ ਦੀ ਖੁਰਾਕ ਸੀ, ਤੇ ਮਨ ਮੌਲਦਾ ਰਿਹਾ ਤੇ ਸੋਚ ਉਡਾਰੀ ਨਵੀਂ ਉੜਾਣ ਲਈ ਪਰ ਤੋਲਦੀ ਰਹੀ। ਸਾਫ ਵਧੀਆ ਲੰਗਰ ਪੇਟ ਦੀ ਭੁੱਖ ਵਾਸਤੇ, ਥਕੇਵਾਂ ਲਾਹੁਣ ਲਈ ਚਾਹ ਦਾ ਕੱਪ, ਪੜ੍ਹਨ ਵਾਸਤੇ ਪੁਸਤਕਾਂ, ਮਾਣਨ ਲਈ ਸੰਗੀਤ, ਜਾਣਨ ਲਈ ਗਿਆਨ, ਸਮਾਜਕ ਮੇਲ ਮਿਲਾਪ ਲਈ ਦੋਸਤ ਮਿਤਰ, ਦੇਖਣ ਲਈ ਨਾਟਕਮ ਗੱਲ ਕੀ ਹਰ ਵੰਨਗੀ ਹਾਜ਼ਰ ਸੀ। ਹੁਣ ਅਗਲੇ ਸਾਲ ਦੇ ਮੇਲੇ ਦੀ ਉਡੀਕ ਰਹੇਗੀ.... ਹਮੇਸ਼ਾ ਵਾਂਗ।

No comments:

Post a Comment