Saturday, April 7, 2012

ਤੇਰਾ ਰੱਬ ਹੈ




ਤੇਰਾ ਰੱਬ ਹੈ ਤੂੰ ਹੀ ਚੁੱਕ
ਭਾਵੇ ਆਪਣੇ ਸਿਰ ਤੇ ਰੱਖ
ਭਾਵੇਂ ਆਪਣੇ ਗੋਡੇ ਰੱਖ
ਭਾਵੇਂ ਆਪਣੇ ਮੋਢੇ ਚੁਕ
ਤੇਰਾ ਰੱਬ ਹੈ ਤੂੰ ਹੀ ਚੁੱਕ

ਤੈਨੂੰ ਦੇਵੇ ਮਿਲਖ ਜਗੀਰਾਂ
ਤੇਰੇ ਲਈ ਹਨ ਸੱਸੀਆਂ ਹੀਰਾਂ
ਆਪਣੇ ਤਨ ਤਾਂ ਇਹੋ ਲੀਰਾਂ
ਆਪਾਂ ਨੂੰ ਨਾ ਦੇਵੇ ਟੁੱਕ
ਤੇਰਾ ਰੱਬ ਹੈ ਤੂੰ ਹੀ ਚੁੱਕ।
ਤੈਨੂੰ ਮਾਫ਼ ਨੇ ਲੱਖ ਗੁਨਾਹ
ਚਾਹੇ ਕਰ ਦਏਂ ਸਭ ਫਨਾਹ
ਮਾੜਾ ਧੀੜਾ ਕਰੇਂ ਸਵਾਹ
ਲੁੱਟੇ ਪੁੱਟੇ ਲਾਵੇਂ ਲਾਹ
ਅਸੀਂ ਵਿਚਾਰੇ ਸੁੱਕਾ ਘਾਹ
ਤੂੰ ਬਣਿਆ ਹੈ ਵੱਡਾ ਰੁਖ
ਤੇਰਾ ਰੱਬ ਹੈ ਤੂੰ ਹੀ ਚੁੱਕ।
ਮੇਰੇ ਦਿਲ ਦਾ ਖੁੱਲ੍ਹਾ ਵਿਹੜਾ
ਮੇਰੇ ਵਰਗਾ ਆਵੇ ਜਿਹੜਾ
ਸਾਹ ਆਵੇ ਤਾਂ ਮਿਲਦਾ ਖੇੜਾ
ਜੇ ਖੁਸ਼ੀਆਂ ਦਾ ਏਥੇ ਡੇਰਾ
ਤਾਂ ਫਿਰ ਤੈਨੂੰ ਕਾਹਦਾ ਦੁਖ
ਤੇਰਾ ਰੱਬ ਹੈ ਤੂੰ ਹੀ ਚੁੱਕ।
ਇਸ ਦੀ ਮੈਨੂੰ ਲੋੜ ਨਹੀਂ ਹੈ
ਇਸ ਦਾ ਏਥੇ ਜੋੜ ਨਹੀਂ ਹੈ
ਤੰਗੀਆਂ ਦੀ ਕੋਈ ਥੋੜ੍ਹ ਨਹੀਂ ਹੈ
ਅਰਦਾਸਾਂ ਦੀ ਹੋੜ ਨਹੀਂ ਹੈ
ਸਾਨੂੰ ਨਹੀਂ ਹੈ ਇਸ ਦੀ ਭੁੱਖ
ਤੇਰਾ ਰੱਬ ਹੈ ਤੂੰ ਹੀ ਚੁੱਕ।

No comments:

Post a Comment