ਦੇਸ਼
ਗੁਰਦੀਪ ਸਿੰਘ ਭਮਰਾ
ਦੇਸ਼ ਮੇਰਾ ਰੋਟੀ ਦੀ ਥਾਲੀ, ਬੁਰਕੀ ਬੁਰਕੀ ਦੇਵੇ
ਜੇ ਕੋਈ ਘੂਰੇ ਥਾਲੀ ਮੇਰੀ
ਉਸ ਨੂੰ ਘੁਰਕੀ ਦੇਵੇ।
ਜੇ ਕੋਈ ਘੂਰੇ ਥਾਲੀ ਮੇਰੀ
ਉਸ ਨੂੰ ਘੁਰਕੀ ਦੇਵੇ।
ਦੇਸ਼ ਮੇਰਾ ਮੇਰੇ ਘਰ ਵਰਗਾ, ਘੁੱਟ ਘੁੱਟ ਸੀਨੇ ਲਾਵੇ
ਦੇਸ਼ ਮੇਰਾ ਪਰਦੇਸਾਂ ਵਿੱਚ ਵੀ
ਅਵਾਜ਼ਾਂ ਮਾਰ ਬੁਲਾਵੇ।
ਦੇਸ਼ ਮੇਰਾ ਪਰਦੇਸਾਂ ਵਿੱਚ ਵੀ
ਅਵਾਜ਼ਾਂ ਮਾਰ ਬੁਲਾਵੇ।
ਦੇਸ਼ ਮੇਰਾ ਮੇਰੇ ਲੂੰ ਲੂੰ ਰਚਿਆ, ਬੂੰਦ ਬੂੰਦ ਵਿੱਚ ਰਸਿਆ
ਦੇਸ਼ ਮੇਰਾ ਮੇਰੀ ਰੂਹ ਦਾ ਹਾਣੀ
ਤੇ ਰਗ਼ ਰਗ਼ ਦੇ ਵਿੱਚ ਵੱਸਿਆ।
ਦੇਸ਼ ਮੇਰਾ ਮੇਰੀ ਰੂਹ ਦਾ ਹਾਣੀ
ਤੇ ਰਗ਼ ਰਗ਼ ਦੇ ਵਿੱਚ ਵੱਸਿਆ।
ਦੇਸ਼ ਮੇਰਾ ਪਾਣੀ ਦਾ ਦਰਿਆ, ਕਲ ਕਲ ਕਰਕੇ ਵਹਿੰਦਾ
ਪਿਆਸ ਬੁਝਾਵਣ ਦੇ ਲਈ ਸੱਭ ਦੀ
ਚੜ੍ਹਦਾ ਤੇ ਕਦੇ ਲਹਿੰਦਾ।
ਪਿਆਸ ਬੁਝਾਵਣ ਦੇ ਲਈ ਸੱਭ ਦੀ
ਚੜ੍ਹਦਾ ਤੇ ਕਦੇ ਲਹਿੰਦਾ।
ਦੇਸ਼ ਮੇਰਾ ਖੁਸ਼ਬੋਈ ਮੇਰੀ ਪਿੰਡੇ ਵਿੱਚੋਂ ਆਵੇ
ਪੌਣ ਮੇਰੀ ਨੂੰ ਜਿੱਥੇ ਜਾਵਾਂ
ਇਹ ਮੁੜ ਮੁੜ ਮਹਿਕਾਵੇ।
ਪੌਣ ਮੇਰੀ ਨੂੰ ਜਿੱਥੇ ਜਾਵਾਂ
ਇਹ ਮੁੜ ਮੁੜ ਮਹਿਕਾਵੇ।
ਦੇਸ਼ ਮੇਰਾ ਇਹ ਕਿਸ਼ਤੀ ਮੇਰੀ, ਪਾਣੀ ਵਿੱਚ ਉਤਾਰੀ
ਜਿੱਥੇ ਚਾਹਾਂ ਇਹ ਲੈ ਜਾਵੇ
ਮੈਂ ਇਸ ਦੀ ਅਸਵਾਰੀ।
ਜਿੱਥੇ ਚਾਹਾਂ ਇਹ ਲੈ ਜਾਵੇ
ਮੈਂ ਇਸ ਦੀ ਅਸਵਾਰੀ।
ਦੇਸ਼ ਮੇਰਾ ਮੇਰੇ ਸਾਹਾਂ ਅੰਦਰ ਜਿਓਂ ਮਰੂਏ ਦਾ ਬੂਟਾ
ਛੋਹ ਕੇ ਆਵੇ ਪੌਣ ਦਾ ਬੁੱਲਾ
ਲੈ ਮਹਿਕਾਂ ਦਾ ਝੂਟਾ।
ਛੋਹ ਕੇ ਆਵੇ ਪੌਣ ਦਾ ਬੁੱਲਾ
ਲੈ ਮਹਿਕਾਂ ਦਾ ਝੂਟਾ।
ਮੇਰੇ ਲਈ ਇਹ ਮਾਂ ਦੀ ਬੁੱਕਲ, ਸਾਂਭ ਸਿਕਰ ਕੇ ਰੱਖੇ
ਤਨ ਦੀ ਚਾਦਰ ਵਾਂਗੂ ਮੈਨੂੰ
ਮੁੜ ਮੁੜ ਕੇ ਇਹ ਕੱਜੇ।
ਤਨ ਦੀ ਚਾਦਰ ਵਾਂਗੂ ਮੈਨੂੰ
ਮੁੜ ਮੁੜ ਕੇ ਇਹ ਕੱਜੇ।
ਦੇਸ਼ ਮੇਰਾ ਮੇਰੀ ਰੂਹ ਦਾ ਹਾਣੀ ਧੁਰ ਤੱਕ ਰਸਤੇ ਤੱਕ ਮੱਲੇ
ਮੇਰੀ ਮਿੱਟੀ ਵਿੱਚ ਵੀ ਇਸ ਤੋਂ
ਬਾਹਰ ਕੁਝ ਨਹੀਂ ਪੱਲੇ।
ਮੇਰੀ ਮਿੱਟੀ ਵਿੱਚ ਵੀ ਇਸ ਤੋਂ
ਬਾਹਰ ਕੁਝ ਨਹੀਂ ਪੱਲੇ।
ਦੇਸ਼ ਮੇਰਾ ਮੇਰੀ ਪਿਆਸ ਦਾ ਦਰਿਆ ਗਟ ਗਟ ਕਰਕੇ ਪੀਵਾਂ
ਇਸ ਦੇ ਸਾਹੀਂ ਮੇਰਾ ਸਾਹ ਹੈ
ਇਹ ਜੀਵੇ, ਮੈਂ ਜੀਵਾਂ।
ਇਸ ਦੇ ਸਾਹੀਂ ਮੇਰਾ ਸਾਹ ਹੈ
ਇਹ ਜੀਵੇ, ਮੈਂ ਜੀਵਾਂ।
No comments:
Post a Comment