ਤਾਜ ਮੱਹਲ
ਸਾਹਿਰ
ਲੁਧਿਆਣਵੀ ਦੀ ਮਸ਼ਹੂਰ ਨਜ਼ਮ ‘ਤਾਜ ਮੱਹਲ’ ਦੇ ਖੂਬਸੂਰਤ ਵਿਚਾਰ ਨੂੰ ਸਮਰਪਤ
ਪਿਆਰ ਦਾ ਇਜ਼ਹਾਰ
ਹੈ ਤੇਰੇ ਲਈ
ਤਾਜ ਤਾਂ ਬੱਸ ਪਿਆਰ ਹੈ ਤੇਰੇ ਲਈ
ਮਰਮਰੀ ਕੰਧਾਂ ਤੇ ਉਕਰੀ ਨਜ਼ਮ ਹੈ
ਜਾਲੀਆਂ ਚੋਂ ਲੰਘ ਕੇ ਆਉਂਦੀ ਹਵਾ
ਇਸ਼ਕ ਦੇ ਖੁਮਾਰ ਵਿੱਚ ਗਾਊਂਦੀ ਫਿਜ਼ਾ
ਵੰਝਲੀ ਦੀ ਕੂਕ ਹੈ ਤੇ ਹੂਕ ਹੈ
ਖਿੜਦਿਆਂ ਫੁਲਾਂ ਚ’ ਖੁਸ਼ਬੋ ਇਸ਼ਕ ਦੀ
ਯਾਦ ਹੈ ਜਾਂ ਯਾਦ ਦੀ ਹੈ ਯਾਦਗਾਰ
ਪਤਝੜੀ ਗੁਲਜ਼ਾਰ ਹੈ ਤੇਰੇ ਲਈ
ਪਿਆਰ ਦਾ ਇਸਰਾਰ ਹੈ ਤੇਰੇ ਲਈ
ਇਸ਼ਕ ਦਾ ਖੁਮਾਰ ਹੈ ਤੇਰੇ ਲਈ
ਪੱਥਰਾਂ ਤੇ ਉਕਰਿਆ ਕੁਝ ਇਸ ਤਰਹਾਂ
ਇਸ਼ਕ ਦਾ ਇਕਰਾਰ ਹੈ ਤੇਰੇ ਲਈ
ਹੈ ਮਗਰ ਇਹ ਤਾਜ ਤਾਂ ਬੱਸ ਮਕਬਰਾ
ਦਫਨ ਹੈ ਹੱਥਾਂ ਦੀ ਉਹ ਕਾਰਾਗਰੀ
ਗੁਰਬਤਾਂ ਦੇ ਨਾਲ ਘੁਲਦੀ ਬੇਬਸੀ
ਪੱਥਰਾਂ ਦੇ ਹੇਠ ਦਬ ਕੇ ਰਹਿ ਗਈ
ਠਰਦਿਆਂ ਹੱਥਾਂ ਨੇ ਝੱਲੇ ਸੀ ਸਿਆਲ
ਤਪਦੀ ਰੇਤਾਂ ਪੈਰ ਦੇ ਛਾਲੇ ਬਣੀ
ਹੰਝੂਆਂ ਵਿੱਚ ਖੂਬ ਰੋਈ ਤਿਸ਼ਨਗੀ
ਨ੍ਹੇਰਿਆਂ ਵਿਚ ਸਹਿਕਦੀ ਸੀ ਜ਼ਿੰਦਗੀ
ਜ਼ਿੰਦਗੀ ਵਿੱਚ ਇਸ਼ਕ ਦਾ ਸੰਗੀਤ ਸੀ
ਹਸਰਤਾਂ ਨੂੰ ਲੈ ਕੇ ਸੀ ਉਹ ਲਰਜ਼ਦੀ
ਉਸ ਅਫਸਾਨੇ ਦਾ ਕੋਈ ਨਾਂ ਨਾ ਸੀ
ਨਾ ਕਿਸੇ ਦਸਿਆ ਹੀ ਉਸ ਦਾ ਥਹੁ ਪਤਾ
ਮੇਰੇ ਲਈ ਤਾਂ ਜਾਪਦਾ ਸ਼ਾਹੀ ਮਜ਼ਾਕ
ਦੌਲਤਾਂ ਦੇ ਪੈਰੀ ਜਿਸ ਨੇ ਰੋਲਿਆ
ਤੇਰੇ ਮੇਰੇ ਵਰਗਿਆਂ ਦੇ ਖਾਬ ਨੂੰ
ਰੋਜ਼ ਕਰਕੇ ਯਾਦ ਇਹਦੇ ਤਾਜ ਨੂੰ
ਮੈਨੂੰ ਤਾਂ ਇਹ ਮੂੰਹ ਚਿੜਾਉਂਦਾ ਜਾਪਦਾ
ਪਿਆਰ ਦੀ ਖਿਲੀ ਉਡਾਉਂਦਾ ਜਾਪਦਾ
ਇਸ਼ਕ ਮੇਰਾ ਜਾਪਦਾ ਬੌਣਾ ਜਿਹਾ
ਗੀਤ ਬਣ ਕੇ ਰਹਿ ਗਿਆ ਰੋਣਾ ਜਿਹਾ।
ਇਸ਼ਕ ਮੇਰੇ ਲੱਭ ਕੇ ਰਸਤਾ ਨਵਾਂ
ਉਸ ਦੇ ਰਾਹਾਂ ਨੂੰ ਕਰਦੇ ਤੂੰ ਰਵਾਂ
ਜ਼ਿੰਦਗੀ ਨੂੰ ਲੋੜ ਤਾਂ ਹੈ ਪਿਆਰ ਦੀ
ਮਕਬਰੇ ਦੀ ਲੋੜ ਨਾ ਮਜ਼ਾਰ ਦੀ।
ਪਿਆਰ ਦਾ ਇਜ਼ਹਾਰ ਹੈ ਤੇਰੇ ਲਈ
ਮਜ਼ਾਰ ਤਾਂ ਮਜ਼ਾਰ ਹੈ ਮੇਰੇ ਲਈ।
No comments:
Post a Comment